ਸਰਕਾਰਾਂ ਦੀ ਨਾਕਾਮੀ ਅਤੇ ਨਾਅਹਿਲੀਅਤ ਕਾਰਨ ਕੋਰੋਨਾ ਇਕ ਅਜਗਰ ਦਾ ਰੂਪ ਧਾਰ ਗਿਆ ਹੈ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹੁਣ ਰਾਜਨੀਤੀ ਛੱਡ, ਸੱਭ ਨੂੰ ਇਕ ਹੋਣਾ ਪਵੇਗਾ!

corona virus

ਦੇਸ਼ ਜਦ ਦੂਜੀ ਕੋਵਿਡ ਲਹਿਰ ਤੇ ਕਾਬੂ ਪਾਉਣ ਵਿਚ ਸਫ਼ਲ ਨਹੀਂ ਹੋ ਰਿਹਾ ਤਾਂ ਪ੍ਰਧਾਨ ਮੰਤਰੀ ਦੇ ਮੁੱਖ ਵਿਗਿਆਨਕ ਸਲਾਹਕਾਰ ਨੇ ਤੀਜੀ ਲਹਿਰ ਦੀ ਚੇਤਾਵਨੀ ਦੇ ਦਿਤੀ ਹੈ। ਵਿਗਿਆਨਕ ਵਿਜੇ ਰਾਘਵਨ ਵਲੋਂ ਆਖਿਆ ਗਿਆ ਹੈ ਕਿ ਕੋਵਿਡ ਦਾ ਰੂਪ ਪਹਿਲੀ ਵਾਰ ਨਾਲੋਂ ਤਬਦੀਲ ਹੋ ਕੇ ਆਇਆ ਹੈ ਜਿਸ ਕਾਰਨ ਇਹ ਪਹਿਲੀ ਵਾਰ ਨਾਲੋਂ ਵੀ ਜ਼ਿਆਦਾ ਫੈਲ ਰਿਹਾ ਹੈ। ਹੁਣ ਸਰਕਾਰ ਨੇ ਵੀ ਆਖ ਦਿਤਾ ਹੈ ਕਿ ਜਿਹੜਾ ਨਵਾਂ ਦੇਸੀ ਕੋਵਿਡ ਆਇਆ ਹੈ, ਉਹੀ ਅੱਜ ਦੇ ਕਹਿਰ ਵਾਸਤੇ ਜ਼ਿੰਮੇਵਾਰ ਹੈ। ਅੱਜ ਦੀ ਮੌਜੂਦਾ ਵੈਕਸੀਨ ਇਸ ਨਵੇਂ ਰੂਪ ਨਾਲ ਨਜਿੱਠਣ ਵਾਸਤੇ ਤਿਆਰ ਕੀਤੀ ਗਈ ਹੈ ਪਰ ਅਗਲੀ ਵਾਰ ਤਾਂ ਇਹ ਬੀਮਾਰੀ ਅਪਣੇ ਨਵੇਂ ਰੂਪ ਵਿਚ ਇਸ ਵੈਕਸੀਨ ਨੂੰ ਵੀ ਬੇਅਸਰ ਕਰ ਸਕਦੀ ਹੈ।

ਪਰ ਇਸ ਵੇਲੇ ਅਪਣੀ ਜਾਨ ਬਚਾਉਣ ਦਾ ਇਕੋ ਇਕ ਰਸਤਾ ਇਹੀ ਰਹਿ ਗਿਆ ਹੈ ਕਿ ਕੋਵਿਡ ਤੋਂ ਬਚਾਅ ਲਈ ਸਾਰੇ ਸੰਭਵ ਤਰੀਕੇ ਅਪਣਾਏ ਜਾਣ। ਮਾਸਕ ਪਾਇਆ ਜਾਵੇ, ਦੂਰੀ ਬਣਾਈ ਜਾਵੇ ਤੇ ਵੈਕਸੀਨ ਲਗਾਈ ਜਾਵੇ। ਪਰ ਸਾਡੇ ਦੇਸ਼ ਵਿਚ ਇਨ੍ਹਾਂ ਚੀਜ਼ਾਂ ਨੂੰ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਖ਼ਾਸ ਕਰ ਕੇ ਜਦ ਧਰਮ ਦੀ ਗੱਲ ਆਉਂਦੀ ਹੈ ਤਾਂ ਸੱਭ ਨੂੰ ਕਹਿਣ ਦਾ ਮੌਕਾ ਮਿਲ ਜਾਂਦਾ ਹੈ ਕਿ ਰੱਬ ਤੋਂ ਵੱਡਾ ਕੌਣ ਹੈ? ਕੋਵਿਡ ਵੀ ਤਾਂ ਰੱਬ ਦਾ ਹੀ ਬਣਾਇਆ ਵਾਇਰਸ ਹੈ ਤੇ ਰੱਬ ਜ਼ਿੰਦਗੀ ਨਾਲ ਮੌਤ ਨੂੰ ਅਤੇ ਦੁਖ ਨੂੰ ਸੁੱਖ ਨਾਲ ਅੜੁੰਗ ਕੇ ਰਖਦਾ ਹੈ, ਕਦੇ ਇਕੱਲਿਆਂ ਨਹੀਂ ਰਹਿਣ ਦੇਂਦਾ। ਇਹ ਕੁਦਰਤ ਦੀ ਖੇਡ ਹੈ।ਸਾਡੀ ਸਿਆਣਪ ਦਾ ਨਮੂਨਾ ਕੁੰਭ ਮੇਲਾ, ਚੋਣਾਂ ਅਤੇ ਪੰਜਾਬ ਵਿਚ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਗੁਰਪੁਰਬ ਮਨਾਉਣ ਤੋਂ ਮਿਲਿਆ ਹੈ।

ਪਰ ਨਾਲ ਹੀ ਹੁਣ ਕੋਵਿਡ ਦਾ ਤੋੜ ਲੱਭਣ ਵਾਸਤੇ ਗੁਜਰਾਤ ਵਿਚ ਔਰਤਾਂ ਦਾ ਇਕ ਵਿਸ਼ਾਲ ਇਕੱਠ ਦੇਵਤਿਆਂ ਦੀ ਪੂਜਾ ਕਰਨ ਤੇ ਮਦਦ ਮੰਗਣ ਵਾਸਤੇ ਚਲ ਪਿਆ ਹੈ। ਇਸ ਪਿਛੇ ਸਿਆਸਤ ਦੇ ਨਾਲ ਨਾਲ ਧਾਰਮਕ ਆਗੂ ਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਸਨ ਜਿਸ ਨੇ ਇਨ੍ਹਾਂ ਔਰਤਾਂ ਨੂੰ ਇਸ ਇਕੱਠ ਵਿਚ ਸ਼ਾਮਲ ਹੋਣ ਵਾਸਤੇ ਉਤਸ਼ਾਹਤ ਕੀਤਾ। ਹੁਣ ਗ਼ਲਤੀ ਔਰਤਾਂ ਦੀ ਹੈ ਜੋ ਇਸ ਵਾਸਤੇ ਉਤਸ਼ਾਹਤ ਕੀਤੀਆਂ ਗਈਆਂ ਸਨ ਜਾਂ ਉਨ੍ਹਾਂ ਧਾਰਮਕ ਆਗੂਆਂ ਦੀ ਹੈ ਜਿਨ੍ਹਾਂ ਨੂੰ ਅਪਣਾ ਧਾਰਮਕ ਵਡੱਪਣ ਬਣਾਈ ਰੱਖਣ ਲਈ ਇਸ ਤਰ੍ਹਾਂ ਦੀ ਸੋਚ ਫੈਲਾਉਣੀ ਪੈਂਦੀ ਹੈ? ਪ੍ਰਸ਼ਾਸਨ ਦੀ ਗ਼ਲਤੀ ਇਸ ਲਈ ਵੀ ਹੈ ਕਿ ਉਹ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਮਾਣਨ ਵਾਲੇ ਲੋਕ ਹਨ, ਉਨ੍ਹਾਂ ਨੂੰ ਇਨ੍ਹਾਂ ਕਰਤਬਾਂ ਨੂੰ ਉਤਸ਼ਾਹਤ ਕਰਨ ਦੀ ਕੀ ਲੋੜ ਹੈ? ਸਿਆਸਤਦਾਨ ਇਨ੍ਹਾਂ ਸਾਰਿਆਂ ਨੂੰ ਅਪਣੇ ਵੋਟ ਬੈਂਕ ਨੂੰ ਤਾਕਤਵਰ ਬਣਾਉਣ ਵਾਸਤੇ ਇਸਤੇਮਾਲ ਕਰਦਾ ਹੈ। 

ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਦਾ ਇਕ ਹੋਰ ਤਰੀਕਾ ਇਹ ਵੀ ਹੈ ਕਿ ਸਰਕਾਰ ਅਪਣੀ ਤਿਆਰੀ ਤੇਜ਼ ਕਰੇ। ਤਿਆਰੀ ਦਾ ਮਤਲਬ ਤਾਲਾਬੰਦੀ ਨਹੀਂ। ਤਾਲਾਬੰਦੀ ਨਾਲ ਪਿਛਲੇ ਸਾਲ ਸਰਕਾਰਾਂ ਨੂੰ ਅਪਣੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦਾ ਮੌਕਾ ਮਿਲ ਗਿਆ ਸੀ। ਹੁਣ ਸਰਕਾਰ ਨੂੰ ਸੰਪੂਰਨ ਤਾਲਾਬੰਦੀ ਲਈ ਹਮਾਇਤ ਨਹੀਂ ਮਿਲ ਸਕਦੀ ਕਿਉਂਕਿ ਲੋਕ ਖ਼ਾਲੀ ਜੇਬ ਹੋ ਚੁੱਕੇ ਹਨ। 230 ਮਿਲੀਅਨ ਯਾਨੀ 23 ਕਰੋੜ  ਲੋਕ ਗ਼ਰੀਬੀ ਰੇਖਾ ਹੇਠ ਇਕ ਸਾਲ ਵਿਚ ਹੀ ਜਾ ਚੁੱਕੇ ਹਨ। ਯਾਨੀ ਇਹ ਉਸ ਗਿਣਤੀ ਤੋਂ ਵੀ ਜ਼ਿਆਦਾ ਹੈ ਜਿਸ ਨੇ ਹੁਣ ਤਕ ਵੈਕਸੀਨ ਲਵਾ ਲਈ ਹੈ। ਸਾਡੇ ਦੇਸ਼ ਵਿਚ ਗ਼ਰੀਬੀ, ਇਲਾਜ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਸ ਦੀਆਂ ਅਸਲ ਮੁਜਰਮ ਸਾਡੀਆਂ ਸਰਕਾਰਾਂ ਹੀ ਹਨ। ਜ਼ਾਹਰ ਹੈ ਕਿ ਉਹ ਫਿਰ ਤੋਂ ਰੱਬ ਵਲ ਹੀ ਵੇਖਣਗੀਆਂ।

ਸਾਡੀਆਂ ਸਰਕਾਰਾਂ ਦੀ ਫੁਰਤੀ ਤੇ ਫ਼ਿਕਰਮੰਦੀ ਦਾ ਹਾਲ ਇਹ ਹੈ ਕਿ ਅੱਜ ਤਕਰੀਬਨ 10 ਦਿਨ ਹੋ ਗਏ ਹਨ ਪਰ ਦਿੱਲੀ ਵਿਚ ਲਗਾਤਾਰ ਆਕਸੀਜਨ ਦੀ ਘਾਟ ਕਾਰਨ ਮੌਤਾਂ ਹੋ ਰਹੀਆਂ ਹਨ ਅਤੇ ਅਜੇ ਤਕ ਹੱਲ ਕੋਈ ਨਹੀਂ ਲਭਿਆ ਜਾ ਸਕਿਆ। ਕੇਂਦਰ ਨੇ ਅਦਾਲਤ ਵਿਚ ਮਾਮਲੇ ਦਾ ਹੱਲ ਦਸਿਆ ਕਿ ਮੁੰਬਈ ਵਿਚ ਦਿੱਲੀ ਨਾਲੋਂ ਡਾਕਟਰ ਅੱਧੀ ਆਕਸੀਜਨ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਸਰਕਾਰ ਮੁਤਾਬਕ ਮੁੰਬਈ ਵਿਚ ਪ੍ਰਬੰਧ ਸੁਧਰਿਆ ਹੈ ਪਰ ਇਹ ਸੂਬਾਈ ਤੇ ਕੇਂਦਰ ਸਰਕਾਰ ਦੇ ਆਪਸੀ ਤਾਲਮੇਲ ਦੀ ਮਿਸਾਲ ਨਹੀਂ ਬਲਕਿ ਇਕ ਦੂਜੇ ਨੂੰ ਅਦਾਲਤ ਵਿਚ ਨੀਵਾਂ ਵਿਖਾਉਣ ਦੀ ਕੋਸ਼ਿਸ਼ ਹੀ ਹੈ। ਅਸਲ ਵਿਚ ਹਰ ਸੂਬਾ ਕੋਈ ਚੰਗਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੁੱਝ ਚੰਗਾ ਕੰਮ ਕਰ ਵੀ ਰਿਹਾ ਹੈ ਪਰ ਦੇਸ਼ ਉਨ੍ਹਾਂ ਰਾਜਾਂ ਦੇ ਨਾਲ ਖੜਾ ਨਜ਼ਰ ਨਹੀਂ ਆ ਰਿਹਾ।

ਸੱਭ ਨੂੰ ਜੋੜਨ ਵਾਲੀ ਕੇਂਦਰ ਸਰਕਾਰ ਸਾਰੇ ਸੂਬਿਆਂ ਨਾਲ ਕਿਤੇ ਸਹੀ, ਕਿਤੇ ਮਤਰੇਈ ਮਾਂ ਵਾਂਗ ਵਿਚਰ ਰਹੀ ਹੈ। ਜਿਥੇ ਭਾਜਪਾ ਦੇ ਸੂਬੇ ਹਨ ਉਥੇ ਲਾਡਲੇ ਪੁੱਤਰ ਵਾਂਗ ਗ਼ਲਤੀਆਂ ਛੁਪਾਈਆਂ ਜਾਂਦੀਆਂ ਹਨ ਤੇ ਜਿਥੇ ‘ਆਪ’ ਵਰਗੀ ਸਰਕਾਰ ਹੈ ਉਥੇ ਹਿੰਦੀ ਫ਼ਿਲਮਾਂ ਦੀ ਲਲਿਤਾ ਪਵਾਰ ਬਣ ਜਾਂਦੀ ਹੈ। ਸਾਰੇ ਦੇਸ਼ ਦੀ ਮਹਾਂਮਾਰੀ ਵਿਰੁਧ ਜੰਗ ਜਿੱਤਣ ਦੀ ਸੱਭ ਤੋਂ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਜਿਸ ਤੋਂ ਸੰਭਲਣ ਲਈ ਹੁਣ ਸਾਰੇ ਦੇਸ਼ ਉਤੇ ਆਈ ਆਫ਼ਤ ਨਾਲ, ਸਿਆਸੀ ਭੇਦਭਾਵ ਨੂੰ ਇਕ ਪਾਸੇ ਰੱਖ ਕੇ, ਇਕ ਹੋ ਕੇ ਲੜਨਾ ਪਵੇਗਾ।        -ਨਿਮਰਤ ਕੌਰ