Editorial: ਸਿਆਸਤਦਾਨ ਜਦ ਔਰਤ ਪ੍ਰਤੀ ਹੈਵਾਨੀਅਤ ਦਾ ਮੁਜ਼ਾਹਰਾ ਕਰਦੇ ਹੋਏ ਸ਼ਰਮ ਵੀ ਮਹਿਸੂਸ ਨਹੀਂ ਕਰਦੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਅਸਲ ਵਿਚ ਸਾਡਾ ਸਮਾਜ ਸਿਆਸਤਦਾਨਾਂ ਅਤੇ ਹੈਵਾਨੀਅਤ ਨੂੰ ਇਕ ਹੋ ਗਏ ਸਮਝੀ ਬੈਠਾ ਹੈ

Politicians don't even feel ashamed when demonstrating their cruelty towards women Editori

Politicians don't even feel ashamed when demonstrating their cruelty towards women Editorial: ਪਹਿਲਾਂ ਸਾਂਸਦ ਬ੍ਰਿਜ ਭੂਸ਼ਨ ਵਲੋਂ ਮਹਿਲਾ ਖਿਡਾਰੀਆਂ ਨਾਲ ਸ੍ਰੀਰਕ ਸ਼ੋਸ਼ਣ ਦੀਆਂ ਕਹਾਣੀਆਂ ਨੇ ਭਲੇ ਲੋਕਾਂ ਦੇ ਹੋਸ਼ ਉਡਾਈ ਰੱਖੇ ਅਤੇ ਫਿਰ ਬੰਗਾਲ ਤੋਂ ਵਿਧਾਇਕ ਸ਼ਾਹਜਹਾਂ ਦੇ ਸੰਦੇਸ਼ ਕਾਲੀ ਵਿਚ ਔਰਤਾਂ ਨਾਲ ਬਲਾਤਕਾਰ ਦੇ ਕਿੱਸੇ ਬਾਹਰ ਆਏ ਤੇ ਹੁਣ ਕਰਨਾਟਕਾ ਵਿਚੋਂ ਸਾਬਕਾ ਮੁੱਖ ਮੰਤਰੀ ਦੇੇ ਪੋਤੇ ਪ੍ਰਜਵਲ ਰੇਵੰਨਾ ਵਲੋਂ ਸੈਂਕੜੇ ਬਲਾਤਕਾਰਾਂ ਦਾ ਮਾਮਲਾ ਸਾਹਮਣੇ ਆ ਗਿਆ ਹੈ। ਸ਼ਾਇਦ ਪ੍ਰਜਵਲ ਰੇਵੰਨਾ ਨਾਲ ਉਸ ਦੇ ਪਿਤਾ ਐਚ.ਡੀ. ਰੇਵੰਨਾ ਵੀ ਔਰਤਾਂ ਨਾਲ ਬਲਾਤਕਾਰ ਕਰਦੇ ਸਨ। ਸੱਚ ਹੌਲੀ ਹੌਲੀ ਸਾਹਮਣੇ ਆਵੇਗਾ ਪਰ ਇਕ ਗੱਲ ਸਾਫ਼ ਹੈ ਕਿ ਪਾਰਟੀ ਜਿਹੜੀ ਵੀ ਹੋਵੇ, ਤਾਕਤ ਸਾਡੇ ਸਿਆਸਤਦਾਨਾਂ ਨੂੰ ਹੈਵਾਨ ਬਣਾ ਰਹੀ ਹੈ। ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਤਿੰਨੇ ਆਗੂ ਅਪਣੇ ਹਲਕੇ ਜਾਂ ਅਪਣੇ ਵਿਭਾਗ ਦੇ ਰਾਜੇ ਸਨ।

ਬ੍ਰਿਜ ਭੂਸ਼ਨ ਡਬਲਯੂ.ਐਫ਼.ਆਈ. ਦੇ ਮੁਖੀ ਹੋਣ ਦੇ ਨਾਤੇ ਮਹਿਲਾ ਪਹਿਲਵਾਨਾਂ ਨਾਲ ਸ੍ਰੀਰਕ ਸੀਮਾਵਾਂ ਦੀ ਉਲੰਘਣਾ ਕਰਦੇ ਸਨ। ਸੰਦੇਸ਼ਕਾਲੀ ਮਾਮਲੇ ਵਿਚ ਇਕ ਹੋਰ ਵੀਡੀਉ ਵਾਇਰਲ ਹੋਇਆ ਹੈ ਜਿਸ ਵਿਚ ਇਸ ਸਾਰੇ ਮਾਮਲੇ ਨੂੰ ਵਿਰੋਧੀ ਧਿਰ ਵਲੋਂ ਰਚੀ ਸਾਜ਼ਿਸ਼ ਦਸਿਆ ਜਾ ਰਿਹਾ ਹੈ ਪਰ ਇਹ ਅਪਣੇ ਆਪ ਵਿਚ ਇਕ ਝੂਠੀ ਵੀਡੀਉ ਹੋ ਸਕਦੀ ਹੈ ਤਾਕਿ ਵੋਟਰ ਨਾਰਾਜ਼ ਹੋ ਕੇ ਟੀਐਮਸੀ ਦੇ ਖ਼ਿਲਾਫ਼ ਨਾ ਹੋ ਜਾਵੇ। ਪਰ ਇਹ ਵੀ ਸੱਚ ਹੈ ਕਿ ਬੰਗਾਲ ਦਾ ਵਿਧਾਇਕ ਸ਼ਾਹਜਹਾਂ ਅਪਣੀ ਤਾਕਤ ਦਾ ਇਸਤੇਮਾਲ ਕਰ ਕੇ ਅਪਣੇ ਇਲਾਕੇ ਦੀਆਂ ਔਰਤਾਂ ਨੂੰ ਜ਼ੋਰ ਜ਼ਬਰਦਸਤੀ ਅਤੇ ਡਰ ਪੈਦਾ ਕਰ ਕੇ, ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਰਖਦਾ ਸੀ।
ਕਰਨਾਟਕਾ ਵਿਚ ਰੇਵੰਨਾ ਪ੍ਰਵਾਰ ਦੇ ਪਿਉ-ਪੁੱਤ ਵਲੋਂ ਸੈਂਕੜੇ ਔਰਤਾਂ ਦਾ ਬਲਾਤਕਾਰ ਕਰਦਿਆਂ, ਉਨ੍ਹਾਂ ਦੀਆਂ ਫ਼ਿਲਮਾਂ ਬਣਾਈਆਂ ਗਈਆਂ। ਇਹ ਵੀ ਸਿਰਫ਼ ਤਾਕਤ ਕਾਰਨ ਹੋਇਆ ਕਿ ਇਹ ਦੋਵੇਂ ਸਿਆਸਤਦਾਨ ਖ਼ੁਦ ਨੂੰ ਕਾਨੂੰਨ ਤੇ ਮਰਿਆਦਾ ਤੋਂ ਉਪਰ ਸਮਝਣ ਲੱਗ ਪਏ।

ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਅਪਰਾਧ ਰਾਤ ਦੇ ਹਨੇਰੇ ਵਿਚ ਚੁੱਪ ਚਪੀਤੇ ਨਹੀਂ ਹੋਏ ਬਲਕਿ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਸਾਰਾ ਸਿਸਟਮ ਜਾਣਦਾ ਸੀ ਕਿ ਇਹ ਸਿਆਸਤਦਾਨ ਕੀ ਕਰ ਰਹੇ ਹਨ। ਔਰਤਾਂ ਨੂੰ ਘਰ ਬੁਲਾਇਆ ਜਾਂਦਾ ਤੇ ਡਰਾਇਆ ਧਮਕਾਇਆ ਜਾਂਦਾ ਸੀ ਜਦਕਿ ਕੋਈ ਵੀ ਭਾਰਤੀ ਸਿਆਸਤਦਾਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਨਹੀਂ ਹੁੰਦਾ। ਯਾਨੀ ਸਿਰਫ਼ ਬਦਕਿਸਮਤ ਔਰਤਾਂ ਦੇ ਪ੍ਰਵਾਰ ਦੇ ਜੀਆਂ ਦੇ ਨਾਲ-ਨਾਲ, ਵਰਦੀਧਾਰੀ ਸੁਰੱਖਿਆ ਕਰਮਚਾਰੀ ਵੀ ਔਰਤਾਂ ਨਾਲ ਬਲਾਤਕਾਰ ਹੁੰਦਾ ਵੇਖਦੇ ਸਨ ਪਰ ਕਿਸੇ ਨੇ ਅਪਣਾ ਮੂੰਹ ਨਾ ਖੋਲ੍ਹਿਆ।

ਅਸਲ ਵਿਚ ਸਾਡਾ ਸਮਾਜ ਸਿਆਸਤਦਾਨਾਂ ਅਤੇ ਹੈਵਾਨੀਅਤ ਨੂੰ ਇਕ ਹੋ ਗਏ ਸਮਝੀ ਬੈਠਾ ਹੈ। ਸਿਆਸਤਦਾਨ ਈਮਾਨਦਾਰ, ਨੈਤਿਕ ਕਦਰਾਂ ਕੀਮਤਾਂ ਵਾਲਾ ਤੇ ਸਮਾਜ ਸੇਵੀ ਨਹੀਂ ਬਲਕਿ ਇਕ ਝੂਠਾ, ਭ੍ਰਿਸ਼ਟਾਚਾਰੀ ਮੰਨਿਆ ਜਾਣ ਲੱਗ ਪਿਆ ਹੈ ਜੋ ਜੇ ਚਾਹੇ ਤਾਂ ਬਿਨਾਂ ਸ਼ਰਮ ਮਹਿਸੂਸ ਕੀਤਿਆਂ, ਸ਼ਰੇਆਮ ਬਲਾਤਕਾਰ ਵੀ ਕਰ ਸਕਦਾ ਹੈ। ਦੋਸ਼ੀ ਅਸੀ ਸਿਰਫ਼ ਉਸ ਨੂੰ ਮੰਨਦੇ ਹਾਂ ਜੋ ਫੜਿਆ ਜਾਂਦਾ ਹੈ। 

ਯਾਨੀ ਕਿ ਸਾਡੇ ਸਮਾਜ ਵਿਚ ਬਲਾਤਕਾਰੀ ਤੇ ਚੋਰ ਹੋਣਾ ਗ਼ਲਤ ਨਹੀਂ ਪਰ ਜੇ ਉਹ ਫੜਿਆ ਜਾਂਦਾ ਹੈ ਤਾਂ ਉਸ ਹਾਲਤ ਵਿਚ ਹੀ ਸ਼ਾਇਦ ਉਹ ਕਾਨੂੰਨ ਦੀ ਲਪੇਟ ਵਿਚ ਆ ਸਕਦਾ ਹੈ। ਪਰ ਜੇ ਇਸ ਵਾਰ ਬ੍ਰਿਜ ਭੂਸ਼ਨ ਫਿਰ ਜਿੱਤ ਕੇ ਸੱਤਾ ਵਿਚ ਆ ਬੈਠਾ ਤਾਂ ਫਿਰ ਕੀ ਸਾਡਾ ਸਮਾਜ ਉਸ ਨੂੰ ਔਰਤਾਂ ਨਾਲ ਕੁੱਝ ਗ਼ਲਤ ਕਰਨ ਦੀ ਇਜਾਜ਼ਤ ਦੇਂਦਾ ਮੰਨਿਆ ਜਾਵੇਗਾ? ਕੀ ਔਰਤਾਂ ਦੀ ਇੱਜ਼ਤ ਦੀ ਕੀਮਤ ਬਸ ਏਨੀ ਕੁ ਹੀ ਰਹਿ ਗਈ ਹੈ? 
- ਨਿਮਰਤ ਕੌਰ