ਪਹਾੜ ਜਿੱਡੇ ਦੁਖ ਸੀਨੇ ਵਿਚ ਛੁਪਾ ਲੈਣ ਵਾਲੀ ਔਰਤ ਨੂੰ ਅਬਲਾ ਨਾ ਆਖੋ ਪਰ ਕੁੱਝ ਮਰਦ ਵੀ ਅਪਣੇ ਆਪ ਨੂੰ ‘ਅਬਲਾ’ ਕਹਿਣ ਦੀ ਗ਼ਲਤੀ ਨਾ ਕਰਨ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਮਰਦ ਦੀ ਛਾਤੀ ਚੌੜੀ ਹੈ ਤਾਂ ਇਸ ਨੂੰ ਉਸ ਦੀ ਮਰਦਾਨਗੀ ਕਿਹਾ ਜਾਂਦਾ ਹੈ ਪਰ ਜਦ ਔਰਤ ਦੀ ਛਾਤੀ ਵੱਡੀ ਤੋਂ ਵੱਡੀ ਤੇ ਗਹਿਰੀ ਸੱਟ ਬਰਦਾਸ਼ਤ ਕਰਦੀ ਹੈ ਤਾਂ ਉਸ ਨੂੰ ਅਬਲਾ...

Representational Image

ਮਰਦ ਦੀ ਛਾਤੀ ਚੌੜੀ ਹੈ ਤਾਂ ਇਸ ਨੂੰ ਉਸ ਦੀ ਮਰਦਾਨਗੀ ਕਿਹਾ ਜਾਂਦਾ ਹੈ ਪਰ ਜਦ ਔਰਤ ਦੀ ਛਾਤੀ ਵੱਡੀ ਤੋਂ ਵੱਡੀ ਤੇ ਗਹਿਰੀ ਸੱਟ ਬਰਦਾਸ਼ਤ ਕਰਦੀ ਹੈ ਤਾਂ ਉਸ ਨੂੰ ਅਬਲਾ ਕਿਉਂ ਕਹਿੰਦੇ ਹਨ? ਸੱਚ ਆਖਾਂ ਤਾਂ ਔਰਤ ਦੀ ਤਾਕਤ ਕਿਸੇ ਮਰਦ ਤੋਂ ਘੱਟ ਨਹੀਂ, ਬਸ ਵਖਰੀ ਹੈ। ਪਰ ਮਰਦਾਂ ਦੀ ਸੋਚ ਨੂੰ ਬਦਲਣ ਤੋਂ ਪਹਿਲਾਂ ਔਰਤਾਂ ਨੂੰ ਅਪਣੇ ਆਪ ਨੂੰ ਕੁਦਰਤ ਦੀਆਂ ਅੱਖਾਂ ਵਿਚੋਂ ਵੇਖਣਾ ਪਵੇਗਾ। ਹਾਂ ਔਕੜਾਂ ਵੱਡੀਆਂ ਹਨ। ਰਸਤਾ ਅਸਾਨ ਨਹੀਂ ਪਰ ਤੁਸੀਂ ਕਾਬਲ ਤੇ ਤਾਕਤਵਰ ਹੋ। ਇਹ ਰੱਬ ਦਾ ਫ਼ੈਸਲਾ ਹੈ ਜੋ ਇਨਸਾਨ ਨਹੀਂ ਬਦਲ ਸਕਦੇ। ਚੋਣ ਤੁਸੀਂ ਕਰਨੀ ਹੈ। ਕੀ ਤੁਸੀਂ ਰੱਬ ਦੀ ਗੱਲ ਮੰਨੋਗੇ ਜਾਂ ਇਨਸਾਨ ਦੀ?

ਇਸ ਵਾਰ ਕੁਦਰਤ ਨੇ ਹੋਲੀ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਬੜਾ ਖ਼ੂਬਸੂਰਤ ਮੇਲ ਕਰਵਾਇਆ ਹੈ। ਹੋਲੀ ਦੇ ਰੰਗਾਂ ਵਾਂਗ ਔਰਤ ਨੂੰ ਵੀ ਰੱਬ ਨੇ ਰੰਗਾਂ ਦੀ ਸਤਰੰਗੀ ਪੀਂਘ ਵਾਂਗ ਸਜਾਇਆ ਹੈ। ਜਦ ਸਾਰੇ ਰੰਗ ਉਘੜਵੇਂ ਹੋਣ ਤਾਂ ਵੀ ਸਿਰਫ਼ ਰੰਗ ਹੀ ਨਹੀਂ ਚਮਕਦੇ ਬਲਕਿ ਕਦੇ ਕਦੇ ਕਾਲਾ ਹਨੇਰਾ ਵੀ ਨਾਲ ਆ ਮਿਲਦਾ ਹੈ। ਬੜੀ ਅਜੀਬ ਗੱਲ ਜਾਪਦੀ ਹੈ ਕਿ ਜਿਨ੍ਹਾਂ ਮਰਦਾਂ ਨੇ ਇਸ ਦੁਨੀਆਂ ਦੇ ਦਸਤੂਰਾਂ ਰਾਹੀਂ ਚਮਕਦਾਰ ਰੰਗਾਂ ਨੂੰ ਢੱਕ ਕੇ ਹਨੇਰੇ ਨੂੰ ਉਭਾਰਿਆ, ਉਹ ਵੀ ਅੱਜ ਅਪਣੇ ਆਪ ਨੂੂੰ ਕਮਜ਼ੋਰ ਦਸ ਕੇ ਮੰਗ ਕਰ ਰਹੇ ਹਨ ਕਿ ਅੱਜ ਜੇ ਮਹਿਲਾ ਦਿਵਸ ਤੇ ਬਾਲ ਦਿਵਸ ਮਨਾਏ ਜਾ ਸਕਦੇ ਹਨ ਤਾਂ ਫਿਰ ਮਰਦ ਦਿਵਸ ਕਿਉਂ ਨਹੀਂ ਮਨਾਇਆ ਜਾਂਦਾ?

ਦਿਲ ਕਰਦਾ ਹੈ ਕਿ ਕਦੇ ਵੀ ਮਹਿਲਾ ਦਿਵਸ ਮਨਾਉਣ ਦੀ ਲੋੜ ਹੀ ਨਾ ਪਵੇ ਪਰ ਇਹ ਸਾਡੇ ਸਮਾਜ ਦੇ ਵਤੀਰੇ ਸਦਕਾ ਹੈ ਕਿ ਔਰਤ ਅਪਣੇ ਆਪ ਨੂੰ ਮਰਦ ਦੇ ਰਹਿਮ ਉਤੇ ਨਿਰਭਰ ਮੰਨਦੀ ਹੈ ਤੇ ਉਸ ਨੂੰ ਬਰਾਬਰ ਦਾ ਦਰਜਾ ਲੈਣ ਵਾਸਤੇ ਇਹ ਦਿਵਸ ਮਨਾਉਣ ਦੀ ਲੋੜ ਪੈਂਦੀ ਹੈ। ਸਾਰੇ ਮਰਦ ਮਾੜੇ ਨਹੀਂ ਹੁੰਦੇ, ਸਾਰੀਆਂ ਔਰਤਾਂ ਕਮਜ਼ੋਰ ਤੇ ਕੁਰਬਾਨੀ ਦੇਣ ਵਾਲੀਆਂ ਨਹੀਂ ਹੁੰਦੀਆਂ ਪਰ ਜੇ ਔਸਤ ਵੇਖੀਏ ਤਾਂ ਇਨ੍ਹਾਂ ਦੋਹਾਂ ਹਾਲਤਾਂ ਵਿਚ ਘੱਟ ਮਰਦ ਤੇ ਘੱਟ ਹੀ ਔਰਤਾਂ ਆਉਣਗੀਆਂ।

ਅੱਜ ਜਿਹੜੇ ਮਰਦ ਢਾਹਾਂ ਮਾਰ ਕੇ ਰੋਂਦੇ ਹੋਏ ਕਹਿੰਦੇ ਹਨ ਕਿ ਦਾਜ ਅਤੇ ਝੂਠੇ ਕੇਸਾਂ ਵਿਚ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ, ਉਹ ਮੁੱਠੀ ਭਰ ਹੀ ਹੋਣਗੇ ਤੇ ਉਹ ਵੀ ਮੁੱਠੀ ਭਰ ਹੀ ਹੋਣਗੇ ਜੋ ਦਾਜ ਨਹੀਂ ਲੈਂਦੇ ਹੋਣਗੇ। ਸੋ ਇਸ ਦਿਵਸ ਦਾ ਰਸਮੀ ਤੌਰ ਤ ੇਮਨਾਉਣਾ ਅਜੇ ਜ਼ਰੂਰੀ ਹੈ ਤੇ ਕਾਫ਼ੀ ਦੇਰ ਤਕ ਰਹੇਗਾ ਅਤੇ ਆਸ ਕਰਨੀ ਹੋਵੇਗੀ ਕਿ ਔਰਤ ਦੀ ਬਰਾਬਰੀ ਦੇ ਇਸ ਸੰਘਰਸ਼ ਵਿਚ ਮਰਦਾਂ ਨੂੰ ਕਦੇ ਅਪਣੇ ਆਪ ਨੂੰ ਏਨਾ ਕਮਜ਼ੋਰ ਮਹਿਸੂਸ ਨਹੀਂ ਕਰਨਾ ਪਵੇਗਾ ਕਿ ਉਹ ਅਪਣੇ ਵਾਸਤੇ ਇਕ ਵਖਰਾ ਦਿਹਾੜਾ ਮੰਗਣ ਲੱਗ ਪਵੇ। ਸਮਾਜ ਦੀ ਸਾਰੀ ਤਾਕਤ ਜਿਸ ਦੇ ਹੱਥਾਂ ਵਿਚ ਹੋਵੇ, ਉਹ ਇਸ ਤਰ੍ਹਾਂ ਮਹਿਸੂਸ ਕਰੇਗਾ ਵੀ ਤਾਂ ਹਕੀਕਤ ਨੂੰ ਝੁਠਲਾ ਕੇ ਹਲਕਾ ਨਾਟਕ ਹੀ ਕਰ ਰਿਹਾ ਹੋਵੇਗਾ। 

ਸਾਡਾ ਟੀਚਾ ਮਨੁੱਖਤਾ ਦਿਵਸ ਮਨਾਉਣਾ ਹੋਣਾ ਚਾਹੀਦਾ ਹੈ ਜਿਥੇ ਦੋਵੇਂ Çਲੰਗਾਂ ਦੇ ਹੱਕਾਂ ਦੀ ਬਰਾਬਰੀ ਨਾਲ ਰਾਖੀ ਹੋ ਸਕੇ ਕਿਉਂਕਿ ਜੇ ਕੁਦਰਤ ਦੀ ਕਰਾਮਾਤ ਵਲ ਵੇਖੀਏ ਤਾਂ ਉਸ ਨੇ ਦੋਹਾਂ ਨੂੰ ਅਪਣੇ ਆਪ ਵਿਚ ਅਲੱਗ ਪਰ ਸੰਪੂਰਨ ਬਣਾਇਆ ਹੈ। ਇਸ ਬਰਾਬਰੀ ਤਕ ਪਹੁੰਚਣ ਵਾਸਤੇ ਦੋਹਾਂ ਨੂੰ ਸਮਝਣਾ ਪਵੇਗਾ ਕਿ ਔਰਤ ਅਬਲਾ ਨਹੀਂ। ਜਿਸ ਨੂੰ ਔਰਤ ਦੀ ਕਮਜ਼ੋਰੀ ਆਖਿਆ ਜਾਂਦਾ ਹੈ, ਉਹ ਅਸਲ ਵਿਚ ਉਸ ਦੀ ਤਾਕਤ ਤੇ ਕੁਰਬਾਨੀ ਹੁੰਦੀ ਹੈ। ਉਹ ਪਿਤਾ ਦੀ ਪੱਗ ਬਚਾਉਣ ਵਾਸਤੇ ਚੁਪ ਗੜੁੱਪ ਹੋ ਜਾਂਦੀ ਹੈ, ਵੀਰ ਦੇ ਪਿਆਰ ਵਾਸਤੇ ਪੇਕਿਆਂ ਉਤੇ ਬੋਝ ਨਹੀਂ ਬਣਦੀ, ਮਾਂ ਦੀ ਲਾਜ ਬਚਾਉਣ ਵਾਸਤੇ ਅਪਣੇ ਹਉਕੇ ਦਬਾ ਲੈਂਦੀ ਹੈ, ਪਤੀ ਦੀ ਇੱਜ਼ਤ ਵਾਸਤੇ ਅਪਣੇ ਸ੍ਰੀਰ ਉਤੇ ਪਈਆਂ ਲਾਸਾਂ ਛੁਪਾ ਲੈਂਦੀ ਹੈ, ਬੱਚਿਆਂ ਦੀ ਖ਼ੁਸ਼ੀ ਵਾਸਤੇ ਅਪਣੇ ਸੁਪਨੇ ਕੁਰਬਾਨ ਕਰ ਦੇਂਦੀ ਹੈ।

ਜਿਸ ਹਿੰਮਤ ਨਾਲ ਔਰਤ ਵੱਡੀਆਂ ਮਾਰਾਂ ਬਰਦਾਸ਼ਤ ਕਰ ਲੈਂਦੀ ਹੈ, ਇਹ ਉਸ ਦੀ ਤਾਕਤ ਹੈ। ਮਰਦ ਦੀ ਛਾਤੀ ਚੌੜੀ ਹੈ ਤਾਂ ਇਸ ਨੂੰ ਉਸ ਦੀ ਮਰਦਾਨਗੀ ਕਿਹਾ ਜਾਂਦਾ ਹੈ ਪਰ ਜਦ ਔਰਤ ਦੀ ਛਾਤੀ ਵੱਡੀ ਤੋਂ ਵੱਡੀ ਤੇ ਗਹਿਰੀ ਸੱਟ ਬਰਦਾਸ਼ਤ ਕਰਦੀ ਹੈ ਤਾਂ ਉਸ ਨੂੰ ਅਬਲਾ ਕਿਉਂ ਕਹਿੰਦੇ ਹਨ? ਸੱਚ ਆਖਾਂ ਤਾਂ ਔਰਤ ਦੀ ਤਾਕਤ ਕਿਸੇ ਮਰਦ ਤੋਂ ਘੱਟ ਨਹੀਂ, ਬਸ ਵਖਰੀ ਹੈ। ਪਰ ਮਰਦਾਂ ਦੀ ਸੋਚ ਨੂੰ ਬਦਲਣ ਤੋਂ ਪਹਿਲਾਂ ਔਰਤਾਂ ਨੂੰ ਅਪਣੇ ਆਪ ਨੂੰ ਕੁਦਰਤ ਦੀਆਂ ਅੱਖਾਂ ਵਿਚੋਂ ਵੇਖਣਾ ਪਵੇਗਾ। ਹਾਂ ਔਕੜਾਂ ਵੱਡੀਆਂ ਹਨ। ਰਸਤਾ ਅਸਾਨ ਨਹੀਂ ਪਰ ਤੁਸੀਂ ਕਾਬਲ ਤੇ ਤਾਕਤਵਰ ਹੋ। ਇਹ ਰੱਬ ਦਾ ਫ਼ੈਸਲਾ ਹੈ ਜੋ ਇਨਸਾਨ ਨਹੀਂ ਬਦਲ ਸਕਦੇ। ਚੋਣ ਤੁਸੀਂ ਕਰਨੀ ਹੈ, ਕੀ ਤੁਸੀਂ ਰੱਬ ਦੀ ਗੱਲ ਮੰਨੋਗੇ ਜਾਂ ਇਨਸਾਨ ਦੀ?

- ਨਿਮਰਤ ਕੌਰ