105 ਸਾਲ ਪੁਰਾਣਾ ਅਕਾਲੀ ਦਲ ਦੋ ਫਾੜ ਤੋਂ ਬਾਅਦ ਹੋਰ ਟੁੱਟਣ ਲੱਗਾ
ਨਵਾਂ ‘ਬਾਗ਼ੀ ਦਲ’ ਕਿਵੇਂ ਪਾਰਟੀ ਵਿਧਾਨ ਹੇਠ ਮੈਂਬਰ ਬਣਾਏਗਾ? 32 ਲੱਖ ਸ਼੍ਰੋਮਣੀ ਅਕਾਲੀ ਦਲ ਮੈਂਬਰਾਂ ਦੀ ਹੈਸੀਅਤ ਕੀ ਰਹੇਗੀ?
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਉਂਜ ਤਾਂ 105 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਕਰਾਰੀ ਹਾਰ ਨਾਲ ਹੀ ਹਨੇਰੇ ’ਚ ਛੁਪ ਗਿਆ ਸੀ, ਪਰ 2022 ’ਚ ਤਾਂ ਇਹ ਜੁਝਾਰੂ ਦਲ, ‘‘ਆਪ’’ ਹੱਥੋਂ ਇਸ ਤਰ੍ਹਾਂ ਨੁੱਕਰੇ ਲੱਗਾ ਕਿ ਚੋਣਾਂ ’ਚ ਜਿੱਤੇ ਕੁੱਲ 3 ਵਿਧਾਇਕਾਂ ’ਚੋਂ ਹੁਣ ਕੇਵਲ ਇਕ ਬੀਬੀ ਗੁਨੀਵ ਕੌਰ ਹੀ ਬਤੌਰ ਨੁਮਾਇੰਦਾ ਰਹਿ ਗਈ। ਦੂਜੇ ਦੋਨਾਂ ’ਚੋਂ ਇਕ ਮਨਪ੍ਰੀਤ ਇਆਲੀ ਬਾਗ਼ੀ ਸੁਰ ਰੱਖਣ ਲੱਗ ਪਿਆ ਅਤੇ ਡਾ.ਸੁੱਖੀ ਬੰਗਾ ਨੇ 8 ਮਹੀਨੇ ਪਹਿਲਾਂ ਆਪ ਦਾ ਪੱਲਾ ਫੜ ਲਿਆ।
ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਵਾਸਤੇ ਲੜਨ ਵਾਲਾ ਇਹ ਅਕਾਲੀ ਦਲ ਜਦੋਂ ਤਿੰਨ ਮਹੀਨੇ ਪਹਿਲਾ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਸਜ਼ਾ ਨੂੰ ਇੰਨ ਬਿੰਨ ਤੁਗਤਣ ਅਤੇ ਅਕਾਲ ਤਖ਼ਤ ਤੋਂ ਸੁਣਾਏ ਫਰਮਾਨ ਮੁਤਾਬਕ 32 ਲੱਖ ਮੈਂਬਰਾਂ ਦੀ ਭਰਤੀ ਕਰ ਚੁੱਕਾ ਤਾਂ ਬਾਗ਼ੀ ਧੜਾ ਜਿਨ੍ਹਾਂ ਦੀ ਅਗਵਾਈ ਗੁਰ ਪ੍ਰਤਾਪ ਵਡਾਲਾ ਕਰ ਰਹੇ ਹਨ, ਉਸੇ ਅਕਾਲ ਤਖ਼ਤ ਤੋਂ ਅਪਣੇ ‘ਦਲ’ ਵਲੋਂ 18 ਮਾਰਚ ਤੋਂ ਆਰੰਭੀ ਜਾਣ ਵਾਲੀ ਮੈਂਬਰਸ਼ਿੱਪ ਦੀ ਮੁਹਿੰਮ ਲਈ, ਇਸ਼ਾਰਾ ਕਰਵਾ ਲਿਆਏ ਹਨ।
ਰੋਜ਼ਾਨਾ ਸਪੋਕਸਮੈਨ ਨੇ ਇਸ ਮੈਂਬਰਸ਼ਿੱਪ ਮੁਹਿੰਮ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਅਸਤੀਫ਼ਾ ਵਾਪਸ ਨਾ ਲੈਣ ਅਤੇ ਜ਼ਿੰਮੇਵਾਰੀ ਤੋਂ ਪਿੰਛੇ ਹਟਣ ਬਾਰੇ ਪਾਏ ਝਗੜੇ, ਦੁਬਿਧਾ ਜਾਂ ਘਚੌਲੇ ਸਬੰਧੀ ਸਿਆਸੀ ਮਾਹਰਾਂ, ਕਾਨੂੰਨਦਾਨਾਂ, ਤਜ਼ਰੇਬਕਾਰ ਨੇਤਾਵਾਂ ਅਤੇ ਧਾਰਮਕ ਚਿੰਤਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਰਮ ਤੇ ਸਿਆਸਤ ਦਾ ਰਲਗੱਡ ਹੋਣਾ ਵੱਡਾ ਪੇਚੀਦਾ ਮਸਲਾ ਹੈ। ਇਸ ਦਾ ਹੱਲ ਕੇਵਲ ਮਿਲ ਬੈਠ ਕੇ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਬੁੱਧੀਜੀਵੀਆਂ ਨੇ ਦਸਿਆ ਕਿ ਪੰਜਾਬ ’ਚ ਸਭ ਤੋਂ ਵੱਧ 105 ਸਾਲ ਪ੍ਰਰਾਣਾ ਸ਼੍ਰੋਮਣੀ ਅਕਾਲੀ ਦਲ ਦੋਫਾੜ ਤਾਂ ਕਈ ਵਾਰ ਹੋ ਚੁੱਕਾ ਹੈ ਪਰ ਸ਼ਕਤੀਸ਼ਾਲੀ ਤਾਂ ਉਹੀ ਗੁੱਟ ਹੁੰਦਾ ਰਿਹਾ ਜਿਸ ਕੋਲ ਪਾਰਟੀ ਸੰਵਿਧਾਨ ਅਤੇ ਚੋਣ ਨਿਸ਼ਾਨ ਰਿਹਾ ਹੈ।
ਇਕ ਦੋ ਸਿਆਸੀ ਮਾਹਰਾਂ ਨੇ ਇਹ ਵੀ ਹੱਲ ਸੁਝਾਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਕੇਵਲ ਪੈਨਲ ਬਣਾਉਣ ਤਕ ਹੀ ਸੀਮਤ ਰਹਿਣਾ ਬਣਦਾ ਹੈਨਾ ਕਿ ਨਵੇਂ ਮੈਂਬਰ ਬਣਾਉਣ, ਹਟਾਉਣ ਜਾਂ ਪਾਰਟੀ ਪ੍ਰਧਾਨ ਚੁਣਨ ਜਾਂ ਰੱਦ ਕਰਨ ਦੇ ਗੁੰਝਲਦਾਰ ਮਸਲੇ ਪਾ ਕੇ ਕਿੁੰਤ ਪਰੰਤੂ ਦੀ ਨੌਬਤ ’ਚ ਦਖ਼ਲ ਦੇਣਾ ਬਣਦਾ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਅੱਧੀ ਦਰਜਨ ਤੋਂ ਵੱਧ ਸਿਆਸੀ ਨੇਤਾਵਾਂ ਜਿਨ੍ਹਾਂ ’ਚ ਵੈਟਰਨ ਨੇਤਾ, ਸਮਾਜਕ ਕਾਰਜਕਰਤਾ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਸਬੰਧੀ ਸ਼ੁਭਚਿੰਤਕਾਂ ਨੇ ਇਹ ਵੀ ਸੁਝਾਅ ਦਿਤਾ ਕਿ ਸਾਬਕਾ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪਹਿਲ ਕਰ ਕੇ ਖੁਦ ਬਾਗ਼ੀ ਨੇਤਾਵਾਂ ਨਾਲ ਪਹੁੰਚ ਕਰ ਕੇ ਹੱਲ ਲੱਭਣਾ ਚਾਹੀਦਾ ਹੈ। ਇਨ੍ਹਾਂ ਘਾਗ ਅਤੇ ਜ਼ਮੀਨ ਨਾਲ ਜੁੜੇ ਸਿੱਖ ਨੇਤਾਵਾਂ ਨੇ ਇਹ ਵੀ ਕਿਹਾ ਕਿ ਜੇ ਪਾਰਟੀ ਵਿਧਾਨ ’ਚ ਰੇੜਕੇ ਸਬੰਧੀ ਕੋਈ ਅਦਾਲਤੀ ਕੇਸ ਚੱਲ ਪਿਆ ਤਾਂ ਹੋਰ ਵੱਧ ਕਿਰਕਿਰੀ ਹੋਵੇਗੀ ਅਤੇ ਇਕ ਵਾਰ ਫਿਰ ਸਿੱਖਾਂ ਤੇ ਪੰਥਕ ਪੰਜਾਬੀ ਵੋਟਰਾਂ ਲਈ ਚੋਣਾਂ ’ਚ ਦੁਬਿਧਾ ਬਣੇਗੀ ਅਤੇ ਮੁਕਾਬਲੇ ’ਚ ਅਕਾਲੀ ਦਲ ਬਹੁਤ ਪਿੱਛੇ ਰਹਿ ਜਾਵੇਗਾ।