ਗ਼ਰੀਬਾਂ ਤੇ ਲੋੜਵੰਦਾਂ ਦੀ ਪੂਰੀ ਮਦਦ ਕਰਨ ਦਾ ਵਿਚਾਰ ਸਿੱਖੀ ਦਾ ਪਹਿਲਾ ਸਬਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗ਼ਰੀਬਾਂ ਤੇ ਲੋੜਵੰਦਾਂ ਦੀ ਪੂਰੀ ਮਦਦ ਕਰਨ ਦਾ ਵਿਚਾਰ ਸਿੱਖੀ ਦਾ ਪਹਿਲਾ ਸਬਕ ਜਿਸ ਤੋਂ ਗੋਲਕਾਂ ਤੇ ਰੁਮਾਲਿਆਂ ਨੇ ਸਿੱਖਾਂ ਨੂੰ ਦੂਰ ਕਰ ਦਿਤਾ

Photo

'ਮਨੁੱਖਤਾ ਦੀ ਸੇਵਾ' ਨਾਮਕ ਸੰਸਥਾ ਬਾਰੇ ਸੁਣਿਆ ਜਿਥੇ ਫਿਰ ਸਪੋਕਸਮੈਨ ਟੀ.ਵੀ. ਦੀ ਟੀਮ ਭੇਜੀ ਗਈ ਅਤੇ ਉਨ੍ਹਾਂ ਵਲੋਂ ਕੀਤਾ ਗਿਆ ਕੰਮ ਵੇਖਿਆ ਅਤੇ ਖ਼ਾਸ ਰੀਪੋਰਟ ਤਿਆਰ ਕੀਤੀ। ਇਕ ਆਮ ਸਾਧਾਰਣ ਸਿੱਖ ਨੌਜੁਆਨ, ਅਪਣੇ ਆਸਪਾਸ ਰਹਿੰਦੇ ਬੇਘਰ, ਬਿਮਾਰ, ਮੁਸੀਬਤ ਦੇ ਮਾਰੇ ਲੋਕਾਂ ਦੇ ਦਰਦ ਨੂੰ ਪਛਾਣ ਸਕਿਆ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਆ ਖੜਾ ਹੋਇਆ।

ਉਹ ਕੁੱਝ ਸਾਲ ਪਹਿਲਾਂ ਇਕ ਡਾਲਾ ਚਲਾਉਂਦਾ ਸੀ ਜਿਥੇ ਉਸ ਨੂੰ ਇਕ ਦਿਨ ਇਕ ਸਖ਼ਤ ਗਰਮੀ ਵਾਲੇ ਦਿਨ, ਗਰਮ ਕਪੜੇ ਪਾਈ ਇਕ ਇਨਸਾਨ ਮਿਲਿਆ। ਸਿੱਖ ਦੇ ਹਮਦਰਦ ਦਿਲ ਵਿਚ ਉਸ ਵਾਸਤੇ ਕੁੱਝ ਕਰਨ ਦੀ ਇੱਛਾ ਜਾਗੀ ਅਤੇ ਉਸ ਨੂੰ ਡਾਲੇ ਦੇ ਇਕ ਸਾਥੀ ਵਰਕਰ ਨਾਲ ਸੰਵਾਇਆ, ਸਾਫ਼ ਕਪੜੇ ਪਵਾਏ ਅਤੇ ਫਿਰ ਉਸ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਪਾ ਦਿਤੀ।

ਪ੍ਰਵਾਰ 'ਚੋਂ ਇਕ ਭਰਾ ਮਿਲਣ ਆਇਆ ਪਰ ਉਹ ਬੰਧੂਆ ਮਜ਼ਦੂਰੀ ਦੇ ਮਾਰੇ ਭਰਾ ਨੂੰ ਨਾਲ ਨਾ ਲੈ ਗਿਆ। ਸੋ ਗੁਰਪ੍ਰੀਤ ਸਿੰਘ ਨੇ ਉਸ ਨੂੰ ਅਪਣੇ ਨਾਲ ਰਖਿਆ ਅਤੇ ਇਸ ਤਰ੍ਹਾਂ ਹੋਰ ਵੀ ਕਿੰਨਿਆਂ ਨੂੰ ਹੀ ਆਸਰਾ ਦਿਤਾ। ਕਦੇ ਕਿਸੇ ਪਿੰਡ ਤੋਂ ਕਿਸੇ ਬਜ਼ੁਰਗ ਦੇ ਕੀੜਿਆਂ ਨਾਲ ਖਾਧੇ ਸਰੀਰ ਨੂੰ ਬਚਾਉਣ ਵਾਸਤੇ ਇਹ ਕੋਹਾਂ ਦੀ ਦੂਰੀ ਤੇ ਉਨ੍ਹਾਂ ਕੋਲ ਪਹੁੰਚ ਜਾਂਦੇ ਹਨ ਜਿਨ੍ਹਾਂ ਵਲੋਂ ਨਾਲ ਰਹਿੰਦੇ ਪਿੰਡ ਵਾਸੀ ਮੂੰਹ ਮੋੜ ਲੈਂਦੇ ਹਨ।

'ਮਨੁੱਖਤਾ ਦੀ ਸੇਵਾ' ਸੰਸਥਾ ਇਕ ਛੋਟੀ ਜਹੀ ਸੰਸਥਾ ਹੈ ਜਿਸ ਨੇ ਅਪਣੇ ਕੰਮ ਦੇ ਪ੍ਰਚਾਰ ਵਾਸਤੇ ਕੋਈ ਕਦਮ ਨਹੀਂ ਚੁਕਿਆ। ਉਨ੍ਹਾਂ ਕੋਲ ਇਸ ਸਮੇਂ 200-250 ਬਜ਼ੁਰਗ, ਬੱਚੇ, ਬੱਚੀਆਂ ਹਨ ਅਤੇ ਉਨ੍ਹਾਂ ਨੂੰ ਪੈਸੇ ਅਤੇ ਮਦਦ ਦੀ ਕੋਈ ਕਮੀ ਨਹੀਂ। ਲੋੜ ਅਨੁਸਾਰ ਸਾਰਾ ਕੁੱਝ ਮਿਲ ਜਾਂਦਾ ਹੈ। ਕਮੀ ਹੈ ਤਾਂ ਲਾਲਚ ਦੀ, ਕਿਉਂਕਿ ਉਹ ਅਪਣੀ ਤਿਜੋਰੀ ਭਰਨ ਦੀ ਨਹੀਂ ਸੋਚ ਰਹੇ ਅਤੇ ਨਾ ਹੀ ਇਸ ਸੰਸਥਾ ਨੂੰ ਸੰਗਮਰਮਰੀ ਰੂਪ ਦੇਣ ਦੀ ਸੋਚ ਰਹੇ ਹਨ।

ਉਨ੍ਹਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਸ ਦੀ ਸੂਚੀ ਬਣਾ ਕੇ ਲਟਕਾ ਦੇਂਦੇ ਹਨ ਅਤੇ ਉਹ ਜ਼ਰੂਰਤ ਪੂਰੀ ਹੋ ਜਾਂਦੀ ਹੈ। ਇਸੇ ਵਾਸਤੇ ਤਾਂ ਗੁਰੂ ਨਾਨਕ ਦੇਵ ਜੀ ਨੇ ਸੰਗਤ ਬਣਾਈ ਸੀ ਜੋ ਸਿੱਖੀ ਦਾ ਅੰਗ ਬਣਾ ਦਿਤੀ ਗਈ। ਉਸ ਦਾ ਮਤਲਬ ਸੀ ਕਿ ਸਿੱਖ ਉਹ ਹੁੰਦਾ ਹੈ ਜਿਹੜਾ ਅਪਣੇ ਸੁੱਖ ਆਰਾਮ ਬਾਰੇ ਹੀ ਨਾ ਸੋਚਦਾ ਰਿਹਾ ਕਰੇ ਸਗੋਂ ਅਪਣੇ ਆਸ ਪਾਸ ਦੀ ਜਿਹੜੀ ਕਮੀ ਗ਼ਰੀਬ, ਲੋੜਵੰਦ ਨੂੰ ਪ੍ਰੇਸ਼ਾਨ ਕਰ ਰਹੀ ਹੋਵੇ, ਉਸ ਨੂੰ ਉਹ ਪੂਰਾ ਕਰਨ ਲਈ ਅੱਗੇ ਆਵੇ।

ਦਸਵੰਧ ਦੀ ਸੋਚ ਵੀ ਤਾਂ ਇਸੇ ਸੋਚ 'ਚੋਂ ਨਿਕਲੀ ਸੀ। ਸੋਚੋ ਜੇ ਅੱਜ ਤੁਸੀ ਅਪਣੀ ਕਮਾਈ 'ਚੋਂ ਅਸਲ ਵਿਚ 10% ਕੱਢ ਕੇ ਨਾਲ ਰਹਿਣ ਵਾਲੇ ਕਿਸੇ ਲੋੜਵੰਦ ਨੂੰ ਦੇ ਦੇਵੋ ਤਾਂ ਕੀ ਕੋਈ ਭੁੱਖਾ ਰਹਿ ਕੇ ਸੌਣ ਲਈ ਮਜਬੂਰ ਹੋਵੇਗਾ? ਕੀ ਕਿਸੇ ਨੂੰ ਅਪਣੀ ਛੋਟੀ ਜਹੀ ਲੋੜ ਪੂਰੀ ਕਰਨ ਲਈ ਅਪਣੀ ਜ਼ਮੀਨ ਗਹਿਣੇ ਰੱਖਣ ਦੀ ਲੋੜ ਪਵੇਗੀ?

ਇਸ ਸੋਚ ਤੋਂ ਸਿੱਖਾਂ ਨੂੰ ਹੀ ਦੂਰ ਕਰਨ ਦਾ ਕਸੂਰ ਸਿਰਫ਼ ਅਤੇ ਸਿਰਫ਼ ਗੁਰਦਵਾਰਾ ਗੋਲਕਾਂ ਦੇ ਰਖਵਾਲਿਆਂ ਦਾ ਹੈ ਜਿਨ੍ਹਾਂ ਨੇ ਆਮ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਿਤੀ ਸਾਦਗੀ ਦੀ ਸੋਚ ਤੋਂ ਦੂਰ ਕੀਤਾ। ਪਹਿਲਾਂ ਗੁਰਬਾਣੀ ਨੂੰ ਰੁਮਾਲਿਆਂ ਅੰਦਰ ਕੈਦ ਕਰ ਕੇ ਅਜਿਹੀਆਂ ਰੀਤਾਂ ਚਾਲੂ ਕੀਤੀਆਂ ਜਿਨ੍ਹਾਂ ਨੂੰ ਤੋੜਨ ਲਈ ਹੀ ਬਾਬਾ ਨਾਨਕ ਆਪ ਆਏ ਸਨ।

ਫਿਰ ਗੁਰਦਵਾਰਿਆਂ ਦੀ ਸਾਦਗੀ ਨੂੰ ਸੰਗਮਰਮਰ ਹੇਠ ਲੁਕਾ ਦਿਤਾ। ਸਾਦਗੀ ਦੇ ਨਾਂ ਤੇ ਨਾਢਾ ਸਾਹਿਬ ਗੁਰਦਵਾਰਾ, ਜਿਥੇ ਅਸੀ ਬਚਪਨ ਵਿਚ ਹਰ ਹਫ਼ਤੇ ਜਾਣਾ ਜ਼ਰੂਰੀ ਸਮਝਦੇ ਸੀ, ਉਸ ਇਤਿਹਾਸਕ ਥਾਂ ਨਾਲ ਅੱਜ ਦੇ ਆਧੁਨਿਕ ਦੌਰ ਦਾ ਇਕ ਰਿਸ਼ਤਾ ਸੀ ਅਤੇ ਉਹ ਰਿਸ਼ਤਾ ਸਾਦਗੀ ਨਾਲ ਜੁੜਿਆ ਹੋਇਆ ਸੀ। ਪਰ ਜਿਨ੍ਹਾਂ ਨੂੰ ਉਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਸੌਂਪੀ ਗਈ, ਉਨ੍ਹਾਂ ਦਾ ਸਿੱਖ ਸੋਚ ਨੂੰ ਹੋਰ ਅੱਗੇ ਫੈਲਾਉਣ ਨਾਲ ਕੋਈ ਸਰੋਕਾਰ ਨਹੀਂ ਸੀ।

ਨਾਢਾ ਸਾਹਿਬ ਵਾਂਗ ਕਿੰਨੇ ਹੀ ਇਤਿਹਾਸਕ ਸਥਾਨਾਂ ਨੂੰ ਇਨ੍ਹਾਂ ਨੇ ਸੰਗਮਰਮਰ ਹੇਠ ਦਫ਼ਨਾ ਦਿਤਾ। ਸ਼ਾਇਦ ਇਨ੍ਹਾਂ ਦੀ ਲਗਾਤਾਰ ਕਾਰਸੇਵਾ ਨਾਲ ਇਨ੍ਹਾਂ ਦੀਆਂ ਤਜੋਰੀਆਂ ਭਰੀਆਂ ਗਈਆਂ ਹੋਣਗੀਆਂ, ਪਰ ਸਿੱਖ ਕੌਮ ਦਾ ਜਿੰਨਾ ਨੁਕਸਾਨ ਹੋਇਆ ਹੈ, ਉਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। 'ਮਨੁੱਖਤਾ ਦੀ ਸੇਵਾ' ਜਥੇਬੰਦੀ ਵਾਲੇ ਜਾਂ ਉਨ੍ਹਾਂ ਵਰਗੇ ਕੁੱਝ ਮੁੱਠੀ ਭਰ ਹੋਰ ਸਿੱਖ ਜੋ ਦੁਖੀਆਂ ਦੀ ਸੇਵਾ ਕਰ ਰਹੇ ਹਨ, ਉਹ ਵਿਰਲੇ ਨਾ ਹੁੰਦੇ ਜੇ ਸਿੱਖ ਆਗੂਆਂ ਨੇ ਸਿੱਖੀ ਨੂੰ ਸਿੱਖਾਂ ਤੋਂ ਦੂਰ ਨਾ ਕਰ ਦਿਤਾ ਹੁੰਦਾ।

ਇਸ ਤਰ੍ਹਾਂ ਦੇ ਉਪਰਾਲੇ ਹਰ ਘਰ 'ਚੋਂ ਨਿਕਲ ਕੇ ਆਉਂਦੇ। ਹਰ ਮੁਹੱਲੇ ਦੀ ਲੋੜ ਵਾਸਤੇ ਉਸ ਮੁਹੱਲੇ ਦੀ ਗੋਲਕ ਹੁੰਦੀ। ਫਿਰ ਇਹ ਦੋ ਕਰੋੜ ਦੀ ਕੌਮ ਛੋਟੀ ਜਿਹੀ ਕੌਮ ਨਾ ਹੁੰਦੀ ਤੇ ਇਸ ਦੇ ਆਗੂ ਦਿੱਲੀ ਦੇ ਹਾਕਮਾਂ ਦੀ ਕਦਮ-ਬੋਸੀ ਨਾ ਕਰ ਰਹੇ ਹੁੰਦੇ। ਫਿਰ ਇਹ ਬਾਬਾ ਨਾਨਕ ਦੇ ਦੋ ਕਰੋੜ ਸਿਪਾਹੀ ਹੁੰਦੇ ਜੋ ਸਾਰੀ ਦੁਨੀਆਂ ਵਿਚ ਅਪਣੀ ਸੋਚ ਵਿਚ ਵਸੀ ਹਮਦਰਦੀ ਅਤੇ ਵਡੱਪਣ ਨਾਲ ਹਰ ਥਾਂ ਭਲਾ ਹੀ ਕਰ ਕੇ ਆਉਂਦੇ।

ਇਸੇ ਸੋਚ ਨੂੰ ਅੱਗੇ ਵਧਾਉਣ ਲਈ 'ਉੱਚਾ ਦਰ ਬਾਬੇ ਨਾਨਕ ਦਾ' ਦਾ ਕੰਮ ਵੀ ਚਲ ਰਿਹਾ ਹੈ। 'ਉੱਚਾ ਦਰ' ਉਹ ਕੇਂਦਰ ਬਣਨ ਜਾ ਰਿਹਾ ਹੈ ਜਿਥੇ ਬਿਨਾਂ ਕਿਸੇ ਗੋਲਕ ਤੋਂ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਲੈਣ-ਦੇਣ ਤੋਂ, ਬਾਬੇ ਨਾਨਕ ਦੀ ਬਾਣੀ ਨੂੰ ਸਮਝਾਇਆ ਅਤੇ ਫਿਰ ਉਸ ਸੋਚ ਨੂੰ ਅਪਣੇ ਜੀਵਨ ਵਿਚ ਅਪਣਾਇਆ ਜਾਵੇਗਾ।

ਅਫ਼ਸੋਸ ਕਿ ਅੱਜ ਜਿੰਨੇ ਵੀ ਗੁਰਦੁਆਰੇ ਬਣ ਰਹੇ ਹਨ, ਸਿੱਖ ਓਨੇ ਹੀ ਸਿੱਖੀ ਸੋਚ ਤੋਂ ਦੂਰ ਹੁੰਦੇ ਜਾ ਰਹੇ ਹਨ। ਅੱਜ ਦੇ ਮਹੰਤ ਗੁਰਸਿੱਖ ਦੇ ਭੇਸ ਵਿਚ ਗੁਰਦਵਾਰਿਆਂ ਦੀ ਗੋਲਕ ਦੀ ਦੁਰਵਰਤੋਂ ਕਰ ਕੇ ਸਿੱਖੀ ਸੋਚ ਨੂੰ ਉਲਟਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਮੰਦ ਇਰਾਦਿਆਂ ਨੂੰ ਠਲ੍ਹ ਪਾਉਣ ਲਈ ਸਿਰਫ਼ ਗੁਰਬਾਣੀ ਨੂੰ ਸਮਝਣ ਤੇ ਜੀਵਨ ਵਿਚ ਲਾਗੂ ਕਰਨ ਦੀ ਲੋੜ ਹੈ।  -ਨਿਮਰਤ ਕੌਰ