ਹਨੀ ਸਿੰਘ ਦੇ 'ਵੁਮੇਨਾਈਜ਼ਰ' ਵਰਗੇ ਗੀਤ ਉਦੋਂ ਤਕ ਬੰਦ ਨਹੀਂ ਹੋਣਗੇ ਜਦ ਤਕ ਭਾਰਤੀ ਸਮਾਜ ਦੇ ਘਰਾਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਹਨੀ ਸਿੰਘ ਦੇ 'ਵੁਮੇਨਾਈਜ਼ਰ' ਵਰਗੇ ਗੀਤ ਉਦੋਂ ਤਕ ਬੰਦ ਨਹੀਂ ਹੋਣਗੇ ਜਦ ਤਕ ਭਾਰਤੀ ਸਮਾਜ ਦੇ ਘਰਾਂ ਵਿਚ ਪਲਦੀ ਸੋਚ ਨਹੀਂ ਸੁਧਾਰੀ ਜਾਂਦੀ

Honey Singh

'ਮੈਂ ਹੂੰ ਵੁਮੇਨਾਈਜ਼ਰ' (ਕਈ ਔਰਤਾਂ ਨਾਲ ਸ੍ਰੀਰਕ ਰਿਸ਼ਤੇ ਬਣਾਉਣ ਵਾਲਾ) ਗੀਤ ਨੇ ਹਨੀ ਸਿੰਘ ਨੂੰ ਮੁੜ ਤੋਂ ਔਰਤਾਂ ਦੇ ਹੱਕਾਂ ਦੇ ਪੈਨਲ ਦੇ ਨਿਸ਼ਾਨੇ ਉਤੇ ਲਿਆ ਖੜਾ ਕੀਤਾ ਹੈ। ਔਰਤਾਂ ਦੇ ਹੱਕਾਂ ਦੇ ਪੈਨਲ ਨੇ ਤਾਂ ਇਹ ਵੀ ਆਖ ਦਿਤਾ ਹੈ ਕਿ ਜੇ ਹਨੀ ਸਿੰਘ ਅਸ਼ਲੀਲਤਾ ਨਹੀਂ ਛਡ ਸਕਦਾ ਤਾਂ ਦੇਸ਼ ਛੱਡ ਦੇਵੇ। ਔਰਤਾਂ ਦੇ ਹੱਕ ਵਿਚ ਆਵਾਜ਼ ਤਾਂ ਉਠੀ ਪਰ ਸਿਰਫ਼ ਹਨੀ ਸਿੰਘ ਵਿਰੁਧ ਹੀ ਕਿਉਂ? ਪੰਜਾਬ ਦੇ ਕਈ ਸਿਆਸਤਦਾਨਾਂ ਵਿਰੁਧ ਵੀ ਫਤਵੇ ਦੇਣੇ ਬਣਦੇ ਹਨ ਜਿਨ੍ਹਾਂ ਨੇ ਔਰਤਾਂ ਨੂੰ ਇਕ ਫ਼ਾਲਤੂ ਦੀ ਚੀਜ਼ ਸਮਝਿਆ ਹੋਇਆ ਹੈ। ਪੂਰੇ ਪੰਜਾਬ ਨੇ ਸਿਆਸਤਦਾਨਾਂ ਨੂੰ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਉਂਦੇ ਸ਼ਰੇਆਮ ਵੇਖਿਆ ਪਰ ਫ਼ਤਵਾ ਨਹੀਂ ਜਾਰੀ ਕੀਤਾ।

ਹਨੀ ਸਿੰਘ ਦੀ ਚੜ੍ਹਤ ਤੋਂ ਈਰਖਾ ਖਾਂਦੇ ਕੁੱਝ ਗੀਤਕਾਰਾਂ ਨੇ ਹਨੀ ਸਿੰਘ ਉਤੇ ਪਾਬੰਦੀ ਲਗਵਾਉਣ ਤੇ ਸਜ਼ਾ ਦਿਵਾਉਣ ਲਈ ਕਮਾਨ ਉਤੇ ਤੀਰ ਚੜ੍ਹਾ ਚਨੇ ਹਨ। ਮੰਤਰੀ ਜੀ ਹੁਣ ਪੰਜਾਬੀ ਗਾਇਕੀ ਵਿਚ ਵਧੀ ਅਸ਼ਲੀਲਤਾ ਉਤੇ ਰੋਕ ਲਾਉਣ ਲਈ ਇਕ ਕਾਨੂੰਨ ਬਣਾਉਣ ਬੈਠ ਗਏ ਹਨ। ਹਨੀ ਸਿੰਘ ਦੀ ਸੋਚ ਉਸ ਸਮਾਜ ਵਿਚੋਂ ਉਪਜਦੀ ਹੈ ਜਿਸ ਵਿਚ ਪਿਤਾ ਅਪਣੇ ਪੁੱਤਰ ਨੂੰ ਪੁਛਦਾ ਹੈ, 'ਤੇਰੀਆਂ ਸਹੇਲੀਆਂ ਕਿੰਨੀਆਂ ਨੇ?' ਤੇ ਜੇ ਪੁੱਤਰ ਦੀਆਂ ਬਹੁਤ ਸਾਰੀਆਂ ਸਹੇਲੀਆਂ ਹੁੰਦੀਆਂ ਹਨ ਤਾਂ ਬਾਪ ਇਸ ਤੇ ਫ਼ਖ਼ਰ ਮਹਿਸੂਸ ਕਰਦਾ ਹੈ। 'ਵੁਮੇਨਾਈਜ਼ਰ' ਜਾਂ ਔਰਤਾਂ ਨੂੰ ਇਸਤੇਮਾਲ ਕਰਨ ਵਾਲੀ ਸੋਚ ਤਾਂ ਭਾਰਤੀ ਪ੍ਰਵਾਰਾਂ ਅੰਦਰ ਹਰ ਸਮੇਂ ਠਹਾਕੇ ਮਾਰਦੀ ਵੇਖੀ ਜਾ ਸਕਦੀ ਹੈ।

ਅੱਜ ਦੇ ਅਖ਼ਬਾਰਾਂ ਵਿਚ ਖ਼ਬਰ ਛਪੀ ਹੈ ਕਿ ਇਕ ਮਾਂ ਨੇ (ਬਾਪ ਨੇ ਨਹੀਂ) ਅਪਣੇ ਪੁੱਤਰ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ ਕਿਉਂਕਿ ਪਿਛਲੇ ਕੁਝ ਅਰਸੇ ਤੋਂ ਹਰ ਰੋਜ਼ ਅਪਣੇ ਦੋਸਤ ਨੂੰ ਬੁਲਾ ਕੇ, ਦੋਵੇਂ ਦੋਸਤ, ਅਪਣੀ ਸਕੀ ਭੈਣ ਦੀ ਪੱਤ ਲੁਟਦੇ ਸਨ ਅਤੇ ਸੱਕੀ ਭੈਣ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਸਨ ਕਿ ਜੇ ਕਿਸੇ ਨੂੰ ਦਸਿਆ ਤਾਂ ਜਾਨੋਂ ਮਾਰ ਦਿਆਂਗੇ। ਕੁੜੀ ਭਰਾ ਦਾ ਜ਼ੁਲਮ ਸਹਿੰਦੀ ਰਹੀ ਪਰ ਅਖ਼ੀਰ ਉਸ ਨੇ ਮਾਂ ਨੂੰ ਸੱਚ ਦਸ ਹੀ ਦਿਤਾ। ਭਾਰਤੀ ਸਮਾਜ ਦੇ 90% ਮਾਤਾ ਪਿਤਾ ਅਪਣੇ ਪੁੱਤਰ ਦੀਆਂ 'ਲੀਲਾਵਾਂ' ਉਤੇ ਫ਼ਖ਼ਰ ਕਰਦੇ ਹੋਏ ਵੀ ਦੂਜਿਆਂ ਦੇ ਪੁੱਤਰਾਂ ਬਾਰੇ ਚਾਹੁੰਦੇ ਹਨ ਕਿ ਉਹ ਸਾਰੇ ਪੂਰਨ ਭਗਤ ਹੀ ਹੋਣ। ਪੁੱਤਰ ਕਿਉਂ ਨਾ ਕੁਰਾਹੇ ਪੈਣ?

ਹਨੀ ਸਿੰਘ ਦੇ ਨਾਂ ਤੋਂ ਅੱਗੇ ਵੱਧ ਕੇ ਸੋਚਣ ਦੀ ਜ਼ਰੂਰਤ ਹੈ। ਸਾਡੇ ਸਮਾਜ ਅਤੇ ਸਾਡੇ ਕਈ ਧਾਰਮਕ ਆਗੂਆਂ ਦੀ ਸੋਚ ਵਿਚ ਵੀ ਔਰਤ ਦਾ ਅਪਮਾਨ ਭਰਿਆ ਹੋਇਆ ਹੈ। ਦਲਾਈ ਲਾਮਾ ਨੇ ਪਿਛਲੇ ਹਫ਼ਤੇ ਇਕ ਚਰਚਾ ਵਿਚ ਆਖਿਆ ਕਿ ਇਕ ਔਰਤ ਉਨ੍ਹਾਂ ਦੀ ਜਗ੍ਹਾ ਲੈ ਸਕਦੀ ਹੈ ਪਰ ਉਹ ਅੰਦਰੋਂ ਤੇ ਬਾਹਰੋਂ ਸੋਹਣੀ ਹੋਣੀ ਚਾਹੀਦੀ ਹੈ। 'ਦਲਾਈ ਲਾਮਾ' ਇਕ ਧਰਮ ਦੇ ਮੁਖੀ ਹਨ ਤੇ ਔਰਤ ਨੂੰ ਇਕ ਵਸਤੂ ਵਾਂਗ ਪੇਸ਼ ਕਰ ਰਹੇ ਹਨ ਤਾਂ ਅਸੀ ਹਨੀ ਸਿੰਘ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ? 

ਅੱਜ ਸੱਭ ਤੋਂ ਵੱਧ ਟੀ.ਵੀ. ਲੜੀਵਾਰ ਨਾਗਿਨ ਵੇਖਿਆ ਜਾਂਦਾ ਹੈ। ਇਸ ਲੜੀਵਾਰ ਦੇ ਮੁੱਖ ਕਿਰਦਾਰ ਵਾਲੀ ਅਦਾਕਾਰਾ ਵਲੋਂ ਨਿਭਾਏ ਜਾਂਦੇ ਰੋਲ ਨੇ ਪ੍ਰਵਾਰਾਂ ਵਿਚ ਅਪਣੀ ਜਗ੍ਹਾ ਬਣਾ ਲਈ ਹੈ। ਉਸ ਦੇ ਸ੍ਰੀਰ ਤੋਂ ਪ੍ਰਭਾਵਤ ਦੇਸ਼ਵਾਸੀ ਅੱਜ ਕਿਹੜੀ ਅਸ਼ਲੀਲਤਾ ਨੂੰ ਕਬੂਲਦੇ ਹਨ ਤੇ ਕਿਹੜੀ ਨੂੰ ਠੁਕਰਾਉਂਦੇ ਹਨ, ਉਸ ਬਾਰੇ ਇਕ ਸਾਫ਼ ਤੇ ਸਿੱਧੀ ਲਕੀਰ ਨਹੀਂ ਖਿੱਚੀ ਜਾ ਸਕਦੀ। ਬੱਚਿਆਂ ਦੇ ਡਾਂਸ ਸ਼ੋਅ ਵਿਚ ਛੋਟੀਆਂ-ਛੋਟੀਆਂ ਬੱਚੀਆਂ ਨੂੰ ਅਪਣੇ ਜਿਸਮ ਨੂੰ ਲੋਕਾਂ ਦਾ ਮਨ ਬਹਿਲਾਉਣ ਲਈ ਝਟਕੇ-ਮਟਕੇ ਮਾਰਦੇ ਵੇਖ ਕੇ ਉਲਟੀ ਆਉਂਦੀ ਹੈ। ਤਕਰੀਬਨ ਹਰ ਹਿੰਦੀ ਗਾਣੇ ਅਤੇ ਲੜੀਵਾਰ ਵਿਚ ਔਰਤ ਨੂੰ ਇਕ ਮਰਦ ਨੂੰ ਪ੍ਰਾਪਤ ਕਰਨ ਲਈ ਸੌ ਸੌ ਪਾਪੜ ਵੇਲਦੇ ਵੇਖਣਾ ਔਖਾ ਲਗਦਾ ਹੈ ਪਰ ਕੋਈ ਉਸ ਉਤੇ ਇਤਰਾਜ਼ ਨਹੀਂ ਕਰਦਾ। 

'ਪੰਜਾਬੀ ਬਚਾਉ, ਪੰਜਾਬੀਅਤ ਬਚਾਉ' ਮੁਹਿੰਮ ਨੂੰ ਇਕ ਕੱਟੜ ਸੋਚ ਨਹੀਂ ਬਣਾਉਣਾ ਚਾਹੀਦਾ। ਜ਼ਬਤ ਵਾਲੇ ਪੰਜਾਬੀ ਸਭਿਆਚਾਰ ਦਾ ਜਨਮ ਬਾਬੇ ਨਾਨਕ ਦੀ ਬਾਣੀ ਨਾਲ ਹੋਇਆ ਸੀ, ਜੋ ਔਰਤ ਨੂੰ ਮਰਦ ਦੇ ਬਰਾਬਰ ਮੰਨਦੇ ਸਨ। ਜੇ ਪੰਜਾਬ ਵਿਚ ਰਹਿਣ ਵਾਲੇ ਲੋਕ ਬਾਬੇ ਨਾਨਕ ਦੀ ਇਸ ਸੋਚ ਨੂੰ ਅਪਣਾ ਲੈਂਦੇ ਤਾਂ ਕੀ ਅੱਜ ਪੰਜਾਬੀ/ਪੰਜਾਬੀਅਤ ਨੂੰ ਬਚਾਉਣ ਦੀ ਲੋੜ ਮਹਿਸੂਸ ਹੁੰਦੀ?,,,,,,,,,,,,,

ਅੱਜ ਦੇ ਨੌਜੁਆਨ ਮੁੰਡੇ ਹੀ ਨਹੀਂ, ਨੌਜੁਆਨ ਕੁੜੀਆਂ ਵੀ ਅਪਣੇ ਜਿਸਮ ਨੂੰ ਵਸਤੂ ਵਾਂਗ ਇਸਤੇਮਾਲ ਕਰਦੀਆਂ ਹਨ। ਮਰਦਾਂ ਤੋਂ ਤੋਹਫ਼ੇ ਲੈਣ ਲਈ ਤੇ ਕੰਮ ਕਰਾਉਣ ਲਈ ਜਿਸਮ ਨੂੰ ਜ਼ਰੀਆ ਬਣਾਉਂਦੀਆਂ ਹਨ। ਕੀ ਹਨੀ ਸਿੰਘ ਹੀ ਇਸ ਸਾਰੀ ਗਿਰਾਵਟ ਲਈ ਜ਼ਿੰਮੇਵਾਰ ਹੈ? ਹਨੀ ਸਿੰਘ ਦੇ ਗੀਤ ਉਹੀ ਲੋਕ ਸੁਣਦੇ ਹਨ ਜਿਨ੍ਹਾਂ ਦੀ ਸੋਚ ਨੂੰ ਪ੍ਰਵਾਰ ਨੇ ਇਸ ਰਸਤੇ ਉਤੇ ਪਾਇਆ ਹੈ। ਚੰਗੇ ਗੀਤ ਸੁਣਨ ਵਾਲੇ, ਅਮਰਿੰਦਰ ਗਿੱਲ ਦੇ ਪਿਆਰ ਭਰੇ ਗੀਤਾਂ ਦੇ ਮਜ਼ੇ ਲੈਂਦੇ ਹਨ।

ਗੁਰਦਾਸ ਮਾਨ ਨੇ 'ਘਰ ਦੀ ਸ਼ਰਾਬ' ਗਾਣਾ ਵੀ ਗਾਇਆ ਤੇ 'ਕੁੜੀਏ ਕਿਸਮਤ' ਵੀ। ਤੁਸੀ ਕਿਹੜਾ ਗੀਤ ਸੁਣਦੇ ਹੋ? ਦਲੇਰ ਮਹਿੰਦੀ ਨੇ ਸ਼ਬਦ ਵੀ ਗਾਏ ਤੇ 'ਕੰਜਰੀ ਕਲੋਲ ਕਰ ਗਈ' ਵੀ। ਇਨ੍ਹਾਂ ਵਿਚੋਂ ਕਿਹੜਾ ਗੀਤ ਪੰਜਾਬ ਨੂੰ ਪ੍ਰਵਾਨ ਹੋਇਆ? ਮੁੱਦਾ ਹਨੀ ਸਿੰਘ ਨਹੀਂ ਹੈ, ਸਮਾਜ ਦੀ ਸੋਚ ਹੈ ਜਿਸ ਨੂੰ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਵਿਚ ਘਬਰਾਹਟ ਹੁੰਦੀ ਹੈ। ਜਾਂ ਤਾਂ ਉਨ੍ਹਾਂ ਸਾਰੇ ਮਰਦਾਂ ਨੂੰ ਦੇਸ਼ ਵਿਚੋਂ ਕੱਢ ਦਿਉ ਜੋ ਔਰਤਾਂ ਦਾ ਸਤਿਕਾਰ ਨਹੀਂ ਕਰਦੇ ਜਾਂ ਕਿਸੇ ਨੂੰ ਵੀ ਨਹੀਂ। ਮਸਲਾ ਹਨੀ ਸਿੰਘ ਨਹੀਂ ਹੈ, ਮਸਲਾ ਬਹੁਤ ਡੂੰਘਾ ਹੈ ਜੋ ਸਾਡੇ ਅਪਣੇ ਕਿਰਦਾਰ ਤੋਂ ਸ਼ੁਰੂ ਹੁੰਦਾ ਹੈ।   - ਨਿਮਰਤ ਕੌਰ