ਸ਼੍ਰੋਮਣੀ ਘੋਨ ਮੋਨ ਅਕਾਲੀ ਦਲ!
3 ਫ਼ਰਵਰੀ 2019 ਦੇ ਰੋਜ਼ਾਨਾ ਸਪੋਕਸਮੈਨ ਵਿਚ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ ਜੀ ਦਾ ਲਿਖਿਆ ਲੇਖ 'ਅਕਾਲੀ ਤੋਂ ਹੋਇਆ ਘੋਨ-ਮੋਨ ਅਕਾਲੀ ਦਲ ਬਾਦਲ' ਪੜ੍ਹਿਆ...
3 ਫ਼ਰਵਰੀ 2019 ਦੇ ਰੋਜ਼ਾਨਾ ਸਪੋਕਸਮੈਨ ਵਿਚ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ ਜੀ ਦਾ ਲਿਖਿਆ ਲੇਖ 'ਅਕਾਲੀ ਤੋਂ ਹੋਇਆ ਘੋਨ-ਮੋਨ ਅਕਾਲੀ ਦਲ ਬਾਦਲ' ਪੜ੍ਹਿਆ। ਇਸ ਲੇਖ ਵਿਚ ਲੇਖਕ ਨੇ ਸੱਚ ਦਲੇਰੀ ਨਾਲ ਸਿਰਜਿਆ ਹੈ ਕਿ ''ਮੌਜੂਦਾ ਸਮੇਂ ਵਿਚ ਸਾਰੇ ਅਕਾਲੀ ਦਲ 'ਅਕਾਲੀ' ਵਾਲਾ ਕਰਤੱਵ ਭੁੱਲ ਗਏ ਹਨ। ਕਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਚਲਾਉਂਦੀ ਸੀ ਪਰ ਅੱਜ ਪੰਜਾਬੀ ਪਾਰਟੀ 'ਅਕਾਲੀ ਦਲ' ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਹੀ ਹੈ। ਅਖ਼ਬਾਰੀ ਤਸਵੀਰਾਂ ਅਨੁਸਾਰ ਬਹੁਤਾ ਅਕਾਲੀ ਦਲ ਘੋਨ-ਮੋਨ ਹੋ ਚੁਕਾ ਹੈ। ਜਿਹੜੇ ਅਸਲੀ ਅਕਾਲੀ ਹਨ, ਉਹ ਧਾਕੜ ਹਾਕਮਾਂ ਕੋਲੋਂ ਡਰਦਿਆਂ ਚੁੱਪ ਵਿਚ ਭਲੀ ਸਮਝ ਰਹੇ ਹਨ।''
ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਪੰਥ ਦਾ ਅਸਲ ਹਰਿਆਵਲ ਦਸਤਾ ਹੋਇਆ ਕਰਦੀ ਸੀ, ਉਸ ਨੂੰ ਖ਼ਤਮ ਕਰ ਕੇ ਯੂਥ ਅਕਾਲੀ ਦਲ ਬਾਦਲ ਬਣਾ ਦਿਤਾ ਗਿਆ ਹੈ ਜਿਸ ਵਿਚ ਬਹੁਗਿਣਤੀ ਘੋਨ ਮੋਨ ਕਾਕਿਆਂ ਦੀ ਹੈ। ਇਹ ਪੰਜਾਬੀਆਂ ਦੀ ਮਾਂ ਪਾਰਟੀ ਨਾਲ ਧ੍ਰੋਹ ਕਹਾਉਣ ਸਮਾਨ ਹੈ। ਪੰਜਾਬੀ ਪਾਰਟੀ ਬਣਾਉਣ ਬਾਰੇ ਅਕਾਲੀ ਦਲ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਮੋਗਾ ਵਿਖੇ 1995 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਪਰ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬੀ ਪਾਰਟੀ ਬਣਾਉਣ ਤੋਂ ਬਾਅਦ ਤਿੰਨ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਨਾ ਤਾਂ ਪੰਜਾਬੀ ਬੋਲੀ ਲਈ ਹੀ ਕੁੱਝ ਕੀਤਾ ਤੇ ਨਾ ਹੀ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਜੋ ਪਟਿਆਲਾ ਵਿਚ ਸਥਿਤ ਹੈ, ਉਸ ਦੀ ਸਾਰ ਲਈ। ਅਕਾਲੀਅਤ ਭਰਪੂਰ ਅਕਾਲੀ ਦਲ ਜਿਸ ਦੀ ਅਗਵਾਈ ਵਿਚ ਟਕਸਾਲੀ ਅਕਾਲੀ ਵਰਕਰਾਂ ਨੇ ਜੇਲਾਂ ਭਰੀਆਂ ਤੇ ਮੋਰਚੇ ਲਗਾਏ ਸਨ, ਦਾ ਭੋਗ ਪਾਉਣ ਵਿਚ ਬਾਦਲ ਪ੍ਰਵਾਰ ਨੇ ਪੂਰਾ-ਪੂਰਾ ਯੋਗਦਾਨ ਪਾਇਆ ਹੈ।
ਪੰਥਕ ਮੁੱਦਿਆਂ ਨੂੰ ਤਿਲਾਂਜਲੀ ਦੇ ਕੇ ਸਿਰਫ਼ ਅਪਣੇ ਪ੍ਰਵਾਰ ਲਈ ਵੱਡੀ ਤੋਂ ਵੱਡੀ ਕੁਰਸੀ ਦਾ ਪ੍ਰਬੰਧ ਕਰਨਾ, ਜ਼ਮੀਨਾਂ, ਜਾਇਦਾਦਾਂ, ਕਾਰੋਬਾਰ ਵਿਚ ਬੇਹੱਦ ਵਾਧਾ ਕਰਨਾ ਹੀ ਬਾਦਲ ਪ੍ਰਵਾਰ ਦਾ ਮੁੱਖ ਮੰਤਵ ਰਿਹਾ ਹੈ ਜਿਸ ਦਾ ਖ਼ਮਿਆਜ਼ਾ ਅੱਜ ਪੰਜਾਬ ਦਾ ਕਿਸਾਨ, ਜਵਾਨ, ਮਜ਼ਦੂਰ, ਗ਼ਰੀਬ ਤੇ ਮੱਧਵਰਗੀ ਹਰ ਪੰਜਾਬੀ ਭੁਗਤ ਰਿਹਾ ਹੈ। ਸਰਬੱਤ ਦੇ ਭਲੇ ਵਾਲੀ ਸਿੱਖ ਸਿਆਸਤ ਨੂੰ ਬਾਦਲ ਪ੍ਰਵਾਰ ਨੇ ਪੈਸੇ ਦੀ ਮੰਡੀ ਬਣਾ ਕੇ ਰੱਖ ਦਿਤਾ ਹੈ। ਹੁਣ ਸਮੇਂ ਨੇ ਕਰਵਟ ਲਈ ਹੈ, ਬਾਦਲ ਪ੍ਰਵਾਰ ਦੇ ਰਾਜਭਾਗ ਸਮੇਂ ਹੋਈਆਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਨਿਰਾਸ਼ ਕਰ ਗਈਆਂ ਹਨ। ਇਕ ਪਾਸੇ ਹਰ ਸਿੱਖ ਦਾ ਹਿਰਦਾ ਤੜਫ਼ ਰਿਹਾ ਸੀ ਤੇ ਦੂਜੇ ਪਾਸੇ ਬਾਦਲ ਅਪਣੇ ਰਾਜਭਾਗ ਦੀ ਵਰਤੋਂ ਕਰ ਕੇ ਸੌਦਾ ਸਾਧ ਦੇ ਪ੍ਰੇਮੀਆਂ ਨੂੰ ਬਚਾਉਂਦੇ ਹੋਏ ਸਿੱਖਾਂ ਉਤੇ ਜ਼ੁਲਮ ਕਮਾ ਰਹੇ ਸਨ। ਗੁਰੂ ਤੋਂ ਮੁਨਕਰ ਪੰਜਾਬ ਦਾ ਹਾਕਮ ਬਾਦਲ ਲਾਣਾ ਉਸ ਸਮੇਂ ਕੁਰਸੀ ਸਲਾਮਤੀ ਨੂੰ ਤਰਜੀਹ ਦੇ ਰਿਹਾ ਸੀ। ਸੋ ਸਿੱਖ ਕੌਮ ਵਿਚ ਜਾਗਰੂਕ, ਸੁਚੇਤ ਹੋ ਕੇ ਚੱਲਣ ਵਾਲੇ ਸਿੱਖੋ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੋਂ ਬਾਦਲ ਪ੍ਰਵਾਰ ਦਾ ਕਬਜ਼ਾ ਹਟਾਉਣ ਲਈ ਅਣਖ, ਗੈਰਤ ਦੇ ਵਾਰਸ ਬਣ ਕੇ ਜਾਗੋ।
- ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963