ਨਵਾਂ ਉਦਯੋਗਿਕ ਪਾਰਕ ਉਸਾਰਨ ਤੋਂ ਪਹਿਲਾਂ ਸੋਚਣ ਦੀ ਲੋੜ ਕਿ ਉਦਯੋਗ ਪੰਜਾਬ ਦੀ ਧਰਤੀ.....
ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਉਦਯੋਗਾਂ ਨੇ ਜ਼ਮੀਨ ਵਿਚ ਜ਼ਹਿਰੀਲਾ ਕਚਰਾ ਪਾ ਕੇ ਪਾਣੀ ਨੂੰ ਲਾਲ ਕਰ ਦਿਤਾ ਹੈ
ਪੰਜਾਬ ਦੀ ਆਰਥਕ ਹਾਲਤ ਸੁਧਾਰਨ ਲਈ ਨਵੀਂ ਸਰਕਾਰ ਰਾਹ ਲਭਦੀ ਫਿਰਦੀ ਹੈ ਤੇ ਹਰ ਕੋਈ ਮਹਿਸੂਸ ਕਰਦਾ ਹੈ ਕਿ ਪੰਜਾਬ ਵਿਚ ਉਦਯੋਗ ਖੇਤਰ ਹੀ ਸੱਭ ਤੋਂ ਜ਼ਿਆਦਾ ਕਮਜ਼ੋਰ ਸੈਕਟਰ ਹੈ। ਇਹ ਸੋਚ ਕੇ ਸਰਕਾਰ ਨੇ ਟੈਕਸਾਈਲ ਪਾਰਕ ਦੀ ਯੋਜਨਾ ਬਣਾਈ ਅਤੇ ਇਹੀ ਕਮਜ਼ੋਰੀ ਹੈ ਸਾਡੇ ਸਿਸਟਮ ਦੀ ਕਿ ਉਹ ਅਪਣੀ ਖੋਜ ਪੂਰੀ ਕੀਤੇ ਬਿਨਾਂ ਯੋਜਨਾ ਬਣਾ ਲੈਂਦਾ ਹੈ ਹਾਲਾਂਕਿ ਇਹ ਯੋਜਨਾ ਬਣਾਉਣ ਵਾਲੇ ਨੂੰ ਸੱਭ ਤੋਂ ਪਹਿਲਾਂ ਦੇਖਣਾ ਹੀ ਇਹ ਚਾਹੀਦਾ ਸੀ ਕਿ ਏਨਾ ਵੱਡਾ ਉਦਯੋਗਿਕ ਪਾਰਕ ਲੁਧਿਆਣਾ ਦੇ ਕਰੀਬ ਉਸਾਰਨ ਦੀ ਕੋਈ ਤੁਕ ਵੀ ਬਣਦੀ ਹੈ?
ਉਹ ਸ਼ਹਿਰ ਜਿਹੜਾ ਪੰਜਾਬ ਦਾ ਸੱਭ ਤੋਂ ਵੱਧ ਪ੍ਰਦੂਸ਼ਣ-ਮਾਰਿਆ ਸ਼ਹਿਰ ਹੈ, ਉਸ ਦੇ ਨੇੜੇ ਇਕ ਉਦਯੋਗ ਕੇਂਦਰ ਬਣਾਉਣਾ ਸਿਆਣਪ ਵਾਲੀ ਗੱਲ ਨਹੀਂ ਲਗਦੀ। ਦੂਜਾ ਕਾਰਨ ਪਹਿਲੇ ਤੋਂ ਵੀ ਅਹਿਮ ਹੈ ਕਿ ਪੰਜਾਬ ਵਿਚ ਮੱਤੇਵਾੜਾ ਜੰਗਲ ਇਕਲੌਤਾ ਜੰਗਲ ਰਹਿ ਗਿਆ ਹੈ ਤੇ ਇਸ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ ਕਿਉਂਕਿ ਇਸ ਨਾਲ ਇਤਿਹਾਸ ਵੀ ਜੁੜਿਆ ਹੋਇਆ ਹੈ। ਤੀਜੀ ਗੱਲ ਕਿ ਟੈਕਸਟਾਈਲ ਪਾਰਕ ਦਾ ਕੂੜਾ ਕਿਥੇ ਜਾਵੇਗਾ?
ਅੱਜ ਪੰਜਾਬ ਦੇ ਵਾਤਾਵਰਣ ਦੀ ਜੋ ਹਾਲਤ ਹੈ, ਉਸ ਨੂੰ ਹਮੇਸ਼ਾ ਹੀ ਕਿਸਾਨਾਂ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਤੇ ਜ਼ੀਰੀ ਨਾਲ ਜੋੜਿਆ ਜਾਂਦਾ ਹੈ। ਪਰ ਅਸਲ ਵਿਚ ਇਹ ਇਕ ਕਮਜ਼ੋਰ ਯੋਜਨਾ ਹੈ ਜਿਸ ਦੇ ਵਾਤਾਵਰਣ ਉਤੇ ਪੈਣ ਵਾਲੇ ਅਸਰ ਬਾਰੇ ਸੋਚਿਆ ਹੀ ਨਹੀਂ ਗਿਆ। ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਸੁਝਾਅ ਅਤੇ ਜ਼ੀਰੀ ਦੀ ਬਿਜਾਈ ਨੂੰ ਲੈ ਕੇ ਪ੍ਰਚਾਰ ਕਰਨਾ ਇਸ ਦੀ ਸੱਭ ਤੋਂ ਵੱਡੀ ਉਦਾਹਰਣ ਹੈ ਪਰ ਨਾਲ ਹੀ ਇਨ੍ਹਾਂ ਯੋਜਨਾਵਾਂ ਵਿਚ ਭਾਵੇਂ ਸਾਰਾ ਦੋਸ਼ ਮੜਿ੍ਹਆ ਤਾਂ ਕਿਸਾਨਾਂ ਸਿਰ ਜਾਂਦਾ ਹੈ ਜਦਕਿ ਪ੍ਰਦੂਸ਼ਤ ਵਾਤਾਵਰਣ ਦਾ ਵੱਡਾ ਕਾਰਨ ਉਦਯੋਗ ਹੈ।
ਉਦਯੋਗ ਮਾੜਾ ਨਹੀਂ ਹੁੰਦਾ ਪਰ ਸਾਡੇ ਸਿਸਟਮ ਨੇ ਇਸ ਨੂੰ ਮਾੜਾ ਬਣਾ ਦਿਤਾ ਹੈ। ਜੇ ਯੋਜਨਾ ਵਿਚ ਉਦਯੋਗ ਤੋਂ ਨਿਕਲਦੇ ਪ੍ਰਦੂਸ਼ਤ ਪਾਣੀ ਤੇ ਹੋਰ ਗੰਦ ਮੰਦ ਨੂੰ ਸਹੀ ਤਰੀਕੇ ਨਾਲ ਸੁੱਟਣ ਦਾ ਖ਼ਰਚਾ ਪਹਿਲਾਂ ਹੀ ਨਿਸ਼ਚਿਤ ਕੀਤਾ ਹੋਇਆ ਹੋਵੇ ਤਾਂ ਫਿਰ ਉਦਯੋਗਾਂ ਨੂੰ ਵੀ ਪਤਾ ਹੁੰਦਾ ਹੈ ਕਿ ਖ਼ਰਚਾ ਕਿੰਨਾ ਪੈਣਾ ਹੈ। ਪਰ ਸਿਸਟਮ ਇਹ ਗੱਲਾਂ ਪਹਿਲਾਂ ਨਹੀਂ ਦਸਦਾ ਤੇ ਫਿਰ ਰਿਸ਼ਵਤ ਲੈ ਕੇ ਉਸੇ ਪ੍ਰਦੂਸ਼ਣ ਫੈਲਾਉਣ ਵਾਲੇ ਕਚਰੇ ਨੂੰ ਗ਼ਲਤ ਤਰੀਕੇ ਨਾਲ ਦਰਿਆਵਾਂ ਵਿਚ ਤੇ ਧਰਤੀ ਹੇਠ ਪਾ ਦੇਣ ਦੀ ਇਜਾਜ਼ਤ ਦੇ ਦੇਂਦਾ ਹੈ।
ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਉਦਯੋਗਾਂ ਨੇ ਜ਼ਮੀਨ ਵਿਚ ਜ਼ਹਿਰੀਲਾ ਕਚਰਾ ਪਾ ਕੇ ਪਾਣੀ ਨੂੰ ਲਾਲ ਕਰ ਦਿਤਾ ਹੈ ਜੋ ਕਿ ਫੈਲ ਕੇ ਕੈਂਸਰ ਫੈਲਾਉਣ ਦਾ ਕਾਰਨ ਬਣ ਗਿਆ ਹੈ। ਸ਼ਰਾਬ ਫ਼ੈਕਟਰੀਆਂ ਦਾ ਜ਼ਹਿਰੀਲਾ ਕਚਰਾ ਪਾਣੀ ਵਿਚ ਪਾਇਆ ਜਾਂਦਾ ਰਿਹਾ ਹੈ ਤੇ ਅਪਣੀਆਂ ਗ਼ਲਤੀਆਂ ਕਾਰਨ ਇਨ੍ਹਾਂ ਨੂੰ ਮਾਮੂਲੀ ਜੁਰਮਾਨਾ ਲਾ ਕੇ ਛੱਡ ਦਿਤਾ ਜਾਂਦਾ ਹੈ। ਲੁਧਿਆਣਾ ਵਿਚ ਅੱਜ ਵੀ ਸਤਲੁਜ ਵਿਚ ਪ੍ਰਦੂਸ਼ਣ ਵਾਲਾ ਕਚਰਾ ਸੁਟਿਆ ਜਾ ਰਿਹਾ ਹੈ।
ਨਵੇਂ ਟੈਕਸਟਾਈਲ ਪਾਰਕ ਦੀ ਉਸਾਰੀ ਤੋਂ ਪਹਿਲਾਂ ਨਵੀਂ ਸਰਕਾਰ ਨੂੰ ਪੰਜਾਬ ਦੀ ਅਸਲ ਲੋੜ ਸਮਝਣ ਦੀ ਸਖ਼ਤ ਜ਼ਰੂਰਤ ਹੈ। ਕੀ ਇਥੇ ਵੱਡੇ ਉਦਯੋਗ ਚਾਹੀਦੇ ਹਨ ਜਾਂ ਇਥੇ ਪਹਿਲੇ ਚਲਦੇ ਸਿਸਟਮ ਨੂੰ ਪਹਿਲਾਂ ਪੰਜਾਬ ਦੀਆਂ ਲੋੜਾਂ ਅਨੁਸਾਰ ਢਾਲਣ, ਸੁਧਾਰ ਕਰਨ ਤੇ ਸਮਝਣ ਦੀ ਲੋੜ ਹੈ? ‘ਪਵਣ ਗੁਰੂ ਪਾਣੀ ਪਿਤਾ’ ਵਰਗੀਆਂ ਤੁਕਾਂ ਸਿਰਫ਼ ਅਪਣੀਆਂ ਤਕਰੀਰਾਂ ਨੂੰ ਜ਼ੋਰਦਾਰ ਬਣਾਉਣ ਵਾਸਤੇ ਨਹੀਂ ਬਲਕਿ ਤੁਹਾਡੇ ਅਮਲਾਂ ਨੂੰ ਤਾਕਤਵਰ ਬਣਾਉਣ ਵਾਸਤੇ ਹਨ। ਧਰਤੀ ਤੇ ਪਾਣੀ ਨੂੰ ਅਸਲ ਵਿਚ ਪਿਆਰ ਕਰਨ ਵਾਲੇ ਕਦੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਦਮ ਨਹੀਂ ਚੁਕ ਸਕਦੇ।
-ਨਿਮਰਤ ਕੌਰ