ਸਾਡੇ ਨੌਜੁਆਨ ਨਿਜੀ ਗੱਲਬਾਤ ਦੌਰਾਨ ਔਰਤ ਬਾਰੇ 'ਜ਼ਬਾਨੀ ਬਲਾਤਕਾਰ' ਵਾਲੀਆਂ ਗੱਲਾਂ ਹੀ ਕਿਉਂ ਕਰਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦਿੱਲੀ ਅਤੇ ਚੰਡੀਗੜ੍ਹ ਦੇ 16-17 ਸਾਲ ਦੇ ਸਕੂਲੀ ਮੁੰਡਿਆਂ ਦੀ ਇਕ ਵਟਸਐਪ ਗਰੁੱਪ ਚੈਟ ਦਾ ਸਾਰਾ ਸਿਲਸਿਲਾ ਅੱਜ ਦੇ ਮੁੰਡਿਆਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

File Photo

ਦਿੱਲੀ ਅਤੇ ਚੰਡੀਗੜ੍ਹ ਦੇ 16-17 ਸਾਲ ਦੇ ਸਕੂਲੀ ਮੁੰਡਿਆਂ ਦੀ ਇਕ ਵਟਸਐਪ ਗਰੁੱਪ ਚੈਟ ਦਾ ਸਾਰਾ ਸਿਲਸਿਲਾ ਅੱਜ ਦੇ ਮੁੰਡਿਆਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਨ੍ਹਾਂ ਮੁੰਡਿਆਂ ਦੀਆਂ ਗੱਲਾਂ-ਬਾਤਾਂ ਨੂੰ ਇਕ ਕੁੜੀ ਨੇ ਪੜ੍ਹਿਆ ਅਤੇ ਉਸ ਨੇ ਇਹ ਸਾਰੀ ਗੱਲਬਾਤ ਜੱਗ ਜ਼ਾਹਰ ਕਰਨ ਦੀ ਹਿੰਮਤ ਕਰ ਵਿਖਾਈ। ਗੱਲਾਂ ਦਰਸਾਉਂਦੀਆਂ ਹਨ ਕਿ ਇਹ 30 ਮੁੰਡਿਆਂ ਦੇ ਟੋਲੇ ਅਪਣੇ ਹਾਣ ਦੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ ਖਿਚਦੇ ਅਤੇ ਮਜ਼ਾਕ ਉਡਾਉਂਦੇ ਹਨ, ਫਿਰ ਉਨ੍ਹਾਂ ਨਾਲ ਬਲਾਤਕਾਰ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।

ਇਸ ਵਾਰ ਤਾਂ 'ਬਲਾਤਕਾਰ ਦਾ ਮਜ਼ਾਕ' ਲਗਭਗ 'ਸਮੂਹਕ ਬਲਾਤਕਾਰ' ਹੀ ਬਣ ਗਿਆ ਕਿਉਂਕਿ ਸਾਰੇ ਹੀ ਮਿੱਤਰ ਨਾਲ ਚੱਲਣ ਵਾਸਤੇ ਤਿਆਰ ਸਨ। ਇਸ ਸਾਰੇ ਹਾਦਸੇ ਵਿਚ ਸਿਰਫ਼ ਇਕ ਗੱਲ ਨਵੀਂ ਨਿਕਲੀ ਹੈ ਕਿ ਇਕ ਕੁੜੀ ਦੇ ਹੱਥ ਇਹ ਗੱਲਾਂ ਲੱਗ ਗਈਆਂ ਅਤੇ ਉਸ ਨੂੰ ਇਹ 'ਮਜ਼ਾਕ' ਬਹੁਤ ਭੱਦਾ ਲਗਿਆ। ਉਸ ਦਾ ਖ਼ੂਨ ਖ਼ੌਲ ਉਠਿਆ ਅਤੇ ਉਸ ਨੇ ਆਵਾਜ਼ ਉੱਚੀ ਚੁਕ ਲਈ। ਅੱਜ ਤੋਂ 700 ਸਾਲ ਪਹਿਲਾਂ ਵੀ ਇਹ ਮਜ਼ਾਕ ਹੁੰਦਾ ਸੀ ਅਤੇ ਇਨ੍ਹਾਂ ਮਜ਼ਾਕਾਂ ਉਤੇ ਅਮਲ ਵੀ ਕੀਤਾ ਜਾਂਦਾ ਸੀ।

ਕੁੱਝ ਸਾਲ ਪਹਿਲਾਂ ਹੀ ਯੂ.ਪੀ. ਸਮਾਜਵਾਦੀ  ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਬਲਾਤਕਾਰ ਕਰਨ ਵਾਲੇ ਮੁੰਡਿਆਂ ਨੂੰ ਮਾਫ਼ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਉਹ ਬੱਚੇ ਸਨ ਤੇ ਬੱਚਿਆਂ ਕੋਲੋਂ ਇਹੋ ਜਹੀਆਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ। ਮੁਲਾਇਮ ਸਿੰਘ ਯਾਦਵ ਇਕ ਕ੍ਰਾਂਤੀਕਾਰੀ ਆਗੂ ਹੋਣ ਦੇ ਬਾਵਜੂਦ ਇਕ ਕੁੜੀ ਦੇ ਬਲਾਤਕਾਰ ਦੇ ਦਰਦ ਨੂੰ ਪਛਾਣ ਨਹੀਂ  ਸਕੇ ਸਨ ਪਰ ਇਕ ਬਲਾਤਕਾਰੀ ਦੇ ਦਰਦ ਨੂੰ ਸਮਝ ਸਕੇ ਸਨ। ਇਸੇ ਕਰ ਕੇ ਸਾਡੀਆਂ ਸਰਕਾਰਾਂ ਕਦੇ ਵੀ ਬਲਾਤਕਾਰ ਪੀੜਤਾਂ ਲਈ ਸਖ਼ਤ ਕਾਨੂੰਨ ਨਹੀਂ ਬਣਾ ਸਕੀਆਂ ਕਿਉਂਕਿ ਉਹ ਆਪ ਵੀ ਇਕ ਮਰਦ ਪ੍ਰਧਾਨ ਸੋਚ ਵਿਚੋਂ ਨਿਕਲ ਕੇ ਆਏ ਹਨ।

ਕੁੜੀਆਂ ਦੇ ਜਿਸਮ ਦਾ ਭੱਦੇ ਢੰਗ ਨਾਲ ਮਜ਼ਾਕ ਉਡਣਾ, ਮੁੰਡਿਆਂ ਦਾ ਇਕੱਠੇ ਬੈਠ ਕੇ ਕੁੜੀਆਂ ਬਾਰੇ ਊਟ-ਪਟਾਂਗ ਬੋਲਣਾ, ਇਹ ਸਿਰਫ਼ ਭਾਰਤੀ ਮਰਦਾਂ ਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਮਰਦਾਂ ਦੀ ਆਦਤ ਹੈ। ਸੋ ਇਹ ਨਾ ਸੋਚੋ ਕਿ ਸਾਡੇ ਸ਼ਹਿਰੀ ਮੁੰਡੇ ਤਕਨੀਕ ਦੇ ਪਸਾਰ ਨਾਲ ਵਿਗੜ ਗਏ ਹਨ, ਪੇਂਡੂ ਮੁੰਡੇ ਵੀ ਛੱਤਾਂ ਉਤੇ ਬੈਠ ਕੇ ਸ਼ਰਾਬ ਦੀਆਂ ਗਲਾਸੀਆਂ ਫੜੀ, ਇਹੀ ਕਹਿੰਦੇ ਹਨ। ਅਮਰੀਕਾ ਹੋਵੇ ਜਾਂ ਇਜ਼ਰਾਈਲ, ਮੁੰਡਿਆਂ ਦੀ ਸੋਚ ਇਹੋ ਜਿਹੀ ਹੀ ਮਿਲੇਗੀ।

ਤਬਦੀਲੀ ਸਿਰਫ਼ ਅਤੇ ਸਿਰਫ਼ ਔਰਤਾਂ ਰਾਹੀਂ ਆਉਣੀ ਹੈ ਅਤੇ ਆਵੇਗੀ ਵੀ। ਜਿਸ ਤਰ੍ਹਾਂ ਇਸ ਦਿੱਲੀ ਦੀ ਬੱਚੀ ਨੇ ਆਵਾਜ਼ ਚੁੱਕਣ ਦੀ ਹਿੰਮਤ ਕੀਤੀ, ਇਸ ਤਰ੍ਹਾਂ ਦੀ ਹਿੰਮਤ ਅਮਰੀਕੀ ਕੁੜੀਆਂ ਵਿਚ ਆਮ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਹਿੰਮਤ ਸੁਪਰੀਮ ਕੋਰਟ ਦੇ ਇਕ ਸਾਬਕਾ ਚੀਫ਼ ਜਸਟਿਸ ਵਿਰੁਧ ਵੀ ਇਕ ਇਕ ਕੁੜੀ ਨੇ ਕੀਤੀ ਪਰ ਜੱਜ ਨੇ ਅਪਣੇ ਕੇਸ ਵਿਚ ਆਪ ਹੀ ਸੁਣਵਾਈ ਕਰ ਕੇ ਅਪਣੇ ਆਪ ਨੂੰ ਬਚਾ ਲਿਆ ਅਤੇ ਜਾਂਦੇ ਜਾਂਦੇ ਅਜਿਹੇ ਫ਼ੈਸਲੇ ਦੇ ਗਏ ਕਿ ਇਤਿਹਾਸ ਵਿਚ ਯਾਦ ਕੀਤੇ ਜਾਣਗੇ।

ਸੋ ਉਸ ਬੇਟੀ ਦਾ ਸੱਚ ਤਾਕਤ ਸਾਹਮਣੇ ਹਾਰ ਗਿਆ। 'ਮੀ ਟੂ' ਮੁਹਿੰਮ ਨੇ ਵੀ ਭਾਰਤ ਦੇ ਕਈ ਅਜਿਹੇ ਮਰਦਾਂ ਦਾ ਪਰਦਾਫ਼ਾਸ਼ ਕੀਤਾ ਸੀ। ਸਾਰੇ ਸਮਾਜ ਵਿਚ ਸਿਰਫ਼ ਬੇਟੀਆਂ ਹੀ ਨਹੀਂ, ਕੁੱਝ ਆਦਮੀ ਵੀ ਬਦਲ ਰਹੇ ਹਨ। ਕੁੱਝ ਲੋਕ ਪਹਿਲਾਂ ਵੀ ਬਰਾਬਰੀ ਦੀ ਚਾਲ ਚਲਦੇ ਸਨ ਅਤੇ ਬਹੁਤ ਸਾਰੇ ਹੋਰ ਵੀ ਔਰਤ-ਮਰਦ ਬਰਾਬਰੀ ਨੂੰ ਮੰਨਦੇ ਹਨ। ਪਰ ਮਜ਼ਾਕ ਦੀਆਂ ਮਹਿਫ਼ਲਾਂ ਵਿਚ ਘੱਟ ਹੀ ਬਰਾਬਰੀ ਦਾ ਪ੍ਰਦਰਸ਼ਨ ਕਰਦੇ ਹਨ। ਮਜ਼ਾਕ-ਮਜ਼ਾਕ ਵਿਚ ਸਮਾਜ ਖ਼ੁਦ ਅਪਣੇ ਬੱਚਿਆਂ ਨੂੰ ਬਲਾਤਕਾਰੀ, ਭ੍ਰਿਸ਼ਟ ਤੇ ਹੈਵਾਨ ਬਣਾਉਂਦਾ ਹੈ, ਭਾਵੇਂ ਅਣਜਾਣੇ ਵਿਚ ਹੀ ਸਹੀ।

'ਬੁਆਏਜ਼ ਲਾਕਰ ਰੂਮ' ਦੀ ਇਸ ਵਾਰਦਾਤ ਵਿਚ 30 ਮੁੰਡੇ ਸਨ ਪਰ ਸ਼ਾਇਦ ਉਨ੍ਹਾਂ 'ਚੋਂ ਇਕ-ਦੋ ਹੀ ਬਲਾਤਕਾਰੀ ਨਿਕਲਦੇ, ਸ਼ਾਇਦ 3-4 ਮਿਲ ਕੇ ਸਮੂਹਕ ਬਲਾਤਕਾਰ ਕਰਦੇ, ਇਕ ਦੋ ਅਪਣੇ ਪਤਨੀਆਂ ਨਾਲ ਬਲਾਤਕਾਰ ਕਰ ਕੇ ਅਪਣੀ ਹੈਵਾਨੀਅਤ ਕੱਢ ਲੈਂਦੇ ਪਰ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਤਾਂ ਜਾਂਦੇ ਹਨ। ਕੁੱਝ ਅਪਣੀ ਹੈਵਾਨੀਅਤ ਘਰ ਦੀਆਂ ਛੋਟੀਆਂ ਬੱਚੀਆਂ ਦੇ ਸ਼ੋਸ਼ਣ ਨਾਲ ਕਢਦੇ, ਅਤੇ ਸ਼ਾਇਦ ਕੁੱਝ ਅਪਣੇ ਤਾਕਤਵਰ ਅਹੁਦਿਆਂ ਦਾ ਲਾਭ ਉਠਾ ਕੇ ਅਪਣੇ ਦਫ਼ਤਰ ਵਿਚ ਕੁੜੀਆਂ ਨੂੰ ਮਜਬੂਰ ਕਰ ਕੇ ਅਪਣੀ ਹੈਵਾਨੀਅਤ ਨੂੰ ਹਵਾ ਦਿੰਦੇ।

ਇੱਕਾ-ਦੁੱਕਾ ਅਪਣੀ ਹੈਵਾਨੀਅਤ ਨੂੰ ਅਪਣੀ ਸੰਗਤ ਸਦਕਾ ਭੁਲਾ ਵੀ ਦਿੰਦੇ ਸ਼ਾਇਦ। ਪਰ ਸਾਰੇ ਕਿਸੇ ਨਾ ਕਿਸੇ ਪੱਖੋਂ ਹੈਵਾਨੀਅਤ ਵਾਸਤੇ ਤਿਆਰ ਸਨ ਅਤੇ ਤਿਆਰ ਕਰਨ ਵਾਲੇ ਮਾਂ-ਬਾਪ ਅਤੇ ਪ੍ਰਵਾਰ ਆਪ ਹਨ ਜਿਨ੍ਹਾਂ ਨੇ ਇਸ ਮਜ਼ਾਕ ਨੂੰ ਗ਼ਲਤ ਨਹੀਂ ਮੰਨਿਆ। ਜਿਵੇਂ ਤਕਨੀਕੀ ਵਿਕਾਸ ਨਾਲ ਹਰ ਚੀਜ਼ ਹਵਾ ਦੀ ਰਫ਼ਤਾਰ ਨਾਲ ਫੈਲਦੀ ਹੈ, ਉਸੇ ਤਰ੍ਹਾਂ ਇਹ ਹੈਵਾਨੀਅਤ ਵੀ ਵਾਇਰਸ ਵਾਂਗ ਫੈਲ ਰਹੀ ਹੈ।

ਇਸ ਨੂੰ ਰੋਕਣ ਵਾਸਤੇ ਜਿਸ ਤਰ੍ਹਾਂ ਕੁੜੀਆਂ ਨੂੰ ਤਾਕਤਵਰ ਤੇ ਸੁਚੇਤ ਬਣਾਇਆ ਜਾ ਰਿਹਾ ਹੈ, ਮੁੰਡਿਆਂ ਨੂੰ ਵੀ ਹਮਦਰਦੀ ਅਤੇ ਇੱਜ਼ਤ ਦੇ ਪਾਠ ਸਿਖਾਉਣ ਦੀ ਸਖ਼ਤ ਜ਼ਰੂਰਤ ਹੈ। ਇਕ ਗੱਲ ਸਾਫ਼ ਹੈ ਕਿ ਹੁਣ ਸਿਸਟਮ ਵਿਚ ਬਲਾਤਕਾਰੀ ਨੂੰ 'ਮਾਸੂਮੀਅਤ ਦੀ ਗ਼ਲਤੀ' ਕਹਿਣ ਵਾਲੀ ਸੋਚ ਬਰਦਾਸ਼ਤ ਨਹੀਂ ਹੋਵੇਗੀ ਅਤੇ ਨਿਰਭਇਆ ਦੇ ਬਲਾਤਕਾਰੀਆਂ ਵਾਂਗ ਕਈ ਫਾਂਸੀ ਚੜ੍ਹਨਗੇ। ਕੀ ਤੁਸੀ ਅਪਣੇ ਲਾਡਲੇ ਨੂੰ ਬਚਾਉਣਾ ਚਾਹੋਗੇ ਜਾਂ ਇਕ ਮਜ਼ਾਕ ਦੇ ਪਰਦੇ ਹੇਠ ਹੈਵਾਨ ਹੀ ਬਣਾਉਣਾ ਚਾਹੋਗੇ?  -ਨਿਮਰਤ ਕੌਰ