ਬਾਬੇ ਨਾਨਕ ਨੂੰ ਅਕੀਦਤ ਪੇਸ਼ ਕਰਨ ਲਈ ਅਸੈਂਬਲੀ ਵਿਚ ਪਹਿਲਾ ਇਤਿਹਾਸਕ ਇਕੱਠ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੰਯੁਕਤ ਰਾਸ਼ਟਰ ਤੋਂ ਲੈ ਕੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਆਸਟ੍ਰੇਲੀਆ ਦਾ ਓਪੇਰਾ ਹਾਊਸ ਬਾਬੇ ਨਾਨਕ ਦੀ...

Guru Nanak Birth Anniversary special session of Punjab assembly

ਸੰਯੁਕਤ ਰਾਸ਼ਟਰ ਤੋਂ ਲੈ ਕੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਆਸਟ੍ਰੇਲੀਆ ਦਾ ਓਪੇਰਾ ਹਾਊਸ ਬਾਬੇ ਨਾਨਕ ਦੀ ਯਾਦ ਵਿਚ ਖ਼ੂਬ ਸਜਾਇਆ ਗਿਆ। ਅਜੇ ਹੋਰ ਬਹੁਤ ਸਾਰੇ ਸਮਾਗਮ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਅਕੀਦਤ ਪੇਸ਼ ਕਰਨ ਲਈ, ਹੋਣ ਵਾਲੇ ਹਨ। ਅੱਜ ਸਿਆਸੀ ਵੰਡੀਆਂ ਤੇ ਆਪੋਧਾਪੀਆਂ ਵੀ ਬਾਬਾ ਨਾਨਕ ਦੇ ਫ਼ਲਸਫ਼ੇ ਅੱਗੇ ਢਹਿ ਢੇਰੀ ਹੋ ਜਾਂਦੀਆਂ ਹਨ ਕਿਉਂਕਿ ਨਾਨਕ-ਫ਼ਲਸਫ਼ੇ 'ਚੋਂ ਇਕ ਵੀ ਪੁਰਾਣੀ ਪੈ ਚੁੱਕੀ ਜਾਂ ਬੁੱਸੀ ਗੱਲ ਕਢਣੀ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ।

ਇਸ ਖ਼ਾਸ ਅਵਸਰ ਤੇ ਪੰਜਾਬ ਵਿਧਾਨ ਸਭਾ ਦਾ ਇਕ ਖ਼ਾਸ ਇਜਲਾਸ ਰਖਿਆ ਗਿਆ ਜਿਸ ਵਿਚ ਨਾ ਸਿਰਫ਼ ਕਾਂਗਰਸੀ, ਅਕਾਲੀ ਅਤੇ ਆਮ ਆਦਮੀ ਪਾਰਟੀ ਵਾਲੇ ਸ਼ਾਂਤੀ ਨਾਲ ਸਿਰ ਜੋੜ ਕੇ ਬੈਠੇ ਬਲਕਿ ਨਾਲ ਹਰਿਆਣਾ ਦੇ ਵਿਧਾਇਕਾਂ ਨੂੰ ਵੀ ਬਿਠਾ ਲਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਹਾਜ਼ਰ ਹੋਏ ਅਤੇ ਬਾਬੇ ਨਾਨਕ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕ ਜ਼ਬਾਨ ਹੋ ਕੇ ਬੋਲੇ। ਏਨੀ ਏਕਤਾ ਕਦੇ-ਕਦੇ ਹੀ ਵੇਖਣ ਨੂੰ ਮਿਲਦੀ ਹੈ ਪਰ ਇਹ ਹੈ ਬਾਬਾ ਨਾਨਕ ਦੇ ਫ਼ਲਸਫ਼ੇ ਦੀ ਤਾਕਤ ਕਿ 550 ਸਾਲ ਬਾਅਦ ਵੀ ਉਹ ਵੱਖ ਵੱਖ ਸੋਚਾਂ ਵਾਲਿਆਂ ਨੂੰ ਜੋੜਨ ਦਾ ਚਮਤਕਾਰ ਵਿਖਾ ਸਕਦਾ ਹੈ। ਪਰ ਜਿਥੇ ਏਕਤਾ ਨਜ਼ਰ ਆ ਰਹੀ ਸੀ, ਉਥੇ ਦਰਾੜਾਂ ਵੀ ਸਾਫ਼ ਦਿਸ ਰਹੀਆਂ ਸਨ।

ਜਿਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਸ ਨੂੰ ਵੇਖ ਕੇ ਲਗਦਾ ਨਹੀਂ ਕਿ ਇਹ ਸੱਭ ਇਕ ਕਾਂਗਰਸੀ ਸਰਕਾਰ ਕਰ ਰਹੀ ਹੈ ਨਾਕਿ ਕੋਈ ਪੰਥਕ ਸਰਕਾਰ। ਮੁੱਖ ਮੰਤਰੀ ਅਤੇ ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਨੂੰ ਸੱਦਾ ਦਿਤਾ ਕਿ ਉਹ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਣ। ਉਨ੍ਹਾਂ ਵਲੋਂ ਅਕਾਲੀ ਦਲ ਨਾਲ ਵਿੱਥਾਂ ਭਰਨ ਦੀ ਕੋਸ਼ਿਸ਼ ਪ੍ਰਸ਼ੰਸਾਯੋਗ ਹੈ। ਇਹ ਉਹ ਕੈਪਟਨ ਅਮਰਿੰਦਰ ਸਿੰਘ ਹਨ ਜੋ ਲਾਂਘੇ ਨੂੰ ਜਾਂਦੀ ਸੜਕ ਦਾ ਨਾਂ ਨਕੋਦਰ ਦੇ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੇ ਨਾਂ ਤੇ ਰੱਖਣ ਵਾਲੇ ਹਨ ਕਿਉਂਕਿ 2001 ਵਿਚ ਇਸ ਯਤਨ ਦੀ ਸ਼ੁਰੂਆਤ ਹੀ ਉਨ੍ਹਾਂ ਨੇ ਕੀਤੀ ਸੀ।

ਪਰ ਕਿਸੇ ਦੇ ਮੂੰਹੋਂ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਨਿਕਲਿਆ ਜਿਨ੍ਹਾਂ ਦੀ 'ਜੱਫੀ' ਕਾਰਨ ਇਸ ਲਾਂਘੇ ਦਾ ਪ੍ਰਸਤਾਵ ਹਕੀਕਤ ਬਣਿਆ। ਸੋ ਜੇ ਕਾਂਗਰਸ ਅਪਣੀਆਂ ਅੰਦਰ ਦੀਆਂ ਦਰਾੜਾਂ ਨਹੀਂ ਭਰ ਸਕਦੀ ਤਾਂ ਕਾਂਗਰਸ-ਅਕਾਲੀ ਦੂਰੀਆਂ ਕਿਸ ਤਰ੍ਹਾਂ ਖ਼ਤਮ ਹੋ ਸਕਦੀਆਂ ਹਨ? ਨਵਜੋਤ ਸਿੰਘ ਵਲੋਂ ਵੀ ਕਮੀ ਰਹੀ ਕਿ ਉਹ ਅਪਣੀ ਨਾਰਾਜ਼ਗੀ ਛੱਡ ਕੇ ਇਸ ਖ਼ਾਸ ਇਜਲਾਸ ਵਿਚ ਬਾਬੇ ਨਾਨਕ ਨੂੰ ਸ਼ਰਧਾ ਭੇਂਟ ਕਰਨ ਲਈ ਨਾ ਆ ਸਕੇ। ਦੂਜੇ ਪਾਸੇ ਬਾਦਲ ਪ੍ਰਵਾਰ ਦੇ ਬਜ਼ੁਰਗ ਅੱਜ ਦੇ ਸੈਸ਼ਨ ਵਿਚ ਬੜੀ ਖ਼ੁਸ਼ੀ ਨਾਲ ਸ਼ਾਮਲ ਹੁੰਦੇ ਨਜ਼ਰ ਆਏ। ਮਜੀਠੀਆ, ਪ੍ਰਕਾਸ਼ ਸਿੰਘ ਬਾਦਲ, ਸੁਨੀਲ ਜਾਖੜ, ਦੁਸ਼ਿਅੰਤ ਚੌਟਾਲਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਖਾਣਾ ਖਾਧਾ।

ਪਰ ਗੈਰਹਾਜ਼ਰ ਸਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜੋ ਸਿਰਫ਼ ਨਰਿੰਦਰ ਮੋਦੀ ਨੂੰ ਹੀ ਇਸ ਲਾਂਘੇ ਦਾ ਹੀਰੋ ਮੰਨਦੇ ਹਨ। ਉਨ੍ਹਾਂ ਵਲੋਂ ਏਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਕਿ ਇਕ ਸਟੇਜ ਤੇ ਸਾਰੇ ਇਕੱਠੇ ਨਾ ਹੋ ਸਕੇ ਤੇ ਅੱਜ ਕਰੋੜਾਂ ਦਾ ਖ਼ਰਚਾ ਕਰ ਕੇ ਸ਼੍ਰੋਮਣੀ ਕਮੇਟੀ ਵਖਰੇ ਮੰਚ 'ਤੇ ਅਪਣਾ ਵਖਰਾ ਪ੍ਰੋਗਰਾਮ ਰੱਖ ਰਹੀ ਹੈ। ਇਹ ਜੋੜੀ ਵੀ ਜੇ ਅਪਣੇ ਪਿਤਾ ਦੀ ਗੱਲ ਮੰਨ ਕੇ ਇਕੱਠੇ ਹੋ ਜਾਂਦੀ ਤਾਂ ਅੱਜ ਇਸ ਪ੍ਰਵਾਰ ਦੀ ਚੰਗੀ ਚੜ੍ਹਤ ਬਣਨੀ ਸੀ। ਅਜੇ ਤਾਂ ਆਉਣ ਵਾਲੇ ਦਿਨਾਂ ਵਿਚ ਦਰਾੜਾਂ ਦੀ ਪੇਸ਼ਕਾਰੀ ਹੋਰ ਵੀ ਵਧਣੀ ਹੈ ਜਿਸ ਦਾ ਪ੍ਰਦਰਸ਼ਨ ਬਾਅਦ ਵਿਚ ਵੇਖਣ ਨੂੰ ਮਿਲੇਗਾ।

ਇਸ ਮਿਸ਼ਨ ਵਿਚ ਸੱਭ ਤੋਂ ਠੋਕਵੀਂ ਗੱਲ ਉਸ ਸ਼ਖ਼ਸ ਦੀ ਲੱਗੀ ਜੋ ਬੋਲਣ ਵਿਚ ਮਾਹਰ ਨਹੀਂ ਹਨ ਪਰ ਸੋਚ ਅਜੇ ਵੀ ਬਹੁਤ ਤੇਜ਼ ਹੈ। ਅਪਣੇ ਭਾਸ਼ਣ ਦੇ ਅਖ਼ੀਰ ਵਿਚ ਡਾ. ਮਨਮੋਹਨ ਸਿੰਘ ਸੱਚ ਬਿਆਨ ਕਰ ਗਏ ਕਿ ਜੇ ਅੱਜ ਪੰਜਾਬ ਅਸਲ ਵਿਚ ਬਾਬੇ ਨਾਨਕ ਨਾਲ ਜੁੜਿਆ ਹੁੰਦਾ ਤਾਂ ਇਥੇ ਨਾ ਨਸ਼ਾ ਹੁੰਦਾ, ਨਾ ਔਰਤਾਂ ਦਾ ਨਿਰਾਦਰ ਅਤੇ ਨਾ ਵਾਤਾਵਰਣ ਦਾ ਹਾਲ ਬੁਰਾ ਹੁੰਦਾ। ਸਮਾਗਮਾਂ ਵਿਚ ਭਾਸ਼ਣਾਂ ਦੀ ਅਪਣੀ ਥਾਂ ਹੈ ਪਰ ਜੇ ਅਸਲ ਵਿਚ ਬਾਬੇ ਨਾਨਕ ਦੀ ਬਾਣੀ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਜੁੜਨਾ ਪਵੇਗਾ ਪਰ ਕਿਵੇਂ ਜੁੜੇ ਰਹਾਂਗੇ, ਇਹ ਅੱਜ ਦਾ ਸੱਭ ਤੋਂ ਵੱਡਾ ਸਵਾਲ ਹੈ। ਰਹੀ ਗੱਲ ਲਾਂਘਾ ਖੁੱਲ੍ਹਣ ਦੀ ਤੇ ਅਸਲ ਸ਼ਰਧਾਲੂ ਕੌਣ ਹੈ, ਇਸ ਬਾਬੇ ਗੱਲ ਹੋ ਸਕਦੀ ਹੈ, ਪਰ ਸਮੇਂ ਦਾ ਅਸਲ ਹੀਰੋ ਤਾਂ ਸਿਰਫ਼ ਅਤੇ ਸਿਰਫ਼ ਬਾਬੇ ਨਾਨਕ ਦੀ ਬਾਣੀ ਹੈ।  - ਨਿਮਰਤ ਕੌਰ