ਸੋਸ਼ਲ ਮੀਡੀਆ ਤੇ ਨਫ਼ਰਤ ਦਾ ਸੁਨੇਹਾ ਗੰਦੀ ਖੇਡ ਬਣ ਰਿਹਾ ਜਿਵੇਂ ਸੁਸ਼ਮਾ ਸਵਰਾਜ ਤੇ ਪ੍ਰਿਯੰਕਾ ਨਾਲ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੁਸ਼ਮਾ ਸਵਰਾਜ ਨੂੰ ਟਵਿੱਟਰ ਉਤੇ ਗਾਲਾਂ ਕੱਢਣ ਵਾਲੇ ਉਹ ਲੋਕ ਸਨ ਜਿਨ੍ਹਾਂ ਨਾਲ ਵੱਡੇ-ਵੱਡੇ ਭਾਜਪਾ ਆਗੂ ਜੁੜੇ ਹੋਏ ਹਨ...........

Sushma Swaraj

ਸੁਸ਼ਮਾ ਸਵਰਾਜ ਨੂੰ ਟਵਿੱਟਰ ਉਤੇ ਗਾਲਾਂ ਕੱਢਣ ਵਾਲੇ ਉਹ ਲੋਕ ਸਨ ਜਿਨ੍ਹਾਂ ਨਾਲ ਵੱਡੇ-ਵੱਡੇ ਭਾਜਪਾ ਆਗੂ ਜੁੜੇ ਹੋਏ ਹਨ ਅਤੇ ਕਾਂਗਰਸ ਦੀ ਪ੍ਰਿਯੰਕਾ ਚਤੁਰਵੇਦੀ ਦੀ 10 ਸਾਲ ਦੀ ਬੇਟੀ ਨੂੰ ਬਲਾਤਕਾਰ ਦੀ ਧਮਕੀ ਦੇਣ ਵਾਲਾ ਵੀ ਉਸੇ ਪਾਰਟੀ ਨਾਲ ਜੁੜਿਆ ਹੋਇਆ ਹੈ। ਭਾਰਤ ਅੱਜ ਨਫ਼ਰਤ ਦੀ ਅੱਗ ਵਿਚ ਘਿਰਦਾ ਜਾ ਰਿਹਾ ਹੈ। ਸੁਸ਼ਮਾ ਸਵਰਾਜ ਨੂੰ ਇਕ ਹਿੰਦੂ-ਮੁਸਲਮਾਨ ਜੋੜੇ ਦੀ ਮਦਦ ਤੇ ਆਉਣ ਬਦਲੇ, ਸੋਸ਼ਲ ਮੀਡੀਆ ਤੇ ਕਿੰਨਾ ਅਪਮਾਨਤ ਕੀਤਾ ਗਿਆ। ਸੋਸ਼ਲ ਮੀਡੀਆ ਉਤੇ ਨਫ਼ਰਤ, ਤਾਅਨੇ, ਮਿਹਣੇ, ਗਾਲੀਆਂ, ਗ਼ਲਤ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਟਰੋਲਜ਼ ਆਖਿਆ ਜਾਂਦਾ ਹੈ ।

ਅਤੇ ਸੋਸ਼ਲ ਮੀਡੀਆ ਅਸਲ ਵਿਚ ਇਕ ਚੁਰਸਤੇ ਵਾਂਗ ਹੈ ਜਿਥੇ ਲੋਕ ਅਪਣੇ ਆਪ ਨੂੰ ਅਪਣੀ ਸੋਚ, ਅਪਣੀਆਂ ਤਸਵੀਰਾਂ, ਅਪਣੀ ਜਾਣਕਾਰੀ ਸੱਭ ਦੇ ਸਾਹਮਣੇ ਰੱਖ ਦਿੰਦੇ ਹਨ ਅਤੇ ਰਸਤੇ 'ਚੋਂ ਲੰਘਣ ਵਾਲੇ ਤੁਹਾਡੀ ਤਾਰੀਫ਼ ਕਰਨ, ਤੁਹਾਡੇ ਨਾਲ ਖੜੇ ਹੋਣ, ਤੁਹਾਡੀ ਨਿੰਦਾ ਕਰਨ, ਤੁਹਾਡੀ ਖਿੱਲੀ ਉਡਾਉਣ ਵਿਚ ਆਜ਼ਾਦ ਹਨ।
ਸੋਸ਼ਲ ਮੀਡੀਆ ਸਿਰਫ਼ ਭਾਰਤ ਵਿਚ ਹੀ ਇਸ ਤਰ੍ਹਾਂ ਨਹੀਂ ਚਲਦਾ ਬਲਕਿ ਸਾਰੀ ਦੁਨੀਆਂ ਅੱਜ ਇਸੇ ਸੋਚ ਉਤੇ ਚਲ ਰਹੀ ਹੈ। ਟਰੋਲਿੰਗ ਦੀ ਸਮੱਸਿਆ ਸਾਰਿਆਂ ਨੂੰ ਆ ਰਹੀ ਹੈ। ਬੜੀ ਦਲੇਰੀ ਚਾਹੀਦੀ ਹੈ ਅਪਣੇ ਖ਼ਿਆਲ ਦੁਨੀਆਂ ਸਾਹਮਣੇ ਰੱਖਣ ਲਈ ਅਤੇ ਫਿਰ ਲੋਕਾਂ ਦੇ ਪ੍ਰਤੀਕਰਮ ਨੂੰ ਸਿਰ ਮੱਥੇ ਤੇ ਲੈਣ ਲਈ।

ਪਰ ਨਵੀਂ ਦੁਨੀਆਂ ਦੇ ਦਸਤੂਰਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਜਿਸ ਤਰ੍ਹਾਂ ਭਾਰਤ ਵਿਚ ਸੋਸ਼ਲ ਮੀਡੀਆ ਦਾ ਪ੍ਰਯੋਗ ਹੋ ਰਿਹਾ ਹੈ, ਉਸ ਤਰ੍ਹਾਂ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਹੁੰਦਾ ਹੋਵੇਗਾ। ਜਿਸ ਤਰ੍ਹਾਂ ਸੋਸ਼ਲ ਮੀਡੀਆ ਉਤੇ ਨਫ਼ਰਤ ਅਤੇ ਗਾਲੀ-ਗਲੋਚ ਚਲਦੀ ਹੈ, ਉਸੇ ਤਰ੍ਹਾਂ ਭਾਰਤ ਦੀ ਧਰਤੀ ਉਤੇ ਨਫ਼ਰਤ ਦੇ ਮਾਹੌਲ ਵਿਚ ਭੜਕੀਆਂ ਕਮਲੀਆਂ ਭੀੜਾਂ ਲੋਕਾਂ ਨੂੰ ਅਪਣੇ ਹੱਥੀਂ ਮਾਰ ਰਹੀਆਂ ਹਨ। ਕਦੇ ਧਰਮ ਦੇ ਨਾਂ ਤੇ ਅਤੇ ਕਦੇ ਅਫ਼ਵਾਹਾਂ ਦੇ ਆਧਾਰ ਤੇ, ਲੋਕ ਇਕੱਠੇ ਹੋ ਜਾਂਦੇ ਹਨ। ਪਿਛਲੇ ਸਾਲ ਦਾ 27 ਮੌਤਾਂ ਦਾ ਰੀਕਾਰਡ ਹੈ ਜਿਨ੍ਹਾਂ ਨੂੰ ਭੀੜਾਂ ਨੇ ਮਾਰਿਆ ਹੈ।

ਦੁਨੀਆਂ ਦੇ ਕਿਸੇ ਹੋਰ ਕੋਨੇ ਵਿਚ ਇਸ ਤਰ੍ਹਾਂ ਦੀਆਂ ਭੀੜਾਂ ਨੂੰ ਸੋਸ਼ਲ ਮੀਡੀਆ ਉਤੇ ਭੜਕਾ ਕੇ ਕਾਤਲ ਟੋਲੇ ਬਣਾਉਣ ਦਾ ਕੋਈ ਮਾਮਲਾ ਅਜੇ ਤਕ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਬਲਾਤਕਾਰ ਦੇ ਅੰਕੜਿਆਂ ਵਿਚ ਬੇਹਿਸਾਬਾ ਵਾਧਾ ਹੋਇਆ ਹੈ। ਜੇ ਮਾਰਕੁਟ, ਕਤਲ ਆਦਿ ਦੇ ਅੰਕੜਿਆਂ ਦੀ ਜਾਂਚ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਪਿਛਲੇ ਕੁਝ ਸਾਲਾਂ ਵਿਚ ਸੋਸ਼ਲ ਮੀਡੀਆ ਦੀ ਭਾਰਤ ਵਿਚਲੀ ਹਕੀਕਤ ਵਿਚ ਵਧਦੀ ਨਫ਼ਰਤ ਅਤੇ ਅਪਰਾਧਾਂ ਵਿਚ ਆਪਸੀ ਰਿਸ਼ਤਾ ਜ਼ਰੂਰ ਸਾਹਮਣੇ ਆਵੇਗਾ।

ਕਹਿਣਾ ਬੜਾ ਆਸਾਨ ਹੈ ਕਿ ਗ਼ਲਤੀ ਵਟਸਐਪ ਦੀ ਹੈ, ਫ਼ੇਸਬੁਕ ਦੀ ਹੈ ਜਾਂ ਟਵਿੱਟਰ ਦੀ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਇਹ ਸਿਰਫ਼ ਜ਼ਰੀਏ ਹਨ ਅਤੇ ਇਨ੍ਹਾਂ ਰਾਹੀਂ ਚੰਗੀਆਂ ਗੱਲਾਂ ਵੀ ਹੋ ਰਹੀਆਂ ਹਨ। ਲੋਕ ਆਪਸ ਵਿਚ ਜੁੜ ਵੀ ਰਹੇ ਹਨ। ਇਹ ਤੁਹਾਨੂੰ ਕਾਤਲ ਬਣਨ ਲਈ ਨਹੀਂ ਆਖਦੇ। ਹਾਂ ਥੋੜਾ ਤੁਹਾਡੇ ਅੱਗੇ ਇਕ ਸੋਚ ਨੂੰ ਰੱਖਣ ਦਾ ਗੁਨਾਹ ਜ਼ਰੂਰ ਕੀਤਾ ਜਾਂਦਾ ਹੈ ਪਰ ਹੁਣ ਤਾਂ ਉਸ ਉਤੇ ਵੀ ਰੋਕ ਲਗਾ ਦਿਤੀ ਗਈ ਹੈ। ਭਾਰਤ ਦੇ ਸਾਰੇ ਸਿਆਸੀ ਸੰਘਰਸ਼ਾਂ ਨੂੰ ਅੱਜ ਇਕ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਜੰਗਲ ਵਿਚ ਅੱਗ ਲਗਾਉਂਦੇ ਹੋ ਤਾਂ ਅੱਗ ਇਹ ਨਹੀਂ ਆਖਦੀ ਕਿ ਤੁਸੀ ਮੈਨੂੰ ਜਨਮ ਦਿਤਾ ਹੈ, ਸੋ ਮੈਂ ਤੁਹਾਡਾ ਨੁਕਸਾਨ ਨਹੀਂ ਕਰਾਂਗੀ।

ਅੱਗ ਲਗਾਉਣ ਵਾਲੇ ਨੂੰ ਵੀ ਅੱਗ ਰਾਖ ਬਣਾ ਦੇਂਦੀ ਹੈ ਅਤੇ ਨਫ਼ਰਤ, ਅੱਗ ਵਾਂਗ ਹੀ ਹੈ। ਸੁਸ਼ਮਾ ਸਵਰਾਜ ਨੂੰ ਟਵਿੱਟਰ ਉਤੇ ਗਾਲਾਂ ਕੱਢਣ ਵਾਲੇ ਉਹ ਲੋਕ ਹਨ ਜਿਨ੍ਹਾਂ ਨਾਲ ਵੱਡੇ-ਵੱਡੇ ਭਾਜਪਾ ਆਗੂ ਜੁੜੇ ਹੋਏ ਹਨ ਅਤੇ ਕਾਂਗਰਸ ਦੀ ਪ੍ਰਿਯੰਕਾ ਚਤੁਰਵੇਦੀ ਦੀ 10 ਸਾਲ ਦੀ ਬੇਟੀ ਨੂੰ ਬਲਾਤਕਾਰ ਦੀ ਧਮਕੀ ਦੇਣ ਵਾਲਾ ਵੀ ਉਸੇ ਪਾਰਟੀ ਨਾਲ ਜੁੜਿਆ ਹੋਇਆ ਹੈ। ਭਾਵੇਂ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਖ਼ੁਦ ਇਸ ਅੱਗ ਨੂੰ ਲਾਉਣ ਵਾਲੇ ਨਹੀਂ ਸਨ, ਭਾਜਪਾ ਦਾ ਆਈ.ਟੀ. ਸੈੱਲ ਸੀ ਜਿਸ ਨੂੰ ਹਰ ਕੀਮਤ ਤੇ ਚੋਣਾਂ ਵਿਚ ਹਰ ਕਿਸੇ ਨੂੰ ਇਕ ਸਿਪਾਹੀ ਬਣਾ ਕੇ ਪੇਸ਼ ਕਰਨ ਦਾ ਹੁਕਮ ਸੀ। ਉਨ੍ਹਾਂ ਇਸ ਦੀ ਛਾਣਬੀਨ ਨਹੀਂ ਕੀਤੀ।

ਉਨ੍ਹਾਂ ਇਸ ਅੱਗ ਨੂੰ ਲੱਗਣ ਦਿਤਾ ਅਤੇ ਅੱਜ ਇਹ ਅੱਗ ਭਾਰਤ ਵਿਚ ਫੈਲਦੀ ਜਾ ਰਹੀ ਹੈ। ਕਸੂਰ ਵਟਸਐਪ ਵਰਗੇ ਪਲੇਟਫ਼ਾਰਮ ਦਾ ਨਹੀਂ ਬਲਕਿ ਉਸ ਨਫ਼ਰਤ ਦਾ ਹੈ ਜੋ ਮੰਚ ਤੋਂ ਭਾਸ਼ਣਾਂ, ਡਿਬੇਟ, ਲਿਖਤੀ ਮੀਡੀਆ, ਸੋਸ਼ਲ ਮੀਡੀਆ ਰਾਹੀਂ ਫੈਲਾਇਆ ਜਾ ਰਿਹਾ ਹੈ। ਵਟਸਐਪ ਨੂੰ ਜ਼ਿੰਮੇਵਾਰ ਗਰਦਾਨਣ ਤੋਂ ਪਹਿਲਾਂ ਇਕ ਵਾਰ ਤਾਂ ਪੁੱਛ ਲਵੋ ਕਿ ਇਸ ਤਰ੍ਹਾਂ ਦੀਆਂ ਭੀੜਾਂ ਨੂੰ ਬਾਕੀ ਦੁਨੀਆਂ ਵਿਚ ਕਿਉਂ ਤਕਲੀਫ਼ ਨਹੀਂ ਹੋਈ ਅਤੇ ਸਾਡੇ ਦਿਲਾਂ ਵਿਚ ਪਿਆਰ ਤੇ ਸਹਿਣਸ਼ੀਲਤਾ ਨੂੰ ਹਟਾ ਕੇ ਨਫ਼ਰਤ ਨਾਲ ਕਿਸ ਨੇ ਭਰਿਆ?

ਇਥੇ ਇਕ ਸ਼ੁਕਰਾਨਾ ਅਪਣੇ ਪੰਜਾਬੀ ਸਮਾਜ ਦਾ ਕਰਨਾ ਬਣਦਾ ਹੈ ਜੋ ਨਫ਼ਰਤ ਤੇ ਡਰ ਦਾ ਗ੍ਰਹਿਣ ਅਪਣੇ ਉਤੇ ਲਵਾ ਲੈਂਦਾ ਹੈ ਪਰ ਹੈਵਾਨ ਬਣ ਕੇ ਕਿਸੇ ਨਿਹੱਥੇ ਨੂੰ ਖ਼ਤਮ ਕਰਨ ਵਾਸਤੇ ਹੱਥ ਨਹੀਂ ਚੁਕਦਾ। ਭਾਰਤ ਵਿਚ ਅਸਲ ਆਤਮਕ ਸੋਚ ਨੂੰ ਉਜਾਗਰ ਕਰਨ ਦੀ ਬੜੀ ਸਖ਼ਤ ਜ਼ਰੂਰਤ ਹੈ ਨਹੀਂ ਤਾਂ ਭਾਰਤ ਦੀ ਬੇਕਾਬੂ ਗ਼ਰੀਬ, ਨਿਰਾਸ਼ ਆਬਾਦੀ ਦੇ ਸਿਰ ਤੇ ਤਾਂ ਖ਼ੂਨ ਸਵਾਰ ਹੋ ਗਿਆ ਲਗਦਾ ਹੈ।   -ਨਿਮਰਤ ਕੌਰ