ਸਪੋਕਸਮੈਨ ਦੀ 21 ਜੂਨ 2017 ਵਾਲੀ ਖ਼ਬਰ ਬਾਦਲ ਬਾਰੇ ਸੱਚ ਹੁੰਦੀ ਵਿਖਾਈ ਦੇ ਰਹੀ ਹੈ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਰੋਜ਼ਾਨਾ ਸਪੋਕਸਮੈਨ ਦੇ ਅੰਕ ਮਿਤੀ 21 ਜੂਨ 2017 ਵਿਚ ਬਾਦਲ ਬਾਰੇ ਖ਼ਬਰ ਸੀ 'ਜਿਸ ਭਾਜਪਾ ਪਿੱਛੇ ਬਾਦਲ ਨੇ ਪੰਥ ਪਿੱਛੇ ਪਾਇਆ, ਉਹੀ ਬਾਦਲ ਨੂੰ ਛੱਡਣ ਨੂੰ ਤਿਆਰ...!'

file photo

ਰੋਜ਼ਾਨਾ ਸਪੋਕਸਮੈਨ ਦੇ ਅੰਕ ਮਿਤੀ 21 ਜੂਨ 2017 ਵਿਚ ਬਾਦਲ ਬਾਰੇ ਖ਼ਬਰ ਸੀ 'ਜਿਸ ਭਾਜਪਾ ਪਿੱਛੇ ਬਾਦਲ ਨੇ ਪੰਥ ਪਿੱਛੇ ਪਾਇਆ, ਉਹੀ ਬਾਦਲ ਨੂੰ ਛੱਡਣ ਨੂੰ ਤਿਆਰ...!' ਇਹ ਗੱਲ ਸੱਚ ਹੁੰਦੀ ਵਿਖਾਈ ਦੇ ਰਹੀ ਹੈ। ਲਗਭਗ ਤਿੰਨ ਸਾਲ ਤੋਂ ਭਾਜਪਾ, ਨਵੇਂ ਸਿੱਖ ਵਿਰੋਧੀ ਚਿਹਰੇ ਦੀ ਤਲਾਸ਼ ਕਰ ਰਹੀ ਸੀ। ਹੁਣ ਇਕ ਨਵਾਂ ਚਿਹਰਾ ਸੁਖਦੇਵ ਢੀਂਡਸਾ ਦੇ ਰੂਪ ਵਿਚ ਲੱਭ ਕੇ ਭਾਜਪਾ ਨੇ ਅਪਣੀ ਤਲਾਸ਼ ਖ਼ਤਮ ਕਰ ਦਿਤੀ ਹੈ।

ਪਿਛਲੇ ਦਿਨਾਂ ਵਿਚ ਨਵਜੋਤ ਸਿੱਧੂ ਦਾ ਇਕ ਬਿਆਨ ਕੇ.ਪੀ.ਐਸ. ਗਿੱਲ ਬਾਰੇ ਵੀ ਆਇਆ ਸੀ ਜਿਸ ਵਿਚ ਸਿੱਧੂ ਨੇ ਬੁੱਚੜ ਗਿੱਲ ਦੀ ਤਾਰੀਫ਼ ਕੀਤੀ ਸੀ। ਇਹ ਦੂਜੀ ਤਲਾਸ਼ ਭਾਜਪਾ ਦੀ ਹੈ। ਹੋ ਸਕਦਾ ਹੈ ਸਿੱਧੂ ਦੁਬਾਰਾ ਭਾਜਪਾ ਵਿਚ ਸ਼ਾਮਲ ਹੋ ਜਾਏ। ਗਿੱਲ ਬਾਰੇ ਬਿਆਨ ਜੋ ਆਇਆ ਹੈ, ਇਹ ਤਾਰ ਬਹੁਤ ਵੱਡੇ ਟਾਵਰ ਤੋਂ ਆਈ ਹੈ ਤੇ ਭਾਜਪਾ ਮੌਕੇ ਦੀ ਤਲਾਸ਼ ਵਿਚ ਸੀ। ਢੀਂਡਸਾ ਨਾਲ ਅੰਦਰੋਂ ਤਾਰਾਂ ਜੁੜੀਆਂ ਤੇ ਮੌਕਾ ਵੇਖ ਕੇ ਢੀਂਡਸਾ ਨੇ ਭਾਜਪਾ ਦਾ ਸਾਥ ਦਿਤਾ। ਭਾਜਪਾ ਵੀ ਬਾਦਲ ਨੂੰ ਛਡਣਾ ਚਾਹੁੰਦੀ ਸੀ ਕਿਉਂਕਿ ਪੰਜਾਬ ਵਿਚ ਤੇ ਸਿੱਖਾਂ ਵਿਚ ਬਾਦਲ ਪ੍ਰਵਾਰ ਦੀਆਂ (ਵੋਟਾਂ) ਦੀ ਪਕੜ ਕਮਜ਼ੋਰ ਪੈ ਗਈ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ, ਸੌਦਾ ਸਾਧ ਨੂੰ ਮਾਫ਼ੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣਾ, ਸੰਨ 1967 ਤੋਂ 2020 ਹੁਣ ਤਕ ਜਨਸੰਘੀਆਂ (ਹੁਣ ਦੀ ਭਾਜਪਾ) ਨਾਲ ਯਾਰੀ (ਘਾਟੇ ਵਾਲੀ) ਤੇ ਸਿੱਖ ਤੇ ਸਿੱਖੀ ਵਿਰੋਧੀ ਚਲਦੀ ਆ ਰਹੀ ਹੈ। ਜੇ ਨਵੇਂ (ਢੀਂਡਸਾ) ਸਮੀਕਰਨ ਬਣੇ ਤਾਂ ਢੀਂਡਸਾ ਮੁੱਖ ਮੰਤਰੀ ਅਤੇ ਸਿੱਧੂ ਉਪ ਮੰਤਰੀ ਬਣਨਗੇ।

ਭਾਜਪਾ ਨੇ ਬਾਦਲ ਪ੍ਰਵਾਰ ਛੱਡ ਦੇਣਾ ਹੈ ਜਿਵੇਂ ਰਾਜੀਵ ਗਾਂਧੀ ਨੇ ਕਠਪੁਤਲੀ (ਬਰਨਾਲਾ-ਰਾਜੀਵ) ਸਰਕਾਰ ਨਾਲ ਕੀਤਾ ਸੀ। ਜਿੰਨਾ ਵਰਤਣਾ ਸੀ ਅਪਣੀ ਮਰਜ਼ੀ ਨਾਲ ਬਰਨਾਲਾ ਨੂੰ ਪੰਜਾਬ ਵਿਰੁਧ ਤੇ ਸਿੱਖੀ ਵਿਰੁਧ ਵਰਤਿਆ ਤੇ ਫਿਰ ਚੁੱਕ ਕੇ ਤਮਿਲਨਾਡੂ ਦਾ ਗਵਰਨਰ ਬਣਾ ਕੇ ਪੰਜਾਬ ਤੋਂ ਬਾਹਰ ਸੁੱਟ ਦਿਤਾ। ਇਕ ਗੱਲ ਸਪੱਸ਼ਟ ਹੈ ਕਿ ਹੁਣ ਮੋਦੀ ਨੇ ਬਾਦਲ ਨੂੰ ਓਨਾ ਵੀ ਨਹੀਂ ਦੇਣਾ।

ਕੇਂਦਰ ਵਿਚ ਬੈਠੀ ਬੀਬਾ ਦੀ ਕੁਰਸੀ ਵੀ ਖੋਹ ਲੈਣੀ ਹੈ ਕਿਉਂਕਿ ਭਾਜਪਾ ਦਾ ਮਨ ਬੇਈਮਾਨ ਹੈ ਤੇ ਸਾਫ਼ ਨਹੀਂ ਹੈ। ਸਿੱਖਾਂ ਦੀਆਂ ਧਾਰਮਕ ਤੇ ਪੰਜਾਬ ਦੀਆਂ ਸਿਆਸੀ ਮੰਗਾਂ ਬਾਰੇ ਇਹ ਜਨਸੰਘੀ ਸਿੱਖਾਂ ਨੂੰ ਕੁੱਝ ਨਹੀਂ ਦੇਣਾ ਚਾਹੁੰਦੇ। ਭਾਜਪਾ ਨੂੰ ਸਿਰਫ਼ ਸਿੱਖਾਂ ਦੀਆਂ ਵੋਟਾਂ ਤੇ ਪੰਜਾਬ ਦੀ (ਸੀ.ਐਮ.) ਕੁਰਸੀ ਵਿਖਾਈ ਦੇ ਰਹੀ ਹੈ ਤੇ ਉਹ ਪੰਜਾਬ ਵਿਚ ਬਾਦਲ ਤੋਂ ਵੀ ਜ਼ਿਆਦਾ ਡਰਪੋਕ ਸਿੱਖ ਵਿਰੋਧੀ ਚਿਹਰਾ ਲਿਆਉਣਾ ਚਾਹੁੰਦੀ ਹੈ ਤਾਕਿ ਕੁੱਝ ਦੇਣਾ ਵੀ ਨਾ ਪਵੇ ਤੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਵੀ ਬਣ ਜਾਏ।

ਹੁਣ ਤਕ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ (ਇਕ ਵਾਰ ਕੇਂਦਰ ਵਿਚ ਕ੍ਰਿਸ਼ੀ ਮੰਤਰੀ) ਤੇ ਨੂੰਹ ਕੇਂਦਰ ਵਿਚ ਵਜ਼ੀਰ, ਫਿਰ ਵੀ ਪੰਜਾਬ ਨੂੰ ਰਾਜਧਾਨੀ ਨਹੀਂ, ਅਪਣੀ ਹਾਈ ਕੋਰਟ ਨਹੀਂ, ਸਿੱਖ ਬੰਦੀਆਂ (ਸਜ਼ਾ ਪੂਰੀ) ਦੀ ਰਿਹਾਈ, ਗੁਰਦਵਾਰਾ ਗਿਆਨ ਗੋਦੜੀ ਤੇ ਹੁਣ ਮੰਗੂ ਮੱਠ ਵੀ ਗਿਆ ਤੇ ਇਸ ਬਾਰੇ ਭਾਜਪਾ ਦੇ ਸਾਹਮਣੇ ਕਦੇ ਅਪਣਾ ਤੇ ਪਾਰਟੀ ਦਾ ਮੂੰਹ ਨਹੀਂ ਖੋਲ੍ਹਿਆ ਤੇ ਮੂੰਹ ਤੇ ਨਾਗਪੁਰੀ ਤਾਲਾ ਲਗਾਇਆ ਹੋਇਆ ਹੈ।

ਇਸ ਕਰ ਕੇ ਬਾਦਲ ਕੰਪਨੀ ਦੀ ਪੰਜਾਬ ਵਿਚ ਸਿੱਖ ਵੋਟਰਾਂ ਤੋਂ ਪਕੜ ਢਿੱਲੀ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਇਸੇ ਲਈ ਹੁਣ ਬਾਦਲ ਪਾਰਟੀ ਨੂੰ ਛੱਡਣ ਲਈ ਤਿਆਰ ਹੋ ਗਈ ਹੈ ਤੇ ਨਵੇਂ ਚਿਹਰੇ ਦੀ ਭਾਲ ਖ਼ਤਮ ਹੋ ਗਈ ਹੈ। ਇਕ ਤੇ ਸਿੱਧੂ ਹੈ ਤੇ ਦੂਜਾ ਢੀਂਡਸਾ ਹੈ। ਹੋ ਸਕਦਾ ਹੈ ਸਿੱਧੂ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਚਲਾ ਜਾਏ ਤੇ ਢੀਂਡਸਾ ਤਾਂ ਹੈ ਹੀ। -ਜੋਗਿੰਦਰਪਾਲ ਸਿੰਘ, ਦਿੱਲੀ, ਸੰਪਰਕ : 88005-49311