ਅੱਜ ਕਰਤਾਰਪੁਰ ਦਾ ਸੁਭਾਗਾ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਦ ਬਾਬੇ ਨਾਨਕ ਦੀ ਕ੍ਰਿਪਾ ਸਦਕਾ, ਬਿਨਾਂ ਪਾਸਪੋਰਟ ਦੇ, ਪੇਕੇ ਘਰ ਜਾ ਸਕਣਗੇ, ਕਲ ਦੇ ਰੀਫ਼ੀਊਜੀ

Kartarpur Corridor opening day today

ਅੱਜ ਜਿਹੜਾ ਦਿਨ ਚੜ੍ਹਿਆ ਹੈ, 70 ਸਾਲਾਂ ਵਿਚ ਕਦੇ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਇਹ ਵੀ ਵੇਖਣ ਨੂੰ ਮਿਲੇਗਾ, ਖ਼ਾਸ ਕਰ ਕੇ ਉਨ੍ਹਾਂ ਨੂੰ ਜਿਨ੍ਹਾਂ ਨੇ 72 ਸਾਲ ਪਹਿਲਾਂ ਇਕ ਬਹੁਤ ਹੀ ਖ਼ੌਫ਼ਨਾਕ ਖ਼ੂਨੀ ਵੰਡ ਵੇਖੀ ਸੀ। ਸਾਡੇ ਵੱਡੇ ਬਜ਼ੁਰਗਾਂ ਦੀਆਂ ਉਨ੍ਹਾਂ ਦਿਨਾਂ ਦੀਆਂ ਯਾਦਾਂ ਅੱਜ ਵੀ ਏਨੀਆਂ ਤਾਜ਼ੀਆਂ ਹਨ ਜਿਵੇਂ ਸੱਭ ਕੁੱਝ ਕਲ ਭਲਕੇ ਹੀ ਹੋਇਆ ਹੋਵੇ। ਮੇਰੀ ਮਾਂ ਸਿਰਫ਼ ਤਿੰਨ ਸਾਲਾਂ ਦੇ ਸਨ ਪਰ ਉਨ੍ਹਾਂ ਨੂੰ ਨਨਕਾਣਾ ਸਾਹਿਬ, ਜੋ ਕਿ ਉਨ੍ਹਾਂ ਦਾ ਜਨਮ ਸਥਾਨ ਸੀ, ਨੂੰ ਛੱਡ ਕੇ ਆਉਣ ਦੀਆਂ ਯਾਦਾਂ ਅੱਜ ਵੀ ਰੁਆ ਦੇਂਦੀਆਂ ਹਨ। ਸਾਡੀ ਨਾਨੀ ਨੇ ਅਪਣਾ ਹਾਰਮੋਨੀਅਮ ਘਰ ਦੇ ਬਾਹਰ ਖੂਹ ਵਿਚ ਲੁਕਾ ਦਿਤਾ ਸੀ ਕਿ ਸ਼ਾਂਤੀ ਹੋਣ ਮਗਰੋਂ ਕੱਢ ਲਵਾਂਗੇ।

ਉਹ ਘਰ ਵਿਚ ਰੋਜ਼ ਕੀਰਤਨ ਕਰਦੇ ਸਨ ਜੋ ਉਨ੍ਹਾਂ ਨੂੰ ਜਾਨ ਤੋਂ ਪਿਆਰਾ ਸੀ। ਪਰ ਕਾਫ਼ਲੇ ਵਿਚ ਹਾਰਮੋਨੀਅਮ ਲਈ ਥਾਂ ਨਹੀਂ ਸੀ। ਮਾਂ ਨੂੰ ਯਾਦ ਹੈ ਕਿ ਇਕ ਗੁਆਂਢਣ ਨੇ ਅਪਣੀ ਛੋਟੀ ਬੱਚੀ ਨੂੰ ਮਾਰ ਕੇ ਆਪ ਹੀ ਦਫ਼ਨਾ ਦਿਤਾ ਸੀ ਕਿ ਕਿਸੇ ਦਰਿੰਦੇ ਦੇ ਹੱਥ ਨਾ ਲੱਗ ਜਾਵੇ। ਮਾਂ ਨੂੰ ਵਾਰ-ਵਾਰ ਝਾੜੀਆਂ ਪਿੱਛੇ ਲੁਕਣਾ ਯਾਦ ਹੈ ਕਿਉਂਕਿ ਉਹ ਅਤੇ ਉਨ੍ਹਾਂ ਦੀ ਭੈਣ ਬਹੁਤ ਸੋਹਣੀਆਂ ਸਨ ਅਤੇ ਮਾਪੇ ਡਰਦੇ ਸਨ ਕਿ ਕੋਈ ਚੁੱਕ ਨਾ ਲਵੇ। ਪਾਪਾ ਦੀਆਂ ਯਾਦਾਂ ਵੀ ਬੇਹੱਦ ਦਰਦਨਾਕ ਹਨ। ਉਹ ਚੇਲੀਆਂਵਾਲੇ ਤੋਂ ਭਾਰਤ ਵਿਚ ਆਏ ਸਨ ਅਤੇ ਲਾਸ਼ਾਂ ਉਪਰੋਂ ਲੰਘ ਕੇ ਆਏ ਸਨ।

ਲਾਸ਼ਾਂ ਉਪਰੋਂ ਲੰਘਦਿਆਂ ਉਨ੍ਹਾਂ ਦਾ ਸਾਹ ਰੁਕਦਾ ਸੀ ਪਰ ਵੱਡੇ ਡਾਂਟ ਕੇ ਆਖਦੇ ਸਨ ਕਿ ਚਲਦੇ ਰਹੋ ਨਹੀਂ ਤਾਂ ਅਸੀਂ ਵੀ ਇਨ੍ਹਾਂ ਢੇਰਾਂ ਵਿਚ ਸ਼ਾਮਲ ਹੋ ਜਾਵਾਂਗੇ। ਅਪਣੇ ਆਸ-ਪਾਸ ਉਸ 6 ਸਾਲ ਦੇ ਬੱਚੇ ਦੀ ਯਾਦ ਵਿਚ ਅਜਿਹੇ ਖ਼ੌਫ਼ਨਾਕ ਦ੍ਰਿਸ਼ ਵਰਤ ਰਹੇ ਸਨ ਪਰ ਹੈਰਾਨੀ ਇਸ ਗੱਲ ਦੀ ਸੀ ਕਿ ਦੋਹਾਂ ਵਿਚ ਕਦੇ ਕਿਸੇ ਵਾਸਤੇ ਨਫ਼ਰਤ ਨਹੀਂ ਵੇਖੀ। ਵੰਡ ਤੋਂ ਬਾਅਦ ਰਿਫ਼ਿਊਜੀ ਕੈਂਪਾਂ 'ਚ ਰਹੇ, ਜ਼ਿੰਦਗੀ ਦੀਆਂ ਹਕੀਕਤਾਂ ਨਾਲ ਜੂਝੇ। ਪਾਪਾ ਲਈ ਤਾਂ ਦੇਸ਼ ਹੀ ਨਾ ਵੰਡਿਆ ਗਿਆ ਬਲਕਿ ਜਿਸ ਪ੍ਰਵਾਰ ਦੀ ਦਾਦਾ ਜੀ ਨੇ ਮਦਦ ਕੀਤੀ, ਉਨ੍ਹਾਂ ਨੇ ਅਪਣੇ ਮਦਦਗਾਰ ਨੂੰ ਹੀ ਬਾਹਰ ਕੱਢ ਦਿਤਾ ਅਤੇ ਇਨ੍ਹਾਂ ਨੂੰ ਕੁੱਝ ਸਮਾਂ ਸੜਕਾਂ ਕਿਨਾਰੇ ਫੜ੍ਹੀ ਲਾ ਕੇ ਗੁਜ਼ਾਰਾ ਕਰਨਾ ਪਿਆ।

ਹਿੰਮਤ ਅਤੇ ਹੌਸਲੇ ਨਾਲ ਇਨ੍ਹਾਂ ਦੇ ਨਾਲ ਹੀ, ਹੋਰ ਸਾਰੇ ਪ੍ਰਵਾਰ ਵੀ ਮੁੜ ਤੋਂ ਪੈਰਾਂ ਤੇ ਖੜੇ ਹੋ ਗਏ। ਅੱਜ ਜਿਹੜੀ ਨਫ਼ਰਤ, ਸ਼ੱਕ ਦੀਆਂ ਆਵਾਜ਼ਾਂ ਸੁਣਦੇ ਹਾਂ, ਉਨ੍ਹਾਂ ਦੇ ਮੂੰਹੋਂ ਨਿਕਲਦੀਆਂ ਹਨ ਜਿਨ੍ਹਾਂ ਨੇ ਵੰਡ ਦਾ ਸੇਕ ਨਹੀਂ ਝਲਿਆ। ਪਰ ਇਸ ਜੰਗ ਦੌਰਾਨ ਜਿਨ੍ਹਾਂ ਨੇ ਹਿੰਦੂਆਂ-ਮੁਸਲਮਾਨਾਂ ਦੀ ਆਪਸੀ ਨਫ਼ਰਤ ਵੇਖੀ, ਅੱਜ ਵੀ ਦੋਹਾਂ ਧਰਮਾਂ ਦੀ ਕਦਰ ਕਰਦੇ ਹਨ। ਉਸ ਦਰਿੰਦਗੀ ਨੂੰ ਧਰਮ ਨਾਲ ਨਹੀਂ ਜੋੜਦੇ। ਪਾਪਾ ਤਾਂ ਉਸ ਦੌਰ 'ਚੋਂ ਨਿਕਲ ਕੇ ਬਾਬਾ ਨਾਨਕ ਦੇ ਸੱਚੇ ਪ੍ਰੇਮੀ ਬਣ ਗਏ ਅਤੇ ਉਸ ਦੇ ਪਿਆਰ ਵਿਚ ਕਮਲੇ, ਕ੍ਰਿਸ਼ਨ ਦੀ ਰਾਧਾ ਵਾਂਗ ਇਕੋ ਹੀ ਅਲਾਪ ਕਰਦੇ ਰਹਿੰਦੇ ਹਨ ਕਿ 'ਕਦੋਂ ਮੁਕੰਮਲ ਹੋਵੇਗਾ ਮੇਰੇ ਬਾਬਾ ਨਾਨਕ ਦਾ 'ਉੱਚਾ ਦਰ'?

ਬਾਬਾ ਨਾਨਕ ਦੇ ਇਸ਼ਕ ਵਿਚ ਕਦੇ ਕਦੇ ਅਪਣੇ ਬੱਚਿਆਂ ਦੀਆਂ ਲੋੜਾਂ ਵੀ ਭੁਲ ਜਾਂਦੇ ਹਨ ਪਰ ਇਹ ਹੈ ਬਾਬਾ ਨਾਨਕ ਦੇ ਫ਼ਲਸਫ਼ੇ ਦਾ ਜਾਦੂ। ਜਿਵੇਂ ਮੇਰੇ ਮਾਂ-ਬਾਪ ਦੀ ਜ਼ਿੰਦਗੀ ਉਤੇ ਅਸਰ ਪਿਆ, ਉਸੇ ਤਰ੍ਹਾਂ ਇਨ੍ਹਾਂ ਨਫ਼ਰਤਾਂ, ਲੜਾਈਆਂ ਨੂੰ ਵੇਖ ਕੇ ਇਮਰਾਨ ਖ਼ਾਨ ਦੇ ਦਿਲ ਦਿਮਾਗ਼ ਉਤੇ ਵੀ ਅਸਰ ਹੋਣੋਂ ਰਹਿ ਨਾ ਸਕਿਆ। ਕੁਲਦੀਪ ਸਿੰਘ ਵਡਾਲਾ, ਅਟਲ ਬਿਹਾਰੀ ਵਾਜਪਾਈ, ਡਾ. ਮਨਮੋਹਨ ਸਿੰਘ, ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਇਮਰਾਨ ਖ਼ਾਨ ਅਤੇ ਉਨ੍ਹਾਂ ਸਾਰੇ ਸਿੱਖਾਂ ਪੰਜਾਬੀਆਂ, ਪਾਕਿਸਤਾਨੀਆਂ ਦਾ ਧਨਵਾਦ ਜਿਨ੍ਹਾਂ ਨੇ ਬਾਬਾ ਨਾਨਕ ਵਾਸਤੇ ਪਿਆਰ ਨੂੰ ਨਫ਼ਰਤ ਤੋਂ ਉੱਚਾ ਰਖਿਆ। ਕਈਆਂ ਨੇ ਔਕੜਾਂ ਖੜੀਆਂ ਕੀਤੀਆਂ ਪਰ ਜਿਸ ਕਾਰਜ ਵਿਚ ਗੁਰੂ ਦੀ ਬਖ਼ਸ਼ਿਸ਼ ਹੋਵੇ, ਉਸ ਨੇ ਤਾਂ ਅਪਣੇ ਰਾਹ ਪਾ ਹੀ ਲੈਣਾ ਹੁੰਦਾ ਹੈ।

ਕਦੇ ਸੋਚਿਆ ਸੀ ਕਿ ਇਕ ਭਾਜਪਾ ਸਰਕਾਰ ਕੇਂਦਰ ਵਿਚ ਹੋਵੇ, ਕਾਂਗਰਸ ਸਰਕਾਰ ਪੰਜਾਬ ਵਿਚ ਹੋਵੇ, ਖ਼ਾਲਿਸਤਾਨ ਦਾ ਦਫ਼ਤਰ ਪਾਕਿਸਤਾਨ ਵਿਚ, ਪਾਕਿਸਤਾਨ ਨਾਲ ਗੋਲੀਬਾਰੀ ਚਲ ਰਹੀ ਹੋਵੇ ਅਤੇ ਬਿਨਾਂ ਵੀਜ਼ਾ ਭਾਰਤ ਤੋਂ ਲੋਕ ਕਰਤਾਰਪੁਰ ਦੇ ਦਰਸ਼ਨ ਲਈ ਚਲੇ ਜਾਣਗੇ? ਆਖ਼ਰੀ ਵਾਰੀ ਬਿਨਾਂ ਵੀਜ਼ਾ ਮੇਰੇ ਮਾਂ-ਬਾਪ ਵਾਂਗ ਬੜੇ ਲੋਕ ਅਪਣੀ ਜਾਨ ਬਚਾਉਂਦੇ ਲਾਸ਼ਾਂ ਦੇ ਢੇਰ ਤੋਂ ਲੰਘਦੇ ਆਏ ਸਨ ਅਤੇ ਹੁਣ ਉਥੇ ਹੀ ਸਾਡਾ ਖੁਲ੍ਹੀਆਂ ਬਾਹਾਂ ਨਾਲ ਸਵਾਗਤ ਹੋਵੇਗਾ। ਅੱਜ ਇਕ ਕਰਿਸ਼ਮਾ ਹੋਣ ਜਾ ਰਿਹਾ ਹੈ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਸਿਆਸਤਦਾਨ ਇਸ ਦਿਨ ਅਪਣੀ ਹੰਕਾਰੀ ਅਤੇ ਲਾਲਚੀ ਸੋਚ ਨੂੰ ਛੱਡ ਕੇ ਅੱਜ ਵਰਤ ਰਹੀ ਕਰਾਮਾਤ ਦਾ ਆਨੰਦ ਮਾਣਨਗੇ।

ਇਹ ਸਨ ਬਾਬੇ ਨਾਨਕ ਦੇ ਚਮਤਕਾਰ। ਉਨ੍ਹਾਂ ਕਦੇ ਕਿਸੇ ਰੋਟੀ 'ਚੋਂ ਖ਼ੂਨ ਨਹੀਂ ਕਢਿਆ, ਨਾ ਦੁੱਧ। ਉਨ੍ਹਾਂ ਨੇ ਦਿਲਾਂ ਨੂੰ ਜੋੜਨ ਦਾ ਕੰਮ ਕੀਤਾ ਸੀ। ਸ਼ਾਇਦ ਅਜਿਹਾ ਕੋਈ ਧਰਮ ਸਥਾਨ ਨਹੀਂ ਹੋਵੇਗਾ ਜਿਥੇ ਧਰਮ ਕੋਈ ਹੋਰ ਹੋਵੇ ਪਰ ਅੰਦਰ ਇਕ ਮੁਸਲਮਾਨ ਰੀਤ ਦੀ ਕਬਰ ਹੋਵੇ ਅਤੇ ਇਕ ਹਿੰਦੂ ਰੀਤ ਦੀ ਸਮਾਧੀ। ਅੱਜ 550 ਸਾਲਾਂ ਬਾਅਦ ਵੀ ਉਹ ਤਾਕਤ ਅੱਜ ਦੀ ਹਕੀਕਤ ਨੂੰ ਬਦਲਣ ਦੀ ਤਾਕਤ ਰਖਦੀ ਹੈ।

ਅੱਜ ਖ਼ਾਲਿਸਤਾਨ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਨੂੰ ਭੁਲਾ ਕੇ ਬਾਬੇ ਨਾਨਕ ਦਾ ਕ੍ਰਿਸ਼ਮਾ ਮਾਣੀਏ। ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਦੀ ਸੰਗਤ ਖ਼ੁਸ਼ ਵੀ ਹੈ ਅਤੇ ਸਰਕਾਰ ਤੇ ਐਸ.ਜੀ.ਪੀ.ਸੀ. ਦੇ ਅੱਡ-ਅੱਡ ਟੈਂਟ ਵੇਖ ਕੇ ਨਿਰਾਸ਼ ਵੀ ਹੈ ਕਿ ਕਿਉਂ ਐਸ.ਜੀ.ਪੀ.ਸੀ. ਨੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਮੰਨ ਕੇ ਸਾਂਝਾ ਸਮਾਗਮ ਨਹੀਂ ਕੀਤਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋਹਾਂ ਧਿਰਾਂ ਤੋਂ ਨਿਰਾਸ਼ ਹੋ ਕੇ ਸਿੱਧਾ ਗੁਰਦਵਾਰਾ ਮੱਥਾ ਟੇਕਣ ਦਾ ਫ਼ੈਸਲਾ ਕਰ ਕੇ ਬਾਬੇ ਨਾਨਕ ਨੂੰ ਸਤਿਕਾਰ ਦਿਤਾ ਹੈ ਉਨ੍ਹਾਂ ਦਾ ਇਹ ਕਦਮ ਪ੍ਰਸੰਸਾਯੋਗ ਹੈ।

ਉਮੀਦ ਕਰਦੇ ਹਾਂ ਕਿ ਅੱਜ ਦੇ ਦਿਨ ਵਾਂਗ ਜਲਦ ਹੀ ਇਕ ਅਜਿਹਾ ਦਿਨ ਆਵੇਗਾ ਜਿਸ ਦਿਨ ਜੋਗਿੰਦਰ ਸਿੰਘ ਤੇ ਸਪੋਕਸਮੈਨ ਦੇ ਪਾਠਕਾਂ ਦਾ ਉੱਚਾ ਦਰ ਤਿਆਰ ਹੋ ਕੇ ਦੁਨੀਆਂ ਸਾਹਮਣੇ ਬਾਬਾ ਨਾਨਕ ਦਾ ਸੰਦੇਸ਼ ਲੈ ਕੇ ਆਵੇਗਾ ਅਤੇ ਸਿਰਫ਼ ਇਕ ਦਿਨ ਜਾਂ ਇਕ ਮਹੀਨਾ ਜਾਂ ਇਕ ਸਾਲ ਲਈ ਨਹੀਂ, ਪੀੜ੍ਹੀ ਦਰ ਪੀੜ੍ਹੀ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸੋਚ ਦੁਨੀਆਂ ਨਾਲ ਸਾਂਝੀ ਕਰੇਗਾ। ਜੇ ਅੱਜ ਦਾ ਚਮਤਕਾਰ ਹੋਇਆ ਹੈ ਤਾਂ ਬਾਬਾ ਨਾਨਕ ਦੀ ਕ੍ਰਿਪਾ ਨਾਲ 'ਉੱਚਾ ਦਰ' ਵਾਲਾ ਚਮਤਕਾਰ ਵੀ ਛੇਤੀ ਹੋ ਕੇ ਰਹੇਗਾ। -ਨਿਮਰਤ ਕੌਰ