ਪ੍ਰਸ਼ਾਂਤ ਕਿਸ਼ੋਰ ਨੂੰ ਜਿੱਤ ਨਜ਼ਰ ਆਉਂਦੀ ਤਾਂ ਉਹ ਪੰਜਾਬ ਛੱਡ ਕੇ ਕਦੇ ਨਾ ਜਾਂਦਾ।
ਉਹ ‘ਹਾਰ’ ਵੇਖ ਕੇ ਘਬਰਾ ਜਾਣ ਵਾਲਾ ਜਰਨੈਲ ਹੈ
ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫ਼ੇ ਦਾ ਪੰਜਾਬ ਵਾਸਤੇ ਕੀ ਮਤਲਬ ਹੈ? ਪ੍ਰਸ਼ਾਂਤ ਕਿਸ਼ੋਰ ਭਾਰਤੀ ਸਿਆਸਤ ਦਾ ਐਸਾ ਚਾਣਕਿਆ ਹੈ ਜੋ ਹਰ ਸਿਆਸੀ ਮੁਸ਼ਕਲ ਦਾ ਹੱਲ ਹੀ ਨਹੀਂ ਕਢਦਾ ਬਲਕਿ ਇਕ ਚਾਂਦੀ ਦੇ ਤਮਗ਼ੇ ਨੂੰ ਸੋਨੇ ਦਾ ਕਹਿ ਕੇ ਵੇਚਣਾ ਜਾਣਦਾ ਹੈ। ਉਹ ਇਕ ਹਾਰੀ ਹੋਈ ਬਾਜ਼ੀ ਨੂੰ ਜਿੱਤ ਵਿਚ ਬਦਲਣ ਵਾਲਾ ਤਾਂ ਨਹੀਂ ਪਰ ਇਕ ਜਿੱਤੀ ਹੋਈ ਬਾਜ਼ੀ ਨੂੰ ਨੂੰ ਹੋਰ ਚਮਕ ਦਮਕ ਦੇ ਕੇ ਜਿਤਾਉਣ ਵਿਚ ਮਾਹਰ ਹੈ।
ਪ੍ਰਸ਼ਾਂਤ ਕਿਸ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਕਾਲ ਤੋਂ ਪ੍ਰਧਾਨ ਮੰਤਰੀ ਤਕ ਦੇ ਸਫ਼ਰ ਦਾ ਹਿੱਸਾ ਸੀ। ਪੀ.ਕੇ. ਨੇ ਇਕ ਅਮਰੀਕਨ ਕੰਪਨੀ ਨਾਲ ਰਹਿ ਕੇ ਅਪਣੀ ਮੁਹਾਰਤ ਨਾਲ ਦੇਸ਼ ਵਿਚ ਜੁਮਲਿਆਂ ਨੂੰ ਸਿਆਸਤ ਵਿਚ ਜਗ੍ਹਾ ਦਿਵਾਈ। ਪਰ ਕਿਸ਼ੋਰ ਅਸਲ ਵਿਚ ਆਪ ਜੁਮਲੇ ਨਹੀਂ ਸੀ ਘੜਦਾ ਸਗੋਂ ਵਿਸ਼ਵਾਸ ਪੈਦਾ ਕਰਦਾ ਸੀ ਤੇ ਉਨ੍ਹਾਂ ਜੁਮਲਿਆਂ ਨੂੰ ਅਸਲੀਅਤ ਬਣਾਉਣ ਦਾ ਮੌਕਾ ਮੰਗਦਾ ਸੀ। ਪਰ ਕਿਸੇ ਕਾਰਨ ਉਹ ਵਿਰੋਧੀ ਧਿਰ ਦਾ ਚਾਣਕਿਆ ਬਣ ਗਿਆ ਤੇ ਮਜ਼ਬੂਤ ਹੋਇਆ। ਪਰ ਪ੍ਰਸ਼ਾਂਤ ਕਿਸ਼ੋਰ ਬਾਰੇ ਇਕ ਗੱਲ ਮੰਨੀ ਜਾਂਦੀ ਹੈ ਕਿ ਉਹ ਕਦੇ ਹਾਰਦੀ ਹੋਈ ਪਾਰਟੀ ਨਾਲ ਖੜਾ ਨਹੀਂ ਸੀ ਹੁੰਦਾ ਪਰ ਅੱਜ ਕਿਸ਼ੋਰ ਸਿਆਸਤ ਵਿਚ ਅਪਣੇ ਪੁਰਾਣੇ ਮਿੱਤਰ ਵਿਰੁਧ ਇਕ ਰਾਸ਼ਟਰੀ ਵਿਰੋਧੀ ਧਿਰ ਖੜੀ ਕਰਨ ਦਾ ਸੁਪਨਾ ਵੀ ਲੈ ਰਿਹਾ ਹੈ।
ਸੋ ਕੀ ਕਿਸ਼ੋਰ ਨੇ ਪੰਜਾਬ ਕਾਂਗਰਸ ਦਾ ਸਾਥ ਰਾਸ਼ਟਰੀ ਚੋਣਾਂ ਵਾਸਤੇ ਛਡਿਆ ਜਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਪੰਜਾਬ ਕਾਂਗਰਸ ਜਿੱਤ ਵੀ ਸਕਦੀ ਹੈ? ਜੇ ਪੰਜਾਬ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੁੰਦੀ ਤਾਂ ਪ੍ਰਸ਼ਾਂਤ ਸ਼ਾਇਦ ਇਕ ਹੋਰ ਜਿੱਤ ਦਾ ਸਰਟੀਫ਼ੀਕੇਟ ਜੇਬ ਵਿਚ ਪਾ ਕੇ ਰਾਸ਼ਟਰੀ ਮੈਦਾਨ ਵਿਚ ਛਾਲ ਮਾਰਦਾ। ਭਾਵੇਂ ਪ੍ਰਸ਼ਾਂਤ ਨੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਵਿਚਕਾਰ ਸੁਲਾਹ ਕਰਵਾ ਦਿਤੀ ਹੈ ਪਰ ਉਹ ਵੀ ਪਛਾਣ ਗਿਆ ਹੈ ਕਿ ਪਾਰਟੀ ਤੋਂ ਪਹਿਲਾਂ ਸਾਰੇ ਆਗੂ ਅਪਣਾ ਹੀ ਉੱਲੂ ਸਿੱਧਾ ਕਰਨ ਨੂੰ ਪਹਿਲ ਦਿੰਦੇ ਹਨ।
ਪੰਜਾਬ ਸਰਕਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਹਲਚਲ ਤਾਂ ਬਹੁਤ ਹੋ ਰਹੀ ਹੈ ਪਰ ਸਾਰੀ ਹਲਚਲ ਕਾਂਗਰਸੀਆਂ ਵਲੋਂ ਅਪਣੇ ਅਪਣੇ ਭਵਿੱਖ ਵਾਸਤੇ ਹੀ ਹੋ ਰਹੀ ਹੈ। ਨਾਲ-ਨਾਲ ਅੱਜ ਅਸੀ ਤਿੰਨ ਪੰਜਾਬ ਕੈਬਿਨਟ ਮੰਤਰੀਆਂ ਤੇ ਵੱਡੇ ਦਾਗ਼ ਲੱਗੇ ਵੇਖ ਰਹੇ ਹਾਂ। ਇਕ ਉਤੇ ਸੁਨੀਲ ਜਾਖੜ ਨੇ ਇਲਜ਼ਾਮ ਲਗਾ ਕੇ ਅਸਤੀਫ਼ੇ ਦੀ ਮੰਗ ਕੀਤੀ ਹੈ, ਦੂਜੇ ਵਿਰੁਧ ਸੀ.ਬੀ.ਆਈ ਜਾਂਚ ਸ਼ੁਰੂ ਹੈ ਤੇ ਤੀਜੇ ਵਿਰੁਧ 100 ਕਰੋੜ ਦੀ ਸ਼ਾਮਲਾਤ ਜ਼ਮੀਨ ਤੇ ਕਬਜ਼ਾ ਕਰਨ ਦਾ ਮਾਮਲਾ ਹੈ। ਵਿਧਾਇਕਾਂ ਉਤੇ ਇਲਾਜ਼ਮ ਤੇ ਫ਼ਾਈਲਾਂ ਅਤੇ ਗਰਮ ਗਰਮ ਸਪੀਚਾਂ, ਪੰਜਾਬ ਦੇ ਮੁੱਦਿਆਂ ਦਾ ਹੱਲ ਨਹੀਂ ਹਨ।
ਪੰਜਾਬ ਦੇ ਲੋਕਾਂ ਨੇ ਪੰਜਾਬ ਕਾਂਗਰਸ ਵਿਚ ਬਗ਼ਾਵਤ ਨੂੰ ਇਕ ਜਾਗਦੀ ਹੋਈ ਜ਼ਮੀਰ ਦੀ ਨਿਸ਼ਾਨੀ ਵੇਖੀ ਤੇ ਆਸ ਲਗਾਈ ਕਿ ਸ਼ਾਇਦ ਇਹ ਜ਼ਮੀਰ ਉਸ ‘ਪੰਜਾਬ ਮਾਡਲ’ ਦੀ ਆੜ ਵਿਚ ਕੁੱਝ ਭਲਾ ਕਰ ਜਾਵੇ। ਪਰ ਜਿਵੇਂ ਕਿਸ਼ੋਰ ਨੇ ਅਸਤੀਫ਼ਾ ਦੇ ਦਿਤਾ ਹੈ, ਇਸ ਨਾਲ ਸਾਫ਼ ਹੈ ਕਿ ਕਿਸ਼ੋਰ ਦੇ ਅੰਦਾਜ਼ੇ ਅਨੁਸਾਰ, ਇਸ ਵਾਰ ਕੋਈ ਵੀ ਆਗੂ ਕਾਂਗਰਸ ਨੂੰ ਜਿਤਾ ਨਹੀਂ ਸਕਦਾ। ਇਕ ਗੱਲ ਸਾਫ਼ ਹੈ ਕਿ ਆਮ ਪੰਜਾਬੀ, ਕਿਸਾਨ ਆਗੂਆਂ ਨੂੰ ਸੱਤਾ ਦਾ ਹਿੱਸੇਦਾਰ ਬਣਦਾ ਵੇਖਣਾ ਚਾਹੁੰਦਾ ਹੈ ਪਰ ਕੀ ਉਹ ਇਹ ਜ਼ਿੰਮੇਵਾਰੀ ਲੈਣ ਵਾਸਤੇ ਤਿਆਰ ਹਨ? ਇਸ ਬਾਰੇ ਯਕੀਨ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਅੱਜ ਅਕਾਲੀ ਦਲ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵਰਤ ਕੇ ਅਪਣਾ ਭਵਿੱਖ ਚਮਕਾਉਣਾ ਚਾਹੁੰਦਾ ਹੈ ਪਰ ਕੀ ਇਹ ਪਾਰਟੀ ਮੁੜ ਸੱਤਾ ਵਿਚ ਆ ਵੀ ਸਕਦੀ ਹੈ?
ਇਸ ਵੇਲੇ ਵਿਰੋਧੀ ਧਿਰ ਵਿਚੋਂ ਪੰਜਾਬ ਦੀ ਜ਼ਿੰਮੇਵਾਰੀ ਸਾਂਭਣ ਦਾ ਦਮ ਭਰਨ ਵਾਲੀ ਪਾਰਟੀ ਭਾਵੇਂ ਸੱਭ ਨਾਲੋਂ ਛੋਟੀ ਹੈ ਪਰ ਉਹੀ ਸੱਭ ਨੂੰ ਨਵੇਂ ਰਸਤੇ ਵਿਖਾ ਰਹੀ ਹੈ। ਉਹ ਜਿਹੜੀ ਗੱਲ ਅੱਜ ਕਰਦੀ ਹੈ, ਬਾਕੀ ਅਗਲੇ ਦਿਨ ਉਸ ਤੇ ਅਮਲ ਕਰਨਾ ਸ਼ੁਰੂ ਕਰ ਦੇਂਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਕੋਲ ਇਕ ਲੀਡਰ ਵਾਲਾ ਚਿਹਰਾ ਨਹੀਂ ਹੈ ਪਰ ਸੋਚ ਜ਼ਰੂਰ ਹੈ। ਚਾਰ ਧਿਰਾਂ ਵਿਚ ਵੰਡਿਆ ਪੰਜਾਬ, ਕਿਸ਼ੋਰ ਵਾਸਤੇ ਤਾਂ ਇਕ ਹਾਰੀ ਹੋਈ ਖੇਡ ਸਾਬਤ ਹੋਇਆ ਤੇ ਉਹ ਦੌੜ ਗਿਆ ਪਰ ਪੰਜਾਬ ਦਾ ਭਵਿੱਖ ਹੁਣ ਇਕ ਅਸਲ ਪੰਜਾਬ ਮਾਡਲ ਦੀ ਉਡੀਕ ’ਚ ਹੈ। ਉਹ ਕਿਹੜੀ ਪਾਰਟੀ ਹੈ ਜੋ ਪੰਜਾਬ ਦੇ ਇਸ ਦਰਦ ਨੂੰ ਸਮਝ ਸਕਦੀ ਹੋਵੇ? -ਨਿਮਰਤ ਕੌਰ