Womens Day: ਔਰਤ ਲਈ ਬਰਾਬਰੀ ਹਾਸਲ ਕਰਨ ਦਾ ਪੈਂਡਾ ਬੜਾ ਲੰਮਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੁੰਡੇ ਦੇ ਜਨਮ ’ਤੇ 3100 ਸ਼ਗਨ ਦੀ ਸੀਮਾ ਰੱਖੀ ਗਈ ਹੈ, ਪਰ ਕੁੜੀ ਦੇ ਜਨਮ ਤੇ ਕੁੱਝ ਨਹੀਂ। ਰਵਾਇਤ ਇਹ ਦੱਸੀ ਜਾਂਦੀ ਹੈ

File Photo

Womens Day: ਅੱਜ ਦੇ ਦਿਨ ਨੂੰ ਔਰਤਾਂ ਦੀ ਬਰਾਬਰੀ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਇਕ ਦਿਨ ਔਰਤਾਂ ਦੀ ਵਡਿਆਈ ਬਾਰੇ ਗੀਤ, ਧਮਾਕੇਦਾਰ ਭਾਸ਼ਣ, ਸਨਮਾਨ ਤੇ ਸੰਦੇਸ਼ ਅਉਂਦੇ ਹਨ। ਅੱਜ ਦੀ ਔਰਤ ਲਈ ਪਹਿਲਾਂ ਨਾਲੋਂ ਬੜਾ ਕੁੱਝ ਬਿਹਤਰ ਹੈ ਪਰ ਫਿਰ ਵੀ ਘੱਟ ਹੈ। ਘੱਟ ਇਸ ਕਰ ਕੇ ਹੈ ਕਿਉਂਕਿ ਸਾਡੀ ਸੋਚ ਵਿਚ ਅਜੇ ਵੀ ਔਰਤ ਜਾਂ ਬੱਚੇ ਇਕ ਤਰ੍ਹਾਂ ਦਾ ਬੋਝ ਹਨ।

ਹੁਣ ਸਰਕਾਰ ਨੇ ਤਹਿ ਕੀਤਾ ਹੈ ਕਿ ਮੁੰਡੇ ਦੇ ਜਨਮ ’ਤੇ 3100 ਸ਼ਗਨ ਦੀ ਸੀਮਾ ਰੱਖੀ ਗਈ ਹੈ, ਪਰ ਕੁੜੀ ਦੇ ਜਨਮ ਤੇ ਕੁੱਝ ਨਹੀਂ। ਰਵਾਇਤ ਇਹ ਦੱਸੀ ਜਾਂਦੀ ਹੈ ਕਿ ਕਿੰਨਰ ਕੁੜੀ ਦੇ ਜੰਮਣ ’ਤੇ, ਸ਼ਗਨ ਤੇ ਦੁਆ ਦਿੰਦੇ ਹਨ। ਅੱਜ ਕਿੰਨਰ ਦੀ ਗੱਲ ਨਹੀਂ, ਉਨ੍ਹਾਂ ਦੀ ਇਸ ਰੀਤ ਦੇ ਜਾਇਜ਼ ਹੋਣ ਦੀ ਗੱਲ ਨਹੀਂ ਪਰ ਚਰਚਾ ਉਸ ਸੋਚ ਬਾਰੇ ਹੈ ਜੋ ਕੁੜੀ ਦੇ ਜਨਮ ਨੂੰ ਸ਼ਗਨਾਂ ਵਾਲਾ ਨਹੀਂ ਮੰਨਦੀ।

ਹਾਲ ਹੀ ਵਿਚ ਇਕ ਮਾਲ ਵਿਚ ਖ਼ਰੀਦਦਾਰੀ ਕਰਦੇ ਹੋਏ ਇਕ ਕਿੰਨਰ ਨਾਲ ਗੱਲਬਾਤ ਸ਼ੁਰੂ ਹੋਈ। 20 ਸਾਲ ਦਾ ਮੁੰਡਾ ਸੀ ਤੇ ਮੇਕਅੱਪ ਦੀ ਦੁਕਾਨ ਵਿਚ ਕੰਮ ਕਰਦਾ ਸੀ। ਉਸ ਦਾ ਅਪਣਾ ਮੇਕਅੱਪ ਬੜਾ ਵਧੀਆ ਸੀ। ਗੱਲਾਂ ਗੱਲਾਂ ਵਿਚ ਉਸ ਨੇ ਦਸਿਆ ਕਿ ਉਹ ਵੀ ਸਿੱਖ ਮੁੰਡਾ ਹੈ ਤੇ ਜਲੰਧਰ ਦਾ ਰਹਿਣ ਵਾਲਾ ਹੈ। ਮੈਂ ਆਖਿਆ ਕਿ ਸਮਾਂ ਕਿੰਨਾ ਬਦਲ ਗਿਆ ਹੈ ਕਿ ਉਹ ਖੁਲ੍ਹ ਕੇ ਅਪਣੀ ਵਖਰੀ ਪਛਾਣ ਨੂੰ ਸਵੀਕਾਰ ਕਰ ਸਕਦਾ ਹੈ।

ਉਸ ਦੀਆਂ ਅੱਖਾਂ ਭਰ ਆਈਆਂ ਤੇ ਕਹਿੰਦਾ, ‘‘ਨਹੀਂ, ਜਦ ਘਰ ਜਾਂਦਾ ਹਾਂ ਤਾਂ ਮੈਂ ਅਪਣਾ ਸੱਚ ਛੁਪਾ ਕੇ ਇਕ ਆਮ ਮੁੰਡਾ ਹੀ ਬਣ ਜਾਂਦਾ ਹਾਂ।’’ ਉਸ ਦੇ ਹੰਝੂ ਰੋਕਣ ਲਈ ਮੈਂ ਦਿਲਾਸਾ ਦੇਣ ਲਈ ਇਕ ਸੱਚ ਸਾਂਝਾ ਕੀਤਾ ਕਿ ਮੈਂ ਦੋ ਬੱਚਿਆਂ ਦੀ ਇਕੱਲੀ ਮਾਂ ਹਾਂ ਤੇ ਅਪਣੇ ਆਪ ਉਤੇ ਵਿਸ਼ਵਾਸ ਬਣਾਈ ਰੱਖਣ ਨਾਲ ਹਰ ਔਕੜ ਰੱਬ ਆਪੇ ਹੀ ਦੂਰ ਕਰ ਦੇਂਦਾ ਹੈ। ਉਸ ਦਾ ਜਵਾਬ ਮੈਨੂੰ ਹਿਲਾ ਗਿਆ।

Womens Right

ਉਸ ਨੇ ਆਖਿਆ, ‘‘ਤੁਸੀ ਤਾਂ ਫਿਰ ਮੇਰੇ ਨਾਲੋਂ ਵੀ ਮਾੜੀ ਹਾਲਤ ਵਿਚ ਹੋ।’’ਇਹ ਸੋਚ ਇਕ ਔਰਤ ਦੀ ਅਸਲੀਅਤ ਹੈ। ਸਮਾਜ ਦਾ ਥੋੜਾ ਹਿੱਸਾ ਹੀ ਹੋਵੇਗਾ ਜੋ ਬੱਚੀ ਦੇ ਜਨਮ ਦਾ ਸਵਾਗਤ ਕਰਦਾ ਹੈ। ਬਸ ਕਈ ਇਸ ਨੂੰ ਰੱਬ ਦਾ ਫ਼ੈਸਲਾ ਸਮਝ ਕੇ, ਇਸ ਕੁਦਰਤੀ ਫ਼ੈਸਲੇ ਨੂੰ ਖ਼ੁਸ਼ੀ ਨਾਲ ਸਵੀਕਾਰ ਕਰਦੇ ਹਨ ਤੇ ਕੁੱਝ ਮਜਬੂਰੀ ਵਿਚ ਸਵੀਕਾਰ ਕਰ ਲੈਂਦੇ ਹਨ। ਉਹ ਤਬਕਾ ਬੜਾ ਥੋੜਾ ਹੈ ਜੋ ਮਨੋਂ ਖ਼ੁਸ਼ ਹੋ ਕੇ ਇਸ ਦਾ ਜਸ਼ਨ ਮਨਾਉਂਦਾ ਹੈ।

ਸਮਾਜਕ ਤੇ ਧਾਰਮਕ ਕਾਰਨਾਂ ਦੇ ਨਾਲ ਨਾਲ ਸਿਸਟਮ ਵਿਚ ਕਮਜ਼ੋਰੀਆਂ ਹਨ। ਅਜੇ ਤਕ ਫ਼ੌਜ ਅਤੇ ਨੇਵੀ ਵਿਚ ਔਰਤਾਂ ਦਾ ਸਵਾਗਤ ਨਹੀਂ ਹੁੰਦਾ ਬਲਕਿ ਅਦਾਲਤਾਂ ਨੂੰ ਰਸਤਾ ਖੋਲ੍ਹਣਾ ਪੈਂਦਾ ਹੈ। ਪੁਲਾੜ ਯਾਤਰੀ ਕਲਪਨਾ ਚਾਵਲਾ ਭਾਰਤੀ ਮੂਲ ਦੀ ਸੀ ਪਰ ਅਮਰੀਕਾ ਨੇੇ ਸਪੇਸ ਵਿਚ ਭੇਜੀ। ਅਸੀ ਔਰਤਾਂ ਤੋਂ ਮਿਹਨਤ ਕਰਵਾਈ ਪਰ ਜਦ ਪੁਲਾੜ ਵਿਚ ਭੇਜਣ ਦੀ ਗੱਲ ਆਈ ਤਾਂ ਔਰਤਾਂ ਨੂੰ ਸ਼ਾਮਲ ਹੀ ਨਾ ਕੀਤਾ।

ਅੱਜ ਸਿਆਸਤਦਾਨਾਂ ਦਾ ਹਾਲ ਵੇਖ ਲਉ, ਕਿਤੇ ਸੰਦੇਸ਼ਕਾਲੀ, ਕਿਤੇ ਮਨੀਪੁਰ, ਕਿਤੇ ਮਹਿਲਾ ਪਹਿਲਵਾਨ ਅਪਣੀ ਪੱਤ ਬਚਾਉਣ ਵਾਸਤੇ ਲੜ ਰਹੀਆਂ ਹਨ। ਸਿਆਸਤਦਾਨ ਉਨ੍ਹਾਂ ਹੈਵਾਨਾਂ ਨੂੰ ਟਿਕਟਾਂ ਦੇਣਗੇ ਕਿਉਂਕਿ ਵੋਟ ਉਨ੍ਹਾਂ ਨੂੰ ਹੀ ਲੈਣੀ ਆਉਂਦੀ ਹੈ। ਵੋਟ ਆਮ ਜਨਤਾ ਪਾਵੇਗੀ ਜੋ ਅਜੇ ਵੀ ਸਮਾਜਕ ਤੇ ਧਾਰਮਕ ਰੀਤਾਂ ਦੀ ਸੋਚ ਹੇਠ ਔਰਤਾਂ ਨੂੰ ਆਪ ਬਰਾਬਰ ਨਹੀਂ ਮੰਨਦੀ।

ਜਦ ਕਿਸੇ ਔਰਤ ਨੂੰ ਨਿਆਂ ਮਿਲਦਾ ਹੈ ਜਾਂ ਉਸ ਨੂੰ ਕਿਸੇ ਹੈਵਾਨ ਤੋਂ ਬਚਾਇਆ ਜਾਂਦਾ ਹੈ ਤਾਂ ਇਸ ਨੂੰ ਉਸ ਦਾ ਹੱਕ ਨਹੀਂ ਬਲਕਿ ਉਸ ਤੇ ਅਹਿਸਾਨ ਵਜੋਂ ਲਿਆ ਜਾਂਦਾ ਹੈ। ਹਾਂ ਪਹਿਲਾਂ ਨਾਲੋਂ ਬਿਹਤਰ ਸਥਿਤੀ ਹੈ ਪਰ ਅਜੇ ਬਰਾਬਰੀ ਦਾ ਸਫ਼ਰ ਬਹੁਤ ਲੰਮਾ ਹੈ ਤੇ ਬੜੀਆਂ ਡੂੰਘੀਆਂ ਚੁਨੌਤੀਆਂ ਨਾਲ ਲੈਸ ਹੈ। ਮਰਦਾਂ ਤੋਂ ਆਸ ਰੱਖਣ ਤੋਂ ਪਹਿਲਾਂ ਔਰਤਾਂ ਨੂੰ ਅਪਣੀਆਂ ਬੇਟੀਆਂ, ਮਾਵਾਂ, ਸਹੇਲੀਆਂ, ਨੂੰਹਾਂ, ਸੱਸਾਂ ਲਈ ਹਮਦਰਦੀ ਤੇ ਸਾਥ ਜਤਾਉਣ ਦੀ ਲੋੜ ਹੈ। ਜਦ ਅਸੀ ਅਪਣੇ ਆਪ ਨੂੰ ਵਖਰਾ ਹੋ ਕੇ ਵੇਖਾਂਗੇ ਤਾਂ ਹੀ ਬਾਕੀਆਂ ਦੀ ਨਜ਼ਰ ਬਦਲੇਗੀ। - ਨਿਮਰਤ ਕੌਰ