ਆਰ.ਐਸ.ਐਸ. ਮੁਖੀ ਮੋਹਨ ਭਾਗਵਤ 15ਵੀਂ ਸਦੀ ਦੇ ਹਿੰਦੂ ਆਗੂ ਵਾਂਗ ਨਾ ਸੋਚਣ, 21ਵੀਂ ਸਦੀ ਦੇ ਭਾਰਤ ਨੂੰ ਤੇ ........

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੋਹਨ ਭਾਗਵਤ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ 21ਵੀਂ ਸਦੀ ਵਿਚ ਬਹੁਗਿਣਤੀ ਜਾਂ ਹਾਕਮ ਧਿਰ ਇਹ ਫ਼ੈਸਲਾ ਨਹੀਂ ਕਰਦੀ ਕਿ ਘੱਟ ਗਿਣਤੀਆਂ ਕੀ ਕਰਨ ਤੇ ਕੀ ਨਾ ਕਰਨ?

Mohan Bhagwat

 

ਰਾਸ਼ਟਰੀ ਸਵਯਮ ਸੰਘ ਦੇ ਨੇਤਾ ਮੋਹਨ ਭਾਗਵਤ ਜੀ ਬੜੇ ਕਾਬਲ ਹਿੰਦੂ ਲੀਡਰ ਹਨ ਤੇ ਕਈ ਵਾਰ ਬੜੀਆਂ ਚੰਗੀਆਂ ਗੱਲਾਂ ਵੀ ਕਹਿ ਜਾਂਦੇ ਹਨ। ਮਿਸਾਲ ਵਜੋਂ ਉਹ ਸਚਮੁਚ ਹੀ ਭਾਰਤ ਦੀ ਵਧਦੀ ਗ਼ਰੀਬ ਵਸੋਂ ਬਾਰੇ ਚਿੰਤਿਤ ਹਨ ਤੇ ਚਾਹੁੰਦੇ ਹਨ ਕਿ ਆਬਾਦੀ ਦਾ ਬੋਝ ਭਾਰਤ ਦੀ ਧਰਤੀ ਉਤੇ ਹੋਰ ਜ਼ਿਆਦਾ ਨਾ ਵਧੇ ਕਿਉਂਕਿ ਇਸ ਨਾਲ ਕਈ ਨਵੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਬਿਲਕੁਲ ਠੀਕ। ਪਰ ਵਸੋਂ ਕੰਟਰੋਲ ਦੀ ਗੱਲ ਉਹ ਇਕ ਦੇਸ਼ ਭਗਤ ਭਾਰਤੀ ਵਜੋਂ ਨਹੀਂ ਕਰਦੇ ਲਗਦੇ ਸਗੋਂ ਵਿੰਗੇ ਟੇਢੇ ਢੰਗ ਨਾਲ ਕਹਿ ਜਾਂਦੇ ਹਨ ਕਿ ਮੁਸਲਮਾਨਾਂ ਦੀ ਗਿਣਤੀ ਵਧਣੀ ਰੁਕ ਜਾਏ ਤਾਂ ਬਾਕੀ ਸੱਭ ਠੀਕ ਹੈ। ਇਸੇ ਤਰ੍ਹਾਂ ਉਹ ਕਹਿੰਦੇ ਹਨ ਕਿ ਜਾਤ ਆਧਾਰਤ ਵਿਤਕਰਾ ਕਿਸੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ।

ਪਰ ਹਿੰਦੁਸਤਾਨ ਵਿਚ ਤਾਂ ਹਰ ਚੀਜ਼ ਹੀ ਜਾਤ ਆਧਾਰਤ ਕੀਤੀ ਜਾਂਦੀ ਹੈ। ਵੋਟਰ, ਜਾਤ ਵੇਖ ਕੇ ਵੋਟ ਪਾਉਂਦਾ ਹੈ, ਪਾਰਟੀਆਂ ਜਾਤ ਵੇਖ ਕੇ ਚੋਣ ਉਮੀਦਵਾਰ ਤੈਅ ਕਰਦੀਆਂ ਹਨ ਤੇ ਦਫ਼ਤਰਾਂ ਵਿਚ ਨੌਕਰੀਆਂ ਜਾਤ ਨੂੰ ਆਧਾਰ ਬਣਾ ਕੇ ਦਿਤੀਆਂ ਜਾਂਦੀਆਂ ਹਨ। ਕੋਈ ਅੱਖਾਂ ਬੰਦ ਕਰ ਕੇ ਰਹਿਣਾ ਚਾਹੇ ਤਾਂ ਉਸ ਦੀ ਮਰਜ਼ੀ ਪਰ ਨੰਗੀ ਅੱਖ ਨਾਲ ਜਿਹੜੀ ਸਚਾਈ ਹਰ ਪਾਸੇ ਵਰਤੀਂਦੀ ਵੇਖੀ ਜਾ ਸਕਦੀ ਹੈ, ਉਹ ਇਹੀ ਹੈ ਕਿ ਬ੍ਰਾਹਮਣ ਦੀ ਪੈਦਾ ਕੀਤੀ ਜਾਤ ਪ੍ਰਣਾਲੀ ਅੱਜ ਦੇ ਹਿੰਦੁਸਤਾਨ ਉਤੇ ਰਾਜ ਕਰ ਰਹੀ ਹੈ। ਦਲਿਤ ਸਮਾਜ ਦੇ ਆਗੂ, ਸਮੇਤ ਮਾਇਆਵਤੀ ਦੇ, ਇਸੇ ਲਈ ਇਸ ਸਮੱਸਿਆ ਦਾ ਹੱਲ ਇਹ ਦਸਦੇ ਹਨ ਕਿ ‘ਮਨੂੰਵਾਦ’ ਉਤੇ ਪਾਬੰਦੀ ਲਾ ਦਿਤੀ ਜਾਏ ਕਿਉਂਕਿ ਮਨੂ ਸਿਮਰਤੀ ਹੀ ਜਾਤ ਆਧਾਰਤ ਵਿਤਕਰੇ ਦਾ ਮੁੱਖ ਸਰੋਤ ਹੈ।

ਹਾਂ, ਮੋਹਨ ਭਾਗਵਤ ਠੀਕ ਕਰਦੇ ਹਨ ਜਦ ਉਹ ਕਹਿੰਦੇ ਹਨ ਕਿ ਔਰਤ ਅਤੇ ਛੋਟੀ ਜਾਤ ਵਾਲੇ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਦਲਿਤ ਨੇਤਾ ਜਵਾਬ ਦੇਂਦੇ ਹਨ ਕਿ ਕਹਿਣ ਨੂੰ ਤਾਂ ਮਹਾਤਮਾ ਗਾਂਧੀ ਵੀ ਇਹੀ ਕਹਿੰਦੇ ਸਨ ਪਰ ਅੰਗਰੇਜ਼ ਨੇ ਜਦ ਦਲਿਤਾਂ ਨੂੰ ਤੀਜੀ ਸ਼ਕਤੀ ਮੰਨ ਕੇ ਤਾਕਤ ਦੇਣੀ ਚਾਹੀ ਤਾਂ ਮਹਾਤਮਾ ਗਾਂਧੀ ਨੇ ਮਰਨ ਵਰਤ ਦੀ ਧਮਕੀ ਦੇ ਦਿਤੀ ਕਿਉਂਕਿ ਦਲਿਤ ਆਗੂਆਂ ਅਨੁਸਾਰ, ਮਹਾਤਮਾ ਗਾਂਧੀ ਮੂੰਹ ਤੋਂ ਭਾਵੇਂ ਜੋ ਵੀ ਕਹਿੰਦੇ ਸਨ, ਉਹ ਨਹੀਂ ਸਨ ਚਾਹੁੰਦੇ ਕਿ ਦਲਿਤਾਂ ਦਾ ਆਗੂ ਜ਼ਿਆਦਾ ਤਾਕਤਵਰ ਬਣ ਜਾਏ ਤੇ ਸਵਰਣ ਹਿੰਦੂ ਦੇ ਗ਼ਲਬੇ ਹੇਠੋਂ ਨਿਕਲ ਜਾਵੇ। ਅਖ਼ੀਰ ਬੰਬਈ ਚੋਣਾਂ ਵਿਚ ਡਾ. ਅੰਬੇਦਕਰ ਨੂੰ ਹਰਾਇਆ ਵੀ ਕਾਂਗਰਸ ਲੀਡਰਸ਼ਿਪ ਨੇ ਹੀ ਤੇ ਇਹ ਗੱਲ ਸਮਝਾ ਦਿਤੀ ਕਿ ਰਹਿਣਾ ਤਾਂ ਦਲਿਤਾਂ ਨੂੰ ਬ੍ਰਾਹਮਣ ਸਮਾਜ ਦੇ ਅਧੀਨ ਹੀ ਪਵੇਗਾ ਤੇ ਉਹ ਦਲਿਤਾਂ ਦੇ ਹੱਕ ਵਿਚ ਬੋਲੇ ਗਏ ਬੋਲਾਂ ਦਾ ਲੋੜ ਤੋਂ ਵੱਧ ਮਤਲਬ ਨਾ ਹੀ ਕੱਢਣ ਤਾਂ ਚੰਗਾ ਰਹੇਗਾ। ਮੋਹਨ ਭਾਗਵਤ ਦੇ ਬਾਕੀ ਸਾਰੇ ਚੰਗੇ ਬਿਆਨ ਉਨ੍ਹਾਂ ਦੇ ਇਕ ਦਾਅਵੇ ਹੇਠ ਲੁਕ ਜਾਂਦੇ ਹਨ ਕਿ ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਵਾਸੀ ‘ਹਿੰਦੂ’ ਹੀ ਹੈ ਤੇ ਉਸ ਨੂੰ ਇਹ ਗੱਲ ਐਲਾਨੀਆ ਮੰਨ ਵੀ ਲੈਣੀ ਚਾਹੀਦੀ ਹੈ। 

ਮੋਹਨ ਭਾਗਵਤ ਜੀ ਜ਼ਰਾ ਠੰਢੇ ਮਨ ਨਾਲ ਇਹ ਤਾਂ ਦੱਸਣ ਕਿ ਇਹ ‘ਹਿੰਦੂ’ ਸ਼ਬਦ ਘੜਿਆ ਕਿਸ ਨੇ ਸੀ? ਕੀ ਕਿਸੇ ਬ੍ਰਾਹਮਣੀ ਗ੍ਰੰਥ ਵਿਚ ਇਸ ਦਾ ਜ਼ਿਕਰ ਮਿਲਦਾ ਹੈ? ਨਹੀਂ ਇਹ ਤਾਂ ਵਿਦੇਸ਼ੀ ਹਮਲਾਵਰਾਂ ਨੇ ਸਿੰਧ ਦਰਿਆ ਦੇ ਇਸ ਪਾਸੇ ਰਹਿਣ ਵਾਲਿਆਂ ਲਈ ‘ਸਿੰਧੂ’ ਸ਼ਬਦ ਘੜਿਆ ਸੀ ਜਿਸ ਦਾ ਅਰਥ ਸੀ, ਸਿੰਧ ਦੇ ਪਰਲੇ ਪਾਸੇ ਰਹਿਣ ਵਾਲੇ। ਕਿਉਂਕਿ ਉਹ ਫ਼ਾਰਸੀ ਵਿਚ ਸਿੰਧੂ ਕਹਿਣਾ ਔਖਾ ਸਮਝਦੇ ਸਨ, ਇਸ ਲਈ ਹੌਲੀ ਹੌਲੀ ‘ਹਿੰਦੂ’ ਬੋਲਣ ਲੱਗ ਪਏ। ਇਕ ਹੋਰ ਵਿਆਖਿਆ ਹੈ ਕਿ ਉਨ੍ਹਾਂ ਦੀ ਭਾਸ਼ਾ ਵਿਚ ‘ਹਿੰਦੂ’ ਸ਼ਬਦ ਦਾ ਅਰਥ ਚੋਰ ਹੁੰਦਾ ਸੀ ਤੇ ਇਧਰ ਦੇ ਭਾਰਤੀਆਂ ਲਈ ‘ਹਿੰਦੂ’ ਲਫ਼ਜ਼ ‘ਚੋਰ’ ਦੇ ਅਰਥਾਂ ਵਿਚ ਹੀ ਵਰਤਦੇ ਰਹੇ।
‘ਹਿੰਦੂ’ ਸ਼ਬਦ ਦੇ ਦੋਹਾਂ ਅਰਥਾਂ ਅਨੁਸਾਰ, ਸਾਰੇ ਭਾਰਤ ਦੇ ਵਾਸੀਆਂ ਲਈ ‘ਹਿੰਦੂ’ ਸ਼ਬਦ ਤਾਂ ਬਿਲਕੁਲ ਵੀ ਢੁਕਵਾਂ ਨਹੀਂ ਲਗਦਾ। ਇਸ ਬਾਰੇ ਗੰਭੀਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਕਿ ‘ਹਿੰਦੂ’ ਸ਼ਬਦ ਸਾਰੇ ਭਾਰਤੀਆਂ ਲਈ ਲਾਜ਼ਮੀ ਕਰਨਾ ਕੋਈ ਸਿਆਣਪ ਦੀ ਗੱਲ ਵੀ ਹੈ ਜਾਂ ਨਹੀਂ? ਧੱਕੇ ਨਾਲ ਤਾਂ ਅੱਜ ਸਾਰਿਆਂ ਨੂੰ ‘ਮਹਾਨ ਪੁਰਸ਼’ ਵੀ ਨਹੀਂ ਕਿਹਾ ਜਾ ਸਕਦਾ।

ਮੋਹਨ ਭਾਗਵਤ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ 21ਵੀਂ ਸਦੀ ਵਿਚ ਬਹੁਗਿਣਤੀ ਜਾਂ ਹਾਕਮ ਧਿਰ ਇਹ ਫ਼ੈਸਲਾ ਨਹੀਂ ਕਰਦੀ ਕਿ ਘੱਟ ਗਿਣਤੀਆਂ ਕੀ ਕਰਨ ਤੇ ਕੀ ਨਾ ਕਰਨ? ਘੱਟ ਗਿਣਤੀਆਂ ਨੂੰ ਇੰਗਲੈਂਡ, ਕੈਨੇਡਾ, ਸੋਵੀਅਤ ਰੂਸ, ਯੂਗੋਸਲਾਵੀਆ ਆਦਿ ਦੇਸ਼ਾਂ ਵਿਚ ਵੱਖ ਹੋਣ ਦਾ ਅਧਿਕਾਰ ਵੀ ਦਿਤਾ ਗਿਆ ਤੇ ਉਹ ਕਈ ਵਾਰ ਇਸ ਅਧਿਕਾਰ ਨੂੰ ਵਰਤ ਵੀ ਚੁਕੀਆਂ ਹਨ। ਦੂਜੇ ਦੇਸ਼ਾਂ ਵਿਚ, 21ਵੀਂ ਸਦੀ ਦਾ ਸੁਨਹਿਰੀ ਅਸੂਲ ਇਹ ਹੈ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਘੱਟ ਗਿਣਤੀਆਂ ਨੂੰ ਪੁੱਛੋ ਕਿ ਉਹ ਕੀ ਚਾਹੁੰਦੀਆਂ ਹਨ। ਸਲਾਹ ਲਏ ਬਿਨਾਂ, ਕੋਈ ਵੀ ਚੰਗੀ ਮਾੜੀ ਗੱਲ ਇਸ ਯੁਗ ਵਿਚ ਥੋਪੀ ਨਹੀਂ ਜਾ ਸਕਦੀ। ਜੇ ਕੋਈ ਥੋਪਦਾ ਹੈ ਤਾਂ ਸ਼ਾਂਤੀ ਖ਼ਤਮ ਹੋ ਜਾਂਦੀ ਹੈ। ਮੋਹਨ ਭਾਗਵਤ ਜੀ ਕਿਹੋ ਜਿਹਾ ਭਾਰਤ ਚਾਹੁੰਦੇ ਹਨ?