ਪੁਲਿਸ ਦੀਆਂ ਤਾਰੀਫ਼ਾਂ ਦੇ ਪੁਲ ਇਕ ਪਾਸੇ ਤੇ ਪੀੜਤ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਵਿਚ ਦਾਖ਼ਲ.....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦਿੱਲੀ ਵਿਚ 30 ਸਾਲਾਂ ਦੇ ਇਕ ਪੁਲਿਸ ਮੁਲਾਜ਼ਮ ਦੀ ਤੜਪ ਤੜਪ ਕੇ ਹੋਈ ਮੌਤ ਦੀ ਖ਼ਬਰ ਨੇ ਸਾਫ਼ ਕਰ ਦਿਤਾ ਹੈ ਕਿ ਸਾਡੀ

File Photo

ਦਿੱਲੀ ਵਿਚ 30 ਸਾਲਾਂ ਦੇ ਇਕ ਪੁਲਿਸ ਮੁਲਾਜ਼ਮ ਦੀ ਤੜਪ ਤੜਪ ਕੇ ਹੋਈ ਮੌਤ ਦੀ ਖ਼ਬਰ ਨੇ ਸਾਫ਼ ਕਰ ਦਿਤਾ ਹੈ ਕਿ ਸਾਡੀ 43 ਦਿਨਾਂ ਦੀ ਕੁਰਬਾਨੀ ਬਿਲਕੁਲ ਬੇਕਾਰ ਸਾਬਤ ਹੋਈ ਹੈ। 43 ਦਿਨਾਂ ਤਕ ਘਰ ਅੰਦਰ ਲੁਕ ਕੇ ਬੈਠਣ ਪਿੱਛੇ ਸੋਚ ਇਹ ਸੀ ਕਿ ਹਰ ਭਾਰਤੀ ਦਾ ਕੋਰੋਨਾ ਵਿਰੋਧੀ ਇਸ ਜੰਗ ਵਿਚ ਬਰਾਬਰ ਦਾ ਯੋਗਦਾਨ ਹੈ। ਦਸਿਆ ਗਿਆ ਕਿ ਜਦੋਂ ਅਸੀਂ ਅੰਦਰ ਬੈਠ ਗਏ ਤਾਂ ਕੋਰੋਨਾ ਦੇ ਫੈਲਣ ਦੀ ਰਫ਼ਤਾਰ ਘੱਟ ਹੋ ਜਾਵੇਗੀ ਅਤੇ ਇਸ ਨਾਲ ਸਰਕਾਰ ਨੂੰ ਇਸ ਅਣਦੇਖੀ ਆਫ਼ਤ ਨਾਲ ਜੂਝਣ ਵਾਸਤੇ ਤਿਆਰੀ ਕਰਨ ਦਾ ਸਮਾਂ ਮਿਲ ਜਾਵੇਗਾ।

ਪਰ ਜਿਸ ਤਰ੍ਹਾਂ ਭਾਰਤ ਦੀ ਰਾਜਧਾਨੀ ਵਿਚ ਕੋਰੋਨਾ ਦੀ ਜੰਗ ਦੇ ਸਿਪਾਹੀ, ਇਕ ਪੁਲਿਸ ਮੁਲਾਜ਼ਮ ਨੂੰ ਹਸਪਤਾਲਾਂ ਨੇ ਭਰਤੀ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਉਹ ਵਿਚਾਰਾ ਆਕਸੀਜਨ ਲਈ ਤੜਪ ਤੜਪ ਕੇ ਮਰ ਗਿਆ। ਕੀ ਇਹ ਕਤਲ ਤੋਂ ਘੱਟ ਹੈ ਕਿ ਦਿੱਲੀ ਦੇ ਦੋ ਹਸਪਤਾਲਾਂ ਨੇ ਉਸ ਨੂੰ ਭਰਤੀ ਹੀ ਨਾ ਕੀਤਾ? ਇਕ ਨੇ ਕਿਹਾ ਕਿ ਅਸੀ ਭਰਤੀ ਕਰ ਲਵਾਂਗੇ ਪਰ ਇਹ ਅਪਣਾ ਖ਼ਿਆਲ ਆਪ ਰਖੇਗਾ।

ਉਸ ਵੇਲੇ ਤਕ ਉਹ ਅੱਧਮਰਿਆ ਹੋ ਚੁੱਕਾ ਸੀ ਪਰ ਹਸਪਤਾਲ ਨੂੰ ਤਰਸ ਨਾ ਆਇਆ। ਦਿੱਲੀ ਦੇ ਪੁਲਿਸ ਅਫ਼ਸਰਾਂ ਤੇ ਸਰਕਾਰ ਨੂੰ ਕੁੱਝ ਘੰਟੇ ਹੋਰ ਲੱਗੇ ਅਤੇ ਫਿਰ ਉਸ ਵਾਸਤੇ ਰਾਮ ਮਨੋਹਰ ਲੋਹੀਆ ਹਸਪਤਾਲ ਜਾਣ ਦਾ ਇੰਤਜ਼ਾਮ ਕੀਤਾ ਗਿਆ ਪਰ ਜਦੋਂ ਤਕ ਉਹ ਉਸ ਨੂੰ ਲੈ ਕੇ ਉਥੇ ਪਹੁੰਚੇ, ਉਸ ਦੇ ਸਾਹ ਖ਼ਤਮ ਹੋ ਚੁੱਕੇ ਸਨ।

ਜੇ ਸਾਡੇ ਦੇਸ਼ ਦੀ ਰਾਜਧਾਨੀ ਦੀ ਵੀ ਹਾਲਤ ਇਹ ਹੈ ਤਾਂ ਸੂਬਿਆਂ ਬਾਰੇ ਤਾਂ ਗੱਲ ਹੀ ਕੀ ਕਰੀਏ? ਪੰਜਾਬ ਵਿਚ ਵੀ ਗਰਭਵਤੀ ਔਰਤਾਂ ਨੂੰ ਹਸਪਤਾਲਾਂ ਨੇ ਭਰਤੀ ਕਰਨ ਤੋਂ ਇਨਕਾਰ ਕਰ ਦਿਤਾ। ਪਠਾਨਕੋਟ ਵਿਚ ਅਪ੍ਰੈਲ ਦੌਰਾਨ ਇਸੇ ਤਰ੍ਹਾਂ ਇਕ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। 43 ਦਿਨਾਂ ਅੰਦਰ ਸਰਕਾਰਾਂ ਜੇ ਹਸਪਤਾਲਾਂ ਨੂੰ ਇਹ ਵੀ ਨਹੀਂ ਸਿਖਾ ਸਕੀਆਂ ਕਿ ਉਨ੍ਹਾਂ ਨੇ ਕੋਰੋਨਾ ਪੀੜਤਾਂ ਨਾਲ ਕਿਸ ਤਰ੍ਹਾਂ ਵਰਤਣਾ ਹੈ ਤਾਂ ਅਸੀਂ ਕੀ ਹਾਸਲ ਕੀਤਾ ਇਨ੍ਹਾਂ 43 ਦਿਨਾਂ ਅੰਦਰ? ਜਿਥੇ ਸਾਡੀ ਪੁਲਿਸ ਫ਼ੋਰਸ ਹਰ ਥਾਂ ਪਹੁੰਚ ਕੇ ਇਸ ਤਾਲਾਬੰਦੀ ਨੂੰ ਲਾਗੂ ਕਰਵਾਉਣ ਵਿਚ ਇਕ ਸਿਪਾਹੀ ਵਾਂਗ ਅੱਗੇ ਆਈ ਹੈ, ਡਾਕਟਰ ਕਿਉਂ ਹਾਰ ਰਹੇ ਹਨ?

ਚੰਡੀਗੜ੍ਹ ਵਿਚ ਇਕ ਸਰਕਾਰੀ ਹਸਪਤਾਲ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਅਪਣੇ ਘਰ ਵਿਚ ਇਕ ਜਸ਼ਨ ਰਖਿਆ ਅਤੇ ਜਦੋਂ ਉਸ ਨੂੰ ਕੋਰੋਨਾ ਹੋਇਆ ਤਾਂ ਇਕ ਪੂਰੀ ਬਸਤੀ ਵੀ ਨਾਲ ਹੀ ਡੁੱਬ ਗਈ। ਜੇ ਇਕ ਹਸਪਤਾਲ ਵਿਚ ਕੰਮ ਕਰਨ ਵਾਲੇ ਨੂੰ ਨਹੀਂ ਪਤਾ ਕਿ ਸਮਾਜਕ/ਜਿਸਮਾਨੀ ਦੂਰੀ ਅਤੇ ਕੋਰੋਨਾ ਦਾ ਆਪਸੀ ਸਬੰਧ ਕੀ ਹੈ ਤਾਂ ਹਾਰ ਡਾਕਟਰਾਂ ਦੀ ਮੰਨੀ ਜਾਣੀ ਚਾਹੀਦੀ ਹੈ। ਅੱਜ ਥਾਂ-ਥਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਡਾਕਟਰ ਅੱਗੇ ਨਹੀਂ ਆ ਰਹੇ ਬਲਕਿ ਨਰਸਾਂ ਨੂੰ ਅੱਗੇ ਕਰ ਰਹੇ ਹਨ।

ਡਾਕਟਰ ਬਣ ਜਾਣ ਨਾਲ ਹੀ ਕੋਈ ਰੱਬ ਦਾ ਰੂਪ ਨਹੀਂ ਬਣ ਜਾਂਦਾ, ਬਲਕਿ ਅਪਣੀ ਵਿਦਿਆ ਨਾਲ ਲੋਕਾਂ ਦੀ ਜਾਨ ਬਚਾਉਣ ਵਾਲੇ ਨੂੰ ਹੀ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਉਸ ਪੁਲਿਸ ਮੁਲਾਜ਼ਮ ਦੀ ਤਿੰਨ ਸਾਲ ਦੀ ਬੱਚੀ ਅਪਣੇ ਪਿਤਾ ਦੀ ਉਡੀਕ ਕਰ ਰਹੀ ਹੋਵੇਗੀ ਪਰ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਪਿਤਾ ਨੂੰ ਸਾਡੇ ਸਿਸਟਮ ਦੀ ਲਾਪ੍ਰਵਾਹੀ ਨੇ ਕਤਲ ਕੀਤਾ ਸੀ ਅਤੇ ਇਸ ਨੂੰ ਸਮਝਦੇ ਹੋਏ ਸਰਕਾਰ ਨੇ ਉਨ੍ਹਾਂ ਹਸਪਤਾਲਾਂ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਡਾਕਟਰਾਂ ਨੂੰ ਇਸ ਬਦਲੇ ਸਜ਼ਾ ਵੀ ਦਿਤੀ।

ਵਾਰ ਵਾਰ ਆਖਿਆ ਜਾਂਦਾ ਹੈ ਕਿ ਕੋਰੋਨਾ ਇਕ ਆਧੁਨਿਕ ਜੰਗ ਹੈ ਅਤੇ ਜੰਗ ਵਿਚ ਹਥਿਆਰ ਸੁੱਟਣ ਵਾਲੇ ਨੂੰ ਭਗੌੜਾ ਆਖਿਆ ਜਾਂਦਾ ਹੈ ਅਤੇ ਭਗੌੜੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਵੈਸੇ ਤਾਂ ਹਰ ਜੰਗ ਵਿਚ ਦੇਸ਼ਭਗਤੀ ਉਭਰਦੀ ਹੈ, ਇਸ ਜੰਗ ਵਿਚ ਇਨਸਾਨੀਅਤ ਹੀ ਧਰਮ ਹੈ। ਇਨਸਾਨੀਅਤ ਤੋਂ ਸਖਣੇ ਲੋਕਾਂ ਵਾਸਤੇ ਵੀ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।

ਹਰ ਡਾਕਟਰ ਮਾੜਾ ਨਹੀਂ, ਪਰ ਹਰ ਡਾਕਟਰ ਰੱਬ ਦਾ ਰੂਪ ਵੀ ਨਹੀਂ ਹੁੰਦਾ ਜਿਹੜੇ ਡਾਕਟਰ ਇਸ ਮਹਾਂਮਾਰੀ ਵਿਚੋਂ ਪੈਸੇ ਬਣਾ ਕੇ 10-20 ਲੱਖ ਦਾ ਪੈਕੇਜ ਕੱਢ ਕੇ ਮਰੀਜ਼ਾਂ ਤੋਂ ਮੰਗ ਰਹੇ ਹਨ, ਉਹ ਰੱਬ ਦੇ ਰੂਪ ਦੇ ਪਰਛਾਵੇਂ ਵੀ ਨਹੀਂ। ਉਹ ਲਾਲਚੀ ਵਪਾਰੀ ਹਨ ਜੋ ਕਿਸੇ ਦੀ ਮਜਬੂਰੀ ਵਿਚੋਂ ਵੀ ਕਮਾਈ ਕਰਨ ਬਾਰੇ ਸੋਚ ਰਹੇ ਹਨ।

ਜੇ ਸਰਕਾਰ ਵੀ ਇਸ ਸਮੇਂ ਇਨ੍ਹਾਂ ਡਾਕਟਰਾਂ/ਹਸਪਤਾਲਾਂ ਨਾਲ ਸਖ਼ਤੀ ਨਹੀਂ ਕਰੇਗੀ ਤਾਂ ਕੋਰੋਨਾ ਦੀ ਜੰਗ ਦੇ ਆਉਣ ਵਾਲੇ ਸਮੇਂ ਵਿਚ ਸਿਰਫ਼ ਅਮੀਰ ਹੀ ਬਚ ਸਕੇਗਾ। ਗ਼ਰੀਬਾਂ ਨੂੰ ਇਨ੍ਹਾਂ ਡਾਕਟਰਾਂ ਕੋਲੋਂ ਆਸ ਦੀ ਕੋਈ ਕਿਰਨ ਕਦੇ ਕਦਾਈਂ ਹੀ ਮਿਲੇਗੀ।  -ਨਿਮਰਤ ਕੌਰ