ਨਵਾਂ ਬਜਟ-ਅਸਲ ਭਾਰਤੀ ਸ਼ਾਹੂਕਾਰ ਦਾ 100% ਭਾਰਤੀ ਵਹੀਖਾਤਾ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਿਰਮਲਾ ਸੀਤਾਰਮਨ ਦਾ ਪਹਿਲਾ ਬਜਟ ਜਿਸ ਨੂੰ ਤਿਆਰ ਕਰਨ ਦਾ ਜ਼ਿੰਮਾ ਉਨ੍ਹਾਂ ਨੇ ਪਹਿਲੀ ਵਾਰ ਲਿਆ ਸੀ, ਉਨ੍ਹਾਂ ਵਾਸਤੇ ਬੜਾ ਔਖਾ ਕੰਮ ਸੀ ਕਿਉਂਕਿ ਇਸ ਬਜਟ ਵਿਚ....

Budget

ਨਿਰਮਲਾ ਸੀਤਾਰਮਨ ਦਾ ਪਹਿਲਾ ਬਜਟ ਜਿਸ ਨੂੰ ਤਿਆਰ ਕਰਨ ਦਾ ਜ਼ਿੰਮਾ ਉਨ੍ਹਾਂ ਨੇ ਪਹਿਲੀ ਵਾਰ ਲਿਆ ਸੀ, ਉਨ੍ਹਾਂ ਵਾਸਤੇ ਬੜਾ ਔਖਾ ਕੰਮ ਸੀ ਕਿਉਂਕਿ ਇਸ ਬਜਟ ਵਿਚ ਉਨ੍ਹਾਂ ਅਪਣੀ ਹੀ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਨੂੰ ਗ਼ਲਤ ਠਹਿਰਾਏ ਬਗ਼ੈਰ ਹੀ, ਅਗਲੇ ਪੰਜ ਸਾਲ ਦੀ ਯੋਜਨਾ ਦੇਣੀ ਸੀ ਜੋ ਉਨ੍ਹਾਂ ਨੇ ਦੇ ਦਿਤੀ। ਬਜਟ ਦੀ ਸ਼ੁਰੂਆਤ ਚਾਣਕਿਆ ਨੀਤੀ, ਉਰਦੂ ਸ਼ੇਅਰੇ ਸ਼ਾਇਰੀ ਅਤੇ ਤਮਿਲ ਦੋਹਰੇ ਨਾਲ ਹੋਈ ਪਰ ਤਮਿਲ ਦੋਹਰੇ ਦੀਆਂ ਪੰਕਤੀਆਂ ਸਭ ਤੋਂ ਮਹੱਤਵਪੂਰਨ ਸਨ। ਨਿਰਮਲਾ ਸੀਤਾਰਮਨ ਨੇ ਆਖਿਆ ਕਿ ਪਿਛਲੇ ਪੰਜ ਸਾਲਾਂ 'ਚ ਸਾਡੀ ਕਾਰਗੁਜ਼ਾਰੀ ਝੋਨੇ ਦੇ ਖੇਤ ਵਿਚ ਹਾਥੀ ਵਾਂਗ ਸੀ। ਤਬਾਹੀ ਨਜ਼ਰ ਆ ਰਹੀ ਸੀ ਪਰ ਸਵਾਲ ਇਹ ਹੈ ਕਿ ਇਸ ਤਬਾਹੀ ਤੋਂ ਬਾਅਦ ਉਸ ਖੇਤ ਵਿਚ ਫ਼ਸਲ ਦੀ ਉਪਜ ਵਧੀ ਜਾਂ ਨਹੀਂ। ਉਨ੍ਹਾਂ ਦੇ ਬਜਟ ਭਾਸ਼ਣ ਮੁਤਾਬਕ ਸਰਕਾਰ ਦੀ ਕਮਾਈ ਵਧੀ ਹੈ ਤੇ ਜਿਹੜੇ ਬੁਨਿਆਦੀ ਕੰਮ ਹੋਏ ਹਨ, ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇਗਾ।

ਸੱਤਾਧਾਰੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ ਅਤੇ ਪ੍ਰਤੱਖ ਹੈ ਕਿ ਭਾਰਤੀ ਜਨਤਾ ਨੂੰ ਨੋਟਬੰਦੀ, ਜੀ.ਐਸ.ਟੀ., ਸਵੱਛ ਭਾਰਤ, ਉਜਵਲ ਭਾਰਤ ਉਤੇ ਭਰੋਸਾ ਹੈ ਅਤੇ ਸਰਕਾਰ ਨੇ ਵੀ ਉਸੇ ਭਰੋਸੇ ਨੂੰ ਅੱਗੇ ਲਿਜਾਂਦੇ ਹੋਏ ਹੁਣ ਹਰ ਭਾਰਤੀ ਨੂੰ ਘਰ ਦੇਣ ਦਾ ਐਲਾਨ ਕੀਤਾ ਹੈ। ਜੋ ਘਰ ਗ਼ਰੀਬ ਨੂੰ ਦਿਤਾ ਜਾਵੇਗਾ, ਉਹ ਸਿਰਫ਼ ਚਾਰ ਦੀਵਾਰਾਂ ਹੀ ਨਹੀਂ ਹੋਣਗੀਆਂ ਬਲਕਿ ਉਸ ਘਰ ਵਿਚ ਬਿਜਲੀ, ਪਾਣੀ, ਸਵੱਛਤਾ ਦੀਆਂ ਸਾਰੀਆਂ ਸਹੂਲਤਾਂ ਵੀ ਹੋਣਗੀਆਂ। ਘਰ ਬਣਾਉਣ ਵਾਸਤੇ ਵੀ ਬਜਟ ਵਿਚ ਰਿਆਇਤ ਦਿਤੀ ਜਾਂਦੀ ਹੈ। ਹਰ ਭਾਰਤੀ ਦੇ ਸਿਰ ਉੱਤੇ ਛੱਤ ਅਤੇ ਨਾਲ ਨਾਲ ਬੱਚਤ ਵਿਚ ਵਾਧਾ ਇਸ ਬਜਟ ਦੀ ਸੱਭ ਤੋਂ ਦਿਲ-ਖਿਚਵੀਂ ਪੇਸ਼ਕਸ਼ ਹੈ।

ਭਾਰਤ ਨੂੰ ਇਕ ਕਾਰਡ, ਇਕ ਸਿਸਟਮ, ਇਕ ਬਿਜਲੀ, ਇਕ ਸੜਕ ਦੇ ਗਰਿੱਡ ਵਿਚ ਜੋੜਨ ਦੀ ਸੋਚ ਸਾਂਝੀ ਕੀਤੀ ਗਈ ਹੈ। ਪਿੰਡ ਨੂੰ ਸ਼ਹਿਰ ਦੇ ਮੁਕਾਬਲੇ ਤੇ ਲਿਆਉਣ ਦੀ ਸੋਚ ਪ੍ਰਗਟਾਈ ਗਈ ਹੈ। ਇਸ ਸੁਪਨੇ ਵਿਚ ਸਰਕਾਰ ਵਲੋਂ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਸ਼ਮੂਲੀਅਤ ਦਾ ਰਸਤਾ ਖੋਲ੍ਹਿਆ ਗਿਆ ਹੈ। ਪਹਿਲੀ ਵਾਰੀ ਰੇਲ ਨੂੰ ਉਦਯੋਗ ਵਾਸਤੇ ਖੋਲ੍ਹਿਆ ਗਿਆ ਹੈ। ਅਮੀਰਾਂ ਦੇ ਟੈਕਸਾਂ ਨੂੰ ਵਧਾ ਕੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ। ਖੇਤਾਂ ਨੂੰ ਸੜਕਾਂ ਨਾਲ ਜੋੜਨ ਦੀ ਕੋਸ਼ਿਸ਼, ਨਵੀਂ ਸੋਚ ਵਾਸਤੇ ਖ਼ਾਸ ਟੀ.ਵੀ. ਅਤੇ ਔਰਤਾਂ ਵਾਸਤੇ ਜਲਦੀ ਅਤੇ ਸਸਤਾ ਕਰਜ਼ਾ। ਕੁਲ ਮਿਲਾ ਕੇ ਹਰ ਕਿਸੇ ਲਈ ਕੁੱਝ ਨਾ ਕੁੱਝ ਹੈ, ਪਰ ਕੀ ਇਹ ਕੁੱਝ ਨਾ ਕੁੱਝ ਸਾਰਿਆਂ ਲਈ ਕਾਫ਼ੀ ਸਾਬਤ ਹੋਵੇਗਾ? ਬੂੰਦ ਬੂੰਦ ਨਾਲ ਸਮੁੰਦਰ ਬਣਦਾ ਹੈ, ਪਰ ਬੂੰਦ ਬੂੰਦ ਨਾਲ ਪਿਆਸ ਨਹੀਂ ਬੁਝਦੀ, ਹੋਰ ਭੜਕ ਉਠਦੀ ਹੈ।

ਬੜੀਆਂ ਉੱਚੀਆਂ ਗੱਲਾਂ ਕੀਤੀਆਂ ਗਈਆਂ ਹਨ ਪਰ ਅੱਜ ਦੀਆਂ ਜੋ ਸੱਭ ਤੋਂ ਚਿੰਤਾਜਨਕ ਸਥਿਤੀਆਂ ਹਨ ਉਨ੍ਹਾਂ ਨਾਲ ਜੂਝਣ ਦਾ ਮਾਰਗ ਸਾਫ਼ ਨਜ਼ਰ ਨਹੀਂ ਆਉਂਦਾ। ਅੱਜ ਨੌਜੁਆਨਾਂ ਕੋਲ ਨੌਕਰੀਆਂ ਨਹੀਂ ਹਨ, ਅਤੇ ਸਿਖਿਆ ਦਾ ਬਜਟ ਨਹੀਂ ਵਧਾਇਆ ਗਿਆ। ਪਰ ਵਿਦੇਸ਼ੀ ਵਿਦਿਆਰਥੀ ਲਿਆਉਣ ਲਈ ਸਿਰਫ਼ 400 ਕਰੋੜ ਦਾ ਉੱਚ ਸਿਖਿਆ ਵਿਚ ਨਿਵੇਸ਼, ਪਾਣੀ ਦੀ ਇਕ ਬੂੰਦ ਬਰਾਬਰ ਹੀ ਤਾਂ ਹੈ। ਸਿਹਤ ਬਾਰੇ ਕੋਈ ਵੱਡਾ ਕਦਮ ਨਹੀਂ ਚੁਕਿਆ ਗਿਆ ਜਦਕਿ ਅੰਤਰਿਮ ਬਜਟ ਵਿਚ ਸਿਹਤ ਨੂੰ ਸੱਭ ਤੋਂ ਅਹਿਮ ਮੁੱਦਾ ਮੰਨਿਆ ਗਿਆ ਸੀ। ਵਿਦੇਸ਼ਾਂ ਤੋਂ ਨਿਵੇਸ਼ ਨੂੰ ਸੱਦਾ ਦਿਤਾ ਜਾਵੇਗਾ ਪਰ ਕਿਉਂ ਤੇ ਕਿਸ ਤਰ੍ਹਾਂ, ਇਸ ਬਾਰੇ ਕੁੱਝ ਨਹੀਂ ਦਸਿਆ ਗਿਆ। ਖੇਤੀ ਨਾਲ ਦੇਸ਼ ਦੀ ਸੱਭ ਤੋਂ ਵੱਧ ਆਬਾਦੀ ਜੁੜੀ ਹੋਈ ਹੈ ਅਤੇ ਖੇਤੀ ਦੇ ਨਾਲ ਨਾਲ ਪਾਣੀ ਅਤੇ ਵਾਤਾਵਰਣ ਦੇ ਮੁੱਦੇ ਵੀ। ਨਾ ਕਿਸਾਨ ਦੀ ਕਰਜ਼ਾ ਮਾਫ਼ੀ, ਨਾ ਵਾਤਾਵਰਣ ਨਾਲ ਜੁੜੀ ਖੇਤੀ ਅਤੇ ਨਾ ਹੀ ਪਾਣੀ ਦੀ ਬੱਚਤ ਬਾਰੇ ਗੱਲ ਕੀਤੀ ਗਈ ਹੈ। 

ਪਟਰੌਲ ਅਤੇ ਡੀਜ਼ਲ ਨੂੰ ਮਹਿੰਗਾ ਕਰ ਦਿਤਾ ਗਿਆ ਹੈ। ਇਸ ਨਾਲ ਰਹਿਣ ਸਹਿਣ ਦਾ ਖ਼ਰਚਾ ਵਧੇਗਾ ਅਤੇ ਨਾਲ ਨਾਲ ਆਟੋ ਉਦਯੋਗ ਦਾ ਸੰਕਟ ਵੀ ਵਧੇਗਾ। ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਲਈ ਟੈਕਸ ਮਾਫ਼ੀ ਤਾਂ ਐਲਾਨੀ ਗਈ ਹੈ ਪਰ ਇਹ ਅਜੇ ਬੜਾ ਦੂਰ ਦਾ ਸੁਪਨਾ ਹੈ। ਆਮ ਇਨਸਾਨ ਨੂੰ ਇਸ ਦਾ ਕੋਈ ਫ਼ਾਇਦਾ ਅਜੇ ਨਹੀਂ ਮਿਲੇਗਾ, ਕੇਵਲ ਐਲਾਨਾਂ ਦੀ ਗਿਣਤੀ ਵਧਾਉਣ ਲਈ ਹੀ ਐਲਾਨ ਕੀਤਾ ਗਿਆ ਹੈ, ਕਿਸੇ ਨੂੰ ਵੀ ਮਿਲੇਗਾ ਕੁੱਝ ਨਹੀਂ। ਪੈਨ ਕਾਰਡ ਅਤੇ ਆਧਾਰ ਦੀ ਅਦਲਾ ਬਦਲੀ ਦੀ ਇਜਾਜ਼ਤ ਦੇ ਦਿਤੀ ਗਈ ਹੈ ਯਾਨੀ ਕਿ ਆਧਾਰ ਕਾਰਡ ਬਣਾਉਣ ਦੀ ਜ਼ਰੂਰਤ ਖ਼ਤਮ ਹੋ ਗਈ ਹੈ। ਨੋਟਬੰਦੀ ਵਾਂਗ ਪੈਸੇ ਦੀ ਇਕ ਹੋਰ ਬਰਬਾਦੀ ਪਰ ਭਾਰਤ ਦੀ ਜਨਤਾ ਨੂੰ ਇਹ ਸੱਭ ਪਸੰਦ ਹੈ, ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਸਿਲਸਿਲਾ ਜਾਰੀ ਰਹੇਗਾ।

ਟੈਕਸ ਦੇਣ ਵਾਲੇ ਵੱਧ ਗਏ ਹਨ, ਅਮੀਰਾਂ ਉਤੇ ਟੈਕਸ ਵੱਧ ਗਿਆ ਹੈ ਪਰ ਫਿਰ ਵੀ ਨਾ ਟੈਕਸ ਘਟਾਇਆ ਗਿਆ ਹੈ ਅਤੇ ਨਾ ਜੀ.ਐਸ.ਟੀ. ਨੂੰ ਘਟਾਇਆ ਗਿਆ ਹੈ। ਉਮੀਦ ਸੀ ਕਿ ਸਾਰੇ ਦੇਸ਼ ਨੂੰ ਇਕ ਡੋਰ ਨਾਲ ਜੋੜਨਾ ਚਾਹੁਣ ਵਾਲੀ ਸਰਕਾਰ ਜੀ.ਐਸ.ਟੀ. ਦੀ ਇਕ ਹੀ ਦਰ ਮੁਕਰਰ ਕਰ ਦੇਵੇਗੀ ਪਰ ਨਹੀਂ ਕੀਤਾ ਗਿਆ। ਨਿਰਮਲਾ ਸੀਤਾਰਮਨ ਅਪਣਾ ਬਜਟ ਇਸ ਵਾਰ ਅੰਗਰੇਜ਼ਾਂ ਦੀ ਅਟੈਚੀ ਵਿਚ ਨਹੀਂ ਬਲਕਿ ਇਕ ਵਹੀ-ਖਾਤੇ ਵਿਚ ਲਿਆਏ ਸਨ। ਭਾਰਤ ਦੀ ਅਪਣੀ ਸੋਚ। ਭਾਰਤ ਦੀ ਅਪਣੀ ਸੋਚ ਦੇ ਪ੍ਰਤੀਕ ਵਹੀ ਖਾਤੇ ਦੇ ਇਤਿਹਾਸ ਵਲ ਵੇਖਿਆ ਜਾਵੇ ਤਾਂ ਸ਼ਾਹੂਕਾਰ ਦੀ ਸੋਚ ਹੀ ਨਜ਼ਰ ਆਉਂਦੀ ਹੈ ਜੋ ਆਮ ਇਨਸਾਨ ਤੋਂ ਲੈਂਦਾ ਹੀ ਲੈਂਦਾ ਸੀ ਅਤੇ ਕੁੱਝ ਦੇਣ ਦਾ ਸਿਰਫ਼ ਵਿਖਾਵਾ ਹੀ ਕਰਦਾ ਸੀ। ਕਾਰੋਬਾਰੀ ਬਜਟ ਜਿਸ ਵਿਚ ਆਮ ਇਨਸਾਨ ਹੋਰ ਟੈਕਸ ਦੇਵੇਗਾ, ਜੀ.ਐਸ.ਟੀ. ਭਰੇਗਾ, ਮਹਿੰਗੇ ਪਟਰੌਲ ਹੇਠ ਦਬਿਆ ਰਹੇਗਾ ਪਰ ਉਹ ਅਪਣੇ ਅੱਗੇ ਸੁੱਟੇ ਦਾਣੇ ਚੁਗਣ ਵਿਚ ਮਸਰੂਫ਼ ਰਹੇਗਾ ਤੇ ਅਜਿਹਾ ਕਰਦੇ ਸਮੇਂ ਉਸ ਨੂੰ ਅੰਦਾਜ਼ਾ ਹੀ ਨਹੀਂ ਹੋਵੇਗਾ ਕਿ ਉਹ ਕਿੰਨਾ ਭਾਰ ਚੁਕ ਕੇ ਲੱਤਾਂ ਘਸੀਟ ਰਿਹਾ ਹੈ। ਅਸਲ ਭਾਰਤੀ ਸ਼ਾਹੂਕਾਰ ਦਾ 100% ਭਾਰਤੀ ਵਹੀ ਖਾਤਾ!  - ਨਿਮਰਤ ਕੌਰ