ਗਿ. ਇਕਬਾਲ ਸਿੰਘ ਨਾਲ ਬਾਕੀ ਦੇ 'ਜਥੇਦਾਰਾਂ ਨਾਲੋਂ ਵਖਰਾ ਸਲੂਕ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਾਪਦਾ ਹੈ ਕਿ ਇਹ ਸਾਰੇ ਧਾਰਮਕ ਤੇ ਸਿਆਸੀ ਆਗੂ ਅੰਦਰੋਂ ਮਿਲ ਕੇ ਤੇ ਸੱਭ ਕੁੱਝ ਵੇਖਦੇ ਹੋਏ ਵੀ, ਜਾਣ ਬੁੱਝ ਕੇ ਅੱਖਾਂ ਮੀਚੀ, ਕੰਮ ਕਰਦੇ ਰਹੇ ਹਨ ਤਾਕਿ ਉਨ੍ਹਾਂ ਦੇ...

Giani Iqbal Singh

ਜਾਪਦਾ ਹੈ ਕਿ ਇਹ ਸਾਰੇ ਧਾਰਮਕ ਤੇ ਸਿਆਸੀ ਆਗੂ ਅੰਦਰੋਂ ਮਿਲ ਕੇ ਤੇ ਸੱਭ ਕੁੱਝ ਵੇਖਦੇ ਹੋਏ ਵੀ, ਜਾਣ ਬੁੱਝ ਕੇ ਅੱਖਾਂ ਮੀਚੀ, ਕੰਮ ਕਰਦੇ ਰਹੇ ਹਨ ਤਾਕਿ ਉਨ੍ਹਾਂ ਦੇ ਅਪਣੇ ਹਿਤ ਸੁਰੱਖਿਅਤ ਰਹਿਣ ਤੇ ਉਹ ਇਕ-ਦੂਜੇ ਦੇ ਪੋਤੜੇ ਹੀ ਢਕਦੇ ਰਹੇ ਸਨ। ਗਿਆਨੀ ਇਕਬਾਲ ਸਿੰਘ ਨੇ ਜਦੋਂ ਪਟਨਾ ਵਿਚ ਸ਼ਤਾਬਦੀ ਸਮਾਗਮਾਂ ਵਾਸਤੇ ਬਾਦਲ ਪ੍ਰਵਾਰ ਨੂੰ ਤੇ ਉਹ ਸੱਦਿਆ, ਤਾਂ ਕੀ ਉਨ੍ਹਾਂ ਦੇ ਪੁੱਤਰ ਦਾ ਪੁਰਾਣਾ ਵੀਡੀਉ ਕਿਸੇ ਸਾਜ਼ਸ਼ ਤਹਿਤ ਉਨ੍ਹਾਂ ਨੂੰ ਸਬਕ ਸਿਖਾਉਣ ਵਾਸਤੇ ਲੀਕ ਕੀਤਾ ਗਿਆ?

ਗਿਆਨੀ ਇਕਬਾਲ ਸਿੰਘ ਦਾ ਤਖ਼ਤ ਪਟਨਾ ਸਾਹਿਬ ਤੋਂ ਅਸਤੀਫ਼ਾ ਅੱਜ ਸਿੱਖ ਕੌਮ ਦੇ ਉੱਚ ਧਰਮ ਅਸਥਾਨਾਂ ਵਿਚ ਦਿਨ-ਬ-ਦਿਨ ਵਧਦੇ ਸਿਆਸੀ, ਪੁਜਾਰੀਵਾਦੀ ਅਤੇ ਗੋਲਕ ਪ੍ਰਦੂਸ਼ਨ ਦਾ ਇਕ ਹੋਰ ਸਬੂਤ ਹੈ। ਪਹਿਲਾਂ ਤਾਂ ਜੇ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਸਿਰਫ਼ ਉਨ੍ਹਾਂ ਦੇ ਪੁੱਤਰ ਦੀਆਂ ਸ਼ਰਾਬ ਅਤੇ ਸਿਗਰਟ ਪੀਂਦੇ ਦੀਆਂ ਤਸਵੀਰਾਂ ਹਨ ਤਾਂ ਕੀ ਇਕ ਪਿਤਾ ਅਪਣੇ ਮੁੰਡੇ ਦੀ ਹਰ ਕਰਤੂਤ ਦਾ ਜ਼ਿੰਮੇਵਾਰ ਹੋ ਸਕਦਾ ਹੈ? ਫਿਰ ਤਾਂ ਹਰ ਮਾੜੀ ਔਲਾਦ ਦੇ ਮਾਂ-ਬਾਪ ਕਿਸੇ ਵੀ ਅਹੁਦੇ ਦੇ ਲਾਇਕ ਨਹੀਂ ਮੰਨੇ ਜਾ ਸਕਦੇ ਅਤੇ ਸ਼ਰਾਬ/ਨਸ਼ੇ ਦੀ ਇੱਲਤ ਤੋਂ ਬਿਮਾਰ ਤਾਂ ਬਹੁਤ ਸਾਰੇ ਸਿੱਖ ਆਗੂਆਂ ਦੇ ਬੱਚੇ ਵੀ ਹਨ। ਕੁੱਝ ਅਪਣੇ ਬੱਚਿਆਂ ਨੂੰ ਇਸੇ ਕਾਰਨ ਗਵਾ ਵੀ ਬੈਠੇ ਹਨ। ਫਿਰ ਸਾਰੇ ਹੀ ਅਪਣੇ-ਅਪਣੇ ਅਹੁਦਿਆਂ ਤੋਂ ਹਟਾਏ ਕਿਉਂ ਨਹੀਂ ਜਾਂਦੇ?

ਦੂਜਾ ਪੱਖ ਇਹ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਵੀਡੀਉ ਉਨ੍ਹਾਂ ਨੂੰ ਕਮਜ਼ੋਰ ਕਰਨ ਲਈ ਇਸਤੇਮਾਲ ਕੀਤੀ ਗਈ ਹੈ। ਗਿਆਨੀ ਇਕਬਾਲ ਸਿੰਘ ਅੱਜ ਦੇ ਸਿੱਖ ਧਾਰਮਕ/ਸਿਆਸੀ ਸਿਸਟਮ ਦਾ ਹਿੱਸਾ ਸਨ ਪਰ ਕੁੱਝ ਬਗ਼ਾਵਤੀ ਸੁਰਾਂ ਉਨ੍ਹਾਂ ਵਲੋਂ ਕਢੀਆਂ ਜਾ ਰਹੀਆਂ ਸਨ। ਪਰ ਇਹ ਸੁਰਾਂ ਅਕਾਲੀ-ਭਾਜਪਾ ਸਰਕਾਰ ਦੇ ਹਟਣ ਮਗਰੋਂ ਤਾਂ ਸਗੋਂ ਹੋਰ ਤੇਜ਼ ਹੋਈਆਂ ਹਨ। ਹੁਣ ਗਿਆਨੀ ਇਕਬਾਲ ਸਿੰਘ ਨੇ 2014 ਦੀ ਸੌਦਾ ਸਾਧ ਨੂੰ ਮਾਫ਼ੀ, 90 ਲੱਖ ਦੇ ਸੌਦਾ ਸਾਧ ਵਾਸਤੇ ਇਸ਼ਤਿਹਾਰਾਂ ਤੇ ਚੰਡੀਗੜ੍ਹ ਵਿਚ 'ਮੁੱਖ ਸੇਵਾਦਾਰ' ਵਲੋਂ ਸਿਆਸਤਦਾਨਾਂ ਸਾਹਮਣੇ ਮੱਥਾ ਟੇਕਣ ਆਦਿ ਵਰਗੇ ਮੁੱਦਿਆਂ ਬਾਰੇ ਆਵਾਜ਼ ਉੱਚੀ ਕੀਤੀ ਹੈ।

ਮੁੜ ਤੋਂ ਸਾਡਾ ਸਵਾਲ ਇਹ ਹੈ ਕਿ ਇਹ ਅੱਜ ਹੀ ਕਿਉਂ? ਚਾਰ ਸਾਲ ਬੀਤ ਜਾਣ ਮਗਰੋਂ ਸੌਦਾ ਸਾਧ ਦੀ ਮਾਫ਼ੀ ਬਾਰੇ ਚੀਕਾਂ ਮਾਰਦੀ ਆਵਾਜ਼ ਅੱਜ ਕਿਉਂ? ਜਦੋਂ ਸਿੱਖ ਕੌਮ ਵਿਚ ਗ਼ਲਤ ਕੰਮ ਹੁੰਦੇ ਰਹੇ, ਸਿੱਖੀ ਦੀ ਸੋਚ ਉਤੇ ਆਰ.ਐਸ.ਐਸ. ਦੀ ਪਿਉਂਦ ਲਗਾਈ ਜਾ ਰਹੀ ਸੀ, ਜਨਤਾ ਨੂੰ ਗ਼ਲਤ ਰਾਹ ਪਾਇਆ ਜਾ ਰਿਹਾ ਸੀ, ਗੁਰੂ ਦੀ ਗੋਲਕ ਨੂੰ ਗ਼ਲਤ ਕੰਮਾਂ ਵਾਸਤੇ ਖ਼ਰਚਿਆ ਜਾ ਰਿਹਾ ਸੀ ਤਾਂ ਸਾਰੇ ਚੁਪ ਕਿਉਂ ਰਹੇ?

ਕਈ ਆਗੂ ਬਾਹਰ ਆ ਕੇ ਬੜੇ ਸਨਸਨੀਖ਼ੇਜ਼ ਪ੍ਰਗਟਾਵੇ ਕਰਨ ਲੱਗ ਜਾਂਦੇ ਹਨ। ਸੁਖਦੇਵ ਸਿੰਘ ਢੀਂਡਸਾ ਤੋਂ ਸਿਲਸਿਲਾ ਸ਼ੁਰੂ ਤਾਂ ਹੋਇਆ ਪਰ ਇਸ ਦਾ ਅੰਤ ਕੀ ਹੈ? ਅੱਜ ਇਨ੍ਹਾਂ ਸਾਰੀਆਂ ਗੱਲਾਂ ਤੋਂ ਇੰਜ ਜਾਪਦਾ ਹੈ ਕਿ ਇਹ ਸਾਰੇ ਧਾਰਮਕ ਤੇ ਸਿਆਸੀ ਆਗੂ ਅੰਦਰੋਂ ਮਿਲ ਕੇ ਤੇ ਸੱਭ ਕੁੱਝ ਵੇਖਦੇ ਹੋਏ ਵੀ, ਜਾਣ ਬੁੱਝ ਕੇ ਅੱਖਾਂ ਮੀਚੀ, ਕੰਮ ਕਰਦੇ ਰਹੇ ਹਨ ਤਾਕਿ ਉਨ੍ਹਾਂ ਦੇ ਅਪਣੇ ਹਿਤ ਸੁਰੱਖਿਅਤ ਰਹਿਣ, ਇਸ ਲਈ ਇਕ-ਦੂਜੇ ਦੇ ਪੋਤੜੇ ਹੀ ਢਕਦੇ ਰਹੇ ਸਨ। ਗਿਆਨੀ ਇਕਬਾਲ ਸਿੰਘ ਨੇ ਜਦੋਂ ਪਟਨਾ ਵਿਚ ਸ਼ਤਾਬਦੀ ਸਮਾਗਮਾਂ ਵਾਸਤੇ ਬਾਦਲ ਪ੍ਰਵਾਰ ਨੂੰ ਨਾ ਸੱਦਿਆ, ਤਾਂ ਕੀ ਉਨ੍ਹਾਂ ਦੇ ਪੁੱਤਰ ਦਾ ਪੁਰਾਣਾ ਵੀਡੀਉ ਕਿਸੇ ਸਾਜ਼ਸ਼ ਤਹਿਤ ਉਨ੍ਹਾਂ ਨੂੰ ਸਬਕ ਸਿਖਾਉਣ ਵਾਸਤੇ ਲੀਕ ਕੀਤਾ ਗਿਆ? ਹੁਣ ਤਕ ਕੋਈ ਮੁੱਖ ਸੇਵਾਦਾਰ, ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਵਾਸਤੇ ਐਸ.ਆਈ.ਟੀ. ਜਾਣ ਨੂੰ ਤਿਆਰ ਨਹੀਂ ਸੀ। ਪਰ ਹੁਣ ਗਿਆਨੀ ਇਕਬਾਲ ਸਿੰਘ ਖ਼ੁਦ ਜਾਣ ਦੀ ਗੱਲ ਕਰ ਰਹੇ ਹਨ। ਕੀ ਹੁਣ ਇਹ ਅਪਣੇ ਅਹੁਦੇ ਤੋਂ ਲਾਹੇ ਜਾਣ ਦੀ ਸਾਜ਼ਸ਼ ਦਾ ਬਦਲਾ ਲੈ ਰਹੇ ਹਨ ਜਾਂ ਅਪਣੇ ਵਿਰੋਧੀਆਂ ਨੂੰ ਨੰਗਿਆਂ ਕਰਨ ਦੇ ਸਿਰਫ਼ ਸੁਨੇਹੇ ਹੀ ਭੇਜ ਰਹੇ ਹਨ? 

ਕਾਂਗਰਸ ਪਾਰਟੀ ਵਲੋਂ ਬੜੇ ਜੋਸ਼ ਨਾਲ ਐਲਾਨਿਆ ਗਿਆ ਹੈ ਕਿ ਅੱਜ ਦੇ ਹਾਲਾਤ ਵਿਚ ਉਹ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣਗੇ ਅਤੇ ਇਸ ਬੁਲੰਦ ਦਾਅਵੇ ਦਾ ਕਾਰਨ ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਦੇ ਅੰਦਰ ਦੇ ਹਾਲਾਤ ਹਨ। 'ਆਪ' ਨੇ ਜੋ ਵਿਰੋਧੀ ਧਿਰ ਹੋਣ ਦਾ ਅਹੁਦਾ ਹਾਸਲ ਕੀਤਾ, ਉਹ ਤਾਂ ਉਸ ਦੇ ਕਾਬਲ ਵੀ ਨਹੀਂ ਰਹੀ। ਕੁਰਸੀ ਦੇ ਚੱਕਰ ਵਿਚ ਇਹ ਸਾਰੇ ਇਕ ਸਾਲ ਵੀ ਇਕੱਠੇ ਨਾ ਰਹਿ ਸਕੇ। ਅਕਾਲੀ ਦਲ (ਬਾਦਲ) ਅੰਦਰੋਂ ਅਪਣੀਆਂ ਹੀ ਸਾਜ਼ਸ਼ਾਂ ਕਰ ਕੇ ਬਿਖਰੀ ਜਾ ਰਿਹਾ ਹੈ। 

ਅਕਾਲੀ ਦਲ ਜਾਂ ਉਸ ਤੋਂ ਟੁੱਟਣ ਵਾਲੇ ਆਗੂਆਂ ਵਿਚੋਂ ਅੱਜ ਕਿਹੜਾ ਆਗੂ ਰਹਿ ਗਿਆ ਹੈ ਜਿਸ ਨੂੰ ਪੂਰੀ ਤਰ੍ਹਾਂ ਪੰਥ ਦੇ ਹਿਤਾਂ ਵਾਸਤੇ ਖੜੇ ਹੋਣ ਵਾਲਾ ਸ਼ਖ਼ਸ ਆਖਿਆ ਜਾ ਸਕਦਾ ਹੋਵੇ? ਅੱਜ ਲੋੜ ਹੈ ਕਿ ਇਹ ਆਗੂ ਅੱਗੇ ਦਾ ਸੱਚ ਬੋਲਣ ਜਿਸ 'ਚੋਂ ਰੰਜਿਸ਼ ਜਾਂ ਬਦਲੇ ਦੀ ਬੋਅ ਨਾ ਆਵੇ। 'ਮੈਂ ਮਰਾਂ, ਪੰਥ ਜੀਵੇ' ਦੀ ਸੋਚ ਪਾਲਣ ਵਾਲਾ ਆਗੂ ਹੀ ਪੰਜਾਬ ਨੂੰ ਬਚਾ ਸਕਦਾ ਹੈ ਵਰਨਾ ਪੰਜਾਬ ਨੂੰ ਖ਼ਤਮ ਹੁੰਦਾ ਵੇਖਣ ਦੀਆਂ ਚਾਹਵਾਨ ਸ਼ਕਤੀਆਂ ਦਾ ਤਾਂ ਇਸ ਵੇਲੇ 'ਪੰਥ' ਦੇ ਵਿਹੜੇ ਵਿਚ ਵੀ ਬੋਲਬਾਲਾ ਖ਼ੂਬ ਵਿਖਾਈ ਦੇ ਹੀ ਰਿਹਾ ਹੈ। - ਨਿਮਰਤ ਕੌਰ