ਬਲਾਤਕਾਰ ਅਤੇ ਕਤਲ ਦਾ ਸਾਬਤ ਹੋ ਚੁੱਕਾ ਦੋਸ਼ੀ ਦੂਜਿਆਂ ਨੂੰ ਮੱਤਾਂ ਦੇਂਦਾ ਚੰਗਾ ਲਗਦਾ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਵਾਰ-ਵਾਰ ਹਰਿਆਣਾ ਸਰਕਾਰ, ਜ਼ੈੱਡ ਸੁਰੱਖਿਆ ਹੇਠ ਸੌਦਾ ਸਾਧ ਨੂੰ ਜੇਲ੍ਹ ’ਚੋਂ ਬਾਹਰ ਕੱਢ ਰਹੀ ਹੈ...

sauda saad

ਸੌਦਾ ਸਾਧ ਮੁੜ ਤੋਂ ਜੇਲ ’ਚੋਂ ਬਾਹਰ ਫ਼ਰਲੋ ’ਤੇ ਆਇਆ ਹੋਇਆ ਹੈ ਤੇ ਲੋਕਾਂ ਵਿਚ ਵਿਚਰ ਰਿਹਾ ਹੈ। ਇਹ ਉਹੀ ਰਾਮ ਰਹੀਮ ਹੈ ਜੋ ਨਾ ਸਿਰਫ਼ ਕਤਲ ਤੇ ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਯਾਫ਼ਤਾ ਮੁਜਰਮ ਹੈ ਸਗੋਂ ਉਸ ਉਤੇ ਬਹਿਬਲ ਕਲਾਂ ਬਰਗਾੜੀ ਕਾਂਡਾਂ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਹੈ। ਉਹ ਭਾਵੇਂ ਇਨ੍ਹਾਂ ਮਾਮਲਿਆਂ ਵਿਚ ਅਪਰਾਧੀ ਸਾਬਤ ਨਹੀਂ ਹੋਇਆ ਪਰ ਅੱਜ ਕੋਈ ਸਿਆਣਾ ਪੰਜਾਬੀ ਇਸ ਗੱਲ ਤੋਂ ਅਣਜਾਣ ਨਹੀਂ ਕਿ ਇਸ ਨੇ ਅਪਣੀਆਂ ਫ਼ਿਲਮਾਂ ਦੀ ਮਸ਼ਹੂਰੀ ਵਾਸਤੇ ਅਕਾਲੀ ਦਲ ਤੋਂ ਇਹ ਸਾਰਾ ਕਾਂਡ ਕਰਵਾਇਆ ਜਿਸ ਦੀ ਸ਼ੁਰੂਆਤ ਅਕਾਲ ਤਖ਼ਤ ਵਲੋਂ, ਬਿਨ ਮੰਗੇ, ਮਾਫ਼ੀ ਦੇਣ ਤੋਂ ਹੋਈ ਸੀ ਤੇ ਅੰਤ ਬਹਿਬਲ ਕਲਾਂ ਵਿਚ ਦੋ ਨਿਹੱਥੇ ਸਿੰਘਾਂ ਦਾ, ਪੰਜਾਬ ਪੁਲਿਸ ਦੇ ਹੱਥੋਂ ਕਤਲ ਵੀ ਹੋਇਆ ਸੀ। 

ਪਰ ਅੱਜ ਜਦ ਵਾਰ-ਵਾਰ ਇਸ ਸ਼ਖ਼ਸ ਨੂੰ ਹਰਿਆਣਾ ਸਰਕਾਰ, ਜ਼ੈੱਡ ਸੁਰੱਖਿਆ ਹੇਠ ਜੇਲ੍ਹ ’ਚੋਂ ਬਾਹਰ ਕੱਢ ਰਹੀ ਹੈ, ਤਾਂ ਅੱਜ ਦੇ ਸਮਾਜ ਵਿਚ ਨਿਆਂ ਦੀ ਪਰਿਭਾਸ਼ਾ ’ਤੇ ਸਵਾਲ ਉਠਣਾ ਕੁਦਰਤੀ ਹੈ। ਜਦੋਂ ਇਸ ਸ਼ਖ਼ਸ ਨੂੰ ਜੇਲ੍ਹ ਭੇਜਿਆ ਗਿਆ ਸੀ, ਤਾਂ ਸੀ.ਬੀ.ਆਈ. ਦੇ ਇਕ ਜੱਜ ਨੇ ਆਖਿਆ ਸੀ ਕਿ ਇਸ ਸ਼ਖ਼ਸ ਦੀ ਪੂਜਾ ਕਰਨ ਤੋਂ ਬਿਹਤਰ ਹੈ ਕਿ ਕਿਸੇ ਪੱਥਰ ਦੀ ਪੂਜਾ ਕਰ ਲਈ ਜਾਵੇ ਕਿਉਂਕਿ ਉਹ ਕਿਸੇ ਨੂੰ ਹਾਨੀ ਤਾਂ ਨਹੀਂ ਪਹੁੰਚਾਏਗਾ। ਹਰਿਆਣਾ ਪੁਲਿਸ ਵਲੋਂ ਇਸ ਕੇਸ ਦੀ ਛਾਣਬੀਣ ਵਿਚ ਰਹਿ ਗਈਆਂ ਕਮੀਆਂ ਵੀ ਦਸੀਆਂ ਗਈਆਂ ਸਨ। ਉਹ ਸ਼ਬਦਾਵਲੀ ਬਹੁਤ ਹੀ ਸਖ਼ਤ ਸੀ ਪਰ ਹਰਿਆਣਾ ਸਰਕਾਰ ’ਤੇ ਉਸ ਦਾ ਕੋਈ ਅਸਰ ਨਾ ਹੋਇਆ ਤੇ ਉਹ ਇਸ ਨੂੰ ਜੇਲ੍ਹ ’ਚੋਂ ਬਾਹਰ ਕੱਢ ਕੇ ਇਸ ਦੇ ਸਤਿਸੰਗ ਲਗਵਾ ਰਹੀ ਹੈ ਤਾਕਿ ਇਹ ਉਨ੍ਹਾਂ ਨੂੰ ਵੋਟਾਂ ਪਵਾ ਸਕੇ। ਇਸ ਦੇ ਇਕ ਪ੍ਰਸਾਰਣ ਨੂੰ ਬਠਿੰਡਾ ਵਿਚ ਵੀ ਵਿਖਾਇਆ ਗਿਆ ਜਿਸ ਦਾ ਵਿਰੋਧ ਹੋਣ ’ਤੇ ਸੌਦਾ ਸਾਧ ਨੇ ਇਕ ਟਿਪਣੀ ਕੀਤੀ ਜਿਸ ਪ੍ਰਤੀ ਬੜੀ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।

ਸੌਦਾ ਸਾਧ ਨੇ ਦਾਅਵਾ ਕੀਤਾ ਕਿ ਉਸ ਨੇ 6 ਕਰੋੜ ਲੋਕਾਂ ਨੂੰ ਨਸ਼ੇ ’ਚੋਂ ਕਢਿਆ ਹੈ ਤੇ ਉਨ੍ਹਾਂ ਇਹ ਗੱਲ ਸ਼੍ਰੋ.ਗੁ.ਪ੍ਰ. ਕਮੇਟੀ ਵਲੋਂ ਉਸ ਦੇ ਭਾਸ਼ਣਾਂ ਦਾ ਵਿਰੋਧ ਕਰਨ ’ਤੇ ਆਖੀ। ਉਸ ਨੇ ਇਕ ਚੁਨੌਤੀ ਦੇਣ ਵਾਂਗ ਕਿਹਾ ਕਿ ਤੁਸੀ ਅਪਣੇ ਧਰਮ ਦੇ ਲੋਕਾਂ ਨੂੰ ਨਸ਼ਾ ਲੈਣ ਤੋਂ ਹੀ ਰੋਕ ਲਉ। ਰਾਮ ਰਹੀਮ ਦੇ ਡੇਰੇ ਕਾਫ਼ੀ ਹਨ ਪਰ ਇਸ ਦੇ ਪ੍ਰੇਮੀ ਪੰਜਾਬ, ਹਰਿਆਣਾ ਵਿਚ ਹੀ ਹਨ ਤੇ ਦੋਹਾਂ ਸੂਬਿਆਂ ਦੀ ਕੁਲ ਆਬਾਦੀ ਮਿਲਾ ਕੇ ਵੀ ਛੇ ਕਰੋੜ ਨਹੀਂ ਜਦਕਿ ਇਹ ਛੇ ਕਰੋੜ ਚੇਲੇ ਹੋਣ ਦਾ ਦਾਅਵਾ ਕਰਦਾ ਹੈ। ਇਸ ਸ਼ਖ਼ਸ ਨੂੰ ਝੂਠੇ ਦਾਅਵੇ ਕਰਦਿਆਂ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ।

ਜਦੋਂ ਇਸ ਦੇ ਡੇਰੇ ਬਾਰੇ ਪੜ੍ਹੋ ਤਾਂ ਇਹ ਨਵੇਂ ਪ੍ਰੇਮੀ ਤੋਂ ਤਿੰਨ ਸਹੁੰ ਚੁਕਵਾਉਂਦੇ ਹਨ : ਕੋਈ ਸ਼ਰਾਬ, ਨਸ਼ਾ ਆਦਿ ਨਹੀਂ ਕਰੇਗਾ, ਕੋਈ ਮੀਟ ਅੰਡਾ ਨਹੀਂ ਖਾਵੇਗਾ ਤੇ ਕਿਸੇ ਤਰ੍ਹਾਂ ਦੇ ਨਜਾਇਜ਼ ਰਿਸ਼ਤੇ ਵਿਚ ਨਹੀਂ ਪਵੇਗਾ। ਪਰ ਇਹ ਆਪ ਹੀ ਬਲਾਤਕਾਰ ਦਾ ਸਜ਼ਾ ਯਾਫ਼ਤਾ ਮੁਜਰਮ ਹੈ ਤੇ ਜਿਹੜਾ ਇਨਸਾਨ ਅਪਣੇ ਬਣਾਏ ਨਿਯਮਾਂ ਦੀ ਪਾਲਣਾ ਹੀ ਨਹੀਂ ਕਰ ਸਕਦਾ, ਉਹ ਕਿਸੇ ਹੋਰ ਧਰਮ ਨੂੰ ਨਸੀਹਤ ਦੇਣ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ? ਪਰ ਜਿਵੇਂ ਇਹ ਚੁਨੌਤੀ ਦਿੰਦਾ ਹੈ ਕਿ ਸ਼੍ਰੋ.ਗੁ.ਪ੍ਰ. ਕਮੇਟੀ ਅਪਣੇ ਧਰਮ ਦੇ ਲੋਕਾਂ ਨੂੰ ਹੀ ਨਸ਼ੇ ਤੋਂ ਬਚਾ ਵਿਖਾਵੇ, ਉਹ ਸਾਰੀ ਸਿੱਖ ਕੌਮ ਵਾਸਤੇ ਇਕ ਸ਼ਰਮ ਦੀ ਗੱਲ ਹੈ। ਸਾਡੇ ਨੌਜੁਆਨਾਂ ਦੀ ਕਮਜ਼ੋਰੀ ਅੱਜ ਇਸ ਤਰ੍ਹਾਂ ਅਪਰਾਧੀਆਂ ਨੂੰ ਸਿੱਖ ਪ੍ਰਚਾਰਕਾਂ ਨੂੰ ਚੁਨੌਤੀ ਦੇ ਰਹੀ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਅਪਣੇ ਅੰਦਰ ਦੀਆਂ ਕਮਜ਼ੋਰੀਆਂ ਵਲ ਨਜ਼ਰ ਮਾਰ ਕੇ ਸੁਧਾਰ ਵਲ ਚਲਣ ਦੀ ਜ਼ਰੂਰਤ ਹੈ।

ਅੱਜ ਤਕ ਕਦੇ ਨਹੀਂ ਹੋਇਆ ਕਿ ਇਸ ਤਰ੍ਹਾਂ ਦਾ ਸ਼ਖ਼ਸ ਸਿੱਖ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਤਾਹਨਾ ਦੇ ਕੇ ਤੇ ਸਿੱਖੀ ਦੇ ਪ੍ਰਚਾਰ ਨੂੰ ਲੈ ਕੇ, ਸਿੱਖ ਜਥੇਬੰਦੀਆਂ ਨੂੰ ਨੀਵਾਂ ਵਿਖਾਣ ਦੇ ਯਤਨ ਕਰੇ। ਅਜਿਹੇ ਸ਼ਖ਼ਸ ਨੂੰ ਮਿਲ ਰਹੀ ਭਾਜਪਾ ਦੀ ਪੁਸ਼ਤ ਪਨਾਹੀ, ਸਾਫ਼ ਸੁਨੇਹਾ ਦੇਂਦੀ ਹੈ ਕਿ ਉਹ ਪਾਰਟੀ ਸਿੱਖਾਂ ਪ੍ਰਤੀ ਅਸਲ ਵਿਚ ਕਿੰਨਾ ਕੁ ਦਰਦ ਰਖਦੀ ਹੈ। ਸੌਦਾ ਸਾਧ ਚਾਹੁੰਦਾ ਹੈ ਕਿ ਉਸ ਦੇ ਇਸ ਦਾਅਵੇ ਨੂੰ ਮੰਨ ਕੇ ਕਿ ਉਸ ਨੇ ਕਰੋੜਾਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਹੈ, ਉਸ ਉਤੇ ਅਦਾਲਤ ਵਿਚ ਸਾਬਤ ਹੋਏ ਪਾਪਾਂ ਦਾ ਜ਼ਿਕਰ ਨਾ ਕੀਤਾ ਜਾਏ ਤੇ ਉਸ ਨੂੰ ‘ਆਪ ਮੀਆਂ ਫ਼ਸੀਹਤ ਤੇ ਦੂਜਿਆਂ ਨੂੰ ਨਸੀਹਤ’ ਵਾਲਾ ਰੋਲ ਅਦਾ ਕਰਨ ਦਿਤਾ ਜਾਏ।

ਪਰ ਕੀ ਕਾਨੂੰਨ ਵਲੋਂ ਸੰਗੀਨ ਜੁਰਮਾਂ ਦੇ ਅਪਰਾਧੀ ਕਰਾਰ ਦਿਤੇ ਚੁੱਕੇ ਬੰਦੇ ਨੂੰ ਇਹ ਹੱਕ ਦਿਤਾ ਜਾ ਸਕਦਾ ਹੈ ਕਿ ਉਹ ਝੂਠੇ ਦਾਅਵਿਆਂ ਦੇ ਸਹਾਰੇ ਮੱਤਾਂ ਦੇਂਦਾ ਫਿਰੇ ਤੇ ਕੋਈ ਉਸ ਨੂੰ ਰੋਕੇ ਵੀ ਨਾ। ਉਸ ਦਾ ਦਾਅਵਾ ਕਿੰਨਾ ਸੱਚਾ ਤੇ ਕਿੰਨਾ ਝੂਠਾ ਹੈ, ਇਹ ਉਸ ਦੇ ਚੇਲੇ ਬਾਲਕਿਆਂ ਨੂੰ ਮਿਲ ਕੇ ਹੀ ਪਤਾ ਲੱਗ ਸਕਦਾ ਹੈ ਕਿਉਂਕਿ ਨਿਰੀ ਸਹੁੰ ਚੁਕਣ ਨਾਲ ਬੰਦਾ ਨਸ਼ਾ ਮੁਕਤ ਨਹੀਂ ਹੋ ਜਾਂਦਾ। ਅਦਾਲਤ ਤੇ ਜਲਸਿਆਂ ਵਿਚ ਰੋਜ਼ ਹੀ ਝੂਠੀਆਂ ਸਹੁੰਆਂ ਖਾਧੀਆਂ ਜਾਂਦੀਆਂ ਹਨ। ਫਿਰ ਸਹੁੰ ਚੁਕਵਾਉਣ ਵਾਲਾ ਆਪ ਹੀ ਜਦ ਅਪਣੀ ਸਹੁੰ ਤੋੜ ਕੇ ਤੇ ਅਦਾਲਤ ਵਲੋਂ ਮੁਜਰਮ ਠਹਿਰਾਏ ਜਾਣ ਦੇ ਬਾਵਜੂਦ, ਅਪਣਾ ਗੁਨਾਹ ਨਹੀਂ ਮੰਨਦਾ ਤਾਂ ਉਸ ਦੇ ਚੇਲੇ ਬਾਲਕੇ ਕਿਹੋ ਜਿਹੇ ਹੋਣਗੇ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।                                 -ਨਿਮਰਤ ਕੌਰ