ਮੋਹਨ ਭਾਗਵਤ ਜੀ, ਜ਼ਬਾਨੀ ਕਲਾਮੀ ਨਹੀਂ, ਅਮਲਾਂ ਰਾਹੀਂ ਸਾਰੇ ਭਾਰਤੀਆਂ ਦਾ ਇਕ ਲਹੂ ਮੰਨਣਾ ਪਵੇਗਾ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਸ 84 ਸਾਲ ਦੇ ਕਾਰਕੁਨ ਨੂੰ ਮਹਾਂਮਾਰੀ ਵਿਚ ਵੀ 3000 ਕੈਦੀਆਂ ਨਾਲ ਤੂਸੀ ਹੋਈ ਜੇਲ ਵਿਚ ਰਖਿਆ ਗਿਆ ਜਿਸ ਵਿਚ ਸਿਰਫ਼ ਤਿੰਨ ਆਯੁਰਵੈਦਿਕ ਡਾਕਟਰ ਹਨ

Mohan Bhagwat ji

84 ਸਾਲ ਦੇ ਸਿਆਸੀ ਤੇ ਸਮਾਜਕ ਕਾਰਕੁਨ, ਸਟੇਨ ਸਵਾਮੀ ਨੂੰ ਜੋ ਮੌਤ ਭਾਰਤੀ ਸਿਸਟਮ ਨੇ ਦਿਤੀ ਹੈ, ਉਹ ਮੌਤ ਹੀ ਮੋਹਨ ਭਾਗਵਤ ਦੇ ਲਫ਼ਜ਼ਾਂ ਨੂੰ ਝੁਠਲਾਉਂਦੀ ਹੈ। ਮੋਹਨ ਭਾਗਵਤ ਦਾ ਆਖਣਾ ਹੈ ਕਿ ਅਸੀ ਸਾਰੇ ਪਹਿਲਾਂ ਹਿੰਦੁਸਤਾਨ ਦੇ ਨਾਗਰਿਕ ਹਾਂ ਤੇ ਧਰਮ ਸਾਨੂੰ ਨੂੰ ਵੱਖ ਨਹੀਂ ਕਰ ਸਕਦੇ। ਸੱਭ ਦਾ ਡੀ.ਐਨ.ਏ ਤਾਂ ਇਕੋ ਹੀ ਹੈ। ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਇਸ ਗੱਲ ਵਿਚ ਕੋਈ ਦੋ-ਰਾਏ ਨਹੀਂ ਕਿ ਰੱਬ ਨੇ ਸਾਰੇ ਮਨੁੱਖਾਂ ਨੂੰ ਇਕੋ ਤਰ੍ਹਾਂ ਘੜਿਆ ਹੈ ਤੇ ਇਨਸਾਨ ਤਾਂ ਇਕੋ ਜਹੇ ਹੀ ਹੁੰਦੇ ਹਨ ਪਰ ਅੰਤਰ ਤਾਂ ਪ੍ਰਵਰਿਸ਼ ਤੇ ਸਮਾਜ ਵਿਚ ਹੀ ਜਾ ਕੇ ਪੈਂਦਾ ਹੈ ਜਿਸ ਨਾਲ ਸਾਡੇ ਵਿਚ ਉੱਚੀਆਂ-ਉੱਚੀਆਂ ਕੰਧਾਂ ਉਸਰ ਜਾਂਦੀਆਂ ਹਨ।

ਮੋਹਨ ਭਾਗਵਤ ਨੇ ਅਪਣੀ ਕਿਤਾਬ ਦੇ ਕੁੱਝ ਪੰਨੇ ਹੀ ਸਾਂਝੇ ਕੀਤੇ ਹਨ ਜਿਨ੍ਹਾਂ ਵਿਚ ਹਿੰਦੂ ਮੁਸਲਿਮ ਵਾਰਤਾਲਾਪ ਦੇ ਨਾਲ-ਨਾਲ ਉਨ੍ਹਾਂ ਸੱਭ ਨੂੰ ਪਹਿਲਾਂ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਮ ਤੇ ਹਿੰਦੂ ਆਖਿਆ ਤੇ ਫਿਰ ਪੰਜ ਸ੍ਰੇਣੀਆਂ ਬਣਾਈਆਂ ਜਿਨ੍ਹਾਂ ਵਿਚ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਵੰਡਿਆ ਜਾਂਦਾ ਹੈ। ਹਿੰਦੁਤਵਾ ਵਿਰੁਧ ਘਟੀਆ ਨਜ਼ਰ ਰੱਖਣ ਵਾਲੇ, ਹਿੰਦੁਤਵਾ ਵਲੋਂ ਬੇਪ੍ਰਵਾਹ ਲੋਕ, ਖ਼ਾਲਸ ਹਿੰਦੁਤਵ ਨੂੰ ਮੰਨਣ ਵਾਲੇ ਤੇ ਹਿੰਦੁਤਵਾ ਦਾ ਸਮਰਥਨ ਕਰਨ ਵਾਲੇ। ਇਸ ਸਬੰਧ ਵਿਚ ਕਈ ਉਦਾਹਰਣਾਂ ਦਿਤੀਆਂ ਗਈਆਂ ਹਨ ਜੋ ਉਨ੍ਹਾਂ ਦੇ ਹਿੰਦੂ-ਮੁਸਲਿਮ ਤਾਜ਼ਾ ਸੰਕਲਪ ਨੂੰ ਆਪ ਹੀ ਕਟ ਦੇਂਦੀਆਂ ਹਨ। 

ਪਰ ਅੱਜ ਲਫ਼ਜ਼ਾਂ ਤੇ ਨਾ ਜਾਇਆ ਜਾਵੇ ਕਿਉਂਕਿ ਲਫ਼ਜ਼ਾਂ ਦਾ ਕੋਈ ਭਰੋਸਾ ਨਹੀਂ ਹੁੰਦਾ। ਲਫ਼ਜ਼ ਤਾਂ ਇਕ ਤੋਂ ਦੂਜੇ ਦਰ ਤਕ ਜਾਂਦੇ ਜਾਂਦੇ ਹੀ ਬਦਲ ਜਾਂਦੇ ਹਨ ਤੇ ਸਿਆਸਤ ਵਿਚ ਇਕ ਸੂਬੇ ਦੀ ਚੋਣ ਤੋਂ ਬਾਅਦ ਦੂਜੇ ਸੂਬੇ ਦੀ ਚੋਣ ਵਿਚ ਵੀ ਬਦਲ ਸਕਦੇ ਹਨ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਮੁਸਲਮਾਨ ਵੋਟਰਾਂ ਕੋਲੋਂ ਵੋਟਾਂ ਮੰਗਣ ਸਮੇਂ ਇਹ ਬਿਆਨ ਕੰਮ ਆ ਸਕਦਾ ਹੈ ਪਰ ਅਮਲੀ ਜੀਵਨ ਵਿਚ ਕੀਤੇ ਕੰਮ ਇਸ ਬਿਆਨ ਨਾਲ ਝੁਠਲਾਏ ਨਹੀਂ ਜਾ ਸਕਦੇ। ਉੱਤਰ ਪ੍ਰਦੇਸ਼ ਵਿਚ ਜੋ ਕੁੱਝ ਹਿੰਦੂਆਂ ਤੇ ਦਲਿਤਾਂ ਨਾਲ ਪਿਛਲੇ ਕੁੱਝ ਸਾਲਾਂ ਵਿਚ ਹੁੰਦਾ ਆ ਰਿਹਾ ਹੈ, ਉਹ ਹੁਣ ਇਕ ਗੋਲ ਮੋਲ ਬਿਆਨ ਨਾਲ ਨਹੀਂ ਮੇਟਿਆ ਜਾ ਸਕਦਾ। ਅੱਜ ਮੋਹਨ ਭਾਗਵਤ ਫ਼ਾਦਰ ਸਟੇਨ ਸਵਾਮੀ ਦੀ ਮੌਤ ਬਾਰੇ ਪੂਰੀ ਜਾਂਚ ਤੇ ਹਿੰਦੁਸਤਾਨੀ ਹੋਣ ਦੇ ਨਾਤੇ ਬਰੀਕੀ ਨਾਲ ਪੜਤਾਲ ਕਰਨ, ਕੁੱਝ ਨਿਰਪੱਖ ਜਾਂਚ ਕਰਨ ਵਾਲਿਆਂ ਨੂੰ ਨਾਲ ਰੱਖਣ ਤੇ ਫਿਰ ਇਹ ਬਿਆਨ ਦੇਣ ਕਿ ਜਿਸ ਤਰ੍ਹਾਂ ਆਦਿਵਾਸੀਆਂ ਦੀ ਆਵਾਜ਼ ਚੁੱਕਣ ਵਾਲੇ ਕਾਰਕੁਨਾਂ ਦਾ ਅੰਤ ਹੋਇਆ, ਕੀ ਉਹ ਸਾਡੇ ਸਾਂਝੇ ਹਿੰਦੁਸਤਾਨ ਨੂੰ ਸੋਭਾ ਦਿੰਦਾ ਹੈ? 

 

84 ਸਾਲ ਦੇ ਇਸ ਇਨਸਾਨ ਨੂੰ ਭੀਮ ਕੋਰੇਗਾਉਂ ਹਿੰਸਾ ਦਾ ਮਾਸਟਰ ਮਾਈਂਡ ਐਲਾਨ ਕੇ ਜੇਲ ਵਿਚ ਸੁੱਟ ਦਿਤਾ ਗਿਆ ਪਰ ਉਸ ਦੀ ਛਾਣਬੀਣ ਨਹੀਂ ਕੀਤੀ ਗਈ। ਬਸ ਉਸ ਨੂੰ ਤੜਪਾ-ਤੜਪਾ ਕੇ ਉਸ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ। ਉਨ੍ਹਾਂ ਨੂੰ ਪਾਰਕਿਨਸਨ ਨਾਂ ਦੀ ਬਿਮਾਰੀ ਸੀ ਜਿਸ ਕਾਰਨ ਉਹ ਹੱਥ ਵਿਚ ਗਲਾਸ ਵੀ ਨਹੀਂ ਸੀ ਫੜ ਸਕਦੇ ਤੇ ਉਹ ਬੱਚਿਆਂ ਨੂੰ ਪਾਣੀ ਪਿਆਉਣ ਵਾਲੀ ਗਲਾਸੀ ਮੰਗਦੇ ਸੀ ਜਿਸ ਵਾਸਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤਕ ਜਾਣਾ ਪਿਆ। ਦੋਸ਼ ਜੋ ਐਨ.ਆਈ.ਏ ਨੇ ਲਗਾਇਆ, ਉਸ ਤੇ ‘ਆਰਮਸੈੱਲ’ ਨਾਮ ਦੀ ਇਕ ਅਮਰੀਕੀ ਫ਼ੋਰੈਂਜ਼ਿਕ ਮਾਹਰ ਕੰਪਨੀ ਜੋ ਕਿ ਅੰਤਰਰਾਸ਼ਟਰੀ ਅਤਿਵਾਦ ਤੇ ਹਿੰਸਕ ਅਪਰਾਧ ਦੀ ਜਾਂਚ ਕਰਦੀ ਹੈ, ਨੇ ਆਖਿਆ ਹੈ ਕਿ ਜਿਨ੍ਹਾਂ ਸਬੂਤਾਂ ਨੂੰ ਆਧਾਰ ਬਣਾ ਕੇ ਭੀਮਾ ਕੋਰੇਗਾਉਂ ਦੇ ਇਕ ਅਪਰਾਧੀ ਵਿਰੁਧ ਸਬੂਤ ਇਕੱਠੇ ਕੀਤੇ ਗਏ ਹਨ, ਉਹ ਸਬੂਤ ਘੜੇ ਗਏ ਸਨ।

ਅਸਲੀਅਤ ਵਿਚ ਇਹ ਮੰਨਿਆ ਜਾਂਦਾ ਹੈ ਕਿ ਸਟੇਨ ਸਵਾਮੀ ਤੇ ਉਨ੍ਹਾਂ ਨਾਲ ਦੇ ਕਾਰਕੁਨਾਂ ਨੂੰ ਇਸ ਹਿੰਸਾ ਦੇ ਮਾਮਲੇ ਵਿਚ ਫਸਾ ਕੇ ਉਨ੍ਹਾਂ ਦੀ ਆਦਿਵਾਸੀਆਂ ਵਾਸਤੇ ਚੁੱਕੀ ਜਾਂਦੀ ਆਵਾਜ਼ ਬੰਦ ਕਰਨ ਦਾ ਯਤਨ ਕੀਤਾ ਗਿਆ ਸੀ। ਇਸੇ ਕਰ ਕੇ ਇਸ 84 ਸਾਲ ਦੇ ਕਾਰਕੁਨ ਨੂੰ ਮਹਾਂਮਾਰੀ ਵਿਚ ਵੀ 3000 ਕੈਦੀਆਂ ਨਾਲ ਤੂਸੀ ਹੋਈ ਜੇਲ ਵਿਚ ਰਖਿਆ ਗਿਆ ਜਿਸ ਵਿਚ ਸਿਰਫ਼ ਤਿੰਨ ਆਯੁਰਵੈਦਿਕ ਡਾਕਟਰ ਹਨ। ਸੋ ਸਵਾਮੀ ਨੂੰ ਕੋਰੋਨਾ ਵੀ ਹੋਇਆ ਜਿਸ ਕਾਰਨ ਉਨ੍ਹਾਂ ਦੇ ਫੇਫੜਿਆਂ ਉਤੇ ਅਸਰ ਪਿਆ ਤੇ ਵਡੇਰੀ ਉਮਰ ਦੇ ਬਾਕੀ ਕਾਰਨਾਂ ਕਰ ਕੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਸ੍ਰੀ ਮੋਹਨ ਭਾਗਵਤ ਇਨ੍ਹਾਂ ਤੱਥਾਂ ਤੇ ਗ਼ੌਰ ਫ਼ਰਮਾ ਕੇ ਸਾਬਤ ਕਰਨ ਕਿ ਆਦਿਵਾਸੀ, ਦਲਿਤ, ਕਿਸਾਨ, ਔਰਤਾਂ, ਸੱਭ ਹਿੰਦੁਸਤਾਨੀ ਹਨ।

ਇਹ ਸਾਰੇ ਤਾਂ ਅਪਣੇ ਆਪ ਨੂੰ ਹਿੰਦੁਸਤਾਨੀ ਮੰਨਦੇ ਹਨ ਜਿਸ ਕਾਰਨ ਉਹ ਅਪਣੀ ਸਰਕਾਰ ਤੋਂ ਆਸ ਰਖਦੇ ਹਨ ਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਅਦਾਲਤਾਂ ਵਿਚ ਸੰਵਿਧਾਨ ਮੁਤਾਬਕ ਨਿਆਂ ਮਿਲੇਗਾ? ਹਾਂ, ਇਹ ਸਹੀ ਹੈ ਕਿ ਸੱਭ ਦਾ ਡੀ.ਐਨ.ਏ ਇਕੋ ਹੈ, ਸੱਭ ਹਿੰਦੁਸਤਾਨੀ ਹਨ ਪਰ ਹੁਣ ਤਾਕਤ ਵਾਲੇ, ਜ਼ਬਾਨੀ ਕਲਾਮੀ ਨਹੀਂ, ਅਪਣੇ ਅਮਲਾਂ ਨਾਲ ਸਾਬਤ ਕਰਨ ਕਿ ਉਹ ਵੀ ਇਸ ਵਿਚ ਯਕੀਨ ਕਰਦੇ ਹਨ ਤੇ ਇਕ ਐਸਾ ਹਿੰਦੁਸਤਾਨ ਸਿਰਜਣ ਜਾ ਰਹੇ ਹਨ ਜਿਸ ਵਿਚ ਬਰਾਬਰੀ ਵਾਲਾ ਰਾਜ ਤੇ ਸਮਾਜ ਹੋਵੇਗਾ। 
-ਨਿਮਰਤ ਕੌਰ