Editorial: ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਪੰਜਾਬੀ ਨਾਲ ਵਿਤਕਰਾ ਕਰਨ ਵਿਰੁਧ ਲੱਖਾ ਸਿਧਾਣਾ ਤੇ ਬੱਚਿਆਂ ਦਾ ਵੱਡਾ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਜਿਸ ਤਰ੍ਹਾਂ ਇਸ ਸਕੂਲ ਵਿਚ ਮਾਂ ਬੋਲੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ, ਬੱਚੇ ਆਪ ਜਾ ਕੇ ਲੱਖਾ ਸਿਧਾਣਾ ਨਾਲ ਪ੍ਰਿੰਸੀਪਲ ਵਿਰੁਧ ਖੜੇ ਹੋਏ

Editorial

Lakha Sidhana and children's big step against discrimination against Punjabi in schools :ਪੰਜਾਬ ਦੇ ਇਕ ਸਮਾਜ ਸੇਵੀ ਲੱਖਾ ਸਿਧਾਣਾ ਨੇ ਪੰਜਾਬੀਆਂ ਦਾ ਇਕ ਵੱਡੇ ਮੁੱਦੇ ਵਲ ਧਿਆਨ ਖਿਚਿਆ ਹੈ। ਇਹ ਮੁੱਦਾ ਰੋਜ਼ਾਨਾ ਸਪੋਕਸਮੈਨ ਨੇ ਵੀ ਕੁੱਝ ਮਹੀਨੇ ਪਹਿਲਾਂ ਚੁਕਿਆ ਸੀ, ਜਦ ਗਰਮੀਆਂ ਦੀਆਂ ਛੁੱਟੀਆਂ ਵਿਚ ਪਿੰਡਾਂ ਦੇ ਬੱਚਿਆਂ ਨਾਲ ਗੱਲਾਂ ਕਰਦਿਆਂ ਪਤਾ ਲੱਗਾ ਕਿ ਪਿੰਡਾਂ ਵਿਚ ਚਲਾਏ ਜਾ ਰਹੇ ਮਿਸ਼ਨਰੀ ਸਕੂਲਾਂ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਤੇ ਉਸ ਦੇ ਬੋਲਣ ’ਤੇ ਵੀ ਪਾਬੰਦੀ ਲਗਾਈ ਹੋਈ ਹੈ। ਲੱਖਾ ਸਿਧਾਣਾ ਨੇ ਬਠਿੰਡਾ ਦੇ ਵਿਸ਼ਵ ਭਾਰਤੀ ਸਕੂਲ ਵਿਚ ਇਸੇ ਮੁੱਦੇ ਨੂੰ ਚੁਕਿਆ। ਲੱਖਾ ਸਿਧਾਣਾ ਵਲੋਂ ਸਕੂਲ ਵਿਚ ਜਾ ਕੇ ਜਿਸ ਤਰ੍ਹਾਂ ਇਹ ਮੁੱਦਾ ਚੁਕਿਆ ਗਿਆ, ਉਸ ਨਾਲ ਮਾਮਲਾ ਗਰਮਾਅ ਵੀ ਗਿਆ ਹੈ ਪਰ ਪੰਜਾਬੀ ਸਮਾਜ ਵਿਚ ਨਵੀਆਂ ਦਰਾੜਾਂ ਪੈਣ ਦਾ ਖ਼ਤਰਾ ਵੀ ਬਣ ਸਕਦਾ ਹੈ।

ਜਿਸ ਤਰ੍ਹਾਂ ਇਸ ਸਕੂਲ ਵਿਚ ਮਾਂ ਬੋਲੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ, ਬੱਚੇ ਆਪ ਜਾ ਕੇ ਲੱਖਾ ਸਿਧਾਣਾ ਨਾਲ ਪ੍ਰਿੰਸੀਪਲ ਵਿਰੁਧ ਖੜੇ ਹੋਏ। ਬੱਚਿਆਂ ਦਾ ਇਸ ਤਰ੍ਹਾਂ ਮਾਂ ਬੋਲੀ ਵਾਸਤੇ ਪਿਆਰ ਤੇ ਸਤਿਕਾਰ ਘੱਟ ਹੀ ਨਜ਼ਰ ਆਉਂਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਪੰਜਾਬ ਵਿਚ ਕਿਤੇ ਹੋਰ ਨਹੀਂ ਦਿਸਦੇ। ਇਨ੍ਹਾਂ ਨੌਜੁਆਨਾਂ ਦੀ ਦਲੇਰੀ ਤੇ ਮਾਣ ਕਰਨਾ ਬਣਦਾ ਹੈ ਕਿਉਂਕਿ ਜਦ ਇਕ ਵਿਦਿਆਰਥੀ ਅਪਣੀ ਮਾਂ-ਬੋਲੀ ਖ਼ਾਤਰ, ਸਕੂਲ ਦੇ ਪ੍ਰਿੰਸੀਪਲ ਵਿਰੁਧ ਖੜਾ ਹੋ ਜਾਂਦਾ ਹੈ, ਉਸ ਵਿਰੁਧ ਆਉਣ ਵਾਲੇ ਸਮੇਂ ’ਚ ਕੁੱਝ ਕਦਮ ਵੀ ਚੁੱਕੇ ਜਾ ਸਕਦੇ ਹਨ। ਪਰ ਇਨ੍ਹਾਂ ਨੌਜੁਆਨ ਵਿਦਿਆਰਥੀਆਂ ਨੇ ਇਕ ਵੱਡੇ ਮੁੱਦੇ ’ਤੇ ਰੌਸ਼ਨੀ ਪਾਈ ਹੈ ਤੇ ਜੇ ਹੁਣ ਵੀ ਸਰਕਾਰ ਨਾ ਜਾਗੀ ਤਾਂ ਫਿਰ ਗ਼ਲਤੀ ਸਿਰਫ਼ ਤੇ ਸਿਰਫ਼ ਸਿਸਟਮ ਦੀ ਹੋਵੇਗੀ।


 ਵਾਰ ਇਸ ਤਰ੍ਹਾਂ ਦੇ ਸਮਾਜ ਸੇਵੀ, ਪੰਜਾਬੀ ਦੇ ਬਚਾਅ ਜਾਂ ਪਿਆਰ ਵਿਚ ਦੂਜਿਆਂ ਵਾਸਤੇ ਨਫ਼ਰਤ ਦੇ ਬੀਜ, ਬੀਜ ਜਾਂਦੇ ਹਨ ਜਦਕਿ ਕਮਜ਼ੋਰੀਆਂ ਸਾਡੀਆਂ ਅਪਣੀਆਂ ਹੁੰਦੀਆਂ ਹਨ। ਪਹਿਲਾਂ ਤਾਂ ਪੰਜਾਬ ਵਿਚ ਚਲਦੇ ਕਿਸੇ ਸਕੂਲ ਨੂੰ ਇਹ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ ਕਿ ਪੰਜਾਬੀ ਬੋਲਣ ਉਤੇ ਪਾਬੰਦੀ ਲਗਾ ਸਕੇ ਅਤੇ ਜੇ ਇਹ ਲਗਾਈ ਜਾ ਰਹੀ ਹੈ ਤਾਂ ਕਮਜ਼ੋਰੀ ਸਾਡੇ ਅਪਣੇ ਸਿਸਟਮ ਦੀ ਹੈ। ਕੈਨੇਡਾ ਜਾਣ ਤੋਂ ਪਹਿਲਾਂ ਆਈਲੈਟਸ ਕਿਉਂ ਕਰਨਾ ਪੈਂਦਾ ਹੈ? ਤਾਕਿ ਤੁਸੀ ਉਨ੍ਹਾਂ ਦੇ ਦੇਸ਼ ਵਿਚ, ਉਨ੍ਹਾਂ ਦੀ ਭਾਸ਼ਾ ਵਿਚ ਗੱਲਬਾਤ ਕਰਨ ਦੇ ਕਾਬਲ ਹੋ ਕੇ ਉਥੇ ਜਾਉ। ਦੇਸ਼ ਦੇ ਹਰ ਸੂਬੇ ਵਿਚੋਂ ਇਥੇ ਜਾਣ ਵਾਲੇ, ਅੰਗਰੇਜ਼ੀ ਸਹੀ ਕਰ ਕੇ ਜਾਂਦੇ ਹਨ। ਸਾਡੇ ਦੇਸ਼ ਵਿਚ ਕੇਂਦਰੀ ਅਫ਼ਸਰਸ਼ਾਹੀ ਕਿਸੇ ਵੀ ਸੂਬੇ ਵਿਚ ਭੇਜੀ ਜਾ ਸਕਦੀ ਹੈ ਤੇ ਜਦ ਕੋਈ ਬੰਗਾਲੀ, ਪੰਜਾਬ ਕੇਡਰ ਵਿਚ ਆਉਂਦਾ ਹੈ ਤਾਂ ਪਹਿਲਾਂ ਪੰਜਾਬੀ ਸਿਖਦਾ ਹੈ ਤੇ ਫਿਰ ਕੰਮ ਕਰਦਾ ਹੈ। ਕਿਉਂਕਿ ਜੈਸਾ ਦੇਸ, ਵੈਸਾ ਭੇਸ ਤੇ ਵੈਸੀ ਹੀ ਭਾਸ਼ਾ।

ਪਰ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਸਿਖਾਈ ਹੀ ਨਾ ਗਈ ਤਾਂ ਫਿਰ ਸਾਡੀ ਭਾਸ਼ਾ ਹੀ ਬਦਲ ਜਾਵੇਗੀ? ਜੇ ਸਾਡੇ ਬੱਚੇ ਪੰਜਾਬੀ ਨਹੀਂ ਜਾਣਨਗੇ ਤਾਂ ਉਹ ਪੰਜਾਬ ਦੇ ਸਾਹਿਤ ਨਾਲ ਨਹੀਂ ਜੁੜ ਸਕਣਗੇ, ਉਹ ਗੁਰਬਾਣੀ ਨਾਲ ਨਹੀਂ ਜੁੜਨਗੇ। ਇਹ ਸੱਭ ਸਾਜ਼ਸ਼ ਹੈ ਜਾਂ ਸਾਡੀ ਅਣਗਹਿਲੀ ਜਾਂ ਸਾਡੀ ਅਪਣੇ ਆਪ ਪ੍ਰਤੀ ਅਤੇ ਅਪਣੇ ਵਿਰਸੇ ਪ੍ਰਤੀ ਪਿਆਰ ਦੀ ਘਾਟ? ਇਸ ਨੂੰ ਰੋਕਣਾ ਸਰਕਾਰ ਦੇ ਹੱਥ ਵਿਚ ਹੈ। ਬਹੁਤੀ ਵਾਰ ਮਾਂ-ਬਾਪ ਵੀ ਹਾਰਦੇ ਨਜ਼ਰ ਆ ਰਹੇ ਹਨ ਕਿਉਂਕਿ ਸਰਕਾਰ ਅਕਾਲੀਆਂ ਦੀ ਹੋਵੇ ਜਾਂ ਕਿਸੇ ਹੋਰ ਪਾਰਟੀ ਦੀ, ਇਸ ਪ੍ਰਸ਼ਨ ਨੂੰ ਗੰਭੀਰਤਾ ਨਾਲ ਲੈਣ ਦੀ ਪਿਰਤ ਕਿਸੇ ਨੇ ਨਹੀਂ ਪੈਣ ਦਿਤੀ। ਮੁੱਦਾ ਕਦੇ ਚੁਕਿਆ ਹੀ ਨਹੀਂ ਗਿਆ। ਇਸ ਤੋਂ ਕੀ ਇਹ ਮਾਮਲਾ ਐਸਾ ਮੋੜ ਲੈ ਲਵੇਗਾ ਜਿਥੇ ਨਫ਼ਰਤਾਂ ਦਾ ਵਾਸ ਪੱਕਾ ਹੋ ਜਾਵੇਗਾ। ਜ਼ਰੂਰੀ ਹੈ ਕਿ ਸਰਕਾਰ ਮਾਂ ਬੋਲੀ ਦਾ ਪੜ੍ਹਨਾ ਲਿਖਣਾ ਤੇ ਬੋਲਣਾ ਪੰਜਾਬ ਦੇ ਹਰ ਸਕੂਲੀ ਬੱਚੇ ਵਾਸਤੇ ਲਾਜ਼ਮੀ ਬਣਾਏ।
- ਨਿਮਰਤ ਕੌਰ