ਸੰਪਾਦਕੀ: ਸ਼ੁਕਰ ਹੈ, ਸਿੱਖਾਂ ਨੂੰ ‘ਨਾਨਕੀ ਲੰਗਰ’ ਦੇ ਅਰਥ ਵੀ ਕੋਰੋਨਾ ਨੇ ਸਮਝਾ ਦਿਤੇ ਨੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜ਼ਮੀਨ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇਣੀ ਹੀ ਬਾਬੇ ਨਾਨਕ ਦਾ ਪਹਿਲਾ ਲੰਗਰ ਸੀ

langar  of oxygen

ਗੁਰਦਵਾਰਿਆਂ ਵਿਚ ਆਮ ਇਹ ਕਥਾ ਸੁਣਾਈ ਜਾਂਦੀ ਹੈ ਕਿ ਬਾਬੇ ਨਾਨਕ ਨੇ ‘ਲੰਗਰ ਪ੍ਰਥਾ’ ਸ਼ੁਰੂ ਕੀਤੀ ਸੀ। ਕਿਵੇਂ ਕੀਤੀ ਸੀ? ਪਿਤਾ ਕਾਲੂ ਨੇ 20 ਰੁਪਏ ਦਿਤੇ ਸਨ ਕਿ ਸੱਚਾ ਸੌਦਾ ਕਰ ਕੇ, ਪੁੱਤਰ ਨਾਨਕ ਕਮਾਈ ਕਰਨੀ ਸ਼ੁਰੂ ਕਰ ਦੇਵੇ। ਬਾਬੇ ਨਾਨਕ ਨੂੰ ਰੱਬੀ ਰੂਹ ਜਾਣ ਕੇ, ਰਾਏ ਬੁਲਾਰ ਨੇ 18 ਹਜ਼ਾਰ 500 ਏਕੜ ਅਪਣੀ ਜ਼ਮੀਨ, ਇਸ ਤੋਂ ਪਹਿਲਾਂ ਹੀ ਦੇ ਦਿਤੀ ਸੀ ਜੋ ਅੱਜ ਤਕ ਵੀ ਪਾਕਿਸਤਾਨ ਵਿਚ, ਸਰਕਾਰੀ ਰੀਕਾਰਡ ਵਿਚ ਬਾਬੇ ਨਾਨਕ ਦੇ ਨਾਂ ਤੇ ਹੀ ਚਲ ਰਹੀ ਹੈ, ਪਰ ਬਾਬੇ ਨਾਨਕ ਨੇ ਇਕ ਦਿਨ ਲਈ ਵੀ ਇਹ ਜ਼ਮੀਨ ਨਾ ਵਾਹੀ ਤੇ ਗ਼ਰੀਬਾਂ, ਲੋੜਵੰਦਾਂ ਨੂੰ ਹੋਕਾ ਦਿਤਾ ਕਿ ਜਿਸ ਕੋਲ ਅਪਣੀ ਜ਼ਮੀਨ ਨਾ ਹੋਵੇ ਤੇ ਉਹ ਵਾਹੀ ਕਰਨੀ ਚਾਹੇ ਤਾਂ ਜਿੰਨੀ ਵਾਹ ਸਕਦਾ ਹੈ, ਵਾਹ ਲਵੇ। ਇਹ ਵਧੀਆ ਜ਼ਮੀਨ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇਣੀ ਹੀ ਬਾਬੇ ਨਾਨਕ ਦਾ ਪਹਿਲਾ ਲੰਗਰ ਸੀ--ਅਰਥਾਤ ਰੋਟੀ ਦਾਲ ਹੀ ਨਹੀਂ, ਜੋ ਵੀ ਗ਼ਰੀਬ ਤੇ ਲੋੜਵੰਦ ਨੂੰ ਚਾਹੀਦਾ ਹੋਵੇ, ਉਸ ਦਾ ਲੰਗਰ ਲਗਾਉ ਤੇ ਖੁਲ੍ਹੇ ਦਿਲ ਨਾਲ ਤੇ ਨਿਸ਼ਕਾਮ ਹੋ ਕੇ ਲਾਉ। ਅਪਣੇ ਬਾਰੇ ‘ਦਾਨੀ’ ਹੋਣ ਦਾ ਪ੍ਰਚਾਰ ਕਰ ਕੇ ਦਿਤਾ ਕੁੱਝ ਵੀ ‘ਨਾਨਕੀ ਲੰਗਰ’ ਨਹੀਂ ਅਖਵਾ ਸਕਦਾ।

ਪਰ ਸਾਖੀਕਾਰ ਤੇ ਕਥਾਕਾਰ ਪੁੱਠੀ ਗੱਲ ਕਹਿੰਦੇ ਹਨ ਕਿ ਬਾਬੇ ਨਾਨਕ ਨੇ ਪੰਜ ਭੁੱਖੇ ਸਾਧੂਆਂ ਨੂੰ 20 ਰੁਪਏ ਦੀ ਰੋਟੀ ਖੁਆ ਦਿਤੀ। ਭੁੱਲ ਜਾਂਦੇ ਹਨ ਕਿ ਉਸ ਸਮੇਂ ਪੰਜ-ਤਾਰਾ ਹੋਟਲ ਨਹੀਂ ਸਨ ਹੁੰਦੇ, ਤੰਦੂਰਾਂ ਤੋਂ ਹੀ ਇਕ ਪੈਸੇ ਜਾਂ ਇਕ ਧੇਲੇ ਦੀਆਂ ਪੰਜ ਰੋਟੀਆਂ ਮਿਲ ਜਾਂਦੀਆਂ ਸਨ ਤੇ ਦਾਲ ਮੁਫ਼ਤ ਹੁੰਦੀ ਸੀ। ਉਸ ਵੇਲੇ 20 ਰੁਪਏ ਨਾਲ 10 ਲੱਖ ਲੋਕਾਂ ਨੂੰ ਰੋਟੀ ਖਵਾਈ ਜਾ ਸਕਦੀ ਸੀ। ਅਸਲ ਗੱਲ ਇਹ ਸੀ ਕਿ ਬਾਬੇ ਨਾਨਕ ਨੇ ਜਿਵੇਂ ਅਪਣੀ 18 ਹਜ਼ਾਰ 500 ਏਕੜ ਜ਼ਮੀਨ ਦਾ ਲੰਗਰ, ਗ਼ਰੀਬਾਂ ਤੇ ਲੋੜਵੰਦਾਂ ਲਈ ਲਾ ਦਿਤਾ ਸੀ,ਇਸੇ ਤਰ੍ਹਾਂ ਪਿਤਾ ਦੇ ਦਿਤੇ 20 ਰੁਪਿਆਂ ਦਾ ‘ਨਾਨਕੀ ਲੰਗਰ’ ਵੀ ਗ਼ਰੀਬਾਂ ਤੇ ਲੋੜਵੰਦਾਂ ਲਈ ਹੀ ਲਾ ਦਿਤਾ ਸੀ।

ਪਰ ਸਾਖੀ ਦੇ ਗ਼ਲਤ ਰੂਪ ਨੂੰ ਲੈ ਕੇ ਹਰ ਉਹ ਬੰਦਾ ਜੋ ਇਕ ਦਿਨ ਕੁੱਝ ਲੋਕਾਂ ਨੂੰ ਰੋਟੀ ਬਣਾ ਕੇ ਖੁਆ ਦੇਂਦਾ ਹੈ, ਉਹ ਵੀ ਦਾਅਵਾ ਕਰਨ ਲੱਗ ਜਾਂਦਾ ਹੈ ਕਿ ਉਸ ਨੇ ਬਾਬੇ ਨਾਨਕ ਵਲੋਂ ਸ਼ੁਰੂ ਕੀਤੇ ਲੰਗਰ ਵਰਗਾ ਲੰਗਰ ਲਗਾਇਆ ਹੈ। ਹਾਲਾਂਕਿ ਸੱਚ ਇਹ ਹੈ ਕਿ ਇਹੋ ਜਿਹੇ ‘ਲੰਗਰ’ ਦਾ ਮਕਸਦ ਨਾ ਗ਼ਰੀਬ ਅਤੇ ਲੋੜਵੰਦ ਦੀ ਲੋੜ ਪੂਰੀ ਕਰਨਾ ਹੁੰਦਾ ਹੈ, ਨਾ ਇਹ ਨਿਸ਼ਕਾਮ ਭਾਵਨਾ ਵਿਚੋਂ ਉਪਜਦਾ ਹੈ ਸਗੋਂ ਕਈ ਡੇਰੇਦਾਰ, ਇਸ ਰਾਹੀਂ ਲੱਖਾਂ ਦਾ ਅਨਾਜ ਕਿਸਾਨਾਂ ਕੋਲੋਂ ਮੁਫ਼ਤ ਬਟੋਰ ਲੈਂਦੇ ਹਨ ਤੇ ਉਸ ਨੂੰ ਦੂਜੀ ਥਾਂ ਵੇਚ ਕੇ ਲੱਖਾਂ ਰੁਪਏ ਕਮਾ ਵੀ ਲੈਂਦੇ ਹਨ। ਕਈ ‘ਲੰਗਰ ਲਗਾਉਣ ਵਾਲਿਆਂ’ ਲਈ ਇਹ ਕਮਾਈ ਦਾ ਵੱਡਾ ਸਾਧਨ ਬਣ ਗਿਆ ਹੈ ਤੇ ਹੋਰਨਾਂ ਲਈ ਮਸ਼ਹੂਰੀ ਦਾ ਤੇ ਸਿਆਸਤ ਚਮਕਾਉਣ ਦਾ ਵੀ।

‘ਨਾਨਕੀ ਲੰਗਰ’ ਵਾਲੀ ਇਨ੍ਹਾਂ ਵਿਚ ਕੋਈ ਗੱਲ ਨਜ਼ਰ ਨਹੀਂ ਆਉਂਦੀ। ਇਹੋ ਜਹੇ ‘ਰੋਟੀ ਦੇ ਲੰਗਰ’ ਤਾਂ ਹਜ਼ਾਰਾਂ ਸਾਲਾਂ ਤੋਂ ਮੰਦਰਾਂ ਵਿਚ ਵੀ ‘ਭੰਡਾਰਿਆਂ’ ਦੇ ਨਾਂ ਨਾਲ ਅਮੀਰ ਲੋਕ ਅਪਣੀ ਸਖ਼ਾਵਤ ਦਾ ਢੰਡੋਰਾ ਪਿੱਟਣ ਲਈ ਲਾਉਂਦੇ ਆ ਰਹੇ ਹਨ। ‘ਨਾਨਕੀ ਲੰਗਰ’ ਰੋਟੀ ਖੁਆਉਣ ਤਕ ਹੀ ਮਹਿਦੂਦ ਨਹੀਂ ਰਹਿੰਦਾ ਸਗੋਂ ਗ਼ਰੀਬ ਤੇ ਲੋੜਵੰਦ ਦੀ ਜੋ ਵੀ ਲੋੜ ਹੁੰਦੀ ਹੈ, ਉਸ ਨੂੰ ਢੰਡੋਰਾ ਪਿੱਟੇ ਬਿਨਾਂ, ਪੂਰਾ ਕਰਨਾ ਹੁੰਦਾ ਹੈ। ਜੇ ਗ਼ਰੀਬ ਨੂੰ ਜ਼ਮੀਨ ਦੀ ਲੋੜ ਸੀ ਤਾਂ ਬਾਬੇ ਨਾਨਕ ਨੇ ਜ਼ਮੀਨ ਦਾ ਲੰਗਰ ਲਾ ਦਿਤਾ ਜੋ ਅੱਜ ਤਕ ਚਲ ਰਿਹਾ ਹੈ ਤੇ ਜੇ ਰੁਪਿਆ ਪੈਸਾ ਹੱਥ ਵਿਚ ਆ ਗਿਆ ਤਾਂ ਸੈਂਕੜੇ ਗ਼ਰੀਬਾਂ ਲਈ ਪੈਸੇ ਦਾ ਲੰਗਰ ਲਾ ਦਿਤਾ। ਜ਼ਿੰਦਗੀ ਦੇ ਆਖ਼ਰੀ ਦਿਨ ਤਕ ਆਪ ਅਪਣੀ ਜ਼ਮੀਨ ਦੀ ਕਮਾਈ ਦਾ ਲੰਗਰ (ਰੋਟੀ ਨਹੀਂ) ਹਰ ਗ਼ਰੀਬ ਤੇ ਲੋੜਵੰਦ ਲਈ ਲਗਾਈ ਰਖਦੇ ਸਨ ਤੇ ਰੋਟੀ ਵਾਲਾ ਲੰਗਰ ਉਨ੍ਹਾਂ ਨੇ ਇਕ ਦਿਨ ਵੀ ਨਹੀਂ ਸੀ ਲਗਾਇਆ।

ਅਸੀ ਸ਼ੁਰੂ ਤੋਂ ਹੀ ਮੰਗ ਕਰਦੇ ਆ ਰਹੇ ਹਾਂ ਕਿ ਸਿੱਖ ਬਾਬੇ ਨਾਨਕ ਦੇ ਲੰਗਰ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਨ ਤੇ ‘ਭੰਡਾਰਿਆਂ’ ਤੇ ‘ਰਾਜ ਭੋਜਾਂ’ ਵਾਲੇ ਰੋਟੀ-ਦਾਨ ਨੂੰ ਨਾਨਕੀ ਲੰਗਰ ਕਹਿਣ ਦਾ ਪਾਪ ਨਾ ਕਰਨ। ਨਾਲ ਹੀ, ਗ਼ਰੀਬਾਂ ਤੇ ਲੋੜਵੰਦਾਂ ਨੂੰ ਉਹੀ ਕੁੱਝ ਦਿਉ ਜਿਸ ਦੀ ਉਨ੍ਹਾਂ ਨੂੰ ਅਤਿ ਦੀ ਲੋੜ ਹੈ ਤੇ ਜਿਸ ਨਾਲ ਉਹ ਪੈਰਾਂ ਤੇ ਖੜੇ ਹੋ ਸਕਣ। ਨਿਰੀ ਦਾਲ ਸਬਜ਼ੀ ਤੇ ਰੋਟੀ ਖੁਆ ਕੇ ਹੀ ਅਪਣੀ ਸਖ਼ਾਵਤ ਦੇ ਢੋਲ ਪਿਟਣੇ ਹਨ ਤਾਂ ਬਾਬੇ ਨਾਨਕ ਦਾ ਨਾਂ ਨਾ ਲਿਆ ਕਰੋ। 
ਖ਼ੁਸ਼ੀ ਦੀ ਗੱਲ ਹੈ ਕਿ ਕੋਰੋਨਾ ਮਹਾਂਮਾਰੀ ਨੇ ‘ਲੰਗਰ ਪ੍ਰੇਮੀ’ ਸਿੱਖਾਂ ਨੂੰ ਮਹਿਸੂਸ ਕਰਵਾ ਦਿਤਾ ਹੈ ਕਿ ਨਾਨਕੀ ਲੰਗਰ ਵਿਚ ਆਕਸੀਜਨ ਦੇ ਸਿਲੰਡਰ ਵੰਡਣੇ ਜ਼ਿਆਦਾ ਭਲੇ ਦੀ ਗੱਲ ਹੈ, ਦਵਾਈਆਂ ਵੰਡਣੀਆਂ ਜ਼ਿਆਦਾ ਭਲੇ ਦਾ ਕੰਮ ਹੈ ਤੇ ਰੋਟੀ ਦੇ ਚਾਰ ਫੁਲਕੇ ਹੀ ਨਾਨਕੀ ਲੰਗਰ ਨਹੀਂ ਅਖਵਾ ਸਕਦੇ। ਬਾਬੇ ਨਾਨਕ ਨੇ ਭੋਜਨ ਦਾ ਇਕ ਵੀ ਲੰਗਰ, ਸਾਰੀ ਉਮਰ ਨਹੀਂ ਸੀ ਲਗਾਇਆ।

ਕਰੋੜਾਂ ਤੇ ਅਰਬਾਂ ਰੁਪਏ ਹਰ ਸਾਲ ਸਿੱਖਾਂ ਵਲੋਂ ਤੇ ਗੁਰਦਵਾਰਿਆਂ ਵਲੋਂ ‘ਭੰਡਾਰਿਆਂ’ ਦੀ ਤਰਜ਼ ਵਾਲੇ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਲੰਗਰ ਲਗਾਉਣ ਤੇ ਖ਼ਰਚੇ ਜਾਂਦੇ ਹਨ ਪਰ ਸਿੱਖਾਂ ਨੂੰ ਕਦੇ ਉਹ ਸ਼ਾਬਾਸ਼ ਨਹੀਂ ਸੀ ਮਿਲੀ ਜਿਹੜੀ ਅੱਜ ਲੋੜਵੰਦਾਂ ਦੀ ਅਸਲ ਲੋੜ ਪੂਰੀ ਕਰਨ ਵਾਲੇ ਲੰਗਰ (ਦਵਾਈਆਂ, ਟੀਕੇ ਤੇ ਆਕਸੀਜਨ ਦੇ) ਲਾ ਕੇ ਮਿਲੀ ਹੈ। ਸੁਪ੍ਰੀਮ ਕੋਰਟ ਨੇ ਵੀ, ਇਤਿਹਾਸ ਵਿਚ ਪਹਿਲੀ ਵਾਰ, ਸਰਕਾਰ ਨੂੰ ਕਿਹਾ ਹੈ ਕਿ ਵਿਦੇਸ਼ਾਂ ਤੋਂ ਮਿਲੀ ਸਹਾਇਤਾ ਗੁਰਦਵਾਰਿਆਂ ਨੂੰ ਦੇ ਦਿਉ ਤਾਕਿ ਲੋਕਾਂ ਦਾ ਭਲਾ ਹੋ ਸਕੇ। ਗ਼ੈਰ-ਸਿੱਖ ਵੀ ਪਹਿਲੀ ਵਾਰ, ਸਿੱਖਾਂ ਦੇ ਅਸਲ ‘ਨਾਨਕੀ ਲੰਗਰ’ ਦੀ ਪ੍ਰਸ਼ੰਸਾ ਕਰ ਰਹੇ ਹਨ। ਸਿੱਖਾਂ ਨੂੰ ਠੰਢੇ ਦਿਲ ਨਾਲ ਸਮਝ ਲੈਣਾ ਚਾਹੀਦਾ ਹੈ ਕਿ ‘ਭੰਡਾਰਿਆਂ’ ਨੂੰ ‘ਨਾਨਕੀ ਲੰਗਰ’ ਕਹਿਣ ਦਾ ਪਾਪ ਉਨ੍ਹਾਂ ਨੂੰ ਹੁਣ ਤਾਂ ਤਿਆਗ ਹੀ ਦੇਣਾ ਚਾਹੀਦਾ ਹੈ ਤੇ ਬਾਬੇ ਨਾਨਕ ਦੇ ਜੀਵਨ ਤੋਂ ਸਿਖ ਕੇ ਅਸਲ ‘ਨਾਨਕੀ ਲੰਗਰ’ ਸ਼ੁਰੂੁ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਹਜ਼ਾਰ ਗੁਣਾਂ ਜ਼ਿਆਦਾ ਲਾਭ ਦੁਨੀਆਂ ਨੂੰ ਵੀ ਤੇ ਸਿੱਖਾਂ ਨੂੰ ਵੀ ਮਿਲੇਗਾ। ਰੈੱਡ ਕਰਾਸ ਵਾਲਿਆਂ ਨੇ ਵੀ ਉਹੀ ‘ਲੋੜਾਂ ਦੀ ਪੂਰਤੀ’ ਦੇ ਲੰਗਰ ਲਾ ਕੇ ਦੁਨੀਆਂ ਵਿਚ ਨਾਂ ਬਣਾਇਆ ਸੀ, ਭੋਜਨ ਵੰਡ ਕੇ ਨਹੀਂ।