ਅਮਰੀਕਨ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਅਤੇ ਡੈਮੋਕਰੇਸੀ, ਦੁਹਾਂ ਦਾ ਮਜ਼ਾਕ ਬਣਾ ਗਿਆ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਮਰੀਕੀ ਚੋਣ ਪ੍ਰਣਾਲੀ ਉਤੇ ਵੀ ਸ਼ੱਕ ਖੜਾ ਕਰ ਦਿਤਾ ਅਤੇ ਅਪਣੀ ਵਿਰੋਧੀ ਧਿਰ ਨੂੰ ਝੂਠੀ ਦਸਿਆ।

Donald Trump

ਅਮਰੀਕਾ: ਅਮਰੀਕਾ ਦੇ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ 1940 ਵਿਚ ਵਾਸ਼ਿੰਗਟਨ ਦੇ ਕੈਪੀਟਲ ਹਿਲ ’ਤੇ ਖੜੇ ਹੋ ਕੇ ਆਖਿਆ ਸੀ ਕਿ ‘‘ਅਸੀ ਬਚਾਅ ਕਰਦੇ ਹਾਂ ਅਤੇ ਜ਼ਿੰਦਗੀ ਦਾ ਇਕ ਤਰੀਕਾ ਘੜਦੇ ਹਾਂ। ਇਹ ਨਾ ਸਿਰਫ਼ ਅਮਰੀਕਾ ਲਈ ਹੀ ਬਲਕਿ ਸਾਰੀ ਮਨੁੱਖਤਾ ਲਈ ਚੰਗਾ ਹੈ।’’ ਉਸ ਤੋਂ ਬਾਅਦ ਅਮਰੀਕਾ ਦੀ ਸਦਨ, ਜਿਸ ਨੂੰ ਕੈਪੀਟਲ ਹਿਲ ਆਖਿਆ ਜਾਂਦਾ ਹੈ, ਸਚਮੁਚ ਇਨ੍ਹਾਂ ਹੀ ਸ਼ਬਦਾਂ ’ਤੇ ਅਮਲ ਕਰਦੀ ਆ ਰਹੀ ਹੈ। ਅਮਰੀਕਾ ਵਿਚ ਭਾਵੇਂ ਕਿਸੇ ਵੀ ਸੋਚ ਵਾਲਾ ਰਾਸ਼ਟਰਪਤੀ ਆਇਆ, ਅਮਰੀਕਾ ਦੁਨੀਆਂ ਦਾ ਅਜਿਹਾ ਸੱਭ ਤੋਂ ਵੱਡਾ ਦੇਸ਼ ਬਣਿਆ ਰਿਹਾ ਹੈ ਜਿਥੇ ਮਨੁੱਖੀ ਹੱਕਾਂ ਦੀ ਰਾਖੀ ਦੀ ਗੱਲ ਕਦੇ ਬੰਦ ਨਹੀਂ ਹੋਈ, ਨਾ ਉਸ ਨੂੰ ਕੋਈ ਰੋਕ ਹੀ ਲੱਗੀ। ਪਰ ਜੋ ਲੋਕ ਅਪਣੀ ਜਾਨ ਜੋਖਮ ਵਿਚ ਪਾ ਕੇ ਅਮਰੀਕਾ ਜਾਣਾ ਪਸੰਦ ਕਰਦੇ ਹਨ, ਉਹ ਅੱਜ ਸੋਚਣ ਲਈ ਮਜਬੂਰ ਹੋ ਗਏ ਹਨ। ਪਰ ਅੱਜ ਦੇ ਦਿਨ ਜੋ ਕੁੱਝ ਅਮਰੀਕਾ ਵਿਚ ਵਾਪਰਿਆ ਹੈ, ਉਸ ਤੋਂ ਬਾਅਦ ਅਮਰੀਕਾ ਨੂੰ ਮੁੜ ਉਸ ਮੁਕਾਮ ’ਤੇ ਪਹੁੰਚਾਉਣ ਲਈ ਅਮਰੀਕੀ ਲੀਡਰਸ਼ਿਪ ਨੂੰ ਵੱਡੀ ਮਿਹਨਤ ਕਰਨੀ ਪਵੇਗੀ।

ਅਮਰੀਕੀ ਪਾਰਲੀਮੈਂਟ ਵਿਚ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ, ਅਪਣੇ ਹੀ ਰਾਸ਼ਟਰਪਤੀ ਦੀ ਭੜਕਾਈ ਭੀੜ ਤੋਂ ਡਰਦੇ, ਕੁਰਸੀਆਂ ਪਿਛੇ ਛੁਪਦੇ ਵਿਖਾਈ ਦਿਤੇ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਚਾਰ ਸਾਲਾਂ ਨੇ ਦੁਨੀਆਂ ਨੂੰ ਮਜ਼ਾਕ ਉਡਾਉਣ ਦੇ ਬੜੇ ਅਵਸਰ ਦਿਤੇ ਪਰ ਅਸਲ ਲੋਕਤੰਤਰ ਤੇ ਆਜ਼ਾਦੀ ਦੇ ਆਸ਼ਕ ਇਸ ਸ਼ਖ਼ਸ ਨੂੰ ਵੇਖ ਕੇ ਰੋਂਦੇ ਹੁੰਦੇ ਸਨ। ਡੋਨਾਲਡ ਟਰੰਪ ਲੋਕਤੰਤਰ ਦੀ ਕਮਜ਼ੋਰੀ ਦੀ ਉਦਾਰਹਣ ਬÎਣ ਗਿਆ ਅਤੇ ਅਫ਼ਸੋਸ ਇਹ ਕਿ ਉਹ ਉਸ ਦੇਸ਼ ’ਚੋਂ ਚੁਣਿਆ ਗਿਆ ਜੋ ਦੁਨੀਆਂ ਨੂੰ ਆਜ਼ਾਦੀ ਨਾਲ ਜਿਉਣਾ ਸਿਖਾਉਂਦਾ ਸੀ। ਇਸ ਵਾਰ ਡੋਨਾਲਡ ਟਰੰਪ ਚੋਣ ਹਾਰੇ ਜ਼ਰੂਰ ਪਰ ਸਿਰਫ਼ ਇਕ ਫ਼ੀ ਸਦੀ ਫ਼ਰਕ ਨਾਲ ਜਿਸ ਦਾ ਮਤਲਬ 70 ਲੱਖ ਵੋਟਾਂ ਬਣਦਾ ਹੈ। ਇਸ ਅੰਕੜੇ ਨੇ ਸਿੱਧ ਕਰ ਦਿਤਾ ਸੀ ਕਿ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਪਿਛੇ ਵੀ ਉਨੇ ਹੀ ਲੋਕ ਹਨ ਜਿੰਨੇ ਕਿ ਆਉਣ ਵਾਲੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਹਨ। ਇਹ ਛੋਟਾ ਜਿਹਾ ਅੰਤਰ ਡੋਨਾਲਡ ਟਰੰਪ ਤੋਂ ਹਜ਼ਮ ਨਹੀਂ ਹੋ ਰਿਹਾ।

ਉਸ ਨੇ ਅਮਰੀਕੀ ਚੋਣ ਪ੍ਰਣਾਲੀ ਉਤੇ ਵੀ ਸ਼ੱਕ ਖੜਾ ਕਰ ਦਿਤਾ ਅਤੇ ਅਪਣੀ ਵਿਰੋਧੀ ਧਿਰ ਨੂੰ ਝੂਠੀ ਦਸਿਆ। ਅਮਰੀਕਾ ਦੀ ਹਮੇਸ਼ਾ ਤੋਂ ਇਕ ਰੀਤ ਰਹੀ ਹੈ ਕਿ ਹਾਰਨ ਵਾਲਾ ਰਾਸ਼ਟਰਪਤੀ ਅਪਣੀ ਹਾਰ ਸਵੀਕਾਰਦਾ ਹੈ, ਪਰ ਟਰੰਪ ਨੇ ਅਪਣੀ ਹਾਰ ਸਵੀਕਾਰ ਕਰਨ ਤੋਂ ਨਾਂਹ ਕਰ ਦਿਤੀ। ਹੁਣ ਸਿਰਫ਼ 14 ਦਿਨ ਰਹਿ ਗਏ ਸਨ ਜਦ ਡੋਨਾਲਡ ਟਰੰਪ ਨੇ ਅਪਣੀ ਕੁਰਸੀ ਛਡਣੀ ਸੀ ਪਰ ਡੋਨਾਲਡ ਟਰੰਪ ਨੇ ਅਜਿਹਾ ਕਾਰਾ ਕਰ ਦਿਤਾ ਜੋ ਕੋਈ ਸਿਆਣਾ ਇਨਸਾਨ ਨਹੀਂ ਕਰ ਸਕਦਾ। ਉਨ੍ਹਾਂ ਨੇ ਅਪਣੇ ਹੀ ਦੇਸ਼ ਦੀ ਸੰਵਿਧਾਨਕ ਪ੍ਰਣਾਲੀ ਵਿਰੁਧ ਜੰਗ ਛੇੜ ਦਿਤੀ ਤੇ ਦਾਅਵਾ ਕੀਤਾ ਕਿ ਉਸ ਦੀ ਜਿੱਤ ਨੂੰ ਹੇਰਾਫੇਰੀ ਨਾਲ ਹਾਰ ਵਿਚ ਬਦਲਿਆ ਜਾ ਰਿਹਾ ਹੈ। ਟਰੰਪ ਨੇ ਅਪਣੇ 49.7 ਫ਼ੀ ਸਦੀ ਸਮਰਥਕਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਵਾਸ਼ਿੰਗਟਨ ਦੇ ਕੈਪੀਟਨ ਹਿਲ ਵਿਚ ਇਕੱਠੇ ਹੋਣ ਲਈ ਸੱਦਾ ਦਿਤਾ ਅਤੇ ਫਿਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਹਿੰਸਾ ਲਈ ਉਕਸਾਇਆ। ਪੁਲਿਸ ਅਧਿਕਾਰੀਆਂ ਵਲੋਂ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਅਪਣੇ ਸਮਰਥਕਾਂ ਨੂੰ ਵਾਪਸ ਭੇਜਣ ਦੀ ਅਪੀਲ ਕਰਨੀ ਚਾਹੀਦੀ ਸੀ ਪਰ ਇਸ ਤੋਂ ਉਲਟ ਉਹ ਭੀੜ ਨੂੰ ਭੜਕਾਉਂਦੇ ਰਹੇ। ਹਿੰਸਾ ਦੀ ਘਟਨਾ ਤੋਂ 2 ਘੰਟੇ ਪਹਿਲਾਂ ਟਰੰਪ ਪ੍ਰਦਰਸ਼ਨਕਾਰੀਆਂ ਕੋਲੋਂ ਮੁਸਕਰਾ ਕੇ ਹੱਥ ਹਿਲਾਉਂਦੇ ਲੰਘੇ ਸਨ।

ਫਿਰ ਜਦੋਂ ਉਨ੍ਹਾਂ ਦੇ ਸੋਸ਼ਲ ਮੀਡੀਆ ’ਤੇ ਭਾਸ਼ਣ ਹੱਦ ਤੋਂ ਵੱਧ ਭੜਕਾਊ ਹੋ ਗਏ ਤਾਂ ਉਨ੍ਹਾਂ ਨੂੰ ਫੇਸਬੁੱਕ ਤੇ ਟਵਿਟਰ ਨੇ ਸੋਸ਼ਲ ਮੀਡੀਆ ਤੋਂ ਹਟਾ ਦਿਤਾ ਪਰ ਤਦ ਤਕ ਟਰੰਪ ਦੀ ਨਫ਼ਰਤ ਭਰੀ ਭੜਕਾਹਟ, ਭੀੜ ਨੂੰ ਬੇਕਾਬੂ ਕਰ ਚੁਕੀ ਸੀ। ਭੀੜ ਨੇ ਦੀਵਾਰਾਂ ’ਤੇ ਚੜ੍ਹ ਕੇ ਤੇ ਦਰਵਾਜ਼ੇ ਭੰਨ ਕੇ ਸੰਸਦ ਉਤੇ ਹੱਲਾ ਬੋਲ ਦਿਤਾ। ਇਕ ਪੁਲਸੀਆ ਔਰਤ ਜ਼ਖ਼ਮੀ ਹੋਈ ਅਤੇ ਚਾਰ ਬੰਦੇ ਘਬਰਾਹਟ ਵਿਚ ਮਾਰੇ ਗਏ।  ਇਸ ਸਾਰੀ ਘਟਨਾ ਨੂੰ ਵੇਖ ਕੇ ਅੱਜ ਅਮਰੀਕਾ ਉਤੇ ਸੱਭ ਦੀਆਂ ਨਜ਼ਰਾਂ ਲਗੀਆਂ ਹੋਈਆਂ ਹਨ, ਇਹ ਜਾਣਨ ਲਈ ਨਹੀਂ ਕਿ ਇਥੇ ਅੱਜ ਕੀ ਹੋਇਆ ਸਗੋਂ ਇਹ ਸੋਚ ਕੇ ਕਿ ਇਸ ਤੋਂ ਬਾਅਦ ਕੀ ਹੋਵੇਗਾ? ਕੀ ਹੁਣ ਅਮਰੀਕਾ ਅਪਣੇ ਆਜ਼ਾਦੀ ਤੇ ਨਿਆਂ ਦੇ ਟੀਚੇ ਮੁਤਾਬਕ ਚਲਣ ਦਾ ਹੌਸਲਾ ਵਿਖਾ ਸਕੇਗਾ? ਕੀ ਉਹ ਇਨ੍ਹਾਂ ਚਾਰ ਮੌਤਾਂ ਤੇ ਹਿੰਸਾ ਦੀ ਜ਼ਿੰਮੇਵਾਰੀ ਅਸਲ ਦੋਸ਼ੀਆਂ ’ਤੇ ਪਾ ਸਕੇਗਾ?

ਦੂਜਾ ਸਵਾਲ ਅੱਜ ਲੋਕਤੰਤਰ ’ਤੇ ਇਹ ਵੀ ਉਠਦਾ ਹੈ ਕਿ ਕੀ ਇਹ ਚੰਗੇ ਲੀਡਰ ਚੁਣਨ ਦਾ ਸਹੀ ਤਰੀਕਾ ਵੀ ਹੈ? ਜਦ ਇਕ ਅਮੀਰ ਤੇ ਪੜਿ੍ਹਆ ਲਿਖਿਆ ਦੇਸ਼ ਡੌਨਲਡ ਟਰੰਪ ਵਰਗੇ ਇਨਸਾਨ ਨੂੰ ਚੁਣ ਸਕਦਾ ਹੈ ਤਾਂ ਬਾਕੀ ਦੇਸ਼ਾਂ ਦਾ ਕੀ ਹਾਲ ਹੋਵੇਗਾ? ਲੋਕਤੰਤਰ ਹੁਣ ਸਿਰਫ਼ ਪ੍ਰਚਾਰ ਦੀ ਖੇਡ ਬਣ ਚੁੱਕਾ ਹੈ। ਜਿਸ ਨੂੰ ਪ੍ਰਚਾਰ ਕਰਨਾ ਆਉਂਦਾ ਹੈ, ਉਹ ਨਫ਼ਰਤ, ਡਰ ਅਤੇ ਝੂਠ ਦੇ ਸਹਾਰੇ ਅਮਰੀਕਾ ਦਾ ਰਾਸ਼ਟਰਪਤੀ ਵੀ ਬਣ ਸਕਦਾ ਹੈ। ਕੀ ਇਸੇ ਨੂੰ ‘ਡੈਮੋਕਰੇਸੀ’ ਅਤੇ ਆਜ਼ਾਦੀ ਕਹਿੰਦੇ ਹਨ? ਆਜ਼ਾਦੀ ਨਾਲ ਜ਼ਿੰਮੇਵਾਰੀ ਤੇ ਜਾਗਰੂਕਤਾ, ਸੱਚ, ਇਖ਼ਲਾਕ ਦੀ ਗੱਲ ਹੀ ਭੁਲਾ ਦਿਤਾ ਗਈ ਹੈ। ਪਰ ਇਕ ਗੱਲ ਫਿਰ ਵੀ ਤੈਅ ਹੈ ਕਿ ਅਮਰੀਕਾ ਵਿਚ ਉਨ੍ਹਾਂ 4 ਜਾਨਾਂ ਨੂੰ ਤਾਂ ਇਨਸਾਫ਼ ਮਿਲ ਹੀ ਜਾਵੇਗਾ ਜੋ ਟਰੰਪ ਦੀ ਭੜਕਾਹਟ ਦਾ ਸ਼ਿਕਾਰ ਹੋ ਗਈਆਂ ਪਰ ਦਿੱਲੀ ਵਿਚ ਹੁਣ ਤਕ ਹੋ ਚੁਕੀਆਂ 60 ਅਤੇ ਲਗਾਤਾਰ ਹੋ ਰਹੀਆਂ ਹੋਰ ਮੌਤਾਂ ਦਾ ਜਵਾਬ ਕੌਣ ਦੇਵੇਗਾ?                               - ਨਿਮਰਤ ਕੌਰ