Editorial: ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਸਰਕਾਰਾਂ ਇਕੱਲੇ ਇਕੱਲੇ ਸਿੱਖ ਦਾ ਮਾਮਲਾ ਚੁੱਕ ਕੇ ਭਾਰਤੀ ਏਜੰਸੀਆਂ ਤੇ ਦੋਸ਼ ਕਿਉਂ ਲਾ ਰਹੀਆਂ ਨੇ?

ਏਜੰਸੀ

ਵਿਚਾਰ, ਸੰਪਾਦਕੀ

ਭਾਰਤ ਸਰਕਾਰ ਵਿਦੇਸ਼ੀ ਸਰਕਾਰਾਂ ਦੇ ਸਾਰੇ ਇਲਜ਼ਾਮ ਰੱਦ ਕਰਦੀ ਹੈ

File Photo

Editorial: ਜਿਨ੍ਹਾਂ ਨੇ ਬਲੂ ਸਟਾਰ ਅਪ੍ਰੇਸ਼ਨ ਅਪਣੇ ਸਾਹਮਣੇ ਹੁੰਦਾ ਵੇਖਿਆ ਸੀ ਤੇ ਝੱਟ ਮਗਰੋਂ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਸਾਰੇ ਕਾਂਗਰਸੀ ਰਾਜਾਂ ਵਿਚ ਸਿੱਖ ਕਤਲੇਆਮ ਦੇ ਭਿਆਨਕ ਨਜ਼ਾਰੇ ਵੇਖੇ ਸਨ,ਉਨ੍ਹਾਂ ਨੂੰ ਇਹ ਵੀ ਯਾਦ ਹੋਵੇਗਾ ਕਿ ਉਸ ਸਮੇਂ ਜਦ ਕੌਮ ਬੁਰੀ ਤਰ੍ਹਾਂ ਕਰਾਹ ਰਹੀ ਸੀ ਤੇ ਉਸ ਨਾਲ ਉਹ ਸਲੂਕ ਕੀਤਾ ਜਾ ਰਿਹਾ ਸੀ

ਜਿਹੋ ਜਿਹਾ ਆਮ ਤੌਰ ’ਤੇ ਕਿਸੇ ਦੁਸ਼ਮਣ ਦੇਸ਼ ਦੇ ਲੋਕਾਂ ਨਾਲ ਜੰਗ ਦੇ ਮੈਦਾਨ ਵਿਚ ਫ਼ਤਿਹ ਪ੍ਰਾਪਤ ਕਰਨ ਮਗਰੋਂ ਹਮਲਾਵਰ ਫ਼ੌਜਾਂ ਵਲੋਂ ਕੀਤਾ ਜਾਂਦਾ ਹੈ, ਤਾਂ ਉਸ ਸਮੇਂ ਕਿਸੇ ਇਕ ਵੀ ਦੇਸ਼ ਨੇ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਵੇਖ ਕੇ ਵੀ ਆਹ ਦਾ ਇਕ ਛੋਟਾ ਜਿਹਾ ਨਾਹਰਾ ਵੀ ਨਹੀਂ ਸੀ ਮਾਰਿਆ ਹਾਲਾਂਕਿ ਉਨ੍ਹਾਂ ਨੂੰ ਇਸ ਘਟਨਾਕ੍ਰਮ ਦੇ ਨਿੱਕੇ ਨਿੱਕੇ ਵਿਸਥਾਰ ਦਾ ਵੀ ਪੂਰਾ ਪਤਾ ਲੱਗ ਚੁੱਕਾ ਸੀ ਤੇ ਬਰਤਾਨੀਆਂ ਸਰਕਾਰ ਨੇ ਤਾਂ ਇਹ ਐਲਾਨ ਵੀ ਕਰ ਦਿਤਾ ਸੀ ਕਿ ਉਹ ਸਾਰੀ ਗੁਪਤ ਜਾਣਕਾਰੀ ਜਨਤਕ ਕਰ ਦੇਵੇਗੀ।

ਰਾਜੀਵ ਗਾਂਧੀ ਨੇ ਕਿਵੇਂ ਬਰਤਾਨਵੀ ਸਰਕਾਰ ਨੂੰ ਰੋਕਿਆ, ਇਸ ਦਾ ਵੀ ਸੱਭ ਨੂੰ ਪਤਾ ਹੈ। ਹੋਰ ਕਿਸੇ ਵਿਦੇਸ਼ੀ ਸਰਕਾਰ ਨੇ ਸਿੱਖਾਂ ਦੇ ਹੱਕ ਵਿਚ ਚੀਚੀ ਉਂਗਲੀ ਵੀ ਨਹੀਂ ਸੀ ਹਿਲਾਈ। ਖਾੜਕੂਆਂ ਨੂੰ ਇਹ ਪੱਕਾ ਯਕੀਨ ਸੀ ਕਿ ਪਾਕਿਸਤਾਨ ਉਨ੍ਹਾਂ ਦਾ ਸਾਥ ਜ਼ਰੂਰ ਦੇਵੇਗਾ ਤੇ ਹਿੰਦੁਸਤਾਨ ਹੱਥੋਂ ਬੰਗਲਾਦੇਸ਼ ਵਿਚ ਹੋਏ ਅਪਮਾਨ ਦਾ ਬਦਲਾ ਲੈਣ ਲਈ ਸਿੱਖ ਖਾੜਕੂਆਂ ਨੂੰ ਵੱਡੀ ਮਦਦ ਦੇਵੇਗਾ।

ਪਰ ਹਕੀਕਤ ਕੁੱਝ ਹੋਰ ਹੀ ਨਿਕਲੀ। ਖਾੜਕੂ ਸਿੱਖ ਵੀ ਹੈਰਾਨ ਰਹਿ ਗਏ ਕਿ ਪਾਕਿਸਤਾਨ ਵਿਚ ਉਨ੍ਹਾਂ ਨੂੰ ਹਥਿਆਰ ਤਾਂ ਦੇ ਦਿਤੇ ਜਾਂਦੇ ਸਨ ਪਰ ਪੂਰੀ ਕੀਮਤ ਪਹਿਲਾਂ ਲੈ ਕੇ ਹੀ। ਪੂਰੀ ਸਚਾਈ ਉਦੋਂ ਸਾਹਮਣੇ ਆਈ ਜਦ ਰਾਜੀਵ ਗਾਂਧੀ ਨੇ ਆਦਤੋਂ ਮਜਬੂਰ ਹੋ ਕੇ ਪਾਕਿਸਤਾਨ ਉਤੇ ਸਿੱਖ ਖਾੜਕੂਆਂ ਦੀ ਮਦਦ ਕਰਨ ਦਾ ਇਲਜ਼ਾਮ ਲਾ ਦਿਤਾ।

ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਗਮ ਭੁੱਟੋ ਇਕਦਮ ਬੋਲ ਪਈ,‘‘ਝੂਠ ਨਹੀਂ ਬੋਲਣਾ ਚਾਹੀਦਾ। ਰਾਜੀਵ ਗਾਂਧੀ ਨੇ ਜਿੰਨੇ ਵੀ ਸਿੱਖ ਖਾੜਕੂਆਂ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਲਈ ਕਿਹਾ ਸੀ, ਰਾਜੀਵ ਗਾਂਧੀ ਹੀ ਦੱਸਣ, ਕੀ ਮੈਂ ਸਾਰੇ ਲੋੜੀਂਦੇ ਖਾੜਕੂ ਸਿੱਖ  ਰਾਜੀਵ ਗਾਂਧੀ ਦੇ ਹਵਾਲੇ ਨਹੀਂ ਸਨ ਕਰ ਦਿਤੇ?’’ ਇਸ ਪਿਛੋਕੜ ਨੂੰ ਸਾਹਮਣੇ ਰੱਖ ਕੇ ਅੱਜ ਜਦ ਇਕ ਇਕ ਸਿੱਖ ਦੇ ਮਾਮਲੇ ਨੂੰ ਲੈ ਕੇ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਸਰਕਾਰਾਂ ਭਾਰਤ ਸਰਕਾਰ ਉਤੇ ਗੰਭੀਰ ਦੋਸ਼ ਲਾ ਰਹੀਆਂ ਹਨ, ਉਸ ਨੂੰ ਵੇਖ ਕੇ ਸਿੱਖ ਵੀ ਹੈਰਾਨ ਹੋ ਕੇ ਸੋਚ ਰਹੇ ਸਨ ਕਿ ਜ਼ਮੀਨ ਅਸਮਾਨ ਜਿੰਨਾ ਫ਼ਰਕ ਕਿਵੇਂ ਪੈਦਾ ਹੋ ਗਿਆ?

ਕੁੱਝ ਸਮਾਂ ਪਹਿਲਾਂ ਤਕ ਸਾਰੀ ਸਿੱਖ ਕੌਮ ਦੇ ਦੁੱਖਾਂ ਅਤੇ ਕਤਲੇਆਮ ਨੂੰ ਵੇਖ ਕੇ ਜਿਨ੍ਹਾਂ ਦੇਸ਼ਾਂ ਨੇ ਭਾਰਤ ਸਰਕਾਰ ਵਿਰੁਧ ਇਕ ਲਫ਼ਜ਼ ਵੀ ਬੋਲਣਾ ਜ਼ਰੂਰੀ ਨਹੀਂ ਸੀ ਸਮਝਿਆ, ਉਹ ਅੱਜ ਇਕੱਲੇ ਇਕੱਲੇ ਸਿੱਖ ਦੇ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਨੂੰ ਸਲਵਾਤਾਂ ਕਿਵੇਂ ਸੁਣਾ ਰਹੇ ਹਨ? ਸਿੱਖਾਂ ਨੂੰ ਆਪ ਵੀ ਇਸ ਸਵਾਲ ਦਾ ਠੀਕ ਜਵਾਬ ਨਹੀਂ ਸੁਝ ਰਿਹਾ। ਬਹੁਤੇ ਸਿੱਖ ਦਿਲੋਂ ਖ਼ੁਸ਼ ਹਨ ਕਿ ਚਲੋ ਬਾਹਰਲੇ ਦੇਸ਼ਾਂ ਨੇ ਵੀ ਸਿੱਖਾਂ ਦੇ ਹੱਕ ਵਿਚ ਬੋਲਣਾ ਤਾਂ ਸਿਖਿਆ ਹੈ।

 PM Modi

ਪਰ ਭਾਰਤ ਸਰਕਾਰ ਵਿਦੇਸ਼ੀ ਸਰਕਾਰਾਂ ਦੇ ਸਾਰੇ ਇਲਜ਼ਾਮ ਰੱਦ ਕਰਦੀ ਹੈ। ਹਾਂ, ਰੱਦ ਤਾਂ ਕਰਨਾ ਹੀ ਸੀ (ਹਰ ਸਰਕਾਰ ਇਸ ਤਰ੍ਹਾਂ ਹੀ ਕਰਦੀ ਹੈ) ਪਰ ਭਾਰਤ ਸਰਕਾਰ ਨੇ ਅਜੇ ਤਕ ਸਿੱਖਾਂ ਨਾਲ ਸੰਪਰਕ ਕਾਇਮ ਕਰ ਕੇ ਉਨ੍ਹਾਂ ਨੂੰ ਅਪਣਾ ਪੱਖ ਦੱਸਣ ਜਾਂ ਸਮਝਾਉਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕੀਤੀ। ਕਾਫ਼ੀ ਸਮੇਂ ਤੋਂ ਦਿੱਲੀ ਸਰਕਾਰ ਇਕ ਪ੍ਰਵਾਰ (ਬਾਦਲ ਪ੍ਰਵਾਰ) ਨੂੰ ਸਿੱਖ ਕੌਮ ਹੀ ਸਮਝਦੀ ਰਹੀ ਅਰਥਾਤ ਜੇ ਬਾਦਲ ਪ੍ਰਵਾਰ ਖ਼ੁਸ਼ ਹੈ ਤਾਂ ਸਿੱਖਾਂ ਬਾਰੇ ਹੋਰ ਕੁੱਝ ਕਰਨ ਜਾਂ ਸੋਚਣ ਦੀ ਲੋੜ ਹੀ ਕੋਈ ਨਹੀਂ।

ਹੁਣ ਜਦ ‘ਬਾਦਲ ਪ੍ਰਵਾਰ’ ਮਜਬੂਰੀ ਵਸ ‘ਵਿਰੋਧੀ ਦਲ’ ਬਣ ਗਿਆ ਹੈ ਤਾਂ ਭਾਰਤ ਸਰਕਾਰ ਨੂੰ ਸਿੱਖਾਂ ਨਾਲ ਗੱਲ ਕਰਨ ਲਈ ਤੇ ਉਨ੍ਹਾਂ ਨੂੰ ਅਪਣਾ ਪੱਖ ਉਨ੍ਹਾਂ ਸਾਹਮਣੇ ਰੱਖਣ ਲਈ ਕੋਈ ਸਿੱਖ ਹੀ ਨਜ਼ਰ ਨਹੀਂ ਆ ਰਿਹਾ। ਇਹ ਬਹੁਤ ਅਫ਼ਸੋਸਨਾਕ ਹਾਲਤ ਹੈ ਤੇ ਬਹੁਤੇ ਸਿੱਖਾਂ ਉਤੇ ਤਿੰਨ ਵੱਡੀਆਂ ਤਾਕਤਾਂ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦਾ ਅਸਰ ਵਧਦਾ ਜਾ ਰਿਹਾ ਹੈ। ਭਾਰਤ ਸਰਕਾਰ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸ਼ਾਇਦ ਪਰ ਭਾਰਤ ਦੇ ਚੰਗੇ ਭਵਿੱਖ ਦੀ ਕਾਮਨਾ ਕਰਨ ਵਾਲਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਹੈ। ਭਾਰਤ ਸਰਕਾਰ ਸਿੱਖਾਂ ਦੇ ਅਸਲ ਪ੍ਰਤੀਨਿਧਾਂ ਨੂੰ ਜਿੰਨੀ ਛੇਤੀ ਵਿਸ਼ਵਾਸ ਵਿਚ ਲਵੇਗੀ, ਓਨਾ ਹੀ ਦੇਸ਼ ਲਈ ਚੰਗਾ ਰਹੇਗਾ।