Editorial: ‘ਗੋਦੀ ਮੀਡੀਆ’ ਬਨਾਮ ਸੋਸ਼ਲ ਮੀਡੀਆ, ਲੋਕਾਂ ਵਲੋਂ ‘ਗੋਦੀ ਮੀਡੀਆ’ ਨਾਮ ਦੇਣ ਤੇ ਹੀ ਸਮਝ ਜਾਣਾ ਚਾਹੀਦਾ ਸੀ ਕਿ ਲੋਕਾਂ ਦੇ ਤੇਵਰ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

‘ਚੋਣ ਸਰਵੇਖਣਾਂ’ ਦੇ ਮਾਹਰ ਪ੍ਰਦੀਪ ਗੁਪਤਾ, ਚਲਦੇ ਟੀਵੀ ਤੇ ਰੋ ਪਏ ਕਿਉਂਕਿ ਉਹ ਲੋਕਾਂ ਦੀ ਨਬਜ਼ ਹੀ ਨਾ ਪਛਾਣ ਸਕੇ।

File Photo

Editorial: ਇਨ੍ਹਾਂ ਚੋਣਾਂ ਵਿਚ ਇਕ ਫ਼ਿਕਰਾ ਬਹੁਤ ਮਹੱਤਵਪੂਰਨ ਰਿਹਾ ਤੇ ਉਹ ਸੀ ‘ਗੋਦੀ ਮੀਡੀਆ’। ਸਾਰੇ ਰਵਾਇਤੀ ਮੀਡੀਆ, ਟੀਵੀ ਚੈਨਲਾਂ ਅਤੇ ਅਖ਼ਬਾਰਾਂ ਉਤੇ ਇਹ ਠੱਪਾ ਲੱਗ ਚੁਕਿਆ ਹੈ। ਕੁੱਝ ਅਜਿਹੇ ਪੱਤਰਕਾਰ ਵੀ ਹਨ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਜਿਹੇ ਨਕਾਰਾਤਮਕ ਢੰਗ ਨਾਲ ਪੇਸ਼ ਹੋਈਆਂ ਕਿ ਜਾਪਦਾ ਸੀ ਕਿ ਜੇ ਇਹ ਲੋਕ ਪੁਰਾਣੇ ਸਮੇਂ ਵਿਚ ਕਿਸੇ ਚੌਰਾਹੇ ’ਤੇ ਖੜੇ ਕਰ ਦਿਤੇ ਜਾਂਦੇ ਤਾਂ ਇਨ੍ਹਾਂ ਦਾ ਹਸ਼ਰ ਚੰਗਾ ਤਾਂ ਬਿਲਕੁਲ ਨਹੀਂ ਸੀ ਹੋਣਾ।

‘ਚੋਣ ਸਰਵੇਖਣਾਂ’ ਦੇ ਮਾਹਰ ਪ੍ਰਦੀਪ ਗੁਪਤਾ, ਚਲਦੇ ਟੀਵੀ ਤੇ ਰੋ ਪਏ ਕਿਉਂਕਿ ਉਹ ਲੋਕਾਂ ਦੀ ਨਬਜ਼ ਹੀ ਨਾ ਪਛਾਣ ਸਕੇ। ਕਾਰਨ ਇਹੀ ਸੀ ਕਿ ਜਦ ਉਹ ਜਾਂ ਉਨ੍ਹਾਂ ਦੀ ਤਰ੍ਹਾਂ ਦੇ ਹੋਰ ਲੋਕ ਸੜਕਾਂ ’ਤੇ ਜਾ ਕੇ ਵੋਟਰਾਂ ਤੋਂ ਸਵਾਲ ਪੁਛਦੇ ਸਨ ਤਾਂ ਲੋਕ ਸਹੀ ਜਵਾਬ ਨਹੀਂ ਸਨ ਦੇਂਦੇ। ਲੋਕਾਂ ਅੰਦਰ ਪੱਤਰਕਾਰਾਂ, ਟੀਵੀ ਚੈਨਲਾਂ ਤੇ ਇਸ ਤਰ੍ਹਾਂ ਦੇ ਮਾਈਕ ਲੈ ਕੇ ਸਰਵੇਖਣ ਕਰਨ ਵਾਲਿਆਂ ਪ੍ਰਤੀ ਅਜਿਹੀ ਬੇਵਿਸ਼ਵਾਸੀ ਬਣ ਚੁੱਕੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਉਹੀ ਸੁਣਾਇਆ ਜੋ ਇਹ ਸੁਣਨਾ ਚਾਹੁੰਦੇ ਸਨ। ਜੇ ਇਕ ਪੱਤਰਕਾਰ ਜਾਂ ਸਰਵੇਖਣਕਰਤਾ ਲੋਕਾਂ ਨੂੰ ਸੱਤਾ ਦਾ ਟੱਟੂ ਹੀ ਲਗਦਾ ਹੈ ਤਾਂ ਫਿਰ ਇਹ ਸਾਡੇ ਮੀਡੀਆ ਦੀ ਹਾਰ ਹੈ।

ਵਿਰੋਧੀ ਧਿਰ ਤਾਂ ਰਵਾਇਤੀ ਮੀਡੀਆ ਤੋਂ ਪਰਹੇਜ਼ ਕਰਦੀ ਹੀ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਮੀਡੀਆ ਦੇ ਖ਼ਿਲਾਫ਼ ਬੋਲ ਗਏ। ਤਾਕਤ ਵਿਚ ਬੈਠ ਕੇ ਅਪਣੀ ਆਲੋਚਨਾ ਨਾ ਸੁਣਨ ਦੀ ਸੋਚ ਨੇ ਰਵਾਇਤੀ ਮੀਡੀਆ ਨੂੰ ਅਪਣੇ ਹੀ ਮਾਲਕ ਵਾਸਤੇ ਬੇਕਾਰ ਬਣਾ ਦਿਤਾ ਤੇ ਉਹ ਵਿਚਾਰੇ ਨਾ ਧੋਬੀ ਦੇ ਰਹੇ ਨਾ ਘਾਟ ਦੇ।

ਦੂਜੇ ਪਾਸੇ ਜੋ ਲੋਕ ਸੋਸ਼ਲ ਮੀਡੀਆ ਤੇ ਅਪਣੀ ਅਵਾਜ਼ ਬੁਲੰਦ ਕਰ ਸਕੇ, ਉਨ੍ਹਾਂ ਦੀ ਪਕੜ ਤੇ ਅੰਦਾਜ਼ੇ ਸਹੀ ਸਾਬਤ ਹੋਏ। ਉਹ ਲੋਕਾਂ ਦੀ ਅਵਾਜ਼ ਬਣ ਗਏ ਤੇ ਲੀਡਰਾਂ ਦੀ ਅਵਾਜ਼ ਵੀ ਬਣ ਗਏ ਤੇ ਨਾਲ ਹੀ ਵਿਰੋਧੀ ਧਿਰ ਤੇ ਲੋਕਾਂ ਵਿਚਕਾਰ ਫ਼ਾਸਲਾ ਵੀ ਘਟਾ ਪਾਏ। ਇਕ ਪਾਸੇ  ਅਰਬਾਂ ਦਾ ਰਵਾਇਤੀ ਮੀਡੀਆ ਤੇ ਦੂਜੇ ਪਾਸੇ ਮੁੱਠੀ ਭਰ ਲੋਕਾਂ ਦੀ ਬੁਲੰਦ ਅਵਾਜ਼ ਸੀ ਤੇ ਸੋਸ਼ਲ ਮੀਡੀਆ ਦੀ ਪੱਤਰਕਾਰੀ ਨੇ ਰਵਾਇਤੀ ਮੀਡੀਆ ਨੂੰ ਪਿੱਛੇ ਸੁਟ ਦਿਤਾ ਹੈ। ਲੋਕ ਅਸਲ ਖ਼ਬਰ ਵਾਸਤੇ ਸੋਸ਼ਲ ਮੀਡੀਆ ਵਲ ਵੇਖਣ ਲੱਗ ਪਏ ਹਨ। 

ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਆਖਿਆ ਗਿਆ ਹੈ। ਜੇ ਮੀਡੀਆ ਅਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਏ ਤਾਂ ਸੱਤਾ ਧਿਰ ਵੀ ਵੇਲੇ ਸਿਰ ਅਸਲੀਅਤ ਜਾਣ ਜਾਏਗੀ। ਜੇ ਸਰਕਾਰਾਂ ਕੇਵਲ ਅਪਣੇ ਡਮਰੂ ਵਜਦੇ ਹੀ ਸੁਣਦੀਆਂ ਰਹਿਣਗੀਆਂ ਤੇ ਲੋਕਾਂ ਦੇ ਦਰਦ ਨੂੰ ਅੱਖੋਂ ਉਹਲੇ ਕਰਦੀਆਂ ਰਹਿਣਗੀਆਂ ਤਾਂ ਸੱਚ ਬਦਲ ਨਹੀਂ ਜਾਵੇਗਾ।

ਇਸ ਚੋਣ ਵਿਚ ਭਾਰਤ ਦੇ ਆਮ ਨਾਗਰਿਕ ਨੇ ਵਿਖਾ ਦਿਤਾ ਕਿ ਉਹ ਕਠਪੁਤਲੀਆਂ ਨਹੀਂ ਜਿਨ੍ਹਾਂ ਨੂੰ ਅੰਧ ਭਗਤੀ ਵਿਚ ਲੀਨ ਕਰ ਕੇ ਅਸਲੀਅਤ ਸਮਝਣ ਦੇ ਕਾਬਲ ਨਾ ਰਹਿਣ ਦਿਤਾ ਗਿਆ ਹੋਵੇ, ਖ਼ਾਸ ਕਰ ਕੇ ਜਿਨ੍ਹਾਂ ਕੋਲ ਨੌਕਰੀ ਨਾ ਹੋਵੇ, ਜਿਨ੍ਹਾਂ ਦੇ ਬੱਚੇ ਨਸ਼ੇ ਵਿਚ ਪਏ ਹੋਣ, ਜਿਨ੍ਹਾਂ ਨੂੰ ਮਹਿੰਗਾਈ ਦੀ ਮਾਰ ਪੈ ਰਹੀ ਹੋਵੇ। ਹਾਂ ਪੈਸੇ ਦੀ ਬਹੁਤਾਤ ਕਾਰਨ ਸੰਤੁਸ਼ਟ ਸ਼ਹਿਰੀ ਲੋਕ, ਆਮ ਲੋਕਾਂ ਬਾਰੇ ਨਹੀਂ ਸੋਚਦੇ ਤੇ ਹਾਕਮਾਂ ਦੀ ਅੰਧ ਭਗਤੀ ਵਿਚ ਲੀਨ ਵੇਖੇ ਜਾ ਸਕਦੇ ਹਨ। 
ਲੋਕਤੰਤਰ ਵਿਚ ਸਾਰੇ ਹੀ ਤਾਕਤਵਰ ਹਨ।

ਜੇ ਸੱਤਾਧਾਰੀਆਂ ਨੂੰ ਅਪਣੇ ਆਪ ਤੇ ਅਪਣੀ ਕਾਬਲੀਅਤ ਬਾਰੇ ਅਥਾਹ ਵਿਸ਼ਵਾਸ ਹੈ, ਤਾਂ ਫਿਰ ਮੀਡੀਆ ਨੂੰ ਆਜ਼ਾਦ ਕਰਨਾ ਤੇ ਤਾਕਤਵਰ ਬਣਾਉਣਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਦੇਸ਼ ਦੀ ਨਬਜ਼ ਕਿਵੇਂ ਚਲ ਰਹੀ ਹੈ, ਇਸ ਦਾ ਸਹੀ ਵੇਰਵਾ ਆਜ਼ਾਦ ਤੇ ਨਿਰਪੱਖ ਮੀਡੀਆ ਹੀ ਉਨ੍ਹਾਂ ਨੂੰ ਦੇ ਸਕਦਾ ਹੈ ਬਸ਼ਰਤੇ ਕਿ ਸੱਤਾ ਧਿਰ ਕੋਲ ਸੱਚ ਸੁਣਨ ਦੀ ਹਿੰਮਤ ਹੋਵੇ। ਦੇਸ਼ ਦੇ ਮੀਡੀਆ ਨੂੰ ‘ਗੋਦੀ’ ਮੀਡੀਆ ਨਾਂ ਮਿਲਣਾ ਸਰਕਾਰ ਵਿਰੁਧ ਵੀ ਨਾਰਾਜ਼ਗੀ ਤੇ ਬੇਭਰੋਸਗੀ ਪ੍ਰਗਟ ਕਰਦਾ ਹੈ ਤੇ ਸਰਕਾਰ ਨੇ ਇਸ ਦੇ ਸਹੀ ਅਰਥ ਸਮਝ ਕੇ ਆਮ ਲੋਕਾਂ ਦੇ ਬਦਲੇ ਹੋਏ ਤੇਵਰਾਂ ਦਾ ਅੰਦਾਜ਼ਾ ਲਾ ਲੈਣਾ ਚਾਹੀਦਾ ਸੀ।         -ਨਿਮਰਤ ਕੌਰ