ਪੰਜਾਬ ਦੇ ਨਵੇਂ ਪੁਲਿਸ ਮੁਖੀ ਦਿਨਕਰ ਗੁਪਤਾ ਸਿਰ ਵੱਡੀਆਂ ਜ਼ਿੰਮੇਵਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਡੀ.ਜੀ.ਪੀ. ਮੁਸਤਫ਼ਾ ਐਸ.ਟੀ.ਐਫ਼. ਦੇ ਮੁਖੀ ਵੀ ਹਨ ਅਤੇ ਇਸ ਵੇਲੇ ਪੰਜਾਬ ਸਰਕਾਰ ਅੱਗੇ ਨਸ਼ੇ ਦੀ ਵਿਕਰੀ ਨੂੰ ਠੱਲ੍ਹ ਪਾਉਣ ਤੋਂ ਵੱਡੀ ਚੁਨੌਤੀ......

Dinkar Gupta

ਡੀ.ਜੀ.ਪੀ. ਮੁਸਤਫ਼ਾ ਐਸ.ਟੀ.ਐਫ਼. ਦੇ ਮੁਖੀ ਵੀ ਹਨ ਅਤੇ ਇਸ ਵੇਲੇ ਪੰਜਾਬ ਸਰਕਾਰ ਅੱਗੇ ਨਸ਼ੇ ਦੀ ਵਿਕਰੀ ਨੂੰ ਠੱਲ੍ਹ ਪਾਉਣ ਤੋਂ ਵੱਡੀ ਚੁਨੌਤੀ ਹੋਰ ਕੋਈ ਨਹੀਂ ਹੋ ਸਕਦੀ। ਇਸ ਚੁਨੌਤੀ ਦੇ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦਾ, ਪੰਜਾਬ ਦੇ ਲੋਕਾਂ ਨਾਲ ਇਕ ਵੱਡਾ ਵਾਅਦਾ ਵੀ ਹੈ ਤੇ ਉਨ੍ਹਾਂ ਸਹੁੰ ਵੀ ਚੁੱਕੀ ਹੋਈ ਹੈ ਅਤੇ ਇਨ੍ਹਾਂ ਦੋਹਾਂ ਨੂੰ ਅਪਣੀਆਂ ਨਿਜੀ ਸ਼ਿਕਾਇਤਾਂ ਨੂੰ ਪਾਸੇ ਕਰ ਕੇ ਮੁੱਖ ਮੰਤਰੀ ਦੀ ਸਹੁੰ ਪੂਰੀ ਕਰਨੀ ਹੋਵੇਗੀ। ਇਸ ਮੁੱਦੇ ਤੇ ਇਨ੍ਹਾਂ ਦੋਹਾਂ ਦੀ ਸਾਂਝੀ ਕੋਸ਼ਿਸ਼ ਹੀ ਕਾਮਯਾਬ ਹੋ ਸਕਦੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ/ਅਫ਼ਸਰ ਵੀ ਇਸ ਕਾਰੋਬਾਰ ਵਿਚ ਭਾਈਵਾਲ ਹਨ।

ਪੰਜਾਬ ਨੂੰ ਨਵੀਂ ਸਰਕਾਰ ਤਾਂ ਦੋ ਸਾਲ ਪਹਿਲਾਂ ਹੀ ਮਿਲ ਗਈ ਸੀ ਪਰ ਸਿਆਸੀ ਰਵਾਇਤ ਤੋਂ ਬਿਲਕੁਲ ਉਲਟ ਚਲਦਿਆਂ ਪੰਜਾਬ ਦੇ ਡੀ.ਜੀ.ਪੀ. ਪਿਛਲੀ ਸਰਕਾਰ ਵੇਲੇ ਦੇ ਹੀ ਚਲਦੇ ਰਹੇ। ਦੋ ਸਾਲ ਬਾਅਦ ਡੀ.ਜੀ.ਪੀ. ਅਰੋੜਾ ਨੇ ਆਖ਼ਰਕਾਰ ਪੰਜਾਬ ਪੁਲਿਸ ਨੂੰ ਅਲਵਿਦਾ ਕਹਿ ਦਿਤੀ ਹੈ ਅਤੇ ਹੁਣ ਦਿਨਕਰ ਗੁਪਤਾ ਪੰਜਾਬ ਦੇ ਨਵੇਂ ਡੀ.ਜੀ.ਪੀ. ਬਣਾ ਦਿਤੇ ਗਏ ਹਨ। ਪੰਜਾਬ ਸਰਕਾਰ ਵਲੋਂ ਪੁਲਿਸ ਮੁਖੀ ਦੀ ਚੋਣ ਕਰਨ ਵਿਚ ਦੋ ਸਾਲ ਦੀ ਦੇਰੀ ਨੇ ਪੰਜਾਬ ਦੀ ਸਿਆਸਤ ਵਿਚ ਵੱਡੇ ਸਵਾਲ ਪੈਦਾ ਕਰ ਦਿਤੇ ਸਨ ਜਿਸ ਕਰ ਕੇ ਪੰਜਾਬ ਪੁਲਿਸ ਵਿਚ ਆਪਸੀ ਲੜਾਈਆਂ ਅਤੇ ਧੜੇਬਾਜ਼ੀ ਵੀ ਵੱਧ ਗਈ।

ਡੀ.ਜੀ.ਪੀ. ਮੁਸਤਫ਼ਾ ਇਸ ਅਹੁਦੇ ਦੇ ਦਾਅਵੇਦਾਰ ਸਨ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਇਸ ਅਹੁਦੇ ਵਾਸਤੇ ਨਾ ਚੁਣਿਆ ਜਾਣਾ ਸਿਆਸਤ ਵਿਚ ਗਰਮੀ ਜ਼ਰੂਰ ਪੈਦਾ ਕਰੇਗਾ ਕਿਉਂਕਿ ਡੀ.ਜੀ.ਪੀ. ਮੁਸਤਫ਼ਾ ਦੀ ਪਤਨੀ ਰਜ਼ੀਆ ਸੁਲਤਾਨਾ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਹਨ ਅਤੇ ਇਹ ਨਾਰਾਜ਼ਗੀ ਕਾਂਗਰਸ ਨੂੰ 2019 ਦੀਆਂ ਚੋਣਾਂ ਵਿਚ ਭਾਰੀ ਪੈ ਸਕਦੀ ਹੈ। ਦੂਜੇ ਪਾਸੇ ਪੰਜਾਬ ਦੇ ਇਕ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਡੀ.ਜੀ.ਪੀ. ਦਾ ਪਤੀ-ਪਤਨੀ ਹੋਣਾ, ਚੋਣਾਂ ਵਿਚ ਚੋਣ ਕਮਿਸ਼ਨ ਨੂੰ ਵੀ ਮਨਜ਼ੂਰ ਨਹੀਂ ਸੀ ਹੋਣਾ।

ਹੁਣ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਅਪਣੇ ਤੋਂ ਤਜਰਬੇ ਵਿਚ ਵੱਡੇ ਡੀ.ਜੀ.ਪੀ. ਮੁਸਤਫ਼ਾ ਨਾਲ ਇਕ ਚੰਗਾ ਕੰਮ ਕਰਨ ਦਾ ਮਾਹੌਲ ਬਣਾਉਣਾ ਪਵੇਗਾ। ਡੀ.ਜੀ.ਪੀ. ਮੁਸਤਫ਼ਾ ਐਸ.ਟੀ.ਐਫ਼. ਦੇ ਮੁਖੀ ਵੀ ਹਨ ਅਤੇ ਇਸ ਵੇਲੇ ਪੰਜਾਬ ਸਰਕਾਰ ਅੱਗੇ ਨਸ਼ੇ ਦੀ ਵਿਕਰੀ ਨੂੰ ਠੱਲ੍ਹ ਪਾਉਣ ਤੋਂ ਵੱਡੀ ਚੁਨੌਤੀ ਹੋਰ ਕੋਈ ਨਹੀਂ ਹੋ ਸਕਦੀ। ਇਸ ਚੁਨੌਤੀ ਦੇ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦਾ, ਪੰਜਾਬ ਦੇ ਲੋਕਾਂ ਨਾਲ ਇਕ ਵੱਡਾ ਵਾਅਦਾ ਵੀ ਹੈ ਤੇ ਉਨ੍ਹਾਂ ਸਹੁੰ ਵੀ ਚੁੱਕੀ ਹੋਈ ਹੈ ਅਤੇ ਇਨ੍ਹਾਂ ਦੋਹਾਂ ਨੂੰ ਅਪਣੀਆਂ ਨਿਜੀ ਸ਼ਿਕਾਇਤਾਂ ਨੂੰ ਪਾਸੇ ਕਰ ਕੇ ਮੁੱਖ ਮੰਤਰੀ ਦੀ ਸਹੁੰ ਪੂਰੀ ਕਰਨੀ ਹੋਵੇਗੀ।

ਇਸ ਮੁੱਦੇ ਤੇ ਇਨ੍ਹਾਂ ਦੋਹਾਂ ਦੀ ਸਾਂਝੀ ਕੋਸ਼ਿਸ਼ ਹੀ ਕਾਮਯਾਬ ਹੋ ਸਕਦੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ/ਅਫ਼ਸਰ ਵੀ ਇਸ ਕਾਰੋਬਾਰ ਵਿਚ ਭਾਈਵਾਲ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਅੱਗੇ ਦੂਜੀ ਚੁਨੌਤੀ ਬਰਗਾੜੀ ਗੋਲੀਕਾਂਡ ਵਿਚ ਨਿਰਦੋਸ਼ ਪੁਲਿਸ ਅਫ਼ਸਰਾਂ ਨੂੰ ਫੜਨ ਦੀ ਵੀ ਹੈ। ਚਰਨਜੀਤ ਸਿੰਘ ਦੇ ਫੜੇ ਜਾਣ ਨਾਲ ਇਹ ਡਰ ਵੱਧ ਰਿਹਾ ਹੈ ਕਿ ਸਾਰੀ ਜ਼ਿੰਮਵਾਰੀ ਚਰਨਜੀਤ ਉਤੇ ਪਾ ਕੇ ਵੱਡੇ ਨਾਂ ਵਾਲੇ ਲੋਕਾਂ, ਜਿਨ੍ਹਾਂ ਵਿਚ ਡੀ.ਜੀ.ਪੀ. ਸੈਣੀ ਵੀ ਸ਼ਾਮਲ ਹਨ, ਨੂੰ ਬਚਾਏ ਜਾਣ ਦੀ ਗੱਲ ਚਲ ਰਹੀ ਹੈ। ਇਹ ਜਾਂਚ ਹੁਣ ਸਿਰੇ ਚੜ੍ਹਨ ਵਾਲੀ ਹੈ ਅਤੇ ਇਹ ਜਾਂਚ ਡੀ.ਜੀ.ਪੀ. ਦਿਨਕਰ ਲਈ ਸੱਭ ਤੋਂ ਵੱਡੀ ਚੁਨੌਤੀ ਹੋਵੇਗੀ। 

ਪੰਜਾਬ ਪੁਲਿਸ, ਅੰਦਰੋਂ ਸਫ਼ਾਈ ਮੰਗਦੀ ਹੈ ਕਿਉਂਕਿ ਅੱਜ ਪੰਜਾਬ ਦੀਆਂ ਕਈ ਮੁਸ਼ਕਲਾਂ ਦਾ ਕਾਰਨ ਪੰਜਾਬ ਪੁਲਿਸ ਖ਼ੁਦ ਹੈ। ਪੰਜਾਬ ਦੀਆਂ ਜੇਲਾਂ ਨੂੰ ਨਸ਼ੇ ਤੋਂ ਆਜ਼ਾਦ ਕਰਨ ਦੀ ਬੇਹੱਦ ਲੋੜ ਹੈ। ਜੇ ਪੰਜਾਬ ਪੁਲਿਸ ਨਵਾਂ ਦੌਰ ਸ਼ੁਰੂ ਕਰ ਸਕਦੀ ਹੈ, ਤਾਂ ਹੀ ਪੰਜਾਬ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਦੇ ਸਿਰ ਉਤੇ ਚੁਨੌਤੀਆਂ ਦੀ ਵੱਡੀ ਪੰਡ ਰੱਖ ਦਿਤੀ ਗਈ ਹੈ ਅਤੇ ਸਮਾਂ ਹੀ ਦਸੇਗਾ ਕਿ ਉਹ ਕਿਹੜਾ ਦੌਰ ਲਿਆਉਂਦੇ ਹਨ।  -ਨਿਮਰਤ ਕੌਰ