ਪ੍ਰਸਿੱਧ ਚਿਹਰਿਆਂ ਨੂੰ ਅੱਗੇ ਕਰ ਕੇ ਅਪਣਾ ਮਾਲ ਵੇਚਣ ਦੀ ਵਪਾਰੀ ਤਰਕੀਬ ਤੇ ਗ਼ਰੀਬ ਲੋਕ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2017 ਤਕ ਕਈ ਭਾਰਤੀ ਸੂਬਿਆਂ ਦੀਆਂ ਸਰਕਾਰੀ ਜਾਂਚ ਏਜੰਸੀਆਂ ਨੇ ਪਤੰਜਲੀ ਦੇ ਸਮਾਨ ਵਿਚ ਮਿਲਾਵਟ ਲੱਭੀ। ਫ਼ੌਜੀ ਕੰਟੀਨ ਵਿਚੋਂ ਪਤੰਜਲੀ ਦਾ ਅਪਣਾ ਜੂਸ...

Amitabh Bachan , Sachin tendulkar and Akshay Kumar

2017 ਤਕ ਕਈ ਭਾਰਤੀ ਸੂਬਿਆਂ ਦੀਆਂ ਸਰਕਾਰੀ ਜਾਂਚ ਏਜੰਸੀਆਂ ਨੇ ਪਤੰਜਲੀ ਦੇ ਸਮਾਨ ਵਿਚ ਮਿਲਾਵਟ ਲੱਭੀ। ਫ਼ੌਜੀ ਕੰਟੀਨ ਵਿਚੋਂ ਪਤੰਜਲੀ ਦਾ ਅਪਣਾ ਜੂਸ, ਮਿਲਾਵਟ ਕਾਰਨ ਹਟਾ ਦਿਤਾ ਗਿਆ। ਪਤੰਜਲੀ ਦੇ ਨਾਲ ਨਾਲ ਡਾਬਰ, ਹਿਮਾਲਿਆ ਆਦਿ ਦੇ ਸ਼ਹਿਦ ਨੂੰ ਅਮਰੀਕਾ ਦੇ ਲੋਕਾਂ ਦੇ ਖਾਣ ਯੋਗ ਨਹੀਂ ਸਮਝਿਆ ਗਿਆ ਅਤੇ ਵਿਕਰੀ ਉਤੇ ਪਾਬੰਦੀ ਲਾ ਦਿਤੀ ਗਈ।

ਅਮਿਤਾਬ ਬੱਚਨ ਨੇ ਇਕ ਵੱਡੀ ਉਦਯੋਗਿਕ ਕੰਪਨੀ ਨਾਲ ਰਲ ਕੇ ਭਾਰਤ ਵਿਚ ਕੁਪੋਸ਼ਣ ਵਿਰੁਧ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਅਪਣੀ ਪ੍ਰਸਿੱਧੀ ਅਤੇ ਲੋਕਪ੍ਰਿਯਤਾ ਨੂੰ ਇਸਤੇਮਾਲ ਕਰ ਕੇ ਇਸ ਕੰਪਨੀ ਦੇ ਸਮਾਨ ਨੂੰ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੰਪਨੀ ਗਲੈਕਸੋ-ਸਮਿੱਥਕਲਾਈਨ ਵਲੋਂ ਬੱਚਿਆਂ ਦੇ ਦੁੱਧ ਵਿਚ ਪੋਸ਼ਣ ਅਤੇ ਸਵਾਦ ਭਰਨ ਵਾਸਤੇ ਹਾਰਲਿਕਸ ਬਣਾਇਆ ਜਾਂਦਾ ਹੈ। ਹੁਣ ਕੀ ਇਹ ਕੁਪੋਸ਼ਣ ਦਾ ਅਸਲ ਹੱਲ ਹੈ ਜਾਂ ਨਹੀਂ, ਇਹ ਅਪਣੇ ਆਪ ਵਿਚ ਹੀ ਇਕ ਵੱਡਾ ਸਵਾਲ ਹੈ ਕਿ ਕੀ ਇਸ ਨਾਲ ਸਬਜ਼ੀਆਂ ਫੱਲ, ਦਾਲਾਂ, ਮੀਟ, ਮੱਛੀ ਨਾ ਖਾਣ ਦੀ ਕਮੀ ਪੂਰੀ ਹੋ ਜਾਏਗੀ?

ਕੀ ਇਸ ਵਿਚ ਸਾਰੇ ਪੌਸ਼ਟਿਕ ਤੱਤਾਂ ਦੇ ਹੋਣ ਦੀ ਜਾਂਚ ਹੋ ਚੁੱਕੀ ਹੈ ਅਤੇ ਅਮਿਤਾਬ ਬੱਚਨ ਇਸ ਚੀਜ਼ ਦੀ ਗਰੰਟੀ ਦੇ ਸਕਦੇ ਹਨ? ਕੀ ਉਹ ਅਪਣੀ ਦੋਹਤੀ ਨੂੰ ਵੀ ਇਹੀ ਪੌਸ਼ਟਿਕ ਦੇਂਦੇ ਹਨ? ਕੁਪੋਸ਼ਣ ਭਾਰਤੀ ਬੱਚਿਆਂ ਦੇ ਭਵਿੱਖ ਨੂੰ ਖ਼ਤਰੇ ਵਿਚ ਪਾ ਰਿਹਾ ਹੈ। ਇਹ ਉਹ ਵਰਗ ਹੈ ਜੋ ਬਹੁਤ ਗ਼ਰੀਬੀ 'ਚੋਂ ਲੰਘ ਰਿਹਾ ਹੈ ਅਤੇ ਮਾਂ-ਬਾਪ ਥੋੜ੍ਹੀ ਬਹੁਤ ਕਮਾਈ ਨਾਲ ਬੱਚਿਆਂ ਨੂੰ ਪੋਸ਼ਣ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਮਿਤਾਬ ਬੱਚਨ ਅਪਣੀ ਪ੍ਰਸਿੱਧੀ ਦਾ ਫ਼ਾਇਦਾ ਉਠਾ ਕੇ ਮਾਂ-ਬਾਪ ਨੂੰ ਜਾਣੇ-ਅਣਜਾਣੇ ਗੁਮਰਾਹ ਕਰ ਰਹੇ ਹਨ।

ਪਰ ਉਹ ਇਕੱਲੇ ਹੀ ਨਹੀਂ ਜੋ ਪੈਸਿਆਂ ਖ਼ਾਤਰ ਅਜਿਹਾ ਕਰ ਰਹੇ ਹਨ। ਭਾਰਤ ਵਿਚ ਸ਼ਖ਼ਸੀ ਪੂਜਾ ਦਾ ਲਾਭ ਉਠਾਉਣ ਦੀ ਰੀਤ ਹੁਣ ਵੱਡੇ ਵਪਾਰੀਆਂ ਲਈ, ਸਫ਼ਲਤਾ ਪ੍ਰਾਪਤ ਕਰਨ ਦਾ ਇਕ ਸੌਖਾ ਰਾਹ ਬਣ ਗਿਆ ਹੈ। ਇਸ਼ਤਿਹਾਰਾਂ ਵਿਚ ਪ੍ਰਸਿੱਧ ਹਸਤੀਆਂ ਅਪਣੀ ਪ੍ਰਸਿੱਧੀ ਨੂੰ ਤਾਂ ਵੇਚਦੀਆਂ ਹੀ ਆ ਰਹੀਆਂ ਹਨ ਪਰ ਹੁਣ ਉਹ ਜਨਤਾ ਦੀ ਸਿਹਤ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਉਤੇ ਅਸਰ ਅੰਦਾਜ਼ ਵੀ ਹੋਣ ਲੱਗ ਪਈਆਂ ਹਨ।

ਸਚਿਨ ਤੇਂਦੁਲਕਰ, ਅਕਸ਼ੈ ਕੁਮਾਰ ਵਰਗੇ ਜਦੋਂ ਇਸ਼ਤਿਹਾਰਬਾਜ਼ੀ ਵਿਚ ਆ ਕੇ ਆਖਦੇ ਹਨ ਕਿ ਇਸ ਡਰਿੰਕ ਨੂੰ ਪੀਣ ਨਾਲ ਤੁਸੀ ਤਾਕਤ ਅਤੇ ਸਫ਼ੂਰਤੀ ਹਾਸਲ ਕਰ ਲਵੋਗੇ ਜਾਂ ਕਿਸੇ ਡਿੱਬਾਬੰਦ ਖਾਣੇ ਦੇ ਸਵਾਦ ਦਾ ਪ੍ਰਚਾਰ ਕਰਨ ਲਈ ਅਪਣਾ ਚਿਹਰਾ ਇਸਤੇਮਾਲ ਕਰਦੇ ਹਨ ਤਾਂ ਲੋਕ ਜਾਣਦੇ ਹਨ ਕਿ ਇਹ ਨਿਰੀ ਇਸ਼ਤਿਹਾਰਬਾਜ਼ੀ ਹੀ ਹੈ।

ਪਰ ਕਈ ਚੀਜ਼ਾਂ ਨੂੰ ਇਸ਼ਤਿਹਾਰਬਾਜ਼ੀ ਅਤੇ ਵਪਾਰ ਦੀਆਂ ਚਾਲਬਾਜ਼ੀਆਂ ਤੋਂ ਪਰੇ ਰੱਖਣ ਦੀ ਬੇਹੱਦ ਜ਼ਰੂਰਤ ਹੈ। ਅੱਜ ਯੋਗ ਦਾ ਪ੍ਰਚਾਰਕ ਰਾਮਦੇਵ, ਇਕ ਵੱਡੇ ਉਦਯੋਗ ਦਾ ਮਾਲਕ ਬਣ ਕੇ ਰਾਸ਼ਟਰ ਪ੍ਰੇਮ ਦੇ ਨਾਂ ਤੇ ਵੱਡੀਆਂ ਕੰਪਨੀਆਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਉਹ ਪੌਸ਼ਟਿਕ, ਕੁਦਰਤੀ ਪਦਾਰਥਾਂ ਦੇ ਨਿਰਮਾਣ ਦੀ ਪਛਾਣ ਬਣ ਗਿਆ ਹੈ ਪਰ ਜੇ ਅਸੀ ਉਨ੍ਹਾਂ ਦੇ ਸਮਾਨ ਵਲ ਵੇਖੀਏ ਤਾਂ ਕਈ ਜਾਂਚਾਂ ਹੋ ਚੁਕੀਆਂ ਹਨ ਜੋ ਸਾਨੂੰ ਚਿੰਤਾ ਵਿਚ ਪਾ ਦੇਣਗੀਆਂ।

2017 ਤਕ ਕਈ ਭਾਰਤੀ ਸੂਬਿਆਂ ਦੀਆਂ ਸਰਕਾਰੀ ਜਾਂਚ ਏਜੰਸੀਆਂ ਨੇ ਪਤੰਜਲੀ ਦੇ ਸਮਾਨ ਵਿਚ ਮਿਲਾਵਟ ਲੱਭੀ। ਫ਼ੌਜੀ ਕੰਟੀਨ ਵਿਚੋਂ ਪਤੰਜਲੀ ਦਾ ਅਪਣਾ ਜੂਸ, ਮਿਲਾਵਟ ਕਾਰਨ ਹਟਾ ਦਿਤਾ ਗਿਆ। ਪਤੰਜਲੀ ਦੇ ਨਾਲ ਨਾਲ ਡਾਬਰ, ਹਿਮਾਲਿਆ ਆਦਿ ਦੇ ਸ਼ਹਿਦ ਨੂੰ ਅਮਰੀਕਾ ਦੇ ਲੋਕਾਂ ਦੇ ਖਾਣ ਯੋਗ ਨਹੀਂ ਸਮਝਿਆ ਗਿਆ ਅਤੇ ਵਿਕਰੀ ਉਤੇ ਪਾਬੰਦੀ ਲਾ ਦਿਤੀ ਗਈ।

ਨੇਪਾਲ ਵਲੋਂ ਪਤੰਜਲੀ ਦੀਆਂ ਆਯੁਰਵੈਦਿਕ ਦਵਾਈਆਂ ਨੂੰ ਵਾਪਸ ਬੁਲਾਉਣ ਵਾਸਤੇ ਆਖਿਆ ਗਿਆ। ਸਾਡਾ ਸਿਸਟਮ ਜੇ ਗ਼ਲਤ ਜਾਂ ਠੀਕ ਤਰੀਕੇ ਨਾਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਚਿਹਰਿਆਂ ਵਲ ਵੇਖ ਕੇ ਗ਼ਰੀਬਾਂ ਅਤੇ ਬੱਚਿਆਂ ਲਈ, ਦੂਜੀਆਂ ਕੰਪਨੀਆਂ ਦੇ ਸਸਤੇ ਅਤੇ ਚੰਗੇ ਸਮਾਨ ਦੀ ਵਿਕਰੀ ਉਤੇ ਰੋਕ ਲਾਏਗਾ ਤਾਂ ਭਾਰਤ ਦਾ ਕਲ ਬਹੁਤ ਨਾਜ਼ੁਕ ਹਾਲਤ ਵਿਚ ਚਲਾ ਜਾਵੇਗਾ।

ਅੱਜ ਦੇ ਭਾਰਤ ਵਿਚ ਸਮਾਨ ਦੀ ਜਾਂਚ ਉਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਬਦਲਣ ਨਾਲ ਜਾਂਚ ਦੇ ਨਤੀਜੇ ਵੀ ਬਦਲ ਜਾਂਦੇ ਹਨ। ਪਤੰਜਲੀ ਦਾ ਸਮਾਨ, ਕਈ ਮਾਮਲਿਆਂ ਵਿਚ, ਯਕੀਨਨ ਹਲਕਾ ਪਾਇਆ ਗਿਆ ਹੈ ਕਿਉਂਕਿ ਜੋ ਕੁੱਝ ਅਮਰੀਕਾ, ਨੇਪਾਲ ਜਾਂ ਭਾਰਤੀ ਫ਼ੌਜ ਵਾਸਤੇ ਠੀਕ ਨਹੀਂ, ਉਹ ਆਮ ਜਨਤਾ ਵਾਸਤੇ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ?

ਬਗ਼ੈਰ ਜ਼ਰੂਰੀ ਜਾਂਚ ਕਰਵਾਏ ਦੇ, ਸਮਾਨ ਨੂੰ ਬਜ਼ਾਰ ਵਿਚ ਨਾ ਸਿਰਫ਼ ਵੇਚਿਆ ਜਾ ਰਿਹਾ ਹੈ ਸਗੋਂ ਉਸ ਨੂੰ ਹੁਣ ਪੂਰੀ ਗ਼ੈਰਜ਼ਿੰਮੇਵਾਰੀ ਨਾਲ ਪ੍ਰਸਿੱਧ ਹਸਤੀਆਂ ਦੇ ਚਿਹਰੇ ਅੱਗੇ ਕਰ ਕੇ, ਧਰਮ ਤੇ ਦੇਸ਼ਪ੍ਰੇਮ ਵਰਗੇ ਜਜ਼ਬਾਤੀ ਸਵਾਲਾਂ ਨੂੰ ਉਛਾਲ ਕੇ, ਵਪਾਰ ਚਮਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਆਮ ਜਨਤਾ ਨੂੰ ਸੱਚ ਕੌਣ ਦੱਸੇਗਾ ਤੇ ਕੌਣ ਉਸ ਦੇ ਹਿਤਾਂ ਦੀ ਰਖਿਆ ਕਰੇਗਾ?  -ਨਿਮਰਤ ਕੌਰ