ਔਰਤ ਬਾਰੇ ਗੰਦੀ ਭਾਸ਼ਾ ਵਰਤਣ ਵਾਲੇ ਇਹ ‘ਅੰਮ੍ਰਿਤਧਾਰੀ’ ਅਤੇ 'ਧਰਮੀ ਅਕਾਲੀ'

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਨ੍ਹਾਂ ਪਿਛਲੇ 10 ਦਿਨਾਂ ਵਿਚ ਅਜਿਹੇ ਲੋਕਾਂ ਦੀ ਸੋਚ ਨਾਲ ਨਜਿੱਠਣਾ ਪੈ ਗਿਆ ਹੈ ਜੋ ਪੈਸੇ ਪਿੱਛੇ (ਭਾਵੇਂ ਕਮਾਈ ਹਜ਼ਾਰਾਂ ਕਰੋੜ ਦੀ ਹੈ) ਅਜਿਹੇ ਬੌਖਲਾਏ ਹਨ

photo

 

ਜਦ ਕੰਮ ਕਰਨ ਵਾਸਤੇ ਦੁਨੀਆਂ ਵਿਚ ਕਦਮ ਰਖਿਆ ਤਾਂ ਫ਼ਤਿਹ ਰਿਲੇਸ਼ਨਸ਼ਿਪ ਆਫ਼ ਐਕਟੇਵਿਸਟ ਵਿਚ ਪਹਿਲੀ ਨੌਕਰੀ ਮਿਲੀ। ਇਸ ਅੰਤਰਰਾਸ਼ਟਰੀ ਸੰਸਥਾ ਵਿਚ ਤਸ਼ੱਦਦ ਤੋਂ ਪੀੜਤ ਅਨਾਥਾਂ ਦੀ ਮਦਦ ਅਤੇ ਇਲਾਜ ਦਾ ਪ੍ਰਾਜੈਕਟ ਸ਼ੁਰੂ ਕੀਤਾ ਤੇ ਤਕਰੀਬਨ ਤਿੰਨ ਸਾਲ ਬੜੀ ਮਿਹਨਤ ਵੀ ਕੀਤੀ ਅਤੇ ਅਪਣੀ ਕੌਮ ਬਾਰੇ ਬੜਾ ਕੁੱਝ ਸਿਖਿਆ ਤੇ ਸਮਝਿਆ। ਇਕ ਛੋਟਾ ਬੱਚਾ ਸੀ (ਜਿਸ ਦੇ ਮਾਂ-ਬਾਪ ਖਾੜਕੂ ਅਖਵਾਉਂਦੇ ਸਨ ਤੇ ਸ਼ਹੀਦ ਹੋ ਗਏ ਸਨ) ਜਿਸ ਨੂੰ ਜਦ ਵੀ ਰੰਗਾਂ ਦਾ ਡੋਲਾ ਦੇਂਦੇ ਸੀ, ਉਹ ਹਰ ਸਫ਼ਾ ਸਿਰਫ਼ ਕਾਲਾ ਕਰਦਾ ਸੀ। ਉਹ ਬੋਲਦਾ ਨਹੀਂ ਸੀ ਕਿਉਂਕਿ ਉਸ ਨੇ ਜੋ ਕੁੱਝ ਅਪਣੇ ਮਾਂ ਬਾਪ ਨਾਲ ਹੁੰਦੇ ਵੇਖਿਆ ਸੀ, ਉਸ ਨਾਲ ਉਸ ਦਾ ਦਿਲ ਟੁਟ ਗਿਆ ਸੀ। ਅਮਰੀਕੀ ਮਾਹਰਾਂ ਦੀ ਦੇਖ-ਰੇਖ ਹੇਠ ਅਸੀ ਇਸ ਬੱਚੇ ਨੂੰ ਜ਼ਿੰਦਗੀ ਦੇ ਰੰਗਾਂ ਨਾਲ ਮੁੜ ਤੋਂ ਮਿਲਵਾਇਆ ਅਤੇ ਇਹੋ ਜਿਹੇ ਕਈ ਬੱਚੇ ਸਨ ਜਿਨ੍ਹਾਂ ਦੇ ਦਿਲਾਂ ਵਿਚ ਵਸੀ ਦਹਿਸ਼ਤ ਨਾਲ ਅਸੀ ਜੂਝਣ ਦੇ ਯਤਨਾਂ ਵਿਚ ਲੱਗੇ ਹੋਏ ਸੀ। ਪਰ ਚਾਰ ਕੁ ਸਾਲਾਂ ਬਾਅਦ ਇਸ ਸੰਸਥਾ ਵਿਚ ਬੈਠੇ ਵੱਡੇ ਸਰਦਾਰਾਂ ਵਿਚ ਤਾਕਤ ਤੇ ਪੈਸੇ ਵਾਸਤੇ ਲੜਾਈ ਸ਼ੁਰੂ ਹੋ ਗਈ ਤੇ ਪਲਾਂ ਵਿਚ ਕੀਤਾ ਸਾਰਾ ਕੰਮ ਮਿੱਟੀ ਦਾ ਢੇਰ ਬਣ ਗਿਆ। ਜਿਨ੍ਹਾਂ ਬੱਚਿਆਂ ਦਾ ਅਸੀ ਮਾਨਸਕ ਸਹਾਰਾ ਬਣ ਕੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਵਾਪਸ ਸਥਾਪਤ ਕਰਨ ਵਿਚ ਲੱਗੇ ਸੀ, ਉਹ ਸਾਰਾ ਕੰਮ ਬੰਦ ਹੋਣ ਨਾਲ ਉਨ੍ਹਾਂ ਬੱਚਿਆਂ ਨੂੰ ਮੁੜ ਤੋਂ ਇਕ ਝਟਕਾ ਦਿਤਾ ਗਿਆ। ਉਨ੍ਹਾਂ ਨੂੰ ਸ਼ਾਇਦ ਦਸਿਆ ਹੀ ਨਹੀਂ ਗਿਆ ਹੋਵੇਗਾ ਕਿ ਅਸੀ ਕਿਉਂ ਉਨ੍ਹਾਂ ਨੂੰ ਦੁਬਾਰਾ ਮਿਲਣ ਨਹੀਂ ਆਏ।

ਕਾਰਨ ਦਸਦੇ ਵੀ ਤਾਂ ਕੀ? ਸਿਆਣਿਆਂ ਵਿਚ ਕੁਰਸੀ ਅਤੇ ਪੈਸੇ ਦੀ ਲੜਾਈ ਜੁ ਪੈ ਗਈ ਸੀ। ਉਸ ਸੱਭ ਕੁੱਝ ਨੂੰ ਵੇਖ ਕੇ ਮੈਂ ਇਕ ਫ਼ੈਸਲਾ ਕੀਤਾ ਕਿ ਮੈਂ ਕਦੇ ਧਰਮ ਨਾਲ ਜੁੜੀ ਕਿਸੇ ਵੀ ਸੰਸਥਾ ਵਿਚ ਕੰਮ ਨਹੀਂ ਕਰਾਂਗੀ ਅਤੇ ਜਦ ਪੱਤਰਕਾਰੀ ਵਿਚ ਕਦਮ ਰਖਿਆ, ਹੌਲੀ ਹੌਲੀ ਸਿਆਸਤ ਤੋਂ ਵੀ ਮਨ ਖੱਟਾ ਹੁੰਦਾ ਗਿਆ ਅਤੇ ਇਹ ਸਮਝ ਆਇਆ ਕਿ ਧਰਮ ਤੇ ਸਿਆਸਤ ਦਾ ਮੇਲ ਜਿਸ ਨੂੰ ਤਾਕਤ ਅਤੇ ਪੈਸੇ ਦਾ ਤੜਕਾ ਵੀ ਲੱਗ ਚੁੱਕਾ ਹੋਵੇ, ਉਸ ਤੋਂ ਮਾੜਾ ਸ਼ਾਇਦ ਕੋਈ ਹੋਰ ਪੇਸ਼ਾ ਨਹੀਂ ਹੋ ਸਕਦਾ। ਘੁੰਗਰੂ ਪਾ ਕੇ ਨੱਚਣ ਵਾਲੀਆਂ, ਜਿਸਮ ਵੇਚਣ ਵਾਲੀਆਂ ਮਜਬੂਰ ਹੋ ਕੇ ਇਹ ਪੇਸ਼ਾ ਅਪਣਾਉਂਦੀਆਂ ਹਨ ਪਰ ਇਹ ਵਰਗ ਤਾਂ ਬਿਨਾਂ ਕਿਸੇ ਮਜਬੂਰੀ, ਖਿੜੇ ਮੱਥੇ ਅਪਣਾ ਜ਼ਮੀਰ ਵੇਚਦੇ ਹਨ ਅਤੇ ਅਪਣੀਆਂ ਤਿਜੌਰੀਆਂ ਭਰਦੇ ਅਤੇ ਖ਼ੁਸ਼ੀ ਮਹਿਸੂਸ ਕਰਦੇ ਹਨ। 

ਇਨ੍ਹਾਂ ਪਿਛਲੇ 10 ਦਿਨਾਂ ਵਿਚ ਅਜਿਹੇ ਲੋਕਾਂ ਦੀ ਸੋਚ ਨਾਲ ਨਜਿੱਠਣਾ ਪੈ ਗਿਆ ਹੈ ਜੋ ਪੈਸੇ ਪਿੱਛੇ (ਭਾਵੇਂ ਕਮਾਈ ਹਜ਼ਾਰਾਂ ਕਰੋੜ ਦੀ ਹੈ) ਅਜਿਹੇ ਬੌਖਲਾਏ ਹਨ ਕਿ ਉਨ੍ਹਾਂ ‘ਉੱਚਾ ਦਰ ਬਾਬੇ ਨਾਨਕ ਦਾ’ ’ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਜਾਣਕਾਰੀ ਇਕੱਠੀ ਕਰਨ ਦੀ ਜ਼ਹਿਮਤ ਵੀ ਨਹੀਂ ਕੀਤੀ। ਇਕ ਵਕੀਲ ਅਜਿਹੀ ਭਾਸ਼ਾ ਬੋਲਦਾ ਹੈ, ਇਕ ਧਾਰਮਕ ਅੰਮ੍ਰਿਤਧਾਰੀ ਦੀ ਜ਼ੁਬਾਨ ਵਿਚ ਅਜਿਹੀ ਕੜਵਾਹਟ ਅਤੇ ਅਸ਼ਲੀਲਤਾ ਹੈ ਕਿ ਜਦ ਇਕ ਗ਼ੈਰ ਸਿੱਖ ਉਦਯੋਗਪਤੀ ਅਪਣਾ ਏਕਾਧਿਕਾਰ ਬਚਾਉਣ ਪਿੱਛੇ ਮੇਰੀ ਜ਼ੁਬਾਨਬੰਦੀ ਕਰਨ ਲਈ ਮੇਰੀ ਇੱਜ਼ਤ ਤੇ ਹਮਲਾ ਕਰਵਾ ਕੇ ਅਪਣੀ ਅਸ਼ਲੀਲ ਸੋਚ ਦੇ ਆਈਨੇ ਵਿਚੋਂ ਗਾਲਾਂ ਕਢਦਾ ਹੈ, ਮੇਰਾ ਮਨ ਸ਼ੁਕਰ ਕਰਦਾ ਹੈ ਕਿ ਅਸੀ ਇਨ੍ਹਾਂ ਵਰਗੇ ਨਹੀਂ। ਜਦ ਮੇਰੇ ਪਿਤਾ ਸ. ਜੋਗਿੰਦਰ ਸਿੰਘ ਨੇ ਪੁਛਿਆ ਕਿ ਉਹ ਅਪਣੀ ਸਾਰੀ ਦੌਲਤ ‘ਉੱਚਾ ਦਰ...’ ਨੂੰ ਦੇ ਦੇਣ ਤਾਂ ਸਾਨੂੰ ਦੋਹਾਂ ਭੈਣਾਂ ਨੂੰ ਇਤਰਾਜ਼ ਤਾਂ ਨਹੀਂ ਹੋਵੇਗਾ, ਤਾਂ ਅਸੀ ਖ਼ੁਸ਼ੀ ਨਾਲ ਹਾਂ ਕੀਤੀ ਅਤੇ ਅੱਜ ਵੀ ਕਰਦੇ ਹਾਂ। ‘ਉੱਚਾ ਦਰ...’ ਵਾਸਤੇ ਹਰ ਮਿਹਨਤ, ਹਰ ਕਮਾਈ ਕੁਰਬਾਨ ਪਰ ਕਦੇ ਵੀ ਉਸ ਵਿਚ ਹਿੱਸਾ ਨਾ ਬਣੀ ਹਾਂ ਅਤੇ ਨਾ ਬਣਾਂਗੀ। ਡਰ ਲਗਦਾ ਹੈ ਕਿ ਮੈਂ ਕਦੇ ਵਲਟੋਹਾ, ਰਬਿੰਦਰ ਜਾਂ ਅਰਸ਼ਦੀਪ ਕਲੇਰ ਵਰਗੀ ਨਾ ਬਣ ਜਾਵਾਂ। ਜ਼ਿੰਦਗੀ ਬੜੀ ਸੱਚੀ, ਸਾਫ਼ ਅਤੇ ਖ਼ੁਸ਼ੀਆਂ ਭਰੀ ਹੈ। ਇਸ ਵਿਚ ਲਾਲਚ, ਗੁੱਸਾ, ਚੋਰੀ, ਛਲ, ਮੈਲ, ਅਗਿਆਨਤਾ ਤੋਂ ਰੱਬ ਨੇ ਦੂਰ ਰਖਿਆ ਹੈ ਅਤੇ ਉਸ ਦੀ ਬਖ਼ਸ਼ੀ ਸੋਚ ਅੰਤ ਤਕ ਨਿਭੇ ਅਤੇ ਆਖ਼ਰੀ ਸਾਹ ਤਕ ਨਿਭੇ, ਇਹੀ ਅਰਦਾਸ ਹੈ।
-ਨਿਮਰਤ ਕੌਰ