ਸ਼੍ਰੋਮਣੀ ਕਮੇਟੀਆਂ ਦੀਆਂ ਚੋਣਾਂ ਵਿਚ ਕੀ ਸਿੱਖ ਸੰਭਲ ਕੇ ਵੋਟ ਪਾਉਣਗੇ ਜਾਂ ਪਹਿਲਾਂ ਵਾਂਗ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਐਸ.ਜੀ.ਪੀ.ਸੀ. ਦੀ ਕਮਜ਼ੋਰੀ ਨੇ ਸਾਡੇ ਜਥੇਦਾਰ ਦੀ ਕੁਰਸੀ ਨੂੰ ਸਿਆਸਤਦਾਨਾਂ ਦੇ ਲਿਫ਼ਾਫ਼ਿਆਂ ’ਚੋਂ ਨਿਕਲਣ ਵਾਲੀ ਨੰਬਰਦਾਰੀ ਬਣਾਉਣ ਦੀ ਪ੍ਰਥਾ ਬਣਾ ਦਿਤਾ ਹੈ।

Image: For representation purpose only.

 

ਐਸ.ਜੀ.ਪੀ.ਸੀ. ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ 2024 ਦੇ ਦੂਜੇ ਮਹੀਨੇ ਸਿੱਖ ਅਪਣੇ ਨੁਮਾਇੰਦੇ ਚੁਣਨਗੇ। ਪਿਛਲੀ ਚੋਣ ਵਿਚ ਸਿੱਖਾਂ ਤੋਂ ਜਿਹੜੀ ਗ਼ਲਤੀ ਹੋਈ ਸੀ, ਉਸ ਦਾ ਖ਼ਮਿਆਜ਼ਾ ਅੱਜ ਸਾਰੀ ਸਿੱਖ ਕੌਮ ਭੁਗਤ ਰਹੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਐਸ.ਜੀ.ਪੀ.ਸੀ. ਦੇ ਚੁਣੇ ਹੋਏ ਸਾਰੇ ਮੈਂਬਰ ਸਹੀ ਸਾਬਤ ਨਹੀਂ ਹੋਏ ਸਗੋਂ ਅੱਧੇ ਤੋਂ ਵੱਧ ਗੁਰੂ ਦੇ ਸੱਚੇ ਸਿੱਖ ਹੀ ਸਨ। ਪਿਛਲੀਆਂ ਚੋਣਾਂ ਵਿਚ ਵੋਟਾਂ ਸ਼ਰਾਬ ਅਤੇ ਪੈਸੇ ਨਾਲ ਖ਼ਰੀਦੀਆਂ ਗਈਆਂ ਤੇ ਹਾਲ ਵਿਚ ਹੋਈ ਦਿੱਲੀ ਚੋਣ ਵਿਚ ਵੀ ਇਹੀ ਕੁੱਝ ਵੇਖਿਆ ਗਿਆ।

ਅੱਜ ਦੇ ਸਾਰੇ ਨਹੀਂ ਤਾਂ ਵਧੇਰੇ ਗੁਰਦਵਾਰਾ ਪ੍ਰਬੰਧਕਾਂ ਦੇ ਮਨਾਂ ਵਿਚ ਗੁਰਬਾਣੀ ਪ੍ਰਚਾਰ ਨਹੀਂ ਬਲਕਿ ‘ਗੋਲਕ ਸੰਭਾਲ’ ਮੁੱਖ ਮਨੋਰਥ ਬਣ ਗਿਆ ਹੈ। ਪੰਜਾਬ ਵਿਚ ਹੀ ਨਹੀਂ ਸਗੋਂ ਕਿਸੇ ਵੀ ਗੁਰੂ ਘਰ ਚਲੇ ਜਾਉ, ਇਸੇ ਲਾਲਚ ਅਧੀਨ ਗੁਰੂ ਘਰਾਂ ’ਚ ਜਿਸ ਕਦਰ ਸਿੱਖੀ ਸੋਚ ਦੀ ਬੇਕਦਰੀ ਹੁੰਦੀ ਹੈ, ਉਸ ਦਾ ਪੂਰਾ ਸੱਚ ਤਾਂ ਰੱਬ ਹੀ ਜਾਣ ਸਕਦਾ ਹੈ। ਜੈਕਾਰੇ ਤਾਂ ਇਹ ਮੀਰੀ-ਪੀਰੀ ਦੇ ਲਾਉਂਦੇ ਹਨ ਪਰ ਇਨ੍ਹਾਂ ਵਿਚ ਸਿੱਖੀ ਪ੍ਰਤੀ ਸੱਚਾ ਸਤਿਕਾਰ ਵੇਖਣ ਨੂੰ ਨਹੀਂ ਮਿਲਦਾ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਜੋ ਹਾਲਾਤ ਬਣੇ ਹੋਏ ਹਨ, ਉਹ ਇਹੀ ਦਰਸਾਉਂਦੇ ਹਨ ਕਿ ਉਨ੍ਹਾਂ ਨੇ ‘ਬਾਦਲਾਂ ਦੀ ਨਵਾਬੀ’ ਤੋਂ ਤਾਂ ਆਜ਼ਾਦੀ ਪ੍ਰਾਪਤ ਕਰ ਲਈ ਹੈ ਪਰ ਉਹ ਅਜੇ ਪੰਥ ਦੀ ਨਿਸ਼ਕਾਮ ਸੇਵਾ ਕਰਨ ਦੇ ਵਿਚਾਰ ਨਾਲ ਜੁੜਦੇ ਨਜ਼ਰ ਨਹੀਂ ਆਏ। ਇਹ ਜੋ ਸਿਆਸੀ ਮਾਲਕਾਂ ਦੀ ਗ਼ੁਲਾਮੀ ਦੀ ਰੀਤ ਐਸ.ਜੀ.ਪੀ.ਸੀ. ਵਿਚ ਪੈ ਗਈ ਹੈ, ਉਸ ਦਾ ਅਸਰ ਸਿੱਖੀ ’ਤੇ ਏਨਾ ਡੂੰਘਾ ਪਿਆ ਹੈ ਕਿ ਜਿਹੜੀ ਸਿੱਖੀ ਹਰ ਨਿਆਸਰੇ ਦੀ ਓਟ ਹੁੰਦਾ ਸੀ, ਅੱਜ ਉਸ ਦੇ ਸਿੱਖ ਬਰਾਬਰੀ ਤੇ ਮਦਦ ਲੈਣ ਲਈ ਈਸਾਈਆਂ ਕੋਲ ਜਾ ਰਹੇ ਹਨ।

ਐਸ.ਜੀ.ਪੀ.ਸੀ. ਦੀ ਕਮਜ਼ੋਰੀ ਨੇ ਸਾਡੇ ਜਥੇਦਾਰ ਦੀ ਕੁਰਸੀ ਨੂੰ ਸਿਆਸਤਦਾਨਾਂ ਦੇ ਲਿਫ਼ਾਫ਼ਿਆਂ ’ਚੋਂ ਨਿਕਲਣ ਵਾਲੀ ਨੰਬਰਦਾਰੀ ਬਣਾਉਣ ਦੀ ਪ੍ਰਥਾ ਬਣਾ ਦਿਤਾ ਹੈ। ਸਾਰੇ ਇਲਜ਼ਾਮ ਸਿਰਫ਼ ‘ਬਾਦਲ ਦਲ’ ਜਾਂ ਕਿਸੇ ਹੋਰ ਉਤੇ ਹੀ ਨਹੀਂ ਲਗਾਏ ਜਾ ਸਕਦੇ ਕਿਉਂਕਿ ਜੇ ਕਿਸੇ ਨੇ ਵੋਟ ਖ਼ਰੀਦੀ ਤਾਂ ਉਹ ਗੁਰਸਿੱਖਾਂ ਨੇ ਵੇਚੀ ਵੀ। ਐਸ.ਜੀ.ਪੀ.ਸੀ. ਦੀਆਂ ਕਮਜ਼ੋਰੀਆਂ ਕਾਰਨ ਅੱਜ ਸਿੱਖ ਆਪਸ ਵਿਚ ਹੀ ਉਲਝ ਰਹੇ ਹਨ। ਜਿੰਨਾ ਨੁਕਸਾਨ ਸਿੱਖਾਂ ਤੇ ਪੰਜਾਬੀ ਨੌਜੁਆਨਾਂ ਦਾ ਹੋ ਰਿਹਾ ਹੈ, ਉਸ ਨੂੰ ਖ਼ਤਮ ਕਰਨ ਵਾਸਤੇ ਇਕ ਤਾਕਤਵਰ ਜਥੇਦਾਰ ਦੀ ਆਵਾਜ਼ ਕਾਫ਼ੀ ਹੁੰਦੀ ਹੈ। ਪਰ ਸਿਆਸੀ ਲੋਕਾਂ ਦੇ ਲਿਫ਼ਾਫ਼ੇ ’ਚੋਂ ਨਿਕਲਿਆ ਜਥੇਦਾਰ ਕੀ ਕਰ ਸਕਦਾ ਹੈ? ਹਾਲ ਵਿਚ ਹੀ ਪਹਿਲਾਂ ਰਾਹੁਲ ਗਾਂਧੀ ਨੂੰ ਦਰਬਾਰ ਸਾਹਿਬ ਵਿਚ ਸਨਮਾਨਤ ਕਰਦੇ ਹਨ ਤੇ ਫਿਰ ਜਦੋਂ ਵੇਖਦੇ ਹਨ ਕਿ ਇਸ ਦਾ ਨੁਕਸਾਨ ਉਨ੍ਹਾਂ ਦੇ ਸਿਆਸੀ ਆਕਾ ਨੂੰ ਹੋ ਰਿਹਾ ਹੈ, ਫਿਰ ਉਪਰੋਂ ਆਏ ਹੁਕਮਾਂ ਅਨੁਸਾਰ ਬਿਆਨ ਦੇ ਦੇਂਦੇ ਹਨ। ਜੇ ਅਸਲ ਵਿਚ ਕੌਮ ਲਈ ਨਿਆਂ ਪ੍ਰਾਪਤ ਕਰਨ ਦੀ ਇੱਛਾ ਰਖਦੇ ਤਾਂ ਰਾਹੁਲ ਗਾਂਧੀ ਨੂੰ ਇਕਾਂਤ ’ਚ ਮਿਲ ਕੇ ਸਿੱਖਾਂ ਦੇ ਮਨ ਦੇ ਦਰਦ ਬਾਰੇ ਤਾਂ ਸਮਝਾ ਦੇਂਦੇ।

ਪਰ ਅੱਜ ਦੇ ਬਹੁਤੇ ਮੈਂਬਰ ਗੁਰੂ ਦੇ ਸਿੱਖ ਨਹੀਂ ਹਨ ਬਲਕਿ ਬਾਦਲਾਂ ਦੇ ਸਿੱਖ ਪਹਿਰੇਦਾਰ ਹਨ। ਇਨ੍ਹਾਂ ’ਚ ਕਿਸੇ ਨੂੰ ਦੁੱਖ ਨਹੀਂ ਹੁੰਦਾ ਕਿ ਗੁਰਬਾਣੀ ਪ੍ਰਸਾਰਨ ਨੂੰ ਬਾਦਲ ਪ੍ਰਵਾਰ ਦੇ ਫ਼ਾਇਦੇ ਵਾਸਤੇ ਪੀਟੀਸੀ ਨੂੰ ਕਦੇ ਸਿੱਧੇ ਤੇ ਕਦੇ ਅਸਿੱਧੇ ਤਰੀਕੇ ਨਾਲ ਏਕਾਧਿਕਾਰ ਦਿਤਾ ਹੋਇਆ ਹੈ। ਇਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕਿ ਕਾਰ ਸੇਵਾ ਵਿਚ ਦਰਬਾਰ ਸਾਹਿਬ ਦੀਆਂ ਦੀਵਾਰਾਂ ਤੇ ਅਜਿਹੀ ਨਕਾਸ਼ੀ ਕੀਤੀ ਗਈ ਹੈ ਜਿਸ ਦੇ ਸਿਰ ਤੇ ਇਹ ਝੂਠ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਾ ਕਰਦੇ ਸਨ। ਇਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕਿ ਸਿੱਖ ਧਰਮ ਦੇ ਇਤਿਹਾਸਕ ਹੱਥ ਲਿਖਤ ਗ੍ਰੰਥ ਗ਼ਾਇਬ ਹਨ ਤੇ ਸਾਲਾਂ ਤੋਂ ਚਲ ਰਹੀ ਜਾਂਚ ਪੂਰੀ ਨਹੀਂ ਹੋ ਰਹੀ। ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦ ਤਕ ਇਨ੍ਹਾਂ ਦੇ ਸਿਆਸੀ ਮਾਲਕ ਦੀ ਤਿਜੋਰੀ ਭਰਦੀ ਜਾ ਰਹੀ ਹੋਵੇ। ਇਹ ਚੋਣਾਂ ਇਨ੍ਹਾਂ ਦੀਆਂ ਨਹੀਂ ਹਨ ਤੇ ਨਾ ਕਿਸੇ ਹੋਰ ਸਿਆਸੀ ਆਗੂ ਦੀਆਂ। ਇਹ ਚੋਣ ਗੁਰੂ ਦੇ ਸਿੱਖਾਂ ਦੀ ਹੈ, ਕੀ ਉਹ ਸਹੀ ਸੇਵਕਾਂ ਨੂੰ ਗੁਰੂ ਦੀ ਸਿਖਿਆ ਦੀ ਸੰਭਾਲ ਤੇ ਪ੍ਰਚਾਰ ਵਾਸਤੇ ਚੁਣ ਸਕਣਗੇ? ਜੇ ਤੁਸੀ ਅੱਜ ਫਿਰ ਅਪਣੇ ਗੁਰੂ ਦੇ ਸਿੱਖ ਵਜੋਂ ਜ਼ਿੰਮੇਵਾਰੀ ਨਾ ਨਿਭਾਈ ਤਾਂ ਫਿਰ ਕਸੂਰ ਸਿਆਸਤਦਾਨਾਂ ਦਾ ਨਹੀਂ, ਤੁਹਾਡਾ ਹੋਵੇਗਾ।
- ਨਿਮਰਤ ਕੌਰ