ਅਕਾਲੀ ਪਾਕਿ 'ਚ ਸਿੱਖਾਂ ਬਾਰੇ ਬਹੁਤ ਚਿੰਤਿਤ ਹਨ, ਭਾਰਤੀ ਸਿੱਖਾਂ ਦੇ ਉਜਾੜੇ ਬਾਰੇ ਕਿਉਂ ਨਹੀਂ ਬੋਲਦੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਤਸੱਲੀ ਦਿਤੀ ਜਾ ਰਹੀ ਹੈ ਕਿ ਸੀ.ਏ.ਏ. ਕਾਨੂੰਨ ਅਧੀਨ ਵੀ ਸਿੱਖ ਸ਼ਰਨਾਰਥੀਆਂ ਨੂੰ ਇਕ ਦਿਨ ਵਿਚ ਨਾਗਰਿਕਤਾ ਮਿਲ ਜਾਏਗੀ।

Sikhs

ਪਾਕਿਸਤਾਨ 'ਚ ਨਨਕਾਣਾ ਸਾਹਿਬ ਦੇ ਬਾਹਰ ਮਾਰੇ ਗਏ ਧਰਨੇ ਅਤੇ ਇਕ ਬੰਦੇ ਵਲੋਂ ਸਿੱਖਾਂ ਵਿਰੁਧ ਉਸ ਵਲੋਂ ਕੱਢੀ ਭੜਾਸ ਨਾਲ ਛਿੜਿਆ ਵਿਵਾਦ ਅੱਜ ਸਿੱਖ ਕੌਮ ਦੀ ਰੋਣਹਾਕੀ ਜਹੀ ਅਸਲੀਅਤ ਪੇਸ਼ ਕਰਦਾ ਹੈ। ਉਸ ਘਟਨਾ ਤੋਂ ਬਾਅਦ ਇਕ ਸਿੱਖ ਨੌਜੁਆਨ ਦਾ ਪੇਸ਼ਾਵਰ 'ਚ ਕਤਲ ਹੋ ਜਾਣ ਨਾਲ ਪਾਕਿਸਤਾਨ ਵਿਚ ਸਿੱਖਾਂ ਦੀ ਚਿੰਤਾ ਵਧੀ ਹੈ।

ਪਰ ਜਿਸ ਦਿਨ ਇਹ ਸਾਰਾ ਕੁੱਝ ਪਾਕਿਸਤਾਨ ਵਿਚ ਹੋ ਰਿਹਾ ਸੀ, ਅਫ਼ਸੋਸ ਮੱਧ ਪ੍ਰਦੇਸ਼ ਵਿਚ ਕੜਕਦੀ ਠੰਢ 'ਚ ਸਿੱਖਾਂ ਨੂੰ ਘਰੋਂ ਕੱਢ ਕੇ ਉਨ੍ਹਾਂ ਦੀ ਜ਼ਮੀਨ ਉਤੇ ਕਬਜ਼ਾ ਕਰਨ ਦਾ ਕਾਰਾ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਘਰ ਤੋੜੇ ਜਾ ਰਹੇ ਸਨ ਅਤੇ ਮੱਧ ਪ੍ਰਦੇਸ਼, ਜੋ ਕਿ ਭਾਰਤ ਦਾ ਹਿੱਸਾ ਹੈ, ਦੇ ਸਿੱਖ ਪੰਜਾਬ ਦੇ ਸਿੱਖਾਂ ਕੋਲ ਮਦਦ ਦੀ ਗੁਹਾਰ ਲਾ ਰਹੇ ਸਨ।

ਜਿਥੇ ਪਾਕਿਸਤਾਨ ਦੀ ਸਰਕਾਰ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਸ਼ਾਂਤੀ ਬਣਾਉਣ ਲਈ ਸਰਗਰਮ ਹੋ ਗਈ ਹੈ, ਉਥੇ ਭਾਰਤ ਸਰਕਾਰ ਨੇ ਤਾਂ ਅਜੇ ਸਿੱਖਾਂ ਦੀ ਸੁਣਵਾਈ ਦਾ ਕੰਮ ਹੀ ਸ਼ੁਰੂ ਨਹੀਂ ਕੀਤਾ। ਸੋ ਇਕ ਪਾਸੇ ਇਕ ਇਸਲਾਮਿਕ ਦੇਸ਼ ਹੈ ਜਿਥੋਂ ਅੱਜ ਦੇ ਹਾਲਾਤ ਵਿਚ ਨਿਆਂ ਮਿਲਣ ਦੀ ਉਮੀਦ ਤਾਂ ਕੀਤੀ ਜਾ ਸਕਦੀ ਹੈ। ਉਥੋਂ ਦੇ ਇਮਾਮ ਨੇ ਸਾਰੀ ਘਟਨਾ ਵਾਸਤੇ ਮਾਫ਼ੀ ਵੀ ਮੰਗੀ ਹੈ ਅਤੇ ਪੇਸ਼ਾਵਰ 'ਚ ਪੁਲਿਸ ਅਪਰਾਧੀਆਂ ਨੂੰ ਲੱਭਣ ਦੇ ਨੇੜੇ ਪੁਜ ਗਈ ਹੈ।

ਨਨਕਾਣਾ ਘਟਨਾ ਦਾ ਮੁੱਖ ਦੋਸ਼ੀ ਅਤਿਵਾਦ ਵਿਰੋਧੀ ਕਾਨੂੰਨ ਹੇਠ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਇਸ ਇਸਲਾਮਿਕ ਦੇਸ਼ ਵਿਚ ਸਿੱਖ ਧਾਰਮਕ ਸਥਾਨਾਂ ਨੂੰ ਆਜ਼ਾਦੀ ਤੋਂ ਬਾਅਦ ਵੀ ਪੂਰਾ ਸਤਿਕਾਰ ਪ੍ਰਾਪਤ ਹੋਇਆ ਹੈ ਅਤੇ ਦੂਜੇ ਪਾਸੇ ਭਾਰਤ ਦੇਸ਼ ਹੈ ਜਿਸ ਬਾਰੇ ਅਮਿਤ ਸ਼ਾਹ ਆਖਦੇ ਹਨ ਕਿ ਸਿੱਖਾਂ ਕੋਲ ਭਾਰਤ ਵਿਚ ਰਹਿਣ (ਜਿਵੇਂ ਵੀ ਰਖੀਏ) ਤੋਂ ਸਿਵਾ ਹੋਰ ਚਾਰਾ ਹੀ ਕੋਈ ਨਹੀਂ।

ਤਸੱਲੀ ਦਿਤੀ ਜਾ ਰਹੀ ਹੈ ਕਿ ਸੀ.ਏ.ਏ. ਕਾਨੂੰਨ ਅਧੀਨ ਵੀ ਸਿੱਖ ਸ਼ਰਨਾਰਥੀਆਂ ਨੂੰ ਇਕ ਦਿਨ ਵਿਚ ਨਾਗਰਿਕਤਾ ਮਿਲ ਜਾਏਗੀ। ਪਰ ਜੇ ਸਿੱਖਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਸਿੱਖ ਕਿਥੇ ਜਾਣ? ਜਿਸ ਤਰ੍ਹਾਂ ਉੜੀਸਾ ਵਿਚ ਮੰਗੂ ਮੱਠ ਨੂੰ ਢਾਹ ਦਿਤਾ ਗਿਆ ਅਤੇ ਤੋੜਨ ਸਮੇਂ ਨਿਸ਼ਾਨ ਸਾਹਿਬ ਨੂੰ ਮਲਬੇ ਵਿਚ ਸੁਟ ਦਿਤਾ ਗਿਆ ਜਿਥੋਂ ਸਪੋਕਸਮੈਨ ਦੇ ਪੱਤਰਕਾਰ ਨੇ ਇਸ ਨੂੰ ਲਭਿਆ, ਕੀ ਲਗਦਾ ਹੈ ਕਿ ਭਾਰਤ ਵਿਚ ਸਿੱਖਾਂ ਦੀ ਕਦਰ ਹੋ ਰਹੀ ਹੈ?

ਪਰ ਕੇਂਦਰ ਉਤੇ ਉਂਗਲੀ ਚੁੱਕਣ ਤੋਂ ਪਹਿਲਾਂ ਅਪਣੀਆਂ ਹੀ ਉੱਚ ਸੰਸਥਾਵਾਂ ਉਤੇ ਕਾਬਜ਼ ਰਾਖਿਆਂ ਤੋਂ ਸਵਾਲ ਪੁਛਦੇ ਹਾਂ ਕਿ ਅੱਜ ਤੋਂ 35 ਸਾਲ ਪਹਿਲਾਂ ਫ਼ੌਜ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪ ਚੁੱਕੇ ਗਏ ਸਨ, ਅਤੇ ਜੋ ਹੁਣ ਆਖਿਆ ਜਾ ਰਿਹਾ ਹੈ ਕਿ ਕੁੱਝ ਮਹੀਨਿਆਂ ਤੋਂ ਬਾਅਦ ਹੀ ਵਾਪਸ ਸੌਂਪ ਦਿਤੇ ਗਏ ਸਨ, ਕੀ ਉਸ ਦਾ ਸੱਚ ਉਹ ਆਪ ਵੀ ਕਬੂਲ ਕਰਨ ਨੂੰ ਤਿਆਰ ਹਨ?

ਕੀ ਜਦੋਂ ਅਕਾਲੀ ਲੀਡਰਸ਼ਿਪ ਵਿਦੇਸ਼ ਮੰਤਰੀ ਕੋਲ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਨ ਗਈ ਸੀ ਤਾਂ ਕੀ ਉਹ ਗ੍ਰਹਿ ਮੰਤਰੀ ਕੋਲ ਉੜੀਸਾ ਅਤੇ ਮੱਧ ਪ੍ਰਦੇਸ਼ ਦੇ ਸਿੱਖਾਂ ਦਾ ਉਜਾੜਾ ਰੋਕਣ ਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਲਈ ਵੀ ਜਾਏਗੀ? ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਇਕ ਵਾਰ ਫਿਰ ਬੜੀ ਦਲੇਰੀ ਵਿਖਾ ਕੇ ਅਕਾਲੀ ਸੋਚ ਨੂੰ ਵੰਗਾਰ ਦੇਂਦਾ ਬਿਆਨ ਦੇ ਦਿਤਾ ਹੈ ਅਤੇ ਆਖਿਆ ਹੈ ਕਿ ਅੱਜ ਸਿੱਖ ਨਾ ਸਿਰਫ਼ ਪਾਕਿਸਤਾਨ ਵਿਚ ਬਲਕਿ ਭਾਰਤ ਵਿਚ ਵੀ ਸੁਰੱਖਿਅਤ ਨਹੀਂ ਹਨ।

ਪਰ ਜੇ ਉਹ ਇਸ ਦਲੇਰੀ ਨੂੰ ਥੋੜ੍ਹਾ ਹੋਰ ਅੱਗੇ ਲੈ ਕੇ ਜਾਣ ਅਤੇ ਅਪਣੇ ਗੁਰੂ ਨੂੰ ਹਾਜ਼ਰ-ਨਾਜ਼ਰ ਮੰਨਦੇ ਹੋਏ ਇਹ ਵੀ ਦੱਸ ਦੇਣ ਕਿ ਇਸ ਕਮਜ਼ੋਰੀ ਦੇ ਪਿੱਛੇ ਦਾ ਕਾਰਨ ਕੀ ਹੈ ਤਾਂ ਸ਼ਾਇਦ ਉਹ ਠਹਿਰੇ ਹੋਏ ਪਾਣੀ ਵਿਚ ਵੱਟਾ ਮਾਰ ਕੇ ਹਿਲਜੁਲ ਪੈਦਾ ਕਰ ਹੀ ਦੇਵੇ। ਅੱਜ ਸਾਡਾ 'ਪੰਥਕ ਅਕਾਲੀ ਦਲ' ਏਨਾ ਕਮਜ਼ੋਰ ਕਿਉਂ ਹੋ ਗਿਆ ਹੈ ਕਿ ਉਹ ਸਿੱਖਾਂ ਦੇ ਹੱਕ ਵਿਚ ਅਪਣੀ ਭਾਈਵਾਲ ਪਾਰਟੀ ਅੱਗੇ ਸਿੱਖਾਂ ਦੀ ਕੋਈ ਮੰਗ ਵੀ ਨਹੀਂ ਰੱਖ ਸਕਦਾ?

ਪਾਕਿਸਤਾਨ ਵਿਚ ਇਕ ਸਿੱਖ ਕੁੜੀ ਅਤੇ ਮੁਸਲਮਾਨ ਵਿਚਕਾਰ ਪ੍ਰੇਮ ਵਿਆਹ ਅਕਾਲੀਆਂ ਲਈ ਚਿੰਤਾ ਦਾ ਸੱਭ ਤੋਂ ਵੱਡਾ ਕਾਰਨ ਕਿਉਂ ਬਣ ਰਿਹਾ ਹੈ ਤੇ ਮੱਧ ਪ੍ਰਦੇਸ਼, ਉੜੀਸਾ ਤੇ ਗੁਜਰਾਤ ਦੇ ਸਿੱਖਾਂ, ਯੂ.ਪੀ. ਦੇ ਗੁਰਦਵਾਰੇ ਬਾਰੇ ਕੇਂਦਰ ਨੂੰ ਕਿਉਂ ਨਹੀਂ ਕੁੱਝ ਕਹਿੰਦੇ ਤੇ ਸੰਵਿਧਾਨ ਦੇ ਆਰਟੀਕਲ 35ਏ ਬਾਰੇ ਕਿਉਂ ਨਹੀਂ ਕੂੰਦੇ? ਕੀ ਉਸ ਇਕ ਬੱਚੀ ਨੂੰ ਜ਼ਬਰਦਸਤੀ ਘਰ ਵਾਪਸ ਲਿਆ ਕੇ ਸਿੱਖਾਂ ਦੀ ਆਬਾਦੀ ਵਿਚ ਸੁਧਾਰ ਆ ਜਾਵੇਗਾ?

ਗਿਆਨੀ ਹਰਪ੍ਰੀਤ ਸਿੰਘ ਇਹ ਵੀ ਦੱਸ ਦੇਣ ਕਿ ਪਾਕਿਸਤਾਨ ਵਿਚ ਕੁਲ ਸਿੱਖ ਆਬਾਦੀ ਕਿੰਨੀ ਕੁ ਹੈ? ਜੋ ਲੋਕ ਸਿੱਖੀ ਸਰੂਪ ਵਿਚ ਬਾਬਿਆਂ ਅੱਗੇ ਮੱਥੇ ਟੇਕਦੇ ਹਨ, ਜਾਤ-ਪਾਤ, ਮੰਨਦੇ ਹਨ, ਕੀ ਉਹ ਸਿੱਖ ਹਨ? ਸਾਰੇ ਸਿੱਖ ਹੁਕਮਰਾਨ ਜੋ ਬਾਬਾ ਨਾਨਕ ਦੇ ਕਹਿਣ ਦੇ ਬਾਵਜੂਦ ਸਿੱਖ ਔਰਤਾਂ ਨੂੰ ਦਰਬਾਰ ਸਾਹਿਬ 'ਚ ਕੀਰਤਨ ਕਰਨ ਦਾ ਹੱਕ ਨਹੀਂ ਦਿੰਦੇ, ਕੀ ਉਹ ਸਿੱਖ ਹਨ?

ਸਿੱਖ ਕੌਮ ਦਾ ਸੁਰੱਖਿਅਤ ਨਾ ਹੋਣ ਦਾ ਕਾਰਨ ਇਕ ਕਮਜ਼ੋਰ, ਬੁੱਝੀ ਹੋਈ ਤੇ ਨਿਜੀ ਲਾਭਾਂ ਲਈ ਕੰਮ ਕਰਨ ਵਾਲੀ ਮਾਇਆਵਾਦੀ ਲੀਡਰਸ਼ਿਪ ਹੈ ਅਤੇ ਜਦੋਂ ਤਕ ਇਹ ਸਾਰੇ ਅਪਣੀ ਜ਼ਿੰਮੇਵਾਰੀ ਨਹੀਂ ਸਮਝਦੇ, ਇਹ ਜਾਣੇ ਅਣਜਾਣੇ ਸਿੱਖਾਂ ਦੀ ਕਮਜ਼ੋਰੀ ਦਾ ਕਾਰਨ ਬਣੇ ਰਹਿਣਗੇ।  -ਨਿਮਰਤ ਕੌਰ