ਭਾਜਪਾ ਨੇ ਕਾਂਗਰਸ ਨੂੰ ਮਾਰਦਿਆਂ ਮਾਰਦਿਆਂ ਅਪਣੇ ਸਾਰੇ ਭਾਈਵਾਲ ਵੀ ਜ਼ੀਰੋ ਬਣਾ ਦਿਤੇ
ਨਿਤੀਸ਼ ਕੁਮਾਰ ਭਾਜਪਾ ਦੇ ਆਖ਼ਰੀ ਭਾਈਵਾਲ ਸਨ ਜਿਨ੍ਹਾਂ ਕੋਲ ਲੋਕ ਸਭਾ ਵਿਚ ਅਪਣੇ 17 ਐਮ.ਪੀ. ਸਨ।
ਅਜੇ ਕੁੱਝ ਸਾਲ ਪਹਿਲਾਂ ਦੀ ਗੱਲ ਯਾਦ ਕਰੀਏ ਤਾਂ ਨਿਤੀਸ਼ ਕੁਮਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਸੱਭ ਤੋਂ ਕਾਬਲ ਸਿਆਸਤਦਾਨ ਸਮਝੇ ਜਾਂਦੇ ਸਨ। ਭਾਜਪਾ ਨੇ ਜਦ ਨਰਿੰਦਰ ਮੋਦੀ ਨੂੰ ਅਪਣਾ ਚਿਹਰਾ ਬਣਾਇਆ ਤੇ ਪ੍ਰਧਾਨ ਮੰਤਰੀ ਬਣਾਇਆ ਤਾਂ ਵਿਰੋਧੀ ਧਿਰ ਇਕਜੁਟ ਹੋ ਕੇ ਭਾਜਪਾ ਦੀ ਸੁਨਾਮੀ ਦਾ ਮੁਕਾਬਲਾ ਕਰਨ ਵਾਸਤੇ ਬਿਹਾਰ ਵਿਚ ਨਿਤੀਸ਼ ਕੁਮਾਰ ਦੇ ਪਿੱਛੇ ਖੜੀ ਹੋ ਗਈ ਸੀ।
ਪਰ ਅੱਜ ਦੀ ਤਰੀਕ ਅਜਿਹਾ ਹਾਲ ਹੋ ਗਿਆ ਹੈ ਕਿ ਨਿਤੀਸ਼ ਕੁਮਾਰ ਦਾ ਨਾਮ ਕਿਸੇ ਪੋਸਟਰ ਤੇ ਨਹੀਂ ਦਿਸ ਰਿਹਾ। ਮਹਾਂਗਠਬੰਧਨ ਦੀਆਂ ਮੁਸ਼ਕਲਾਂ ਤੋਂ ਭੱਜ ਕੇ ਭਾਜਪਾ ਵਿਚ ਸ਼ਰਨ ਲੈਣ ਵਾਲੇ ਨਿਤੀਸ਼ ਕੁਮਾਰ ਇਕ ਰਾਜੇ ਵਾਂਗ ਆਏ ਸਨ ਤੇ ਅੱਜ ਉਹ ਇਸ ਮੁਕਾਬਲੇ ਵਿਚ ਇਕ ਭਿਖਾਰੀ ਬਣ ਕੇ ਰਹਿ ਗਏ ਹਨ। ਨਿਤੀਸ਼ ਕੁਮਾਰ ਭਾਜਪਾ ਦੇ ਆਖ਼ਰੀ ਭਾਈਵਾਲ ਸਨ ਜਿਨ੍ਹਾਂ ਕੋਲ ਲੋਕ ਸਭਾ ਵਿਚ ਅਪਣੇ 17 ਐਮ.ਪੀ. ਸਨ।
ਜੇ.ਡੀ.ਯੂ ਤੋਂ ਉਪਰ ਸ਼ਿਵ ਸੈਨਾ ਹੁੰਦੀ ਸੀ ਜਿਸ ਕੋਲ 19 ਐਮ.ਪੀ. ਸਨ। ਤੀਜਾ ਅਹਿਮ ਭਾਈਵਾਲ ਬਿਹਾਰ ਦਾ ਐਲ.ਜੇ.ਪੀ. (ਰਾਮ ਬਿਲਾਸ ਪਾਸਵਾਨ) ਸੀ ਜੋ 6 ਮੈਂਬਰਾਂ ਸਮੇਤ ਅਜੇ ਵੀ ਖੜਾ ਹੈ। ਬਾਕੀ ਸੱਭ ਭਾਈਵਾਲ ਜਿਨ੍ਹਾਂ ਵਿਚ ਅਕਾਲੀ ਦਲ (ਬਾਦਲ) ਵੀ ਸ਼ਾਮਲ ਸੀ, ਉਨ੍ਹਾਂ ਕੋਲ ਮੈਂਬਰਾਂ ਦੀ ਗਿਣਤੀ ਇਕ ਦੋ ਸੀਟਾਂ ਤਕ ਹੀ ਸੀਮਤ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅੱਜ ਭਾਜਪਾ ਦਾ ਕੋਈ ਵੀ ਭਾਈਵਾਲ, ਸੂਬਾ ਪੱਧਰ ਤੇ ਤਾਕਤਵਰ ਨਹੀਂ ਰਹਿ ਗਿਆ ਤੇ ਸ਼ਿਵ ਸੈਨਾ ਨੇ ਵੀ ਅਪਣੇ ਆਪ ਨੂੰ ਭਾਜਪਾ ਤੋਂ ਵੱਖ ਕਰ ਲਿਆ ਹੈ। ਹਰਿਆਣਾ ਵਿਚ ਚੌਟਾਲਾ ਪ੍ਰਵਾਰ ਦਾ ਵੀ ਕਦੇ ਬੜਾ ਵੱਡਾ ਨਾਮ ਸੀ ਪਰ ਅੱਜ ਦੁਸ਼ਯੰਤ ਚੌਟਾਲੇ ਵਿਚ ਵੀ ਅਪਣੀਆਂ ਜੜ੍ਹਾਂ ਯਾਨੀ ਕਿਸਾਨਾਂ ਨਾਲ ਖੜੇ ਹੋਣ ਦੀ ਤਾਕਤ ਨਹੀਂ ਰਹੀ। ਸੋ ਭਾਜਪਾ ਨੇ ਏਨੀ ਗੁੱਝੀ ਸਿਆਸਤ ਖੇਡੀ ਹੈ ਕਿ ਕਾਂਗਰਸ ਤਾਂ ਤਬਾਹ ਹੋਈ ਹੀ ਹੈ ਪਰ ਨਾਲ-ਨਾਲ ਬੀਜੇਪੀ ਦੇ ਸਾਰੇ ਭਾਈਵਾਲ ਵੀ ਖ਼ਤਮ ਹੋ ਗਏ ਹਨ।
ਪੰਜਾਬ ਵਿਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਅਕਾਲੀ ਦਲ (ਬਾਦਲ) ਸ਼ਿਵ ਸੈਨਾ ਵਾਂਗ ਅਪਣੀ ਹੋਂਦ ਬਰਕਰਾਰ ਰੱਖ ਪਾਵੇਗਾ ਜਾਂ ਕਿਸੇ ਦਿਨ ਨਿਤੀਸ਼ ਕੁਮਾਰ ਵਾਂਗ ਉਹ ਵੀ ਸਿਆਸਤ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕਰੇਗਾ। ਬਾਦਲ ਅਕਾਲੀ ਦਲ ਕੋਸ਼ਿਸ਼ ਤਾਂ ਕਰ ਰਿਹਾ ਹੈ ਕਿ ਉਹ ਦੋਹਾਂ ਥਾਵਾਂ ਤੇ ਅਪਣੀ ਪਕੜ ਬਣਾਈ ਰੱਖੇ। ਇਕ ਪਾਸੇ ਉਹ ਕਿਸਾਨਾਂ ਕਾਰਨ ਭਾਈਵਾਲ ਛੱਡ ਆਇਆ ਹੈ ਤੇ ਦੂਜੇ ਪਾਸੇ ਉਹ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਭੁੱਲਣ ਲਈ ਵੀ ਤਿਆਰ ਨਹੀਂ। ਜਦ ਦਿੱਲੀ ਵਿਚ ਸਰਕਾਰ ਦੇ ਸੱਭ ਤੋਂ ਵੱਡੇ ਆਲੋਚਕ, ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਨਾਲ ਖੜੇ ਹੋ ਗਏ,
ਉਥੇ ਅਕਾਲੀ ਦਲ ਦੀ ਗ਼ੈਰ ਹਾਜ਼ਰੀ ਕਿਸਾਨਾਂ ਨੂੰ ਵੀ ਅਖਰ ਰਹੀ ਸੀ। ਸੋ ਨਿਤੀਸ਼ ਕੁਮਾਰ ਜਾਂ ਉਧਵ ਠਾਕਰੇ ਵਾਂਗ ਕਿਸੇ ਇਕ ਰਸਤੇ ਨੂੰ ਚੁਣ ਕੇ ਹੁਣ ਬਾਦਲਾਂ ਨੂੰ ਵੀ ਇਕ ਬੇੜੀ ਛੱਡ ਕੇ ਦੂਜੀ ਬੇੜੀ ਵਿਚ ਸਵਾਰ ਹੋਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਸ ਪਾਰਟੀ ਦੀ ਹਾਜ਼ਰੀ ਕਿਸੇ ਵੀ ਸਦਨ ਵਿਚ ਨਹੀਂ ਮਿਲੇਗੀ। ਪਰ ਮੁਸ਼ਕਲ ਤਾਂ ਉਨ੍ਹਾਂ ਗੁਪਤ ਫ਼ਾਈਲਾਂ ਦੀ ਹੈ ਜੋ ਕੇਂਦਰ ਦੇ ਕਬਜ਼ੇ ਵਿਚ ਹਨ ਤੇ ਜੋ ਈ.ਡੀ. ਨੂੰ ਕਿਸੇ ਵਿਰੁਧ ਵੀ, ਕਦੇ ਵੀ, ਸਰਗਰਮ ਕਰ ਸਕਦੀਆਂ ਹਨ।
ਕਾਂਗਰਸੀ ਸਾਂਸਦ ਵੀ ਇਕੱਠੇ ਨਹੀਂ ਚਲ ਸਕਦੇ?
ਪੰਜਾਬ ਦੇ ਚਾਰ ਕਾਂਗਰਸੀ ਲੋਕ ਸਭਾ ਮੈਂਬਰ ਤੇ ਦੋ ਰਾਜ ਸਭਾ ਮੈਂਬਰ, ਕੇਂਦਰੀ ਰੇਲ ਮੰਤਰੀ ਨੂੰ ਵੱਖ-ਵੱਖ ਹੋ ਕੇ ਮਿਲੇ ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਭਾਵੇਂ ਸੱਭ ਕੋਲ ਚਰਚਾ ਕਰਨ ਲਈ ਮੁੱਦਾ ਤਾਂ ਇਕ ਹੀ ਸੀ ਪਰ ਇਕੱਠੇ ਚਲਣ ਲਈ ਇਹ ਅਜੇ ਵੀ ਤਿਆਰ ਨਹੀਂ। ਮੀਟਿੰਗ ਭਾਵੇਂ ਗਰਮਾਈ ਤੇ ਪੰਜਾਬ ਦੇ ਸਾਂਸਦਾਂ ਨੂੰ ਕੁੱਝ ਕੌੜੀਆਂ ਗੱਲਾਂ ਸੁਣਨੀਆਂ ਪਈਆਂ ਪਰ ਨਾਲ ਦੀ ਨਾਲ, ਕੇਂਦਰੀ ਮੰਤਰੀ ਨੇ ਰੇਲਾਂ ਖੋਲ੍ਹਣ ਵਾਸਤੇ ਕਦਮ ਵੀ ਚੁੱਕ ਲਏ।
ਸੱਤਾ ਵਿਚ ਬੈਠੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅੱਜ ਕੌੜੀਆਂ ਕੁਸੈਲੀਆਂ ਸੁਣਾ ਸਕਦੇ ਹਨ ਪਰ ਜਦ ਐਮ.ਪੀ. ਉਨ੍ਹਾਂ ਕੋਲ ਜਾ ਕੇ ਮੁੱਦੇ ਚੁਕਦੇ ਹਨ ਤਾਂ ਉਨ੍ਹਾਂ ਵਾਸਤੇ ਕਠੋਰ ਬਣੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਇਸ ਸੱਭ ਤੋਂ ਇਹੀ ਸਬਕ ਮਿਲਦਾ ਹੈ ਕਿ ਮੰਗਾਂ ਨੂੰ ਅੱਗੇ ਲਿਜਾਣ ਲਈ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਇਕ ਹੋਣ ਦੀ ਲੋੜ ਹੈ। ਜੇਕਰ ਇਸ ਗੱਲਬਾਤ ਵਿਚ ਸਾਬਕਾ ਕੇਂਦਰੀ ਮੰਤਰੀ ਬੀਬੀ ਬਾਦਲ ਤੇ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੀ ਸ਼ਾਮਲ ਹੁੰਦੇ ਤਾਂ ਸੁਨੇਹਾ ਇਹ ਜਾਣਾ ਸੀ ਕਿ ਪੰਜਾਬ ਦੇ ਹਰ ਮੁੱਦੇ ਤੇ ਪੰਜਾਬੀ ਸਿਆਸਤਦਾਨ ਇਕਜੁਟ ਹਨ ਤੇ ਕਿਸੇ ਵੀ ਲੋਕਤੰਤਰ ਵਿਚ ਧੱਕਾ ਕਰਨਾ ਮੁਸ਼ਕਲ ਹੈ
ਪਰ ਕਿਉਂਕਿ ਸਾਡੇ ਸਾਂਸਦ ਇਕਜੁਟ ਨਹੀਂ ਹੋ ਪਾ ਰਹੇ ਤੇ ਪੰਜਾਬ ਅਸੈਂਬਲੀ ਵਲੋਂ ਪਾਸ ਕੀਤੇ ਬਿਲ ਜਾਂ ਅਕਾਲੀਆਂ ਦੇ ਸੁਝਾਅ ਜਾਂ 'ਆਪ' ਵਲੋਂ ਗਰਾਮ ਪੰਚਾਇਤ ਮਤੇ ਲਹਿਰ ਵਿਚ ਵੰਡੇ ਜਾ ਰਹੇ ਹਨ ਜਦਕਿ ਕੇਂਦਰ ਨੂੰ ਪੰਜਾਬ ਨਾਲ ਖੁਲ੍ਹ ਕੇ ਖੇਡਣ ਦਾ ਮੌਕਾ ਮਿਲ ਜਾਂਦਾ ਹੈ। ਪਰ ਕੀ ਸਾਡੇ ਸਿਆਸਤਦਾਨ ਕਦੇ ਵੱਡੀਆਂ ਕੁਰਸੀਆਂ ਤੇ ਬੈਠਣ ਦੇ ਕਾਬਲ ਵੀ ਅਪਣੇ ਆਪ ਨੂੰ ਸਾਬਤ ਕਰ ਸਕਣਗੇ?
-ਨਿਮਰਤ ਕੌਰ