ਕੈਨੇਡਾ ਅਤੇ ਭਾਰਤ ਵਿਚ ਆਦਿਵਾਸੀਆਂ ਤੇ ਘੱਟ-ਗਿਣਤੀਆਂ ਪ੍ਰਤੀ ਵਤੀਰਾ ਇਕ ਦੂਜੇ ਦੇ ਉਲਟ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਮਰੀਕਾ ਵਿਚ ਕੈਨੇਡਾ ਵਾਲਿਆਂ ਦਾ ਹਮੇਸ਼ਾ ਮਜ਼ਾਕ ਹੀ ਉਡਾਇਆ ਜਾਂਦਾ ਹੈ। ਕੈਨੇਡਾ ਨੂੰ ਅਮਰੀਕਾ ਵਿਚ ਇਕ ਭੋਲਾ ਅਮਲੀ ਮੰਨਿਆ ਜਾਂਦਾ ਹੈ। ਅਮਰੀਕਨ ਬੜੇ ਤੇਜ਼ ਤਰਾਰ....

Justin Trudeau-Jagmeet Singh

ਅਮਰੀਕਾ ਵਿਚ ਕੈਨੇਡਾ ਵਾਲਿਆਂ ਦਾ ਹਮੇਸ਼ਾ ਮਜ਼ਾਕ ਹੀ ਉਡਾਇਆ ਜਾਂਦਾ ਹੈ। ਕੈਨੇਡਾ ਨੂੰ ਅਮਰੀਕਾ ਵਿਚ ਇਕ ਭੋਲਾ ਅਮਲੀ ਮੰਨਿਆ ਜਾਂਦਾ ਹੈ। ਅਮਰੀਕਨ ਬੜੇ ਤੇਜ਼ ਤਰਾਰ ਅਤੇ ਚੁਸਤ ਹੁੰਦੇ ਹਨ ਜਦਕਿ ਕੈਨੇਡਾ ਵਾਲੇ ਬੜੇ ਭੋਲੇ ਤੇ ਆਰਾਮਪ੍ਰਸਤ ਮੰਨੇ ਜਾਂਦੇ ਹਨ। ਪਰ ਜਦੋਂ ਅਮਰੀਕਾ ਵਿਚ ਟਰੰਪ ਜਿਤ ਗਿਆ ਤਾਂ ਅਮਰੀਕਾ ਨੂੰ ਛੱਡ ਕੇ ਲੋਕ ਕੈਨੇਡਾ ਭੱਜਣ ਦੀ ਤਿਆਰੀ ਕਰ ਰਹੇ ਸਨ। ਜਸਟਿਨ ਟਰੂਡੋ ਕੈਨੇਡਾ ਦੀ ਖੁਲ੍ਹਦਿਲੀ, ਚੰਗਿਆਈ ਦਾ ਪ੍ਰਤੀਕ ਸੀ। ਅੱਜ ਉਹ ਦੇਸ਼ ਇਕ ਸਿੱਖ ਨੂੰ ਅਪਣਾ ਪ੍ਰਧਾਨ ਮੰਤਰੀ ਦੀ ਚੋਣ ਲੜਨ ਅਤੇ ਜਿੱਤਣ ਦਾ ਮੌਕਾ ਦੇ ਰਿਹਾ ਹੈ।

ਜਗਮੀਤ ਸਿੰਘ, ਡਾ. ਮਨਮੋਹਨ ਸਿੰਘ ਵਾਂਗ, ਇਕ ਮੁਸ਼ਕਲ ਸਥਿਤੀ 'ਚੋਂ ਬਚਣ ਵਾਲੇ ਵਫ਼ਾਦਾਰ ਪਾਰਟੀ ਵਰਕਰ ਵਜੋਂ ਪ੍ਰਧਾਨ ਮੰਤਰੀ ਨਹੀਂ ਬਣਨਗੇ। ਉਹ ਜੇ ਬਣਨਗੇ ਤਾਂ ਲੋਕਾਂ ਵਲੋਂ ਚੁਣੇ ਜਾਣ ਤੇ ਹੀ, ਪ੍ਰਧਾਨ ਮੰਤਰੀ ਬਣਨਗੇ। ਹੁਣ ਜਦ ਕੈਨੇਡਾ ਵਿਚ ਚੋਣਾਂ ਚਲ ਰਹੀਆਂ ਹਨ, ਦੇਸ਼ ਉਨ੍ਹਾਂ ਆਗੂਆਂ ਦੇ ਬਿਆਨਾਂ ਤੋਂ ਉਨ੍ਹਾਂ ਦੀ ਸੋਚ ਨੂੰ ਪਰਖ ਰਿਹਾ ਹੈ ਅਤੇ ਜਗਮੀਤ ਸਿੰਘ ਅੱਜ ਇਸ ਵਾਸਤੇ ਦਿਲ ਜਿੱਤ ਰਹੇ ਹਨ ਕਿਉਂਕਿ ਉਨ੍ਹਾਂ ਨੇ ਬਿਆਨ ਦਿਤਾ ਹੈ ਕਿ ਉਹ ਕੈਨੇਡਾ ਦੇ ਮੂਲ ਵਾਸੀਆਂ ਨੂੰ ਹਰ ਸਹੂਲਤ ਦੇਣਗੇ। ਅੱਜ ਕੈਨੇਡਾ ਦੇ ਦੇਸੀ ਵਸਨੀਕਾਂ ਦੀ ਹਾਲਤ ਖ਼ਤਰੇ ਵਿਚ ਹੈ ਅਤੇ ਕੈਨੇਡਾ ਅਪਣੇ ਆਦਿਵਾਸੀਆਂ ਦੇ ਮਦਦਗਾਰ ਨੂੰ ਭਾਲ ਰਿਹਾ ਹੈ। ਇਹ ਉਹ ਦੇਸ਼ ਹੈ ਜੋ ਮਨੁੱਖਾਂ ਨੂੰ ਇਨਸਾਨੀਅਤ ਅਤੇ ਹਮਦਰਦੀ ਦੇ ਨਜ਼ਰੀਏ ਨਾਲ ਵੇਖਦਾ ਹੈ। ਭਾਵੇਂ ਸਿੱਖ ਦੁਨੀਆਂ ਦੇ ਹਰ ਦੇਸ਼ ਵਿਚ ਵਸੇ ਹੋਏ ਹਨ, ਪਰ ਜਿਸ ਤਰ੍ਹਾਂ ਦਾ ਰੁਤਬਾ ਅਤੇ ਪਿਆਰ ਉਨ੍ਹਾਂ ਨੇ ਕੈਨੇਡਾ ਵਿਚ ਪ੍ਰਾਪਤ ਕੀਤਾ ਹੈ, ਹੋਰ ਕਿਤੇ ਨਹੀਂ ਕਮਾਇਆ ਹੋਵੇਗਾ।

ਭਾਰਤ ਇਕ ਅੱਗੇ ਵਧਦਾ ਦੇਸ਼ ਹੈ ਅਤੇ ਇਸ ਨੇ ਅਪਣੇ ਨੈਤਿਕ ਕਿਰਦਾਰ ਨੂੰ ਘੜਨਾ ਹੈ। ਅੱਜ ਇਨ੍ਹਾਂ ਦੋ ਦੇਸ਼ਾਂ, ਅਮਰੀਕਾ ਅਤੇ ਕੈਨੇਡਾ ਵਲ ਵੇਖ ਕੇ ਅਪਣੀਆਂ ਨੀਤੀਆਂ ਦਾ ਭਵਿੱਖ ਵੀ ਸਮਝੇ। ਅਮਰੀਕਾ ਉਹ ਦੇਸ਼ ਹੈ ਜਿਥੇ ਸਿੱਖਾਂ ਨੂੰ ਬਾਹਰਲਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸੜਕਾਂ ਉਤੇ ਵਾਰ ਵਾਰ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਮਰੀਕਾ ਨਫ਼ਰਤ ਨਾਲ ਇਸ ਕਦਰ ਭਰਿਆ ਹੋਇਆ ਹੈ ਕਿ ਉਸ ਨੇ ਬੱਚਿਆਂ ਨੂੰ ਵੀ ਬੰਦੀ ਬਣਾ ਕੇ ਰਖਿਆ ਹੋਇਆ ਹੈ ਜਿਨ੍ਹਾਂ ਦਾ ਕਸੂਰ ਸਿਰਫ਼ ਇਹ ਹੈ ਕਿ ਉਹ ਮੈਕਸੀਕੋ ਦੇ ਰਹਿਣ ਵਾਲੇ ਹਨ ਅਤੇ ਅਪਣੀ ਗ਼ਰੀਬੀ ਜਾਂ ਸਿਆਸਤਦਾਨਾਂ ਤੋਂ ਦੁਖੀ ਹੋ ਕੇ ਅਮਰੀਕਾ ਵਿਚ ਜਿਊਣ ਆਏ ਸਨ।

ਭਾਰਤ ਵਿਚ ਵੀ ਇਸ ਸਮੇਂ ਉਹੀ ਨੀਤੀਆਂ ਬਣ ਰਹੀਆਂ ਹਨ ਜੋ ਧਰਮ, ਜਾਤ ਦੀਆਂ ਲਕੀਰਾਂ ਵਿਚੋਂ ਉਪਜਦੀਆਂ ਹਨ ਅਤੇ ਹੁਣ ਵਿਕਾਸ ਦੇ ਨਾਂ ਤੇ ਆਦਿਵਾਸੀਆਂ ਨੂੰ ਵੀ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਨਿਚਰਵਾਰ ਦੇਰ ਰਾਤ ਨੂੰ ਮੁੰਬਈ ਦੇ ਅਰੇ ਜੰਗਲ ਵਿਚ ਰੇਲ ਵਿਭਾਗ ਨੇ ਦਰੱਖ਼ਤਾਂ ਨੂੰ ਕਟਣਾ ਸ਼ੁਰੂ ਕਰ ਦਿਤਾ। ਨਾ ਸਿਰਫ਼ ਵਾਤਾਵਰਣ ਨੂੰ ਉਨ੍ਹਾਂ ਦਰੱਖ਼ਤਾਂ ਦੀ ਲੋੜ ਹੈ ਬਲਕਿ ਇਕ ਰੇਲ ਪਾਰਕ ਬਣਾਉਣ ਵਾਸਤੇ ਆਦਿਵਾਸੀਆਂ ਨੂੰ ਬੇਘਰ ਕਰਨ ਦੀ ਤਿਆਰੀ ਵੀ ਹੈ। ਮੁੰਬਈ ਤੋਂ ਗੁਜਰਾਤ ਵਿਚਕਾਰ ਬੁਲੇਟ ਟਰੇਨ ਦੇ ਨਾਂ 'ਤੇ ਵੀ ਆਦਿਵਾਸੀ ਪਿੰਡ ਤਬਾਹ ਹੋ ਰਹੇ ਹਨ।

ਭਾਰਤ ਵਿਚ ਅੱਜ ਦੀ ਤਰੀਕ 'ਚ ਸੂਬਾ ਸਰਕਾਰਾਂ, ਲੱਖਾਂ ਆਦਿਵਾਸੀਆਂ ਦੀ ਜ਼ਮੀਨ ਲੈ ਕੇ ਉਨ੍ਹਾਂ ਨੂੰ ਬੇਘਰ ਕਰਨ ਦੀ ਤਿਆਰੀ ਵਿਚ ਹਨ ਅਤੇ ਸਿਰਫ਼ ਸੁਪਰੀਮ ਕੋਰਟ ਦੀ 26 ਨਵੰਬਰ ਤਕ ਦੀ ਰੋਕ ਉਤੇ ਸੂਬਾ ਸਰਕਾਰਾਂ ਅਜੇ ਰੁਕੀਆਂ ਹੋਈਆਂ ਹਨ। ਸਰਕਾਰ ਦੀ ਕਠੋਰਤਾ ਤੋਂ ਵੱਡੀ ਤਾਂ ਅੱਜਕਲ੍ਹ ਦੇ ਆਧੁਨਿਕ ਯੋਗੀ, ਸਦਗੁਰੂ ਦੀ ਕਠੋਰਤਾ ਹੈ ਜਿਸ ਵਿਰੁਧ ਇਕ ਆਦਿਵਾਸੀ ਔਰਤ ਮੁੱਥਅੰਮਾ ਲੜ ਰਹੀ ਹੈ, ਜਿਸ ਨੇ ਦੋਸ਼ ਲਾਇਆ ਹੈ ਕਿ ਸਦਗੁਰੂ ਨੇ ਆਦਿਵਾਸੀਆਂ ਦੀ ਜ਼ਮੀਨ ਉਤੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਅਤੇ ਆਦਿਵਾਸੀਆਂ ਨੂੰ ਸਤਾਇਆ ਹੈ। ਜੇ ਇਕ 'ਸਾਧ', ਜਿਸ ਤੋਂ ਦੁਨੀਆਂ ਸਿਖਿਆ ਲੋਚਦੀ ਹੈ, ਇਕ ਆਦਿਵਾਸੀ ਔਰਤ ਨਾਲ ਅਦਾਲਤੀ ਲੜਾਈ ਲੜ ਸਕਦਾ ਹੈ ਤਾਂ ਸਰਕਾਰਾਂ ਦੀਆਂ ਨੀਤੀਆਂ ਵਿਚ ਇਨਸਾਨੀਅਤ ਕਿਸ ਤਰ੍ਹਾਂ ਆ ਸਕਦੀ ਹੈ?

ਅੱਜ ਨਵੇਂ ਦਰ ਉਤੇ ਖੜਾ ਭਾਰਤ ਉਸ ਰਸਤੇ ਵਲ ਵੇਖੇ ਜਿਸ ਰਸਤੇ ਤੋਂ ਵਿਕਸਤ ਦੇਸ਼ ਲੰਘ ਚੁੱਕੇ ਹਨ ਅਤੇ ਉਹ ਰਸਤੇ ਅਪਣਾਵੇ ਜਿਨ੍ਹਾਂ ਵਿਚ ਇਨਸਾਨ ਦੀ ਕਦਰ ਹੋਵੇ, ਜਿਨ੍ਹਾਂ ਵਿਚ ਭਾਰਤ ਦੀ ਸੰਸਕ੍ਰਿਤੀ ਝਲਕੇ। ਅਧਿਆਤਮਵਾਦ ਦੀਆਂ ਗੱਲਾਂ ਕਰਦਾ ਇਤਿਹਾਸ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਭਵਿੱਖ ਬਰਦਾਸ਼ਤ ਕਰੇਗਾ ਜਿਸ ਵਿਚ ਪੈਸਾ ਹੋਵੇ ਪਰ ਪਿਆਰ, ਸਤਿਕਾਰ ਨਾ ਹੋਵੇ? ਭਾਰਤ ਦੇ ਅਸਲ ਮਾਲਕਾਂ (ਆਦਿਵਾਸੀਆਂ) ਦੀਆਂ ਕਬਰਾਂ ਪੁਟੀਆਂ ਜਾਣ ਤੇ ਜਿਥੇ ਘੱਟ ਗਿਣਤੀਆਂ ਸੁਰੱਖਿਅਤ ਨਾ ਮਹਿਸੂਸ ਕਰਨ। -ਨਿਮਰਤ ਕੌਰ