ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਹਨੇਰਗਰਦੀ ਮਗਰੋਂ ਬਿਜਲੀ ਗੁਲ ਹੋਣ ਲੱਗੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਸ਼ਮੀਰ ਵਿਚ ਇਕ ਪੰਡਤ ਦਾ ਕਤਲ ਦਰਸਾਉਂਦਾ ਹੈ ਕਿ ਸੁਲਗਦੇ ਜ਼ਖ਼ਮਾਂ ਨੂੰ ਹੁਣ ਪਾਕਿਸਤਾਨ ਤੇ ਤਾਲਿਬਾਨ ਮਿਲ ਕੇ ਕੁਰੇਦਣਗੇ।

Taliban

ਅਫ਼ਗ਼ਾਨਿਸਤਾਨ ਹੁਣ ਤਾਲਿਬਾਨ ਦੇ ਕਬਜ਼ੇ ਵਿਚ ਹੈ ਜਿਸ ਦੀ ਹਾਲਤ ਹੁਣ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਅੱਜ ਦੇ ਦਿਨ ਅਫ਼ਗ਼ਾਨਿਸਤਾਨ ਵਿਚ ਹਨੇਰਾ ਕਿਸੇ ਵਕਤ ਵੀ ਪੈ ਸਕਦਾ ਹੈ। ਅੱਜ ਦੇ ਦਿਨ ਵੈਸੇ ਹੀ ਇਹ ਦੇਸ਼ ਪਾਤਾਲ ਲੋਕ ਦੇ ਹਨੇਰੇ ਵਿਚ ਡੁਬਿਆ ਹੋਇਆ ਹੈ ਪਰ ਨਵਾਂ ਹਨੇਰਾ ਗਵਾਂਢੀ ਦੇਸ਼ਾਂ ਵਲੋਂ ਇਸ ਦੀ ਬਿਜਲੀ ਕੱਟ ਦੇਣ ਸਦਕਾ ਹੀ ਆਵੇਗਾ। ਅਫ਼ਗ਼ਾਨਿਸਤਾਨ ਵਿਚ ਬਿਜਲੀ ਦਾ ਉਤਪਾਦਨ ਨਹੀਂ ਹੁੰਦਾ ਤੇ ਬਿਜਲੀ ਉਹ ਨੇੜਲੇ ਦੇਸ਼ਾਂ ਤੋਂ ਖ਼ਰੀਦਦੇ ਹਨ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਨੇ ਨਾ ਬਿਜਲੀ ਦੇ ਬਿਲ ਲੋਕਾਂ ਕੋਲੋਂ ਭਰਵਾਏ ਹਨ ਤੇ ਨਾ ਹੀ ਅੱਗੇ ਪੈਸੇ ਭਰੇ ਹਨ।

ਤਨਖ਼ਾਹਾਂ ਜੋਗੇ ਪੈਸੇ ਨਹੀਂ ਹਨ ਤੇ ਜਦ ਬੁਧਵਾਰ ਨੂੰ ਤਾਲਿਬਾਨ ਨੇ ਪਾਸਪੋਰਟ ਸੇਵਾਵਾਂ ਦੁਬਾਰਾ ਖੋਲ੍ਹੀਆਂ ਤਾਂ ਦੇਸ਼ ਛੱਡਣ ਦੇ ਇੱਛੁਕ ਅਫ਼ਗ਼ਾਨੀਆਂ ਦੀਆਂ ਕਤਾਰਾਂ ਲੱਗ ਗਈਆਂ। ਇਹ ਦੇਸ਼ 75 ਫ਼ੀ ਸਦੀ ਵਿਦੇਸ਼ੀ ਸਹਾਇਤਾ ਦੇ ਸਹਾਰੇ ਚਲਦਾ ਸੀ ਤੇ ਹੁਣ ਇਸ ਕੋਲ ਅਪਣੀ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ। ਇਸ ਕੋਲ ਸਿਰਫ਼ ਇਕ ਗ਼ੈਰ ਕਾਨੂੰਨੀ ਸਾਧਨ ਸੀ ਤੇ ਉਹ ਸੀ ਨਸ਼ੇ ਦੀ ਖੇਤੀ ਜਿਸ ਨਾਲ ਇਸ ਦੇ ਕਿਸਾਨ ਦੁਨੀਆਂ ਵਿਚ ਨਸ਼ਾ ਵੇਚਦੇ ਹਨ। ਪਰ ਜਿਥੇ ਨਸ਼ਾ ਉਗਦਾ ਹੈ, ਜ਼ਾਹਰ ਹੈ ਕਿ ਉਥੇ ਲੋਕ ਵੀ ਨਸ਼ੇ ਦੇ ਆਦੀ ਹੋਣਗੇ।

ਹੁਣ ਤਾਲਿਬਾਨ ਨੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦਾ ਅਪਣਾ ਤਾਲਿਬਾਨੀ ਇਲਾਜ ਵੀ ਸ਼ੁਰੂ ਕਰ ਦਿਤਾ ਹੈ। ਨਸ਼ਈਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਤੇ ਮਾਰਕੁੱਟ ਕੇ ਉਨ੍ਹਾਂ ਨੂੰ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਗ਼ੈਰ ਮਨੁੱਖੀ ਕਾਰਾ ਹੈ। ਪਰ ਜਿਸ ਤਰ੍ਹਾਂ ਅੱਜ ਤਾਲਿਬਾਨ ਔਰਤਾਂ ਨੂੰ ਪਰਦੇ ਪਿਛੇ ਧਕੇਲ ਕੇ ਘਰ ਦੇ ਮਰਦ ਦੀ ਗ਼ੁਲਾਮੀ ਕਰਨ ਤੇ ਮਜਬੂਰ ਕਰ ਰਹੇ ਹਨ, ਮਾਨਵਤਾ ਦੀ ਉਮੀਦ ਇਨ੍ਹਾਂ ਤੋਂ ਕੀਤੀ ਹੀ ਨਹੀਂ ਜਾ ਸਕਦੀ।

ਅੱਜ ਔਰਤਾਂ ਨੂੰ ਪੜ੍ਹਨ, ਲਿਖਣ ਅਤੇ ਕੰਮ ਕਰਨ ਦੀ ਮਨਾਹੀ ਹੈ। ਇਕ ਅੰਤਰਰਾਸ਼ਟਰੀ ਪੱਧਰ ਦੀ ਅਫ਼ਗ਼ਾਨੀ ਖਿਡਾਰਨ ਅਪਣਾ ਦੁਖ ਸੋਸ਼ਲ ਮੀਡੀਆ ਤੇ ਸਾਂਝਾ ਕਰ ਰਹੀ ਸੀ ਕਿ ਤਾਲਿਬਾਨ ਦੀ ਪੁਲਿਸ ਉਸ ਨੂੰ ਲਭਦੀ ਫਿਰ ਰਹੀ ਸੀ। ਜੋ ਦੌੜ ਸਕਦੇ ਹਨ, ਛੱਡ ਜਾਣਗੇ ਪਰ ਜ਼ਿਆਦਾਤਰ ਲੋਕ ਹੁਣ ਇਕ ਤਾਨਾਸ਼ਾਹੀ ਹਕੂਮਤ ਦੇ ਘਟੀਆ ਸ਼ਾਸਨ ਹੇਠ ਮੌਤ ਤੋਂ ਵੀ ਬਦਤਰ ਜੀਵਨ ਜਿਉਣ ਵਾਸਤੇ ਤਿਆਰ ਹੋ ਰਹੇ ਹਨ। ਉਨ੍ਹਾਂ ਦੇ ਦੇਸ਼ ਨੂੰ ਡੁਬਦਾ ਵੇਖ ਇੰਗਲੈਂਡ ਨੇ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰ ਦਿਤੀ ਹੈ ਕਿਉਂਕਿ ਜੇ ਪੈਸਾ ਨਾ ਦਿਤਾ ਗਿਆ ਤਾਂ ਅਫ਼ਗ਼ਾਨਿਸਤਾਨ ਭੁੁਖਮਰੀ ਵਲ ਵੱਧ ਰਿਹਾ ਹੈ। ਇਥੇ ਦੁਨੀਆਂ ਦੇ ਵੱਡੇ ਆਗੂਆਂ ਨੂੰ ਇਕੱਠੇ ਬੈਠ ਕੇ ਤਰਤੀਬ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਤਾਲਿਬਾਨ ਦੀ ਸੋਚ ਨਾ ਸਿਰਫ਼ ਅਫ਼ਗ਼ਾਨਿਸਤਾਨ ਨੂੰ ਤਬਾਹ ਕਰੇਗੀ, ਉਸ ਦਾ ਅਸਰ ਆਸ-ਪਾਸ ਦੇ ਦੇਸ਼ਾਂ ਤੇ ਖ਼ਾਸ ਕਰ ਕੇ ਸਾਡੇ ਉਤੇ ਵੀ ਪੈਣ ਵਾਲਾ ਹੈ। 

ਕਸ਼ਮੀਰ ਵਿਚ ਇਕ ਪੰਡਤ ਦਾ ਕਤਲ ਦਰਸਾਉਂਦਾ ਹੈ ਕਿ ਸੁਲਗਦੇ ਜ਼ਖ਼ਮਾਂ ਨੂੰ ਹੁਣ ਪਾਕਿਸਤਾਨ ਤੇ ਤਾਲਿਬਾਨ ਮਿਲ ਕੇ ਕੁਰੇਦਣਗੇ। ਜਿਵੇਂ ਭਾਰਤ ਵਿਚ ਬੀਤੇ ਦੇ ਇਤਿਹਾਸ ਨੂੰ ਅੱਜ ਦੀ ਰਾਜਨੀਤੀ ਵਿਚ ਧੂਹਿਆ ਘਸੀਟਿਆ ਜਾ ਰਿਹਾ ਹੈ, ਤਾਲਿਬਾਨ ਵੀ ਉਸੇ ਤਰ੍ਹਾਂ 10ਵੀਂ ਈਸਵੀ ਦੇ ਕਾਰਨਾਮਿਆਂ ਤੇ ਫ਼ਖ਼ਰ ਜਤਾ ਕੇ ਨਫ਼ਰਤ ਦੇ ਬੀਜ ਬੋਅ ਰਹੇ ਹਨ ਕਿਉਂਕਿ ਉਥੋਂ ਆਏ ਧਾੜਵੀਆਂ ਨੇ 10ਵੀਂ ਈਸਵੀ ਵਿਚ ਸੋਮਨਾਥ ਮੰਦਰ ਤੇ ਹਮਲਾ ਕੀਤਾ ਸੀ।

ਤਾਲਿਬਾਨ ਅੱਜਕਲ੍ਹ ਅਮਰੀਕਾ ਵਲੋਂ ਛੱਡੇ ਅਸਲੇ ਨੂੰ ਦੁਕਾਨਾਂ ਰਾਹੀਂ ਵੇਚ ਰਹੇ ਨੇ ਤੇ ਇਸ ਦੇ ਖ਼ਰੀਦਦਾਰ ਦਹਿਸ਼ਤ ਫੈਲਾਉਣ ਦਾ ਕੰਮ ਹੀ ਕਰਨਗੇ। ਨਾ ਸਿਰਫ਼ ਅਫ਼ਗ਼ਾਨਿਸਤਾਨ ਦੀ ਤਬਾਹੀ ਲਈ ਬਲਕਿ ਸਾਡੇ ਉਤੇ ਢਾਹੀ ਜਾਣ ਵਾਲੀ ਦਹਿਸ਼ਤ ਦੀ ਜ਼ਿੰਮੇਵਾਰੀ ਵੀ ਅਮਰੀਕਾ ਉਤੇ ਪੈਂਦੀ ਹੈ। ਲੋੜ ਹੈ ਕਿ ਆਵਾਜ਼ ਚੁਕੀ ਜਾਵੇ ਕਿ ਅਫ਼ਗ਼ਾਨਿਸਤਾਨ ਨੂੰ ਇਕ ਵੀ ਪਾਈ ਦੀ ਵਿਦੇਸ਼ੀ ਸਹਾਇਤਾ ਨਾ ਮਿਲੇ। ਜਦ ਤਾਲਿਬਾਨ ਅਪਣੇ ਆਪ ਨੂੰ ਜ਼ਮਾਨੇ ਮੁਤਾਬਕ ਨਹੀਂ ਚਲਾਉਂਦੇ ਤਾਂ ਉਨ੍ਹਾਂ ਕੋਲ ਅਪਣੇ ਗੁਨਾਹਾਂ ਦਾ ਫੱਲ ਆਪ ਚਖਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਜੇ ਅੱਜ ਇਨ੍ਹਾਂ ਨੂੰ ਕਾਬੂ ਨਾ ਕੀਤਾ ਗਿਆ ਤੇ ਇਨ੍ਹਾਂ ਨੂੰ ਹੋਰ ਤਾਕਤਵਰ ਬਣਾ ਦਿਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਅਫ਼ਗ਼ਾਨਿਸਤਾਨ ਦੁਨੀਆਂ ਵਿਚ ਦਹਿਸ਼ਤ ਦਾ ਘਰ ਬਣ ਕੇ ਰਹਿ ਜਾਵੇਗਾ।                       -ਨਿਮਰਤ ਕੌਰ