ਗਰਮ ਗੱਲਾਂ ਕਰਨ ਵਾਲਿਆਂ ਨਾਲ ਵੀ ਕਾਨੂੰਨ ਬਰਾਬਰ ਦਾ ਸਲੂਕ ਕਰੇ--ਨਾਕਿ ਹਿੰਦੂ ਸਿੱਖ ਵਿਚ ਵੰਡ ਕੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਾਨੂੰਨ ਹਰ ਇਕ ਵਾਸਤੇ ਬਰਾਬਰ ਕਿਉਂ ਨਹੀਂ? ਅੱਜ ਸੱਭ ਤੋਂ ਜ਼ਿਆਦਾ ਜਵਾਬਦੇਹੀ ਸਾਡੇ ਸਿਸਟਮ ਦੀ ਬਣਦੀ ਹੈ ਜਿਸ ਨੂੰ ਕਚਹਿਰੀ ਵਿਚ ਖੜਾ ਕਰਨਾ ਚਾਹੀਦਾ ਹੈ।

Law should treat all equally--rather by dividing Hindus into Sikhs

 

ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸਾਰੇ ਪੰਜਾਬ ਵਿਚ ਇਕ ਤਰ੍ਹਾਂ ਦਾ ਡਰ ਦਾ ਮਾਹੌਲ ਬਣ ਗਿਆ ਹੈ ਤੇ ਹਰ ਚਰਚਾ ਵਿਚ ਇਹ ਸਵਾਲ ਜ਼ਰੂਰ ਉਠ ਪੈਂਦਾ ਹੈ ਕਿ ਹੁਣ ਕਾਲੇ ਦਿਨ ਫਿਰ ਤੋਂ ਵਾਪਸ ਤਾਂ ਨਹੀਂ ਆ ਜਾਣਗੇ? ਕੀ ਹੁਣ ਫਿਰ ਸਾਡੇ ਬੱਚੇ ਮਾਰੇ ਜਾਣਗੇ? ਸੁਧੀਰ ਸੂਰੀ ਦੇ ਪੁੱਤਰ ਨੇ ਵੀ ਅਪਣੇ ਪਿਤਾ ਵਾਂਗ ਹੀ ਸਿੱਖਾਂ ਪ੍ਰਤੀ ਨਫ਼ਰਤ ਭਰੀ ਸ਼ਬਦਾਵਲੀ ਵਰਤੀ ਅਤੇ ਜਿਨ੍ਹਾਂ ਦਿਨਾਂ ਵਿਚ 1984 ਦੇ ਘਲੂਘਾਰਿਆਂ ਦੀ ਯਾਦ ਵਿਚ ਵੈਸੇ ਹੀ ਸਿੱਖ ਕੌਮ ਜਦ ਦੁਖ ਦੇ ਸਾਗਰ ਵਿਚ ਡੁੱਬੀ ਹੋਈ ਸੀ, ਉਸ ਸਮੇਂ ਅਜਿਹੀ ਸ਼ਬਦਾਵਲੀ ਹੋਰ ਵੀ ਵੱਡੀ ਕਾਟ ਕਰਦੀ ਹੈ।

ਸੁਧੀਰ ਸੂਰੀ ਦੇ ਪੁੱਤਰ ਦੇ ਮੂੰਹੋਂ ਇਹ ਸੁਣਨਾ ਕਿ ਸਿੱਖਾਂ ਨੂੰ ਘਰੋਂ ਕੱਢ ਕੇ ਮਾਰਾਂਗੇ, ਓਨਾ ਹੀ ਮਾੜਾ ਸੀ ਜਿੰਨਾ ਸੁਧੀਰ ਸੂਰੀ ਦਾ ਇਹ ਆਖਣਾ ਕਿ ਦੋ ਫ਼ੀ ਸਦੀ ਸਿੱਖਾਂ ਨੂੰ ਖ਼ਤਮ ਕਰ ਦੇਵਾਂਗਾ। ਪਰ ਜਿਵੇਂ ਦਿਨ ਢਲਦਾ ਗਿਆ, ਇਹ ਵੀ ਸਾਫ਼ ਹੁੰਦਾ ਗਿਆ ਕਿ ਸੁਧੀਰ ਸੂਰੀ ਦਾ ਸਾਥ ਦੇਣ ਵਾਲੇ, ਪੰਜਾਬ ਦੇ ਕੇਵਲ ਮੁੱਠੀ ਭਰ ਲੋਕ ਹੀ ਸਨ। ਸ਼ਾਂਤੀ ਬਣਾਈ ਰੱਖਣ ਵਾਸਤੇ ਮਾਹੌਲ ਨੂੰ ਸੰਭਾਲਿਆ ਤਾਂ ਗਿਆ ਪਰ ਕਿਸ ਬਿਨਾਅ ਤੇ ਇਹ ਧੜਾ ਅਪਣੇ ਵਾਸਤੇ ਸ਼ਹੀਦ ਦਾ ਦਰਜਾ ਮੰਗ ਰਿਹਾ ਸੀ, ਇਹ ਗੱਲ ਕਿਸੇ ਨੂੰ ਹੁਣ ਤਕ ਵੀ ਸਮਝ ਨਹੀਂ ਆਈ।

ਸੰਦੀਪ ਸਿੰਘ ਨੇ ਇਹ ਗੋਲੀ ਕਿਉਂ ਚਲਾਈ ਤੇ ਉਸ ਦੇ ਇਸ ਕਦਮ ਪਿਛੇ ਕਾਰਨ ਕੀ ਸੀ? ਕੀ ਇਹ ਇਕ ਖ਼ਾਸ ਮੌਕੇ ਤੇ ਹੋਏ ਗਾਲੀ ਗਲੋਚ ਦੌਰਾਨ ਗੁੱਸੇ ਵਿਚ ਲਿਆ ਗਿਆ ਫ਼ੈਸਲਾ ਸੀ ਜਾਂ ਇਕ ਸਾਜ਼ਸ਼ ਸੀ ਜਿਸ ਬਾਰੇ ਅਫ਼ਵਾਹਾਂ  ਤਾਂ ਬੜੀਆਂ ਹਨ ਪਰ ਅਜੇ ਜਾਂਚ ਤੋਂ ਕੋਈ ਠੋਸ ਗੱਲ ਨਿਕਲ ਕੇ ਬਾਹਰ ਨਹੀਂ ਆਈ। ਪਰ ਜਿਵੇਂ ਦੀਆਂ ਗੱਲਾਂ ਅੱਜ ਇਕ ਧੜੇ ਵਲੋਂ ਆਖੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਸੰਦੀਪ ਸਿੰਘ ਨੂੰ ਇਕ ਮੁਹਿੰਮ ਸਿਰਜ ਕੇ, ਅਪਣਾ ਸੀਸ ਕੌਮ ਵਾਸਤੇ ਦੇਣ ਲਈ ਤਾਂ ਨਹੀਂ ਸੀ ਮਨਾਇਆ ਗਿਆ?

ਪਰ ਵੱਡੀ ਗੱਲ ਸਿਰਫ਼ ਇਸ ਕਤਲ ਦੀ ਨਹੀਂ ਸਗੋਂ ਇਹ ਹੈ ਕਿ ਜਿਸ ਪੰਜਾਬ ਨੂੰ ਹੁਣੇ ਹੁਣੇ ਹੀ ਖ਼ੂਨੀ ਦੌਰ ਵਿਚੋਂ ਨਿਕਲ ਕੇ ਸ਼ਾਂਤੀ ਮਸਾਂ ਹੀ ਨਸੀਬ ਹੋਈ ਹੈ, ਉਸ ਪੰਜਾਬ ਵਿਚ ਨਫ਼ਰਤ ਨੂੰ ਵਾਰ ਵਾਰ ਫੈਲਣ ਦਾ ਮੌਕਾ ਕਿਉਂ ਦਿਤਾ ਜਾਂਦਾ ਹੈ? ਸਵਾਲ ਸਿਰਫ਼ ਸੁਧੀਰ ਸੂਰੀ ਦੇ ਸਾਥੀਆਂ ਨੂੰ ਹੀ ਨਹੀਂ, ਅੰਮ੍ਰਿਤਪਾਲ ਜਾਂ ਉਸ ਵਰਗੇ ਹੋਰਨਾਂ ਨੂੰ ਵੀ ਸੰਬੋਧਿਤ ਹੈ। ਪੰਜਾਬ ਦੇ ਲਵਪ੍ਰੀਤ ਸਿੰਘ ਨੂੰ ਐਨ.ਆਈ.ਏ. ਵਲੋਂ ਦੀਵਾਰ ਤੇ ਖ਼ਾਲਿਸਤਾਨ ਦੇ ਹੱਕ ਵਿਚ ਲਿਖਣ ਬਦਲੇ ਸੱਦਿਆ ਗਿਆ ਜਿਥੇ ਉਸ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਇਕ ਹੋਰ ਨੌਜਵਾਨ ਨੂੰ ਖ਼ਾਲਿਸਤਾਨ ਦੀ ਟੀ.ਸ਼ਰਟ ਪਾਉਣ ਬਦਲੇ ਯੂ.ਏ.ਪੀ.ਏ. ਹੇਠ ਕੈਦ ਕਰ ਲਿਆ ਗਿਆ ਸੀ। ਜੱਗੀ ਜੌਹਲ ਨੂੰ ਕਿਸੇ ਖ਼ਾਲਿਸਤਾਨੀ ਹਿਤੈਸ਼ੀ ਨਾਲ ਗੱਲ ਕਰਨ ਬਦਲੇ, ਦੋ ਕਾਗ਼ਜ਼ ਰੱਖਣ ਕਾਰਨ ਜਾਂ ਕਿਸੇ ਸਮਾਨ ਵਿਚ ਸ਼ਾਮਲ ਹੋਣ ਕਾਰਨ ਯੂ.ਏ.ਪੀ.ਏ. ਲਗਾ ਕੇ ਜੇਲਾਂ ਵਿਚ ਡਕਿਆ ਹੋਇਆ ਹੈ ਪਰ ਫਿਰ ਸੁਧੀਰ ਸੂਰੀ ਤੇ ਹੋਰਨਾਂ ਨੂੰ ਪੂਰੀ ਆਜ਼ਾਦੀ ਕਿਉਂ ਦਿਤੀ ਜਾਂਦੀ ਰਹੀ ਹੈ?

ਕਾਨੂੰਨ ਹਰ ਇਕ ਵਾਸਤੇ ਬਰਾਬਰ ਕਿਉਂ ਨਹੀਂ? ਅੱਜ ਸੱਭ ਤੋਂ ਜ਼ਿਆਦਾ ਜਵਾਬਦੇਹੀ ਸਾਡੇ ਸਿਸਟਮ ਦੀ ਬਣਦੀ ਹੈ ਜਿਸ ਨੂੰ ਕਚਹਿਰੀ ਵਿਚ ਖੜਾ ਕਰਨਾ ਚਾਹੀਦਾ ਹੈ। ਜੇ ਲਵਪ੍ਰੀਤ ਸਿੰਘ ਨੂੰ ਇਕ ਦੀਵਾਰ ਤੇ ਖ਼ਾਲਿਸਤਾਨ ਬਾਰੇ ਲਿਖਣ ਤੇ ਯੂ.ਏ.ਪੀ.ਏ. ਤਹਿਤ ਐਨ.ਆਈ.ਏ. ਸੱਦ ਸਕਦੀ ਹੈ ਤਾਂ ਸਿੱਖਾਂ ਨੂੰ ਖ਼ਤਮ ਕਰਨ ਦੀ ਗੱਲ ਕਰਨ ਵਾਲੇ ਨੂੰ 16 ਪੁਲਿਸ ਅਫ਼ਸਰਾਂ ਦੀ ਸੁਰੱਖਿਆ ਕਿਉਂ? ਇਹ ਤਾਂ ਪੰਜਾਬ ਦੇ ਲੋਕ ਸਿਆਣੇ ਹਨ ਕਿ ਉਨ੍ਹਾਂ ਕਿਸੇ ਪਾਸੇ ਤੋਂ ਅਸ਼ਾਂਤੀ ਤੇ ਨਫ਼ਰਤ ਨੂੰ ਪਨਪਣ ਨਹੀਂ ਦਿਤਾ ਪਰ ਨਫ਼ਰਤ ਦੇ ਵਣਜਾਰਿਆਂ ਵਲੋਂ ਕਸਰ ਵੀ ਕੋਈ ਨਹੀਂ ਛੱਡੀ ਜਾਂਦੀ। ਪੰਜਾਬ ਦੇ ਕੁੱਝ ਜ਼ਖ਼ਮ ਅਜਿਹੇ ਨੇ ਜਿਨ੍ਹਾਂ ਨੂੰ ਭਰਨ ਦਾ ਯਤਨ ਵੀ ਕੋਈ ਨਹੀਂ ਕਰਦਾ ਤਾਕਿ ਜਦ ਲੋੜ ਪਵੇ ਇਨ੍ਹਾਂ ਨੂੰ ਕੁਰੇਦ ਕੇ ਪੰਜਾਬ ਨੂੰ ਮੁੜ ਤੋਂ ਤੜਫ਼ਾਇਆ ਜਾ ਸਕੇ।
-ਨਿਮਰਤ ਕੌਰ