ਇਕ ਬੁਧੀਜੀਵੀ ਦੀ ਅੱਖ ਵਿਚੋਂ ਡਿਗਦੇ ਵੇਖੇ ਹੰਝੂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਹ ਗੱਲ ਪਿਛਲੇ ਦਿਨਾਂ ਦੀ ਹੈ ਜਦੋਂ ਆਮਦਪੁਰ ਦੀ ਦਾਣਾ ਮੰਡੀ ਵਿਚ ਅਧਿਆਪਕਾਂ ਦਾ ਧਰਨਾ ਸੀ। ਇਸ ਧਰਨੇ ਨੂੰ ਕਈ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਸੀ ਜਿਸ...

Rally

ਇਹ ਗੱਲ ਪਿਛਲੇ ਦਿਨਾਂ ਦੀ ਹੈ ਜਦੋਂ ਆਮਦਪੁਰ ਦੀ ਦਾਣਾ ਮੰਡੀ ਵਿਚ ਅਧਿਆਪਕਾਂ ਦਾ ਧਰਨਾ ਸੀ। ਇਸ ਧਰਨੇ ਨੂੰ ਕਈ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਸੀ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਖ਼ਾਸ ਸੀ ਕਿਉਂਕਿ ਇਸ ਜਥੇਬੰਦੀ ਵਲੋਂ ਅਧਿਆਪਕਾ ਨੂੰ ਲੰਗਰ ਪਾਣੀ ਸਮੇਤ ਹਰ ਸਹਾਇਤਾ ਦਿਤੀ ਗਈ ਸੀ। ਮੈਂ ਇਸ ਵਿਚ ਧਰਨੇ ਦੇ ਆਖ਼ਰੀ ਦਿਨ ਸ਼ਾਮਲ ਹੋਇਆ ਸੀ। ਧਰਨੇ ਦੀ ਸਮਾਪਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਭਾਸ਼ਣ ਨਾਲ ਹੋਈ। ਜਦੋਂ ਜੋਗਿੰਦਰ ਸਿੰਘ ਉਗਰਾਹਾਂ ਬੋਲ ਰਹੇ ਸਨ ਤਾਂ ਸੱਭ ਲੋਕ ਟਿਕਟਿਕੀ ਲਗਾ ਕੇ ਪ੍ਰਧਾਨ ਜੀ ਦਾ ਭਾਸ਼ਣ ਸੁਣ ਰਹੇ ਸੀ।

ਪ੍ਰਧਾਨ ਜੀ ਦੇ ਭਾਸ਼ਣ ਨੇ ਲੋਕਾਂ ਨੂੰ ਏਨਾ ਭਾਵੁਕ ਕਰ ਦਿਤਾ ਕਿ ਇਕ ਬੁਧੀਜੀਵੀ ਦੀ ਅੱਖ ਵਿਚੋਂ ਹੰਝੂ ਵੱਗ ਪਏ। ਪ੍ਰਧਾਨ ਜੀ ਭਾਸ਼ਣ ਰਾਹੀਂ ਕਹਿ ਰਹੇ ਸਨ ਕਿ ਜਦੋਂ ਕੋਈ ਕਿਸਾਨ ਜਾਂ ਮਜ਼ਦੂਰ ਕਰਜ਼ੇ ਦਾ ਮਾਰਿਆ ਸੜਕ ਉਤੇ ਜਾ ਰਿਹਾ ਹੁੰਦਾ ਹੈ ਤਾਂ ਸੜਕ ਤੇ ਸਿਰਫ਼ ਉਸ ਦੀ ਲਾਸ਼ ਚੱਲ ਰਹੀ ਹੁੰਦੀ ਹੈ ਤੇ ਉਸ ਦੀ ਆਤਮਾ, ਆੜ੍ਹਤੀਏ ਕੋਲ ਜਾਂ ਬੈਂਕ ਵਿਚ ਗੇੜੇ ਲਾ ਰਹੀ ਹੁੰਦੀ ਹੈ। ਜਦੋਂ ਸੜਕ ਉਤੇ ਤੁਰੀ ਜਾ ਰਹੇ ਕਿਸਾਨ, ਮਜ਼ਦੂਰ ਵਿਚ ਪਿਛੋਂ ਆ ਕੇ ਕੋਈ ਕਾਰ ਜਾਂ ਸਕੂਟਰ ਮਾਰ ਦੇਵੇ ਤਾਂ ਉਹ ਬੰਦਾ ਕਹਿੰਦਾ ਹੈ ਕਿ, ''ਤੂੰ ਵੇਖ ਕੇ ਨਹੀਂ ਚਲ ਸਕਦਾ? ਨਾਲ ਆਪ ਮਰ ਜਾਣਾ ਸੀ, ਨਾਲੇ ਮੈਨੂੰ ਅੰਦਰ ਕਰਵਾ ਦੇਣਾ ਸੀ।'' ਪਰ ਉਸ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਸ ਇਨਸਾਨ ਵਿਚ ਮੈਂ ਸਕੂਟਰ ਮਾਰਿਆ ਹੈ, ਇਸ ਇਨਸਾਨ ਦੀ ਸੁਰਤੀ ਤਾਂ ਆੜ੍ਹਤੀਏ ਕੋਲ ਜਾਂ ਬੈਂਕ ਵਿਚ ਘੁੰਮ ਰਹੀ ਸੀ।

ਇਸ ਇਨਸਾਨ ਨੂੰ ਫਿਕਰ ਹੁੰਦਾ ਹੈ ਧੀ ਦੇ ਵਿਆਹ ਦਾ, ਇਸ ਇਨਸਾਨ ਨੂੰ ਫਿਕਰ ਹੁੰਦਾ ਹੈ ਪ੍ਰਵਾਰ ਪਾਲਣ ਦਾ, ਇਸ ਇਨਸਾਨ ਨੂੰ ਫਿਕਰ ਹੁੰਦਾ ਹੈ ਕਿ ਜੇਕਰ ਬੈਂਕ ਵਾਲੇ ਜਾਂ ਆੜ੍ਹਤੀਏ ਪੈਸਿਆਂ ਤੋਂ ਜਵਾਬ ਦੇ ਗਏ ਤਾਂ ਮੈਂ ਅਪਣੀ ਧੀ ਦਾ ਵਿਆਹ ਕਿਵੇਂ ਕਰਾਂਗਾ?'' ਉਂਜ ਤਾਂ ਪ੍ਰਧਾਨ ਜੀ ਦਾ ਭਾਸ਼ਣ ਸੁਣ ਕੇ ਸਾਰੇ ਲੋਕ ਭਾਵੁਕ ਹੋ ਗਏ, ਪਰ ਇਸ ਬੁਧੀਜੀਵੀ ਨੇ ਧਾਹ ਮਾਰੀ ਤੇ ਰੋਣ ਲੱਗ ਪਿਆ। ਮੈਂ ਇਸ ਇਨਸਾਨ ਨੂੰ ਪੁਛਿਆ ਕਿ ਤੁਸੀ ਕੌਣ ਹੋ ਤਾਂ ਉਸ ਇਨਸਾਨ ਨੇ ਕਿਹਾ ਕਿ ਮੈਂ ਇਕ ਬੁਧੀਜੀਵੀ ਹਾਂ। ਮੈਂ ਪੁਛਿਆ ਕਿ ਇਕ ਬੁਧੀਜੀਵੀ ਦੀ ਅੱਖ ਵਿਚ ਹੰਝੂਆਂ ਦਾ ਕੀ ਕੰਮ? ਤਾਂ ਉਸ ਨੇ ਕਿਹਾ ਕਿ ਪ੍ਰਧਾਨ ਜੀ ਦਾ ਭਾਸ਼ਣ ਜ਼ਿਆਦਾ ਭਾਵੁਕ ਸੀ ਜਿਸ ਕਰ ਕੇ ਮੈਥੋਂ ਬਰਦਾਸ਼ਤ ਨਾ ਹੋਇਆ, ਇਸ ਕਰ ਕੇ ਅੱਖਾਂ ਵਿਚੋਂ ਹੰਝੂ ਵੱਗ ਪਏ। ਇਹ ਹਾਲਤ ਪੰਜਾਬ ਦੇ ਇਕ ਕਿਸਾਨ-ਮਜ਼ਦੂਰ ਦੀ ਨਹੀਂ ਬਲਕਿ ਪੰਜਾਬ ਦੇ 70 ਫ਼ੀ ਸਦੀ ਕਿਸਾਨਾਂ ਮਜ਼ਦੂਰਾਂ ਦੀ ਹੈ। 
- ਸੁਖਪਾਲ ਸਿੰਘ ਮਾਣਕ, ਪਿੰਡ ਕਣਕਵਾਲ, ਸੰਗਰੂਰ, ਸੰਪਰਕ : 98722-31523