ਸੰਪਾਦਕੀ: ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਤਜਿੰਦਰ ਪਾਲ ਬੱਗਾ ਵਰਗੇ, ਕੰਗਨਾ ਰਣੌਤ ਤੋਂ ਵਖਰੇ ਨਹੀਂ ਹਨ। ਤੇ ਪੰਜਾਬ ਵਿਚ ਕੰਗਨਾ ਰਣੌਤ ਦੀ ਨਫ਼ਰਤ ਵਿਰੁਧ ਵੀ ਕਾਂਗਰਸ ਸਮੇਂ ਪਰਚਾ ਦਰਜ ਹੋਇਆ ਸੀ

Kumar Vishwas, Bhagwant Mann and Arvind Kejriwal

 

ਜਦ ਪੰਜਾਬ ਪੁਲਿਸ ਦਿੱਲੀ ਦੇ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਹਿਰਾਸਤ ਵਿਚ ਲੈਣ ਲਈ ਪਹੁੰਚੀ ਤਾਂ ਕਦੇ ‘ਆਪ’ ਵਿਚ ਰਹੇ ਕਮੁਾਰ ਵਿਸ਼ਵਾਸ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਸੰਦੇਸ਼ ਸਾਂਝਾ ਕੀਤਾ। ਪੰਜਾਬ ਦਾ ਇਤਿਹਾਸ ਯਾਦ ਕਰਵਾਉਂਦੇ ਹੋਏ ਉਨ੍ਹਾਂ ਆਖਿਆ ਕਿ ਕਦੇ ਪੰਜਾਬ ਨੇ  ਦਿੱਲੀ ਤੋਂ ਅਪਣੇ ਉਤੇ ਰਾਜ ਕਰਨ ਵਾਲੇ ਨਹੀਂ ਸਨ ਬੁਲਾਏ ਤੇ ਆਖਿਆ, ‘ਪਗੜੀ ਸੰਭਾਲ ਜੱਟਾ’। ਇਹ ਗੀਤ 1907 ਵਿਚ ਅੰਗਰੇਜ਼ਾਂ ਵਿਰੁਧ ਲੜਦੇ ਦੇਸ਼ ਭਗਤਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਾਂਕੇ ਦਿਆਲ ਨੇ ਗਾਇਆ ਸੀ। ਕੁਮਾਰ ਵਿਸ਼ਵਾਸ ਵਲੋਂ ਇਨ੍ਹਾਂ ਸਤਰਾਂ ਦਾ ਅੱਜ ਇਸਤੇਮਾਲ ਕਰਨ ਦਾ ਮਤਲਬ ਹੈ ਕਿ ਉਹ ਸਮਝਦੇ ਹਨ ਕਿ ਪੰਜਾਬ ਅੱਜ ਖ਼ਤਰੇ ਵਿਚ ਹੈ। ਫਿਰ ਕੀ ਕੁਮਾਰ ਵਿਸ਼ਵਾਸ ਪੰਜਾਬ ਵਾਸਤੇ ਬੋਲ ਰਿਹਾ ਹੈ ਜਾਂ ਅਰਵਿੰਦ ਕੇਜਰੀਵਾਲ ਪ੍ਰਤੀ ਉਸ ਦੇ ਬੋਲਾਂ ਵਿਚੋਂ ਨਫ਼ਰਤ ਟਪਕ ਰਹੀ ਹੈ?

Kumar Vishwas

ਜਦੋਂ ਇੰਦਰਾ ਗਾਂਧੀ ਨੇ ਪੰਜਾਬ ਵਿਚ ਅਤਿਵਾਦ ਫੈਲਾਉਣ ਦੀ ਨੀਤੀ ਅਪਣਾਈ, ਕਿਸੇ ਨੇ ਪੰਜਾਬੀਆਂ ਨੂੰ ਅਪਣੀ ਹੋਂਦ ਬਚਾਉਣ ਵਾਸਤੇ ਹਲੂਣਾ ਨਾ ਦਿਤਾ ਸਗੋਂ ਦੇਸ਼ ਪੰਜਾਬੀ ਨੌਜਵਾਨਾਂ ਨੂੰ ਅਤਿਵਾਦੀ ਕਰਾਰ ਦਿਤੇ ਜਾਣ ਤੋਂ ਬਾਅਦ ਦਰਦਨਾਕ ਮੌਤਾਂ ਵੇਖ ਕੇ ਤਾੜੀਆਂ ਵਜਾਉਂਦਾ ਸੀ। ‘84 ਦੀ ਦਿੱਲੀ ਨਸਲਕੁਸ਼ੀ’ ਦੌਰਾਲ ਕਿਸੇ ਕੁਮਾਰ ਵਿਸ਼ਵਾਸ ਵਰਗੇ ਨੇ ਇਹ ਗੀਤ ਯਾਦ ਨਾ ਕਰਵਾਇਆ। ਜਦ ਪੰਜਾਬ ਵਿਚ ਅਕਾਲੀਆਂ ਦੇ ਰਾਜ ਵਿਚ ਗੁੰਡਾਗਰਦੀ ਤੇ ਨਸ਼ਾ ਤਸਕਰੀ ਫੈਲੀ, ਜਦ ਬਰਗਾੜੀ ਕਾਂਡ ਹੋਇਆ, ਕੋਈ ਨਾ ਬੋਲਿਆ। ਕੁਮਾਰ ਵਿਸ਼ਵਾਸ ਤਦ ਵੀ ਨਾ ਬੋਲੇ ਜਦ 2016 ਵਿਚ ਪਠਾਨਕੋਟ ਵਿਚ ਨਸ਼ਾ ਤਸਕਰੀ ਦੇ ਆਹਰੇ ਲੱਗੇ  ਅਤਿਵਾਦੀ ਪੰਜਾਬ ਵਿਚ ਆ ਕੇ ਹਮਲਾ ਕਰ ਗਏ ਸਨ। ਦਿੱਲੀ ਦੀਆਂ ਸੜਕਾਂ ’ਤੇ ਅਪਣੀ ਪਗੜੀ ਸੰਭਾਲਦੇ ‘ਜੱਟ’ ਨੂੰ ਮੀਡੀਆ ਨੇ ਅਤਿਵਾਦੀ ਆਖਿਆ, 750 ਮੌਤਾਂ ਹੋਈਆਂ, ਕਿਸੇ ਨੇ ਉਫ਼ ਤਕ ਨਾ ਕੀਤੀ ਪਰ ਅੱਜ ਜਦ ਪੰਜਾਬ ਪੁਲਿਸ ਆਪ ਦੇ ਮੁਖੀ ਤੇ ਬਾਨੀ ਅਰਵਿੰਦ ਕੇਜਰੀਵਾਲ  ਦੀ ਰਾਖੀ ਵਾਸਤੇ ਅੱਗੇ ਆ ਰਹੀ ਹੈ ਤਾਂ ਏਨੀ ਤਕਲੀਫ਼ ਕਿਉਂ?

punjab police

ਜਦ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਜਾਂ ਯੋਗੀ ਬਾਰੇ ਕੋਈ ਦੇਸ਼ ਵਾਸੀ ਟਿੱਪਣੀ ਕਰਦਾ ਹੈ, ਭਾਜਪਾ ਦੀਆਂ ਸੂਬਾ ਸਰਕਾਰਾਂ ਪਰਚਾ ਦਰਜ ਕਰ ਦੇਂਦੀਆਂ ਹਨ। ਰਾਹੁਲ ਗਾਂਧੀ ਵਿਰੁਧ ਬੋਲਦੇ ਹਾਂ ਤਾਂ ਸਾਰੀ ਕਾਂਗਰਸ ਅੱਗ ਬਬੂਲਾ ਹੋ ਜਾਂਦੀ ਹੈ। ਜਦ ਬਾਦਲ ਸਾਹਿਬ ਦੀਆਂ ਪੰਥ ਵਿਰੋਧੀ ਨੀਤੀਆਂ ਦੀ ਨਿੰਦਾ ਸਪੋਕਸਮੈਨ ਦੇ ਬਾਨੀ ਨੇ ਕੀਤੀ ਤਾਂ ਉਨ੍ਹਾਂ ਵਿਰੁਧ ਪਰਚੇ ਦਰਜ ਕਰ ਦਿਤੇ ਗਏ।

Arvind Kejriwal

ਇਹ ਸਾਡੇ ਸਿਆਸਤਦਾਨਾਂ ਦੀ ਅੱਜ ਦੀ ਨਹੀਂ, ਪੁਰਾਣੀ ਰੀਤ ਹੈ ਜੋ ਹਰ ਪਾਸੇ ਨਿਭਾਈ ਜਾ ਰਹੀ ਹੈ ਤੇ ‘ਆਪ’ ਪਾਰਟੀ ਕੋਲ ਪਹਿਲੀ ਵਾਰ ਪੁਲਿਸ ਦੀ ਤਾਕਤ ਆਈ ਹੈ ਤਾਂ ਉਹ ਵੀ ਇਸਤੇਮਾਲ ਕਰੇਗੀ ਹੀ ਕਰੇਗੀ। ਦੂਜਾ ਪੱਖ ਇਹ ਵੀ ਹੈ ਕਿ ਤਜਿੰਦਰ ਪਾਲ ਬੱਗਾ ਵਰਗੇ, ਕੰਗਨਾ ਰਣੌਤ ਤੋਂ ਵਖਰੇ ਨਹੀਂ ਹਨ। ਤੇ ਪੰਜਾਬ ਵਿਚ ਕੰਗਨਾ ਰਣੌਤ ਦੀ ਨਫ਼ਰਤ ਵਿਰੁਧ ਵੀ ਕਾਂਗਰਸ ਸਮੇਂ ਪਰਚਾ ਦਰਜ ਹੋਇਆ ਸੀ ਤਾਂ ਅੱਜ ਫਿਰ ਬੱਗਾ ਵਰਗੇ ਨਫ਼ਰਤ ਪੈਦਾ ਕਰਨ ਵਾਲੇ ਦੀ ਜ਼ੁਬਾਨ ’ਤੇ ਲਗਾਮ ਕਿਉਂ ਨਾ ਲਗਾਈ ਜਾਵੇ?

Farmers

ਕੁਮਾਰ ਵਿਸ਼ਵਾਸ ਸ਼ਾਇਦ ਅਰਵਿੰਦ ਕੇਜਰੀਵਾਲ ਨਾਲ ਅਪਣੇ ਟੁੱਟ ਗਏ ਰਿਸ਼ਤਿਆਂ ਦੇ ਸੰਦਰਭ ਵਿਚ ਇਸ ਤਸਵੀਰ ਨੂੰ ਵਖਰਾ ਕਰ ਕੇ ਵੇਖ ਰਹੇ ਹਨ। ਪੰਜਾਬ ਨੇ ਸਿਰਫ਼ ਅਪਣੇ ਵਾਸਤੇ ਨਹੀਂ ਬਲਕਿ ਦੇਸ਼ ਦੀ ਆਜ਼ਾਦੀ ਵਾਸਤੇ ਅਪਣੀ ‘ਪਗੜੀ’ ਦੀ ਤਾਕਤ ਵਿਖਾਈ ਸੀ। ਕਿਸਾਨੀ ਸੰਘਰਸ਼ ਦੇਸ਼ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਅਪਣੇ ਨਾਲ ਰਲਾ ਰਿਹਾ ਸੀ। ਅੱਜ ਦੇਸ਼ ਵਿਚ ਫੈਲਦੀ ਨਫ਼ਰਤ ਵਿਚ ਪੰਜਾਬ ਹੀ ਇਸ ਅੱਗ ਨੂੰ ਬੁਝਾ ਸਕਦਾ ਹੈ। ਬੰਗਾਲੀ ਸ਼ੇਰਨੀ ਸਿਰਫ਼ ਅਪਣੀ ਨਿੰਦਾ ਤੋਂ ਘਬਰਾਉਂਦੀ ਹੈ ਪਰ ਸਾਡੀ ਪੰਜਾਬੀਅਤ ਹਰ ਧਰਮ-ਆਧਾਰਤ ਨਫ਼ਰਤ ਵਿਰੁਧ ਖੜੀ ਹੋਣ ਦੀ ਅਸ਼ੀਰਵਾਦ ਲੈ ਕੇ ਆਈ ਹੈ ਤੇ ਸੱਭ ਨੂੰ ਇਕ ਨਜ਼ਰ ਨਾਲ ਵੇਖਣ ਦੀ ਆਦੀ ਹੈ।
- ਨਿਮਰਤ ਕੌਰ