56 ਇੰਚ ਦੀ ਛਾਤੀ ਬਨਾਮ 56 ਇੰਚ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2019 ਦੇ ਚੋਣ ਨਤੀਜਿਆਂ ਬਾਰੇ ਕੋਈ ਵੀ ਪਾਰਟੀ ਪੱਕਾ ਦਾਅਵਾ ਕੁੱਝ ਨਹੀਂ ਕਰ ਸਕਦੀ ਪਰ ਇਨ੍ਹਾਂ ਦੇ ਲੀਡਰਾਂ ਦੇ ਭਾਸ਼ਣਾਂ ਵਿਚ ਇਸ ਵੇਲੇ ਵਰਤੀ ਜਾ ਰਹੀ ਸ਼ਬਦਾਵਲੀ ਤੋਂ ਕੁੱਝ...

56 inch chest Vs 56 inches heart

2019 ਦੇ ਚੋਣ ਨਤੀਜਿਆਂ ਬਾਰੇ ਕੋਈ ਵੀ ਪਾਰਟੀ ਪੱਕਾ ਦਾਅਵਾ ਕੁੱਝ ਨਹੀਂ ਕਰ ਸਕਦੀ ਪਰ ਇਨ੍ਹਾਂ ਦੇ ਲੀਡਰਾਂ ਦੇ ਭਾਸ਼ਣਾਂ ਵਿਚ ਇਸ ਵੇਲੇ ਵਰਤੀ ਜਾ ਰਹੀ ਸ਼ਬਦਾਵਲੀ ਤੋਂ ਕੁੱਝ ਅੰਦਾਜ਼ਾ ਤਾਂ ਜ਼ਰੂਰ ਲਗਾਇਆ ਜਾ ਸਕਦਾ ਹੈ। 2014 ਵਿਚ ਭਾਜਪਾ ਨੇ ਬੜਾ ਹੀ ਹਾਂ-ਪੱਖੀ ਚੋਣ ਪ੍ਰਚਾਰ ਕੀਤਾ ਸੀ, 'ਸੱਭ ਕਾ ਸਾਥ, ਸੱਭ ਕਾ ਵਿਕਾਸ'। ਲੋਕਾਂ ਨੂੰ ਇਕ ਸੁਪਨਾ ਵਿਖਾਇਆ ਗਿਆ ਸੀ। ਜੁਮਲਾ ਸੀ ਜਾਂ ਉਨ੍ਹਾਂ ਦਾ ਸੁਪਨਾ, ਇਸ ਨੂੰ ਪੂਰਾ ਕਰਨ ਵਿਚ ਉਹ ਅਸਮਰਥ ਰਹੇ, ਪਰ ਹੁਣ ਉਹ ਕੁੱਝ ਵਖਰਾ ਹੀ ਕਹਿ ਰਹੇ ਹਨ। ਉਸ ਸਮੇਂ ਕਾਂਗਰਸ ਕੋਈ ਸੁਪਨਾ ਨਹੀਂ ਸੀ ਵਿਖਾ ਰਹੀ ਤੇ ਭਾਜਪਾ ਉਤੇ ਖ਼ੂਨ ਦੇ ਦੋਸ਼ ਲਗਾ ਰਹੀ ਸੀ। ਉਸ ਵਕਤ ਕਾਂਗਰਸ ਦੀ ਘਬਰਾਹਟ ਸੀ ਜੋ ਸ਼ਾਇਦ ਉਨ੍ਹਾਂ ਦੇ ਬੋਲਾਂ ਵਿਚੋਂ ਝਲਕ ਰਹੀ ਸੀ। 

ਇਨ੍ਹਾਂ ਪੰਜ ਸਾਲਾਂ ਵਿਚ ਸ਼ਬਦੀ ਜੰਗ ਨੇ ਕਈ ਰੰਗ ਵਟਾਏ, ਜੁਮਲੇ ਬੋਲਣੇ ਸਰਕਾਰ ਵਲੋਂ ਸ਼ੁਰੂ ਹੋਏ ਤੇ ਇਨ੍ਹਾਂ ਵਿਚ ਗਿਰਾਵਟ ਵਧਦੀ ਹੀ ਗਈ ਤੇ ਹੁਣ ਤਾਂ ਜਦ ਵੀ ਲੱਗਣ ਲਗਦਾ ਹੈ ਕਿ ਇਹ ਲੋਕ ਹੋਰ ਨੀਵਾਂ ਨਹੀਂ ਡਿੱਗ ਸਕਦੇ ਤਾਂ ਅਗਲੇ ਪਲ ਇਹ ਲੋਕ ਕੁੱਝ ਹੋਰ ਵੀ ਡੂੰਘੇ ਜਾ ਡਿੱਗੇ ਨਜ਼ਰ ਆਉਂਦੇ ਹਨ। ਜਦ ਸਿਆਸਤਦਾਨਾਂ ਦੀ ਭਾਸ਼ਾ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਉਮਾ ਭਾਰਤੀ, ਸਾਧਵੀ ਪ੍ਰਗਿਆ, ਯੋਗੀ ਅਦਿਤਿਆਨਾਥ, ਅਸੀਮਾ ਨੰਦ ਵਰਗਿਆਂ ਦੀ ਗੱਲ ਨਹੀਂ ਕਰਦੇ ਕਿਉਂਕਿ ਇਹ ਨੀਮ-ਸਿਆਸੀ ਲੋਕਾਂ ਦਾ ਉਹ ਵਰਗ ਹਨ ਜੋ ਆਮ ਮਾਪਦੰਡਾਂ ਅਨੁਸਾਰ ਨਹੀਂ ਆਂਕੇ ਜਾ ਸਕਦੇ।

ਇਨ੍ਹਾਂ ਦਾ ਇਸਤੇਮਾਲ ਇਕ ਸੰਕਟ ਵਿਚ ਵਰਤੇ ਜਾਣ ਵਾਲੇ ਨਸ਼ਤਰ ਵਾਂਗ ਹੁੰਦਾ ਹੈ ਤੇ ਰਾਜ ਤੇ ਵਿਕਾਸ ਵਿਚ ਇਨ੍ਹਾਂ ਦਾ ਯੋਗਦਾਨ ਨਹੀਂ ਹੋ ਸਕਦਾ। ਇਹ ਲੋਕ ਸਿਆਸਤ ਵਿਚ ਇਕ ਤਜਰਬੇ ਵਾਂਗ ਆਏ ਸਨ ਜਿਨ੍ਹਾਂ ਦਾ ਜਵਾਬ ਹੁਣ ਉੱਤਰ ਪ੍ਰਦੇਸ਼ ਦੀ ਜਨਤਾ ਦੇਵੇਗੀ। ਪਰ ਇਨ੍ਹਾਂ ਵਰਗੀ ਸ਼ਬਦਾਵਲੀ ਜਦ ਭਾਰਤ ਦੀ ਸੱਭ ਤੋਂ ਉੱਚੀ ਕੁਰਸੀ ਉਤੇ ਬੈਠੇ ਪ੍ਰਧਾਨ ਮੰਤਰੀ ਮੋਦੀ ਵਲੋਂ ਵਰਤੀ ਜਾਂਦੀ ਹੈ ਤਾਂ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਅੰਦਰਖਾਤੇ ਭਾਜਪਾ ਵਿਚ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਹੈ ਤੇ ਨਰਿੰਦਰ ਮੋਦੀ ਘਬਰਾਏ ਹੋਏ ਹਨ। ਸਿਆਸਤਦਾਨਾਂ ਦੇ ਸ਼ਬਦੀ ਵਾਰ ਇਕ ਦੂਜੇ ਉਤੇ ਆਮ ਚਲਦੇ ਰਹਿੰਦੇ ਹਨ। ਬੀਬੀ ਹਰਸਿਮਰਤ ਨੇ ਅਜਕਲ ਹੀ ਮੁੱਖ ਮੰਤਰੀ ਨੂੰ ਚੁੱਲੂ ਭਰ ਪਾਣੀ ਵਿਚ ਡੁਬਕੀ ਲਗਾਉਣ ਦੀ ਸਲਾਹ ਦਿਤੀ ਹੈ।

ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਦੇ ਪਿਤਾ ਦੀ ਮੌਤ ਦਾ ਤਾਹਨਾ ਮਾਰ ਕੇ ਸਿਆਸਤ ਵਿਚ ਵਿਰੋਧੀ ਵਿਰੁਧ ਨੀਵੇਂ ਪੱਧਰ ਤੇ ਜਾ ਕੇ ਵਾਰ ਕਰਨ ਦੀ ਇਕ ਨਵੀਂ ਉਦਾਹਰਣ ਪੇਸ਼ ਕਰ ਦਿਤੀ ਹੈ ਜੋ ਭਲੇ ਲੋਕਾਂ ਨੂੰ ਕਦੇ ਨਹੀਂ ਭੁੱਲੇਗੀ। ਭਾਵੇਂ ਸਿੱਖਾਂ ਲਈ ਰਾਜੀਵ ਗਾਂਧੀ ਜਾਂ ਇੰਦਰਾ ਗਾਂਧੀ ਤੋਂ ਵੱਡਾ ਕੋਈ ਹੋਰ ਗੁਨਾਹਗਾਰ ਨਹੀਂ ਹੋ ਸਕਦਾ, ਪਰ ਅੱਜ ਤਕ ਕਿਸੇ ਨੇ ਉਨ੍ਹਾਂ ਦੇ ਬੱਚਿਆਂ ਨੂੰ ਪਿਤਾ ਦੀ ਮੌਤ ਨੂੰ ਯਾਦ ਕਰ ਕੇ 'ਨੰਬਰ ਇਕ ਭ੍ਰਿਸ਼ਟਾਚਾਰੀ' ਹੋਣ ਦਾ ਤਾਹਨਾ ਨਹੀਂ ਮਾਰਿਆ। 

ਪਰ ਕਾਂਗਰਸ ਦੇ ਯੁਵਰਾਜ ਨੇ ਅਪਣੇ ਜਵਾਬ ਨਾਲ ਖ਼ੁਦ ਨੂੰ ਬੜਾ ਉੱਚਾ ਸਾਬਤ ਕਰ ਦਿਤਾ ਹੈ। ਅੱਜ ਰਾਹੁਲ ਜਾਂ ਪ੍ਰਿਯੰਕਾ ਮੂੰਹ ਤੋੜ ਜਵਾਬ ਦਿੰਦੇ ਤਾਂ ਉਸ ਨੂੰ ਕੋਈ ਮਾੜਾ ਨਾ ਆਖਦਾ। ਪਰ ਸਹਿਣਸ਼ੀਲਤਾ ਤੇ ਪਿਆਰ ਦਾ ਸੰਦੇਸ਼ ਦੇ ਕੇ ਭੈਣ-ਭਰਾ ਨੇ ਸਿਆਸਤ ਵਿਚ ਇਕ ਚੰਗੀ ਥਾਂ ਬਣਾ ਲਈ ਹੈ। ਚੋਣਾਂ ਸ਼ੁਰੂ ਹੋਣ ਤਕ ਵੀ ਰਾਹੁਲ ਤੇ ਵਿਸ਼ਵਾਸ ਕਰਨ ਵਾਲੇ ਘੱਟ ਸਨ, ਪਰ ਅੱਜ ਜਾਪਦਾ ਹੈ ਕਿ ਵਿਰੋਧੀ ਪਾਰਟੀਆਂ ਵੀ ਰਾਹੁਲ ਨਾਲ ਮਹਾਂਗਠਬੰਧਨ ਬਣਾਉਣ ਨੂੰ ਤਿਆਰ ਹੋ ਰਹੀਆਂ ਹਨ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨਾਲੋਂ ਹਰ ਕਦਮ ਉਲਟਾ ਚਲਿਆ ਹੈ।

ਜੇ ਮੋਦੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਡਰਦੇ ਹਨ ਤਾਂ ਰਾਹੁਲ ਗਾਂਧੀ ਨੇ ਹਰ ਛੋਟੇ-ਵੱਡੇ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਬਿਨਾਂ ਕਿਸੇ ਝਿਜਕ ਦੇ ਦਿਤਾ ਹੈ। ਰਾਹੁਲ ਗਾਂਧੀ ਇਕ ਸਿਆਸਤਦਾਨ ਹੋ ਕੇ ਵੀ ਮੰਚਾਂ ਤੋਂ ਪਿਆਰ ਤੇ ਜੱਫੀ ਦੀ ਗੱਲ ਕਰਦੇ ਹਨ। ਅੱਜ ਇਕ ਨੇਤਾ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਦਾ ਹੈ ਤਾਂ ਦੂਜਾ 56 ਇੰਚ ਦਾ ਦਿਲ ਵਿਖਾ ਰਿਹਾ ਹੈ। ਕੀ ਇਹ ਵੀ ਇਕ ਜੁਮਲਾ ਹੈ? ਇਸ ਦਾ ਪਤਾ ਉਦੋਂ ਚੱਲੇਗਾ ਜਦ ਉਨ੍ਹਾਂ ਨੂੰ ਕਦੇ ਅਪਣਾ ਸ਼ਾਸਨ ਸਥਾਪਤ ਕਰਨ ਦਾ ਮੌਕਾ ਮਿਲਿਆ। ਪਰ ਕਾਂਗਰਸ ਦੇ ਨਵੇਂ ਪ੍ਰਧਾਨ ਉਤੇ ਉਮੀਦ ਟਿਕੀ ਰਹੇਗੀ ਕਿ ਕਦੇ ਉਹ ਅਪਣੇ ਇਸ ਵੱਡੇ ਦਿੱਲ ਦਾ ਪ੍ਰਦਰਸ਼ਨ ਸਿੱਖਾਂ ਵਾਸਤੇ ਵੀ ਕਰਨਗੇ ਤੇ ਉਨ੍ਹਾਂ ਦੀ ਦਾਦੀ, ਪਿਤਾ ਵਲੋਂ ਇਕ ਪੂਰੀ ਕੌਮ ਨੂੰ ਦਿਤੇ ਜ਼ਖ਼ਮਾਂ ਨੂੰ ਭਰਨ ਦਾ ਯਤਨ ਵੀ ਕਰਨਗੇ।  - ਨਿਮਰਤ ਕੌਰ