ਸਿਆਸਤਦਾਨਾਂ ਦੀ ਢਿਲ ਮੱਠ ਦੀ ਨੀਤੀ ਤੋਂ ਸਿੱਖ ਨਿਰਾਸ਼ ਹੋ ਚੁਕੇ ਹਨ ਭਾਵੇਂ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿੱਸੇ ਦੀ ਸ਼ੁਰੂਆਤ ਹੋਈ ਸੀ ਇਕ ਫ਼ਿਲਮ ਤੋਂ ਜਿਸ ਦਾ ਨਾਂਅ ਸੀ 'ਰੱਬ ਦਾ ਦੂਤ' (Messenger of God)

Photo

ਕਿੱਸੇ ਦੀ ਸ਼ੁਰੂਆਤ ਹੋਈ ਸੀ ਇਕ ਫ਼ਿਲਮ ਤੋਂ ਜਿਸ ਦਾ ਨਾਂਅ ਸੀ 'ਰੱਬ ਦਾ ਦੂਤ' (Messenger of God) ਅਰਥਾਤ ਸੌਦਾ ਸਾਧ ਜਿਸ ਨੇ ਸਿੱਖਾਂ ਨੂੰ ਵਾਰ-ਵਾਰ ਚਿੜਾਉਣ ਵਿਚ ਸਫ਼ਲ ਰਹਿਣ ਅਤੇ ਅਕਾਲੀ ਲੀਡਰਾਂ ਕੋਲੋਂ ਅਪਣੀ ਅਰਦਲ ਵਿਚ ਮੱਥੇ ਟਿਕਵਾਉਣ ਮਗਰੋਂ ਸਮਝ ਲਿਆ ਸੀ ਕਿ ਸਿੱਖਾਂ ਦੇ ਲੀਡਰ ਤਾਂ ਉਸ ਦੇ ਰਖੇਲਾਂ ਤੋਂ ਵੱਧ ਕੋਈ ਹਸਤੀ ਨਹੀਂ ਰਖਦੇ। ਖ਼ੈਰ, ਇਹ ਹਾਦਸਾ ਤਬਦੀਲ ਹੋਇਆ ਇਕ ਦੁਖਾਂਤ ਵਿਚ ਜਿਥੇ ਸਿੱਖਾਂ ਦੇ ਮਾਣ ਸਤਿਕਾਰ ਨੂੰ ਅਕਾਲੀ ਸਰਕਾਰ ਦੇ ਰਾਜ ਵਿਚ ਅਜਿਹੀਆਂ ਸੱਟਾਂ ਲਗੀਆਂ ਜੋ ਕਦੇ ਅੰਗਰੇਜ਼ਾਂ ਦੇ ਰਾਜ ਵਿਚ ਜਨਰਲ ਡਾਇਰ ਨੇ ਲਗਾਈਆਂ ਸਨ।

ਨਾ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੀ ਹੋਈਆਂ ਸਗੋਂ ਜਦ ਗੁਰੂ ਦੇ ਸਿੱਖਾਂ ਨੇ ਨਿਆਂ ਮੰਗਿਆ ਤਾਂ ਪੰਜਾਬ ਪੁਲਿਸ ਵਲੋਂ ਬਿਨਾਂ ਕਾਰਨ ਹੀ ਸ਼ਰਧਾਲੂ ਸਿੱਖਾਂ ਉਤੇ ਗੋਲੀਆਂ ਚਲਾ ਦਿਤੀਆਂ ਗਈਆਂ। ਇਸ ਘਟਨਾ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿਤਾ। ਉਸ ਸਮੇਂ ਅਕਾਲੀ ਸਰਕਾਰ ਸੀ ਅਤੇ ਉਹ ਲੋਕਾਂ ਦੇ ਰੋਸ ਨੂੰ ਸਮਝ ਹੀ ਨਾ ਸਕੀ। ਜਿਸ ਡੀ.ਜੀ.ਪੀ. ਦੀ ਅਗਵਾਈ ਹੇਠ ਇਹ ਸਾਰਾ ਕਾਰਾ ਵਰਤਿਆ, ਉਸ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਵੀ ਨਾ ਠਹਿਰਾਇਆ ਗਿਆ ਜਿਸ ਕਾਰਨ ਪੰਜਾਬ ਦੇ ਕੋਨੇ ਕੋਨੇ ਤੋਂ ਰੋਸ ਉਠਿਆ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਸਨ। ਡੀ.ਜੀ.ਪੀ. ਨੂੰ ਹਟਾਇਆ ਗਿਆ ਤਾਂ ਡਿਪਟੀ ਕਮਿਸ਼ਨਰ ਵਲੋਂ ਅਫ਼ਸੋਸ ਪ੍ਰਗਟ ਕੀਤਾ ਗਿਆ। ਇਹ ਅਫ਼ਸੋਸ ਬੇਗੁਨਾਹ ਸਿੱਖਾਂ ਦੇ ਕਤਲ 'ਤੇ ਕਿਸੇ ਨੇ ਪ੍ਰਗਟ ਨਹੀਂ ਸੀ ਕੀਤਾ।

ਉਸ ਤੋਂ ਬਾਅਦ ਅੱਜ ਤਕਰੀਬਨ 5 ਸਾਲ ਹੋਣ ਨੂੰ ਆ ਰਹੇ ਹਨ ਪਰ ਇਸ ਸਾਰੇ ਹਾਦਸੇ ਦੇ ਪਿਛੇ ਦਾ ਸੱਚ ਸਾਹਮਣੇ ਨਹੀਂ ਆ ਰਿਹਾ। 2017 ਦੇ ਇਸ ਹਾਦਸੇ ਕਾਰਨ ਅਕਾਲੀ ਦਲ ਬੁਰੀ ਤਰ੍ਹਾਂ ਫਸ ਗਿਆ। ਕਾਂਗਰਸ ਨੂੰ ਇਸ ਗੁੱਥੀ ਨੂੰ ਸੁਲਝਾਉਣ ਦਾ ਵਧੀਆ ਮੌਕਾ ਮਿਲ ਗਿਆ। ਲੋਕਾਂ ਨੇ ਕਾਂਗਰਸ ਦਾ ਵੋਟਾਂ ਦੇ ਹੜ੍ਹ ਨਾਲ ਸਵਾਗਤ ਕੀਤਾ। ਕਾਂਗਰਸ ਵਲੋਂ ਬੇਅਦਬੀ ਤੇ ਐਸ.ਆਈ.ਟੀ. ਬਿਠਾਈ ਗਈ ਤੇ ਖ਼ਾਸ ਵਿਧਾਨ ਸਭਾ ਸੈਸ਼ਨ ਵਿਚ ਰੀਪੋਰਟ ਪੇਸ਼ ਕੀਤੀ ਗਈ ਜਿਥੇ ਅਕਾਲੀ ਦਲ ਤੇ ਬਾਦਲ ਪ੍ਰਵਾਰ ਨੂੰ ਜ਼ਿੰਮੇਵਾਰ ਤਾਂ ਠਹਿਰਾਇਆ ਗਿਆ ਪਰ ਅਗਲੀ ਕਾਰਵਾਈ ਪੁਲਿਸ ਦੇ ਹੱਥ ਫੜਾ ਦਿਤੀ ਗਈ।

ਕਾਰਨ ਇਹ ਦਸਿਆ ਗਿਆ ਕਿ ਕਾਨੂੰਨੀ ਕਾਰਵਾਈ ਵਿਚ ਕੋਈ ਕਸਰ ਨਾ ਰਹਿ ਜਾਵੇ। ਉਹ ਅਸੈਂਬਲੀ ਸੈਸ਼ਨ ਕਾਂਗਰਸ ਸਰਕਾਰ ਦਾ ਬੁਲਾਇਆ ਸੈਸ਼ਨ ਨਹੀਂ ਸੀ ਲੱਗ ਰਿਹਾ ਬਲਕਿ ਸਿੱਖ ਪਾਰਲੀਮੈਂਟ ਲੱਗ ਰਹੀ ਸੀ ਜਿਥੇ ਪੱਗਾਂ ਭਾਵੇਂ ਚਿਟੀਆਂ ਸਨ ਪਰ ਦਿਲ ਨੀਲੇ ਲਗਦੇ ਸਨ। ਪਰ ਉਸ ਤੋਂ ਬਾਅਦ ਤੇ ਅੱਜ ਦੇ ਦਿਨ ਤਕ ਅਕਾਲੀ ਦਲ ਅਤੇ ਕਾਂਗਰਸ ਵਿਚ ਅੰਤਰ ਸਿਰਫ਼ ਇਹ ਰਹਿ ਗਿਆ ਹੈ ਕਿ ਘਟਨਾ ਅਕਾਲੀ ਰਾਜ ਵਿਚ ਹੋਈ ਸੀ।

ਜੇ ਸਿਟ ਦੀ ਗੱਲ ਕਰੀਏ ਤਾਂ ਉਨ੍ਹਾਂ ਵਲੋਂ ਕੀਤੀ ਗਈ ਜਾਂਚ ਦੌਰਾਨ ਕਰਤੱਵ ਅਤੇ ਇਮਾਨਦਾਰੀ ਵਿਚ ਕੋਈ ਕਮੀ ਨਹੀਂ ਸੀ ਪਰ ਜਿਸ ਰਫ਼ਤਾਰ ਨਾਲ ਜਾਂਚ ਹੋਣੀ ਚਾਹੀਦੀ ਸੀ, ਉਹ ਨਜ਼ਰ ਨਾ ਆਈ। ਹੁਣ ਬਿਨ-ਬੋਲਿਆਂ ਇਹ ਗੱਲ ਆਖੀ ਜਾ ਰਹੀ ਹੈ ਕਿ ਪੁਲਿਸ ਦੇ ਕਦਮਾਂ ਵਿਚ ਬੇੜੀਆਂ ਪਾਉਣ ਵਾਲੇ ਸਿਆਸੀ ਲੋਕ ਹੀ ਸਨ। ਪਰ ਕਾਂਗਰਸ ਵਲੋਂ ਅਕਾਲੀ ਦਲ ਨੂੰ ਬਚਾ ਕੇ ਕੀ ਮਿਲੇਗਾ? ਇਸੇ ਸਵਾਲ ਨੇ ਪੰਜਾਬ ਦੇ ਸਿੱਖਾਂ ਦੇ ਮਨਾਂ ਵਿਚ ਅਕਾਲੀਆਂ ਮਗਰੋਂ ਕਾਂਗਰਸ ਪ੍ਰਤੀ ਵੀ 'ਬੇਇਤਬਾਰੀ' ਦੀ ਭਾਵਨਾ ਪੈਦਾ ਕਰ ਦਿਤੀ ਸੀ।

ਅਜੇ ਸਿਟ ਹੌਲੀ ਹੌਲੀ ਕੁੱਝ ਨਾ ਕੁੱਝ ਕਦਮ ਅੱਗੇ ਵਧਾ ਰਹੀ ਹੈ। ਸਿਟ ਨੇ ਸੌਦਾ ਸਾਧ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਨਾਮਜ਼ਦ ਕਰ ਦਿਤਾ ਹੈ। ਸ਼ਾਇਦ ਸਰਕਾਰ ਨੂੰ ਲਗਦਾ ਹੈ ਕਿ ਇਹ ਮਾਮਲਾ ਜੇ ਇਸੇ ਤਰ੍ਹਾਂ ਸੁਲਗਦਾ ਰਹਿਣ ਦਿਤਾ ਜਾਏ (ਕਿਸੇ ਪਾਸੇ ਲਗਾਏ ਬਗ਼ੈਰ) ਤਾਂ ਇਨ੍ਹਾਂ ਜ਼ਖ਼ਮਾਂ ਨੂੰ 2022 ਵਿਚ ਮੁੜ ਤੋਂ ਇਸਤੇਮਾਲ ਕੀਤਾ ਜਾ ਸਕੇਗਾ ਪਰ ਇਹ ਸਿਆਸਤਦਾਨਾਂ ਦੀ ਗ਼ਲਤਫ਼ਹਿਮੀ ਲਗਦੀ ਹੈ।

ਅੱਜ ਜੋ ਸੌਦਾ ਸਾਧ ਦਾ ਨਾਮ ਬੇਅਦਬੀ ਵਿਚ ਸ਼ਾਮਲ ਕੀਤਾ ਗਿਆ ਹੈ, ਉਹ ਸੰਤੁਸ਼ਟੀ ਨਹੀਂ ਦੇਂਦਾ ਬਲਕਿ ਯਾਦ ਕਰਵਾਉਂਦਾ ਹੈ ਕਿ ਇਸ ਮਾਮਲੇ ਨੂੰ ਦਿੱਲੀ ਨਸਲਕੁਸ਼ੀ ਵਾਂਗ ਲਮਕਾਉਣ ਦੀ ਕਾਂਗਰਸ ਦੀ ਪੁਰਾਣੀ ਆਦਤ ਹੈ। ਕਾਂਗਰਸ ਨੂੰ ਸਿੱਖਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਦਾ ਇਕ ਮੌਕਾ ਮਿਲਿਆ ਸੀ ਜਿਸ ਨੂੰ ਉਹ ਅਪਣੀ ਸਿਆਸੀ ਚਾਲਾਂ ਵਾਲੀ ਖੇਡ ਬਣਾ ਰਹੀ ਹੈ। ਇਹ ਜਾਣ-ਬੁੱਝ ਕੇ ਕੀਤੀ ਜਾ ਰਹੀ ਢਿੱਲ ਹੀ ਇਕ ਤੀਜੇ ਧੜੇ ਨੂੰ ਜਨਮ ਦੇਵੇਗੀ ਜੋ ਪੰਜਾਬ ਦੀ ਗੱਦੀ ਉਤੇ ਅਪਣਾ ਹੱਕ ਜਤਾਉਣ ਲਈ ਅੱਗੇ ਆਏਗਾ।          - ਨਿਮਰਤ ਕੌਰ