ਸੁਪ੍ਰੀਮ ਕੋਰਟ ਵਿਚ ਸਿੱਖਾਂ ਦੀ ਦਸਤਾਰ ਬਨਾਮ ਪਟਕੇ ਬਾਰੇ ਬਹਿਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਸਮਝਣ ਦੀ ਜ਼ਰੂਰਤ ਹੈ ਕਿ ਇਹ ਹੈਲਮੇਟ ਅਸਲ ਵਿਚ ਸੁਰੱਖਿਆ ਦਿੰਦੇ ਹਨ ਜੋ ਅੱਜ ਦੀ ਰੋਜ਼ਾਨਾ ਜ਼ਿੰਦਗੀ ਵਾਸਤੇ ਜ਼ਰੂਰੀ ਹਨ.................

Women With Helmet

ਅੱਜ ਸਮਝਣ ਦੀ ਜ਼ਰੂਰਤ ਹੈ ਕਿ ਇਹ ਹੈਲਮੇਟ ਅਸਲ ਵਿਚ ਸੁਰੱਖਿਆ ਦਿੰਦੇ ਹਨ ਜੋ ਅੱਜ ਦੀ ਰੋਜ਼ਾਨਾ ਜ਼ਿੰਦਗੀ ਵਾਸਤੇ ਜ਼ਰੂਰੀ ਹਨ, ਉਸੇ ਤਰ੍ਹਾਂ ਜਿਵੇਂ ਘੁੜਸਵਾਰ ਯੋਧਿਆਂ ਨੂੰ ਚਮੜੇ ਜਾਂ ਲੋਹੇ ਦੇ ਕਵਚ ਪਹਿਨਣੇ ਪੈਂਦੇ ਸਨ। ਇਸ ਵਿਵਾਦ ਬਾਰੇ ਵਿਚਾਰ ਕਰਨ ਦੀ ਕਾਬਲੀਅਤ, ਸਿੱਖ ਧਰਮ ਵਿਚ ਚੰਗੀ ਮਹਾਰਤ 'ਚੋਂ ਨਹੀਂ ਵੇਖੀ ਜਾਣੀ ਚਾਹੀਦੀ ਬਲਕਿ ਚੰਡੀਗੜ੍ਹ ਦੀਆਂ ਸੜਕਾਂ ਉਤੇ 30 ਸਾਲ ਪਹਿਲਾਂ ਅਤੇ ਅੱਜ ਵੀ ਸਾਈਕਲ/ਸਕੂਟਰ ਚਲਾਉਣ ਦੇ ਤਜਰਬੇ 'ਚੋਂ ਵੇਖਣੀ ਚਾਹੀਦੀ ਹੈ। ਸੜਕਾਂ ਤੇ ਤੇਜ਼ ਰਫ਼ਤਾਰ ਗੱਡੀਆਂ ਸਾਹਮਣੇ ਸਿਰ ਨੂੰ ਸੁਰੱਖਿਆ ਦੀ ਜ਼ਰੂਰਤ ਹੈ।

ਮੇਰੇ ਸਿਰ ਉਤੇ ਲੱਗੀਆਂ ਲਾਇਲਾਜ ਸੱਟਾਂ ਦਾ ਵੀ ਮੈਨੂੰ ਤਜਰਬਾ ਹੈ ਜਿਸ ਦਾ ਅਸਰ ਮੇਰੇ ਜਿਸਮ ਦੀ ਸਮਰੱਥਾ, ਬੋਲ-ਚਾਲ ਅਤੇ ਦਰਦ ਉਤੇ ਹੁੰਦਾ ਹੈ ਪਰ ਰੂਹਾਨੀ ਜਾਂ ਧਾਰਮਕ ਸੋਚ ਤੇ ਨਹੀਂ। ਭਾਰਤ ਦੀ ਸਿਖਰਲੀ ਅਦਾਲਤ ਵਿਚ ਸਿੱਖਾਂ ਦੀ ਦਸਤਾਰ ਦੀ ਲੰਬਾਈ ਬਾਰੇ ਵਿਚਾਰ-ਵਟਾਂਦਰਾ ਹੋ ਰਿਹਾ ਹੈ। ਬੜਾ ਅਜੀਬ ਲਗਦਾ ਹੈ ਜਦੋਂ ਸਵਾਲ ਪੁਛਿਆ ਜਾਂਦਾ ਹੈ ਕਿ ਪਟਕਾ ਅਤੇ ਦਸਤਾਰ ਵਿਚ ਲੰਬਾਈ ਦੀ ਮਰਿਆਦਾ ਕੀ ਹੈ? ਪਟਕਾ ਦਸਤਾਰ ਹੈ ਜਾਂ ਸਿਰਫ਼ ਕਾਹਲੀ ਵਿਚ ਸਿਰ ਢੱਕਣ ਦਾ ਇਕ ਤਰੀਕਾ? ਇਹ ਸਵਾਲ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਬਲਕਿ ਸਿੱਖਾਂ ਦੇ ਸਿਰ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕੀਤਾ ਗਿਆ ਹੈ।

ਇਕ ਸਿੱਖ ਨੂੰ ਸਾਈਕਲ ਦੌੜ ਮੁਕਾਬਲੇ ਵਿਚ ਹਿੱਸਾ ਨਹੀਂ ਲੈਣ ਦਿਤਾ ਗਿਆ ਕਿਉਂਕਿ ਉਸ ਨੇ ਹੈਲਮੇਟ ਪਾਉਣ ਤੋਂ ਇਨਕਾਰ ਕਰ ਦਿਤਾ ਸੀ। ਉਸ ਵੇਲੇ ਸਾਈਕਲ ਐਸੋਸੀਏਸ਼ਨ ਦੀ ਪ੍ਰਧਾਨਗੀ ਵੀ ਸਿੱਖਾਂ ਕੋਲ ਸੀ ਅਰਥਾਤ ਪਰਮਿੰਦਰ ਸਿੰਘ ਢੀਂਡਸਾ ਅਤੇ ਮਨਜੀਤ ਸਿੰਘ ਜੀ.ਕੇ. ਕੋਲ। ਪਰ ਇਸ ਮਾਮਲੇ ਵਿਚ ਸਿੱਖ ਆਗੂ ਸਾਈਕਲ ਚਾਲਕ ਦੀ ਕੋਈ ਮਦਦ ਨਾ ਕਰ ਸਕੇ ਅਤੇ ਉਸ ਨੂੰ ਸਾਈਕਲ ਐਸੋਸੀਏਸ਼ਨ ਵਿਰੁਧ ਹੀ ਅਦਾਲਤ ਦਾ ਦਰਵਾਜ਼ਾ ਖਟਖਟਾਣਾ ਪਿਆ। ਇਸੇ ਤਰ੍ਹਾਂ ਪੰਜਾਬ ਦੀ ਰਾਜਧਾਨੀ ਵਿਚ ਉਨ੍ਹਾਂ ਸਿੱਖ ਬੀਬੀਆਂ ਨੇ ਮੁੱਦਾ ਚੁਕਿਆ ਹੈ ਜੋ ਨਾ ਤਾਂ ਦਸਤਾਰ ਸਜਾਉਂਦੀਆਂ ਹਨ ਅਤੇ ਨਾ ਹੀ ਹੈਲਮੇਟ ਪਾਉਣ ਨੂੰ ਮੰਨਦੀਆਂ ਹਨ।

ਦੋਹਾਂ ਹੀ ਵਿਰੋਧਾਂ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਦਸਿਆ ਜਾ ਰਿਹਾ ਹੈ। ਸਿੱਖ ਮਰਿਆਦਾ ਆਖਦੀ ਹੈ ਕਿ ਸਿਰ ਤੇ ਟੋਪੀ ਨਹੀਂ ਪਾਉਣੀ ਚਾਹੀਦੀ ਅਤੇ ਹੈਲਮੇਟ ਨੂੰ ਟੋਪੀ ਮੰਨਿਆ ਜਾ ਰਿਹਾ ਹੈ। ਅਦਾਲਤ ਅੰਦਰ ਖੇਡਾਂ ਵਿਚ ਤਾਂ ਮਿਲਖਾ ਸਿੰਘ, ਹਰਭਜਨ ਸਿੰਘ ਦੀਆਂ ਉਦਾਹਰਣਾਂ ਦਿਤੀਆਂ ਗਈਆਂ ਪਰ ਇਹ ਦੋਵੇਂ ਖੇਡਾਂ ਸਿਰ ਲਈ ਖ਼ਤਰਾ ਨਹੀਂ ਬਣਿਆ ਕਰਦੀਆਂ। ਹਰਭਜਨ ਸਿੰਘ ਵੀ ਜਦੋਂ ਬੱਲਾ ਫੜਦੇ ਹਨ ਤਾਂ ਉਹ ਸਿਰ ਤੇ ਹੈਲਮੇਟ ਪਾਉਂਦੇ ਹਨ। ਸਾਈਕਲ ਸਵਾਰ ਮਿੱਟੀ ਉਤੇ ਨਹੀਂ ਬਲਕਿ ਕੰਕਰੀਟ ਦੀਆਂ ਸੜਕਾਂ ਉਤੇ ਹੁੰਦੇ ਮੁਕਾਬਲੇ 'ਚ ਹਿੱਸਾ ਲੈਂਦੇ ਹਨ। ਜੇ ਉਨ੍ਹਾਂ ਦੇ ਸਿਰ ਤੇ ਹੈਲਮੇਟ ਨਾ ਹੋਵੇ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣ ਆਉਂਦਾ ਹੈ।

ਪੰਜ-ਛੇ ਮੀਟਰ ਦੀ ਦਸਤਾਰ ਸਿਰ ਨੂੰ ਤਕਰੀਬਨ ਲੋੜੀਂਦੀ ਸੁਰੱਖਿਆ ਦੇਂਦੀ ਹੈ ਪਰ ਉਸ ਤੋਂ ਘੱਟ ਕਪੜੇ ਨੂੰ ਹੈਲਮੇਟ ਨਾ ਪਾਉਣ ਦੇ ਬਹਾਨੇ ਵਜੋਂ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਦੂਜਾ ਸਕੂਟਰਾਂ ਤੇ ਘੁੰਮਦੀਆਂ ਸਿੱਖ ਬੀਬੀਆਂ ਦਾ ਜੇ ਸੱਚ ਬੋਲੀਏ ਤਾਂ ਉਹ ਇਕ ਦੂਜੇ ਦੀ ਵੇਖਾ ਵੇਖੀ ਹੀ ਇਤਰਾਜ਼ ਕਰ ਰਹੀਆਂ ਹਨ। ਬਹੁਤ ਘੱਟ ਹੀ ਹੋਣਗੀਆਂ ਜੋ ਅਸਲ ਵਿਚ ਮਰਿਆਦਾ ਦੇ ਨਾਂ ਤੇ ਹੈਲਮੇਟ ਪਾਉਣ ਨੂੰ ਅਪਣੇ ਧਰਮ ਦੀ ਉਲੰਘਣਾ ਸਮਝਦੀਆਂ ਹੋਣਗੀਆਂ।

ਇਸ ਨੂੰ ਸਿਆਸੀ ਤੌਰ ਤੇ ਵੀ ਪੰਜਾਬ ਦੇ ਸਿੱਖ ਆਗੂ ਚੁਕ ਰਹੇ ਹਨ ਅਤੇ ਉਹ ਅਜਿਹੇ ਲੋਕ ਹਨ ਜੋ ਕਦੇ ਸੜਕਾਂ ਤੇ ਪੈਦਲ ਨਹੀਂ ਚਲਦੇ ਅਤੇ ਨਾ ਹੀ ਆਪ ਕੋਈ ਦੁਪਹੀਆ ਵਾਹਨ ਹੀ ਚਲਾਉਂਦੇ ਹਨ। ਵਿਰੋਧ ਕਰਨ ਵਾਲੇ ਸਾਰੇ ਆਗੂ ਉਹੀ ਹਨ ਜੋ ਗੱਡੀਆਂ ਅਤੇ ਸੁਰੱਖਿਆ ਅਮਲੇ ਨਾਲ ਘੁੰਮਦੇ ਹਨ। ਜਿਸ ਹੈਲਮੇਟ ਦੀ ਅੱਜ ਚਰਚਾ ਹੋ ਰਹੀ ਹੈ, ਉਹ ਆਮ ਲੋਕਾਂ ਵਾਸਤੇ ਹੈ ਜੋ ਪੈਦਲ ਜਾਂ ਮੋਟਰਸਾਈਕਲ ਤੇ ਕੰਕਰੀਟ ਦੀਆਂ ਸੜਕਾਂ ਤੇ ਘੁੰਮਦੇ ਹਨ ਅਤੇ ਜਿੱਥੇ ਤੇਜ਼ ਰਫ਼ਤਾਰ ਗੱਡੀਆਂ ਨਾਲ ਟਕਰਾਅ ਕੇ ਹਰ ਸਾਲ ਸੈਂਕੜੇ ਲੋਕ ਮਰਦੇ ਹਨ।

ਪਿਛਲੇ ਸਾਲ ਪੰਜਾਬ ਵਿਚ ਹੀ 433 ਮੌਤਾਂ ਪੈਦਲ ਚੱਲਣ ਵਾਲਿਆਂ ਦੀਆਂ ਹੋਈਆਂ। ਅੱਜ ਸਮਝਣ ਦੀ ਜ਼ਰੂਰਤ ਹੈ ਕਿ ਇਹ ਹੈਲਮੇਟ ਅਸਲ ਵਿਚ ਸੁਰੱਖਿਆ ਦਿੰਦੇ ਹਨ ਜੋ ਅੱਜ ਦੀ ਰੋਜ਼ਾਨਾ ਜ਼ਿੰਦਗੀ ਵਾਸਤੇ ਜ਼ਰੂਰੀ ਹਨ, ਉਸੇ ਤਰ੍ਹਾਂ ਜਿਵੇਂ ਘੁੜਸਵਾਰ ਯੋਧਿਆਂ ਨੂੰ ਚਮੜੇ ਜਾਂ ਲੋਹੇ ਦੇ ਕਵਚ ਪਹਿਨਣੇ ਪੈਂਦੇ ਸਨ। ਇਸ ਵਿਵਾਦ ਬਾਰੇ ਵਿਚਾਰ ਕਰਨ ਦੀ ਕਾਬਲੀਅਤ, ਸਿੱਖ ਧਰਮ ਵਿਚ ਚੰਗੀ ਮਹਾਰਤ 'ਚੋਂ ਨਹੀਂ ਵੇਖੀ ਜਾਣੀ ਚਾਹੀਦੀ ਬਲਕਿ ਚੰਡੀਗੜ੍ਹ ਦੀਆਂ ਸੜਕਾਂ ਉਤੇ 30 ਸਾਲ ਪਹਿਲਾਂ ਅਤੇ ਅੱਜ ਵੀ ਸਾਈਕਲ/ਸਕੂਟਰ ਚਲਾਉਣ ਦੇ ਤਜਰਬੇ 'ਚੋਂ ਵੇਖਣੀ ਚਾਹੀਦੀ ਹੈ।

ਸੜਕਾਂ ਤੇ ਤੇਜ਼ ਰਫ਼ਤਾਰ ਗੱਡੀਆਂ ਸਾਹਮਣੇ ਸਿਰ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਮੇਰੇ ਸਿਰ ਉਤੇ ਲੱਗੀਆਂ ਲਾਇਲਾਜ ਸੱਟਾਂ ਦਾ ਵੀ ਮੈਨੂੰ ਤਜਰਬਾ ਹੈ ਜਿਸ ਦਾ ਅਸਰ ਮੇਰੇ ਜਿਸਮ ਦੀ ਸਮਰੱਥਾ, ਬੋਲ-ਚਾਲ ਅਤੇ ਦਰਦ ਉਤੇ ਹੁੰਦਾ ਹੈ ਪਰ ਰੂਹਾਨੀ ਜਾਂ ਧਾਰਮਕ ਸੋਚ ਤੇ ਨਹੀਂ। ਸਿੱਖ ਧਰਮ ਇਕ ਆਧੁਨਿਕ ਧਰਮ ਹੈ ਜੋ ਕਿ ਆਮ ਇਨਸਾਨ ਲਈ ਰੱਬ ਦੀ ਪ੍ਰਾਪਤੀ ਨੂੰ ਬੜਾ ਆਸਾਨ ਬਣਾਉਂਦਾ ਹੈ। ਇਸ ਧਰਮ ਵਿਚ ਇਸ ਤਰ੍ਹਾਂ ਦੇ ਮੁੱਦੇ ਦੁਨੀਆਂ ਸਾਹਮਣੇ ਸਿੱਖਾਂ ਦੇ ਅਕਸ ਨੂੰ ਕਮਜ਼ੋਰ ਬਣਾਉਂਦੇ ਹਨ।

ਸਿੱਖ ਧਰਮ ਸੋਚ ਨੂੰ ਫ਼ੌਲਾਦੀ ਰੂਪ ਦੇਂਦਾ ਹੈ ਪਰ ਤੁਹਾਡੀ ਖੋਪੜੀ ਕਿਸੇ ਆਮ ਇਨਸਾਨ ਵਰਗੀ ਹੀ ਹੈ ਜਿਸ ਤੇ ਪੱਥਰ ਦਾ ਅਸਰ ਇਕੋ ਜਿਹਾ ਹੀ ਹੋਵੇਗਾ। ਸ਼ਾਇਦ ਅੱਜ ਕਿਤੇ ਨਾ ਕਿਤੇ ਸਿੱਖ ਸੋਚ ਨੂੰ ਸਮਝਣ ਵਿਚ ਕਮਜ਼ੋਰੀ ਆ ਗਈ ਹੈ ਜਿਸ ਕਾਰਨ ਇਸ ਤਰ੍ਹਾਂ ਦੇ ਮੁੱਦੇ, ਅਪਣੇ ਆਪ ਨੂੰ ਬਹੁਤ ਵੱਡਾ ਸਿੱਖ ਦਸ ਕੇ ਸ਼ੋਹਰਤ ਕਮਾਉਣ ਅਤੇ ਸਿਆਸਤ ਵਿਚ ਨਾਂ ਬਣਾਉਣ ਲਈ ਮਰਿਆਦਾ ਦੇ ਨਾਂ ਤੇ ਚੁੱਕੇ ਜਾਂਦੇ ਹਨ।           -ਨਿਮਰਤ ਕੌਰ