ਗ਼ਰੀਬਾਂ ਤੇ ਪੰਥ-ਪ੍ਰਸਤਾਂ ਲਈ ਕੋਈ ਸੁਨੇਹਾ ਨਹੀਂ ਪਰ ਨੌਜਵਾਨਾਂ ਨੂੰ ਹਥਿਆਰ ਫੜਾ ਕੇ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਯਤਨ ਹੀ...
ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼:
ਦਰਬਾਰ ਸਾਹਿਬ ਵਿਖੇ ਵਰਤੇ ਸਾਕਾ ਨੀਲਾ ਤਾਰਾ ਦੇ 38ਵੇਂ ਯਾਦਗਾਰੀ ਦਿਵਸ ਤੇ ਖ਼ਾਲਸਾ ਪੰਥ ਦੇ ਸੱਭ ਤੋਂ ਵੱਡੇ ਤਖ਼ਤ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁੱਝ ਅਜਿਹੇ ਵਿਚਾਰ ਪ੍ਰਗਟ ਕੀਤੇ ਕਿ ਯਾਦਗਾਰੀ ਦਿਵਸ ਨੂੰ ਤਕਰੀਬਨ ਸਾਰੀਆਂ ਅੰਗਰੇਜ਼ੀ ਅਖ਼ਬਾਰਾਂ ਨੂੰ ਅਪਣੇ ਪਹਿਲੇ ਪੰਨੇ ਤੋਂ ਹੀ ਹਟਾਉਣਾ ਪਿਆ। 6 ਜੂਨ ਦੇ ਸਾਕੇ ਨੂੰ ਯਾਦ ਕਰ ਕੇ ਜਿਥੇ ਹਰ ਪੰਜਾਬੀ ਜਾਂ ਸਿੱਖੀ ਨਾਲ ਜੁੜੇ ਵਿਅਕਤੀ ਦਾ ਦਿਲ ਦੁਖਿਆ ਪਿਆ ਹੈ ਤੇ ਉਹ ਸ਼ਰਧਾਂਜਲੀ ਦੇਣ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਉਥੇ ਗਿਆਨੀ ਹਰਪ੍ਰੀਤ ਸਿੰਘ ਦੇ ਸ਼ਬਦਾਂ ਨੇ ਬਹੁਤਿਆਂ ਨੂੰ ਨਿਰਾਸ਼ ਕਰ ਦਿਤਾ ਹੈ।
ਉਹ ਕਹਿਣਾ ਤਾਂ ਇਹ ਚਾਹ ਰਹੇ ਸਨ ਕਿ ਇਹ ਸਮਾਂ ਹੈ ਕਿ ਅਸੀ ਸਿੱਖ ਕੌਮ ਨੂੰ ਮਜ਼ਬੂਤ ਕਰੀਏ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਇਹ ਗੱਲ ਕੀਤੀ, ਉਸ ਤੋਂ ਸਿੱਖ ਨਿਰਾਸ਼ ਹੀ ਹੋਏ ਕਿਉਂਕਿ ਏਨੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਤੋਂ ਇਸ ਤਰ੍ਹਾਂ ਦੀ ਉਮੀਦ ਇਸ ਇਤਿਹਾਸਕ ਮੌਕੇ ਤੇ ਤਾਂ ਬਿਲਕੁਲ ਨਹੀਂ ਸੀ ਕੀਤੀ ਜਾ ਸਕਦੀ।
ਉਨ੍ਹਾਂ ਖ਼ਾਲਸਾ ਸੋਚ ਦੀ ਗੱਲ ਕੀਤੀ ਪਰ ਖ਼ਾਲਸਾ ਯਾਨੀ ਸੱਚ ਨਾਲ ਖੜੇ ਹੋਣ ਵਾਲੀ ਖ਼ਾਲਸਾ ਸੋਚ ਅੱਜ ਸੱਭ ਤੋਂ ਘੱਟ ਸਿੱਖ ਆਗੂਆਂ ਵਿਚ ਹੀ ਵੇਖੀ ਜਾ ਰਹੀ ਹੈ। ਉਨ੍ਹਾਂ ਦੀਆਂ ਗੱਲਾਂ ਨੇ ਵਿਵਾਦ ਵੀ ਸ਼ੁਰੂ ਕਰ ਦਿਤਾ ਹੈ।
ਜਿਥੇ ਹੁਣ ਸਿੱਖ ਆਗੂਆਂ ਤੋਂ ਲੈ ਕੇ ਆਮ ਸਿੱਖ ਵੀ ‘ਜਥੇਦਾਰ’ ਦੀ ਸੋਚ ਤੇ ਖੁਲੇਆਮ ਸਵਾਲ ਖੜੇ ਕਰ ਰਹੇ ਹਨ ਅਤੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਕਾਲ ਤਖ਼ਤ ਦੀ ਸੇਵਾ ਸੰਭਾਲ ਲਈ ਤਾਇਨਾਤ ‘ਜਥੇਦਾਰ’ ਦੇ ਸ਼ਬਦਾਂ ਨੂੰ ਲੈ ਕੇ ਸਿਰਫ਼ ਬੁੱਧੀਜੀਵੀ ਹੀ ਨਹੀਂ ਬਲਕਿ ਆਮ ਸਿੱਖ ਵੀ ਪ੍ਰੇਸ਼ਾਨੀ ਵਿਖਾਣ ਲੱਗ ਪਿਆ ਹੈ। ਲੋਕ ਇਸ ਕੁਰਸੀ ਤੇ ਬੈਠੇ ‘ਜਥੇਦਾਰ’ ਨੂੰ ਹੁਣ ਪੰਥਕ ਜਥੇਬੰਦੀ ਅਕਾਲੀ ਦਲ ਦੇ ਰਖਵਾਲੇ ਵਜੋਂ ਨਹੀਂ ਬਲਕਿ ਸਿਰਫ਼ ਬਾਦਲ ਪ੍ਰਵਾਰ ਦੇ ਰਖਵਾਲੇ ਵਜੋਂ ਵੇਖਣ ਲੱਗ ਪਏ ਹਨ। ‘ਜਥੇਦਾਰ’ ਦੇ ਬਿਆਨਾਂ ਨੂੰ ਲੈ ਕੇ ਇਹ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਨੌਜਵਾਨਾਂ ਨੂੰ ਹਥਿਆਰਬੰਦ ਹੋਣ ਲਈ ਕਹਿ ਕੇ, ਬਾਦਲ ਦਲ ਦੀ ਰਾਜਨੀਤੀ ਨੂੰ ਹੀ ਧਰਮ ਦਾ ਸਹਾਰਾ ਦੇ ਰਹੇ ਹਨ ਤਾਕਿ ਅਕਾਲੀ ਦਲ ਦਾ ਪੰਥਕ ਸਰੂਪ ਬਹਾਲ ਕੀਤੇ ਬਗ਼ੈਰ ਹੀ ਨੌਜੁਆਨ ਬਾਦਲਾਂ ਮਗਰ ਮੁੜ ਤੋਂ ਲੱਗ ਜਾਣ।
ਲੋਕਾਂ ਦੇ ਮਨਾਂ ਵਿਚ ਇਹ ਵਿਚਾਰ ਵੀ ਇਸ ਕਰ ਕੇ ਆ ਰਹੇ ਹਨ ਕਿਉਂਕਿ 6 ਜੂਨ ਨੂੰ ‘ਜਥੇਦਾਰ’ ਨੇ ਜੋ ਗੱਲਾਂ ਆਖੀਆਂ, ਕੁੱਝ ਤਾਂ ਤੱਥਾਂ ’ਤੇ ਆਧਾਰਤ ਨਹੀਂ ਸਨ ਤੇ ਕੁੱਝ ਉਨ੍ਹਾਂ ਦੇ ਮੂੰਹ ’ਚੋਂ ਨਿਕਲੇ ਪੰਥਕ ਵਿਚਾਰ ਨਹੀਂ ਸਨ ਬਲਕਿ ਉਨ੍ਹਾਂ ਦੇ ਨਿਜੀ ਵਿਚਾਰ ਹੀ ਸਨ ਜਿਨ੍ਹਾਂ ਨੂੰ ਇਕ ਇਤਿਹਾਸਕ ਮੌਕੇ ਤੇ ਅਕਾਲ ਤਖ਼ਤ ਦੇ ਸੰਦੇਸ਼ ਦਾ ਨਾਂ ਦਿਤਾ ਜਾ ਰਿਹਾ ਹੈ। ਇਹ ਗੱਲਾਂ ਉਨ੍ਹਾਂ ਤੋਂ ਪਹਿਲਾਂ ਨਾ ਕਿਸੇ ‘ਜਥੇਦਾਰ’ ਨੇ ਕੀਤੀਆਂ ਅਤੇ ਨਾ ਅੱਜ ਹੀ ਪਸੰਦ ਕੀਤੀਆਂ ਜਾ ਰਹੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਵਾਰ ਸੁਰੱਖਿਆ ਦਾ ਘੇਰਾ ਦਰਬਾਰ ਸਾਹਿਬ ਦੇ ਬਾਹਰ ਸਿੰਘਾਂ ਨੂੰ ਕਾਬੂ ਕਰਨ ਵਾਸਤੇ ਲਗਾਇਆ ਗਿਆ ਹੈ ਪਰ ਇਹ ਤਾਂ ਪਿਛਲੇ 38 ਸਾਲਾਂ ਤੋਂ ਲਗਾਇਆ ਜਾਂਦਾ ਹੈ। ਇਸ ਵਾਰ ਫ਼ਰਕ ਸਿਰਫ਼ ਇਹ ਹੈ ਕਿ ਇਹ ਪਹਿਲੀ ਵਾਰ ਹੈ ਕਿ ‘ਆਪ’ ਸਰਕਾਰ ਨੇ ਲਗਾਇਆ ਹੈ। ਪਿਛਲੇ ਸਾਲ ਕਾਂਗਰਸ ਸਰਕਾਰ ਨੇ ਵੀ ਫ਼ਲੈਗ ਮਾਰਚ ਕਰਵਾਇਆ ਸੀ ਤੇ ਘੇਰਾ ਵੀ ਪਾਇਆ ਸੀ। ਉਦੋਂ ਅਕਾਲ ਤਖ਼ਤ ਤੋਂ ਇਤਰਾਜ਼ ਨਹੀਂ ਸੀ ਕੀਤਾ ਗਿਆ।
‘ਜਥੇਦਾਰ’ ਨੇ ਕਿਹਾ ਕਿ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ ਦੀ ਜ਼ਰੂਰਤ ਹੈ ਪਰ ਫਿਰ ਸ਼੍ਰੋਮਣੀ ਕਮੇਟੀ ਹੋਰ ਕਿਸ ਕੰਮ ਲਈ ਬਣਾਈ ਗਈ ਸੀ? ਪਹਿਲਾਂ ਇਹ ਤਾਂ ਮੰਨੋ ਕਿ ਸ਼ੋ੍ਰੋਮਣੀ ਕਮੇਟੀ ਅਪਣਾ ਕੰਮ ਕਰਨ ਵਿਚ ਨਾਕਾਮ ਹੋ ਗਈ ਹੈ, ਇਸ ਲਈ ਕੋਈ ਹੋਰ ਇਸ ਕੰਮ ਲਈ ਅੱਗੇ ਆਵੇ। ਸ਼੍ਰੋਮਣੀ ਕਮੇਟੀ ਨੂੰ ਸਾਰਾ ਪੰਥ ਹਰ ਸਾਲ ਅਰਬਾਂ ਰੁਪਏ ‘ਮੱਥਾ ਟੇਕਣ’ ਵਜੋਂ ਹੀ ਦੇਂਦਾ ਹੈ ਪਰ ਉਸ ਨੂੰ ਸਹੀ ਥਾਂ ਨਹੀਂ ਵਰਤਿਆ ਜਾ ਰਿਹਾ ਸ਼ਾਇਦ। ਸਿੱਖਾਂ ਨੂੰ ਵਧੀਆ ਸਿਖਿਆ ਸਹੂਲਤਾਂ ਦੇਣ ਦੀ ਗੱਲ ਕਰੀਏ ਤਾਂ ‘ਜਥੇਦਾਰ’ ਨੇ ਉਨ੍ਹਾਂ ਦੇ ਖ਼ਾਲਸਾ ਕਾਲਜਾਂ ਤੇ ਸਕੂਲਾਂ ਦੀ ਹਾਲਤ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ? ਸਿਖਿਆ ਦਾ ਉੱਚ ਮਿਆਰ ਤੈਅ ਕਰਵਾਉਣਾ ਉਨ੍ਹਾਂ ਦੇ ਹੱਥ ਵਿਚ ਵੀ ਨਹੀਂ ਤਾਂ ਮਿਆਰੀ ਸਿਖਿਆ ਦੀ ਮੰਗ ਕਰਨ ਵਾਲੇ ਸਿੱਖ ਕਿਥੇ ਜਾਣ?
ਉਨ੍ਹਾਂ ਨੇ ਯਹੂਦੀਆਂ ਦੀ ਉਦਾਹਰਣ ਦਿਤੀ ਪਰ ਯਹੂਦੀਆਂ ਨੇ ਅਪਣੀਆਂ ਪੀੜ੍ਹੀਆਂ ਨੂੰ ਬੁਰੇ ਹਾਲਾਤ ਵਿਚ ਵੀ ਤੇ ਵੱਖ ਵੱਖ ਦੇਸ਼ਾਂ ਵਿਚ ਬਿਖਰੇ ਹਾਲਾਤ ਵਿਚ ਅਪਣੀ ਭਾਸ਼ਾ, ਸਾਹਿਤ ਤੇ ਇਤਿਹਾਸ, ਧਰਮ ਨਾਲ ਜੋੜੀ ਰਖਿਆ (ਇਜ਼ਰਾਈਲ ਬਣਨ ਤੋਂ ਪਹਿਲਾਂ ਵੀ) ਤੇ ਅਪਣੇ ਅਹਿਸਾਸਾਂ ਦੇ ਦਰਦਨਾਕ ਪਲਾਂ ਨਾਲ ਜੋੜੀ ਰਖਿਆ। ਸ਼੍ਰੋਮਣੀ ਕਮੇਟੀ ਨੇ ਸੰਗਮਰਮਰ ਹੇਠਾਂ ਦੱਬ ਕੇ ਸਿੱਖ ਇਤਿਹਾਸ ਖ਼ਤਮ ਕਰ ਦਿਤਾ ਹੈ ਤੇ ਗ਼ਰੀਬ ਸਿੱਖ ਵਲ ਕੋਈ ਧਿਆਨ ਨਹੀਂ ਦਿਤਾ। ਜੇ ਅੱਜ ਪੰਜਾਬ ਵਿਚ ਸਿੱਖ ਧਰਮ ਪ੍ਰੀਵਰਤਨ ਕਰ ਰਹੇ ਹਨ ਤਾਂ ਪਹਿਲਾਂ ਪਤਾ ਕਰ ਕੇ ਦੱਸਣ, ਜਿਨ੍ਹਾਂ ਨੇ ਧਰਮ ਤਿਆਗਿਆ, ਉਨ੍ਹਾਂ ਕੀ ਕਹਿ ਕੇ ਇੰਜ ਕੀਤਾ ਤੇ ਪਹਿਲਾਂ ਨਾਲੋਂ ਉਨ੍ਹਾਂ ਦੀ ਜ਼ਿਆਦਾ ਚੰਗੀ ਦੇਖਭਾਲ ਕੌਣ ਕਰ ਰਿਹਾ ਹੈ? ਸਾਡੇ ਰਾਜਸੀ ਜਾਂ ਧਾਰਮਕ ਆਗੂਆਂ ਦੇ ਬੋਲਾਂ ਤੇ ਕਿਰਦਾਰ ਵਿਚ ਬਹੁਤ ਵੱਡਾ ਪਾੜਾ ਪੈ ਚੁੱਕਾ ਹੈ। ਜਿਹੜੇ ਆਗੂ ਸਾਡੇ ਬੱਚਿਆਂ ਦੇ ਹੱਥਾਂ ਵਿਚ ਬੰਦੂਕਾਂ ਫੜਾ ਕੇ ਅਪਣੀ ਹਰ ਜ਼ੁੰਮੇਵਾਰੀ ਤੋਂ ਬਰੀ-ਅਲ-ਜ਼ੁੰਮਾ ਹੋਣਾ ਚਾਹੁੰਦੇ ਹਨ, ਉਹ ਪੰਥ ਦੇ ਖ਼ੈਰ-ਖ਼ਵਾਹ ਤੇ ਸੱਚੇ ਹਮਦਰਦ ਨਹੀਂ ਹੋ ਸਕਦੇ? -ਨਿਮਰਤ ਕੌਰ