ਸੰਪਾਦਕੀ: ਬੋਫ਼ੋਰਜ਼ ਤੋਂ ਰਾਫ਼ੇਲ ਤਕ ਉਹੀ ਵਿਚੋਲੇ, ਉਹੀ ਸੌਦੇਬਾਜ਼ੀ, ਉਹੀ ਸੱਭ ਕੁੱਝ-ਤਾਂ ਫਿਰ ਬਦਲਿਆ ਕੀ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੀ ਸਰਕਾਰ ਨਿਜੀਕਰਨ ਵਲ ਜਿਹੜਾ ਝੁਕਾਅ ਰੱਖ ਰਹੀ ਹੈ, ਉਹ ਕਾਂਗਰਸ ਦੀ ਮਿਲੀਭੁਗਤ ਦੀ ਸਿਆਸਤ ਤੋਂ ਬਿਹਤਰ ਤਾਂ ਨਹੀਂ।

Raphael from Bofors

1980 ਵਿਚ ਅਟਲ ਬਿਹਾਰੀ ਵਾਜਪਾਈ ਨੇ ਭਾਜਪਾ ਦੀ ਸਥਾਪਨਾ ਕੀਤੀ ਤੇ 1984 ਵਿਚ ਸਿਰਫ਼ ਦੋ ਸੀਟਾਂ ਲਈਆਂ। ਇਹ 41 ਸਾਲ ਦੀ ਪਾਰਟੀ ਅੱਜ ਭਾਰਤੀ ਸਿਆਸਤ ਦਾ ਇਕਲੌਤਾ ਹੈੱਡ ਮਾਸਟਰ ਬਣ ਗਈ ਹੈ। 41 ਸਾਲਾਂ ਵਿਚ ਇਸ ਪਾਰਟੀ ਨੇ ਜਿਸ ਤਰ੍ਹਾਂ ਭਾਰਤ ਦੀ ਸਿਆਸਤ ਉਤੇ ਕਬਜ਼ਾ ਕੀਤਾ ਹੈ, ਉਹ ਇਕ ਵੱਡੀ ਜੰਗ ਜਿੱਤਣ ਤੋਂ ਘੱਟ ਵੀ ਨਹੀਂ। ਭਾਜਪਾ ਦਾ ਜਨਮ ਹਿੰਦੂ ਸੋਚ ਤੋਂ ਹੋਇਆ ਸੀ ਜਦ ਐਲ.ਕੇ. ਅਡਵਾਨੀ ਨੇ ਇਸ ਦੀ ਅਗਵਾਈ ਸੰਭਾਲੀ ਸੀ। ਪਰ ਸੱਤਾ ਵਿਚ ਆਉਣ ਵਾਸਤੇ ਪਾਰਟੀ ਨੂੰ ਧਰਮ ਨਾਲੋਂ ਜ਼ਿਆਦਾ ਸਿਆਸੀ, ਸਮਾਜੀ ਬਦਲਾਅ ਨੇ ਜਿੱਤ ਦਿਵਾਈ। ਵਾਜਪਈ ਦਾ ਕਿਰਦਾਰ ਅਡਵਾਨੀ ਤੋਂ ਵਖਰਾ ਸੀ ਜਿਸ ਕਾਰਨ ਉਹ ਜਿੱਤ ਗਏ। ਅੱਜ ਜਿਸ ਉਚਾਈ ਤੇ ਪਾਰਟੀ ਜਾ ਬੈਠੀ ਹੈ, ਉਸ ਦਾ ਸਿਹਰਾ ਸਿਰਫ਼ ਤੇ ਸਿਰਫ਼ ਨਰਿੰਦਰ ਮੋਦੀ ਨੂੰ ਜਾਂਦਾ ਹੈ।

ਜਿਸ ਤਰ੍ਹਾਂ ਦਾ ਸੁਪਨਾ ਉਨ੍ਹਾਂ ਦੇਸ਼ ਨੂੰ ਵਿਖਾਇਆ, ਉਸ ਵਿਚ ਧਰਮ ਤੋਂ ਪਹਿਲਾਂ ਭ੍ਰਿਸ਼ਟਾਚਾਰ ਮੁਕਤ ਭਾਰਤ ਆਉਂਦਾ ਸੀ। ਕਾਂਗਰਸ ਨੇ ਆਜ਼ਾਦੀ ਸੰਗਰਾਮ ਦੀ ਅਗਵਾਈ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਕੀਰਤੀਮਾਨ ਸਥਾਪਤ ਕੀਤਾ ਜੋ  ਮੋਦੀ ਨੇ ਭ੍ਰਿਸ਼ਟਾਚਾਰ ਦੇ ਰੌਲੇ ਗੌਲੇ ਵਿਚ ਅਜਿਹਾ ਉਲਝਾਇਆ ਕਿ 7 ਸਾਲ ਵਿਚ ਹੀ ਕਾਂਗਰਸ ਤਬਾਹੀ ਦੇ ਕੰਢੇ ਜਾ ਪਹੁੰਚੀ ਹੈ। ਭਾਜਪਾ ਦੀ ਉਚਾਈਆਂ ਛੂਹ ਲੈਣ ਦੀ ਕਹਾਣੀ ਪਿਛਲੇ 41 ਸਾਲਾਂ ਵਿਚ ਲਿਖੀ ਗਈ ਪਰ ਉਸ ਦੇ ਨਾਲ ਹੀ ਕਾਂਗਰਸ ਦਾ ਖ਼ਾਤਮਾ ਵੀ ਲਿਖਿਆ ਗਿਆ।

ਇਹ ਅੱਜ ਮੰਨਿਆ ਜਾਂਦਾ ਹੈ ਕਿ ਭਾਜਪਾ ਹੀ ਸੱਭ ਦੀ ਪਸੰਦ ਹੈ ਕਿਉਂਕਿ ਕੋਈ ਵਿਰੋਧੀ ਧਿਰ ਹੈ ਹੀ ਨਹੀਂ। ਅਸਲ ਵਿਚ ਵਿਰੋਧੀ ਧਿਰ ਨੂੰ ਪੱਪੂ ਬਣਾਉਣ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਤੇ ਹੀ ਬਝਦਾ ਹੈ। ਅੱਜ ਦੇਸ਼ ਦੀ ਵਾਗਡੋਰ ਭਾਜਪਾ ਦੇ ਹੱਥ ਵਿਚ ਹੈ। ਕੁੱਝ ਸੂਬੇ ਭਾਜਪਾ ਦੀ ਹਕੂਮਤ ਹੇਠ ਨਹੀਂ ਵੀ ਤਾਂ ਉਥੇ ਵੀ, ਉਨ੍ਹਾਂ ਨੂੰ ਕੇਂਦਰ ਦੀ ਗੱਲ ਮੰਨਣੀ ਪੈਂਦੀ ਹੈ, ਨਹੀਂ ਤਾਂ ਮਹਾਰਾਸ਼ਟਰ ਵਾਂਗ ਮੰਤਰੀਆਂ ਦੇ ਚਿੱਠੇ ਫਰੋਲੇ ਜਾਂਦੇ ਹਨ ਤੇ ਉਨ੍ਹਾਂ ਨੂੰ  ਅਪਣੀ ਕੁਰਸੀ ਛੱਡਣ ਲਈ ਮਜਬੂਰ ਕਰ ਦਿਤਾ ਜਾਂਦਾ ਹੈ।

ਪੰਜਾਬ ਨੂੰ ਉਸ ਦੀ ‘ਔਕਾਤ’ ਵਿਖਾ ਦੇਣ ਵਾਸਤੇ ਇਸ ਦੀ ਆਰਥਕਤਾ ਨੂੰ ਬੁਰੀ ਤਰ੍ਹਾਂ ਮਲੀਆਮੇਟ ਕੀਤਾ ਜਾ ਰਿਹਾ ਹੈ। ਇਕ ਤਾਕਤਵਰ ਜੇਤੂ ਬਣ ਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਇਕ ਚੋਣ ਮਸ਼ੀਨ ਨਹੀਂ ਬਲਕਿ ਲੋਕਾਂ ਦੇ ਦਿਲ ਜਿੱਤਣ ਵਾਸਤੇ ਆਈ ਪਾਰਟੀ ਹੈ ਤੇ ਇਸ ਦਿਲ ਜਿੱਤਣ ਦੀ ਗੱਲ ਨਾਲ ਉਨ੍ਹਾਂ ਵਲੋਂ ਸੁਧਾਰ ਲਿਆਉਣ ਵਾਲੇ ਕਾਨੂੰਨ, ਨਾਗਰਿਕਤਾ ਕਾਨੂੰਨ, ਖੇਤੀ ਸੁਧਾਰ ਕਾਨੂੰਨ, ਮਜ਼ਦੂਰਾਂ ਵਾਸਤੇ ਨਵੇਂ ਕੋਡ ਨੂੰ ਲੈ ਕੇ ਭਾਜਪਾ ਨੂੰ ਬਦਨਾਮ ਕਰਨ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾ ਵਿਰੋਧ ਨਕਲੀ ਹੈ ਤੇ ਉਨ੍ਹਾਂ ਲੋਕਾਂ ਵਲੋਂ ਫੈਲਾਇਆ ਜਾ ਰਿਹਾ ਹੈ ਜੋ ਭਾਜਪਾ ਦੀ ਮਾਰ ਨੂੰ ਸਹਿ ਨਹੀਂ ਸਕੇ ਤੇ ਇਸ ਤਰ੍ਹਾਂ ਦਾ ਵਿਰੋਧ ਕਰ ਕੇ ਦੇਸ਼ ਵਿਚ ਲੰਮੇ ਅਰਸੇ ਤਕ ਸਥਿਤੀ ਨੂੰ ਵਿਗਾੜਦੇ ਰਹਿਣਗੇ।

ਖੇਤੀ ਕਾਨੂੰਨ ਤੇ ਮਜ਼ਦੂਰ ਕਾਨੂੰਨ ਜਿਨ੍ਹਾਂ ਤੇ ਲਾਗੂ ਹੋਣੇ ਹਨ ਤੇ ਜਿਨ੍ਹਾਂ ਦੇ ਕਥਿਤ ਭਲੇ ਲਈ ਬਣਾਏ ਗਏ ਹਨ, ਉਹ ਇਨ੍ਹਾਂ ਨੂੰ ਅਪਣੀ ਮੌਤ ਦੇ ਵਾਰੰਟ ਸਮਝਦੇ ਹਨ ਪਰ ਪ੍ਰਧਾਨ ਮੰਤਰੀ ਦੇ ਕਹਿਣ ਤੇ ਇਨ੍ਹਾਂ ਨੂੰ ਸਹੀ ਵੀ ਮੰਨ ਲਈਏ ਤਾਂ ਕੀ ਇਹ ਤਰੀਕਾ ਦਿਲ ਜਿੱਤਣ ਦਾ ਤਰੀਕਾ ਹੈ? ਕੀ ਅੱਜ ਭਾਰਤ ਦਾ ਗ਼ਰੀਬ ਤੇ ਆਮ ਆਦਮੀ ਸਿਰਫ਼ ਮੁਫ਼ਤ ਸਹੂਲਤਾਂ ਨਾਲ ਅਪਣੇ ਸਵੈਮਾਣ ਦਾ ਸੌਦਾ ਕਰਨ ਜੋਗਾ ਹੀ ਰਹਿ ਗਿਆ ਹੈ? ਭਾਜਪਾ 41 ਸਾਲਾਂ ਵਿਚ ਉਸ ਮੁਕਾਮ ਤੇ ਪਹੁੰਚੀ ਹੈ ਜਿਥੇ ਕਾਂਗਰਸ ਨੂੰ ਪਹੁੰਚਣ ਵਾਸਤੇ ਇਸ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਅਗਵਾਈ ਦੇਣੀ ਪਈ ਤੇ ਕਾਫ਼ੀ ਮਾਰਾਂ ਵੀ ਖਾਣੀਆਂ ਪਈਆਂ। ਕਾਂਗਰਸ ਰਾਜ ਵੇਲੇ ਬਦਲਾਅ ਆਏ ਵੀ ਪਰ ਆਬਾਦੀ ਇਸ ਕਦਰ ਵਧ ਗਈ ਕਿ ਹਰ ਬਦਲਾਅ ਛੋਟਾ ਨਜ਼ਰ ਆਉਣ ਲੱਗ ਪਿਆ। ​

ਭ੍ਰਿਸ਼ਟਾਚਾਰ, ਪ੍ਰਵਾਰਵਾਦ ਨੇ ਆਮ ਭਾਰਤੀ ਨੂੰ ਇਕ ਖ਼ਾਮੋਸ਼ ਤਮਾਸ਼ਾਈ ਬਣਾ ਕੇ ਰੱਖ ਦਿਤਾ ਸੀ ਪਰ ਅੱਜ ਰਾਫ਼ੇਲ ਜਹਾਜ਼ਾਂ ਦਾ ਮੁੱਦਾ ਹੀ ਵੇਖੀਏ ਤਾਂ ਉਹੀ ਵਿਚੋਲੇ ਹਨ ਜੋ ਪਹਿਲਾਂ ਦੀਆਂ ਸਰਕਾਰਾਂ ਵਿਚ ਬੈਠ ਕੇ ਵੀ ਪੈਸੇ ਬਣਾਉਂਦੇ ਸਨ। ਭਾਜਪਾ ਦੀ ਨਵੀਂ ਪੀੜ੍ਹੀ ਪ੍ਰਵਾਰਵਾਦ ਵਲ ਹੀ ਚਲ ਰਹੀ ਹੈ, ਜੇ ਅਸੀ ਕੇਵਲ ਗ੍ਰਹਿ ਮੰਤਰੀ ਸ਼ਾਹ ਵਲ ਹੀ ਵੇਖ ਲਈਏ। ਜੇ ਚਾਰ ਦਹਾਕੇ ਲਗਾ ਕੇ ਦੇਸ਼ ਦੀ ਸੱਤਾ ਨੂੰ ਬਦਲ ਕੇ ਉਹੀ ਸੱਭ ਕਰਨਾ ਸੀ ਜੋ ਪਹਿਲਾਂ ਵੀ ਹੁੰਦਾ ਆਇਆ ਸੀ ਤਾਂ ਫਿਰ ਆਉਣ ਵਾਲੇ ਸਮੇਂ ਵਿਚ ਵੀ ਜਨਤਾ ਤਮਾਸ਼ਾਈ ਬਣਨ ਤੋਂ ਵੱਧ ਕੀ ਕਰ ਲਵੇਗੀ?

ਅੱਜ ਦੀ ਸਰਕਾਰ ਨਿਜੀਕਰਨ ਵਲ ਜਿਹੜਾ ਝੁਕਾਅ ਰੱਖ ਰਹੀ ਹੈ, ਉਹ ਕਾਂਗਰਸ ਦੀ ਮਿਲੀਭੁਗਤ ਦੀ ਸਿਆਸਤ ਤੋਂ ਬਿਹਤਰ ਤਾਂ ਨਹੀਂ। ਜੇ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਾਂਗਰਸ ਨੂੰ 60 ਸਾਲ ਵਾਸਤੇ ਰਾਜ ਸੱਤਾ ਦੇ ਗਈ ਤਾਂ ਕੀ ਭਾਜਪਾ ਹੁਣ ਹਿੰਦੂਤਵ ਦੇ ਨਾਂ ਤੇ 60 ਸਾਲ ਰਾਜ ਕਰਨਾ ਚਾਹੁੰਦੀ ਹੈ? ਇਸ ਸੱਭ ਵਿਚ ਆਮ ਭਾਰਤੀ ਦਾ ਕੀ ਹੋਵੇਗਾ? ਉਚਾਈਆਂ ਤੇ ਪੁੱਜਣ ਦੀ ਉਸ ਦੀ ਵਾਰੀ ਕਦੋਂ ਆਵੇਗੀ? ਜਾਂ ਉਹ ਸਦਾ ਤਿਕੜਮਬਾਜ਼ ਸਿਆਸਤਦਾਨਾਂ ਦੀਆਂ ਚਾਲਾਂ ਦਾ ਖ਼ਾਮੋਸ਼ ਤਮਾਸ਼ਾਈ ਹੀ ਬਣਿਆ ਰਹੇਗਾ?                            - ਨਿਮਰਤ ਕੌਰ