2019 ਦੀ ਚੋਣ-ਜੰਗ ਵਿਚ ਮੋਦੀ ਤੇ ਰਾਹੁਲ ਗਾਂਧੀ ਬਰਾਬਰੀ ਤੇ ਆ ਗਏ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਚਕਾਰ ਸ਼ਬਦੀ ਜੰਗ ਨੇ ਹੁਣ ਦੋ ਲੀਡਰਾਂ ਨੂੰ ਇਕ ਦੂਜੇ ਵਿਰੁਧ ਬਰਾਬਰੀ ਦੇ ਪੱਧਰ ਤੇ ਲਿਆ ਖੜਾ ਕੀਤਾ ਹੈ....

PM Modi & Rahul Gandhi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਚਕਾਰ ਸ਼ਬਦੀ ਜੰਗ ਨੇ ਹੁਣ ਦੋ ਲੀਡਰਾਂ ਨੂੰ ਇਕ ਦੂਜੇ ਵਿਰੁਧ ਬਰਾਬਰੀ ਦੇ ਪੱਧਰ ਤੇ ਲਿਆ ਖੜਾ ਕੀਤਾ ਹੈ। ਰਾਹੁਲ ਗਾਂਧੀ ਅਪਣੇ ਪੱਪੂ ਦੇ ਕਿਰਦਾਰ ਨੂੰ ਪਿੱਛੇ ਛੱਡ ਕੇ ਮੋਦੀ ਨੂੰ ਬਰਾਬਰ ਦੀ ਟੱਕਰ ਦੇਣ ਦੀ ਹਿੰਮਤ ਵਿਖਾ ਰਹੇ ਹਨ। ਕਲ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਨੂੰ ਚੋਣ ਮੈਦਾਨ ਵਿਚ ਤਬਦੀਲ ਕਰ ਕੇ ਅਪਣੀ ਬਿਆਨਬਾਜ਼ੀ ਕੀਤੀ ਤੇ ਇਤਿਹਾਸ ਦੀ ਥੋੜ੍ਹੀ ਤੋੜ-ਮਰੋੜ ਵੀ ਕੀਤੀ, ਉਥੇ ਰਾਹੁਲ ਗਾਂਧੀ ਨੇ ਟੱਕਰ ਬਰਾਬਰ ਦੀ ਨਹੀਂ ਬਲਕਿ ਇਕ ਦੋ ਕਦਮ ਉੱਚਾ ਰਹਿ ਕੇ ਹੀ ਦਿਤੀ। ਰਾਹੁਲ ਗਾਂਧੀ ਨੇ ਰਾਫ਼ੇਲ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ 30 ਹਜ਼ਾਰ ਕਰੋੜ ਰੁਪਏ ਦੇਸ਼ ਦੇ ਸੁਰੱਖਿਆ

ਖਾਤੇ 'ਚੋਂ ਚੋਰੀ ਕਰ ਕੇ ਅਪਣੇ ਮਿੱਤਰ ਅੰਬਾਨੀ ਨੂੰ ਦੇਣ ਦਾ ਸਿੱਧਾ ਇਲਜ਼ਾਮ ਲਾਇਆ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਵਾਰ ਪੁਰਾਣੇ ਸਨ¸ਸਲਤਨਤ, ਕਾਂਗਰਸ ਮੁਕਤ ਭਾਰਤ, ਗਾਂਧੀ ਦਾ ਸੁਪਨਾ ਆਦਿ। ਅੱਜ ਦੀ ਸਥਿਤੀ ਵਿਚ ਦੂਰਅੰਦੇਸ਼ ਭਾਰਤੀ, ਪੁਰਾਣੀ ਕਹਾਣੀ ਫਿਰ ਤੋਂ ਨਹੀਂ ਸੁਣਨਾ ਚਾਹੁੰਦੇ। ਅੱਜ ਦੇ ਨੌਜੁਆਨ ਨੂੰ ਸੱਭ ਤੋਂ ਵੱਧ ਚਿੰਤਾ ਨੌਕਰੀ ਦੀ ਹੈ ਅਤੇ ਉਸ ਨੂੰ ਕੋਈ ਪ੍ਰਵਾਹ ਨਹੀਂ ਕਿ ਗਾਂਧੀ ਅਤੇ ਅੰਬੇਦਕਰ ਖ਼ੁਸ਼ ਸੀ ਜਾਂ ਨਹੀਂ। ਉਹ ਪ੍ਰਧਾਨ ਮੰਤਰੀ ਤੋਂ ਸਿਆਸਤ ਨੂੰ ਇਕ ਪਾਸੇ ਰੱਖ ਕੇ ਕੇਵਲ ਕੀਤੇ ਕੰਮਾਂ ਦਾ ਹਿਸਾਬ ਜਾਣਨਾ ਚਾਹੁੰਦੀ ਹੈ। ਭਾਰਤੀ ਵੋਟਰਾਂ ਨੂੰ ਇਸ ਗੱਲ ਦੀ ਵੀ ਕੋਈ ਪ੍ਰਵਾਹ ਨਹੀਂ ਕਿ ਕਾਂਗਰਸ ਗਾਂਧੀ ਪ੍ਰਵਾਰ ਤੋਂ ਬਗ਼ੈਰ ਨਾਮੁਕੰਮਲ ਹੈ।

ਸਾਰਾ ਭਾਰਤੀ ਸਮਾਜ ਹੀ ਪ੍ਰਵਾਰਵਾਦ ਨੂੰ ਘਰ ਘਰ ਵਿਚ ਮਾਨਤਾ ਦੇਂਦਾ ਹੈ। ਜੇ ਕੁੱਝ ਛੜਿਆਂ ਨੂੰ ਨਾ ਵੇਖਿਆ ਜਾਵੇ ਤਾਂ ਭਾਜਪਾ ਵੀ ਪ੍ਰਵਾਰਵਾਦ ਤੋਂ ਦੂਰ ਨਹੀਂ। ਸੋ ਜੇ ਅੱਜ ਰਾਹੁਲ ਗਾਂਧੀ ਅਪਣੇ ਸਿਆਸੀ ਕਿਰਦਾਰ ਨੂੰ ਰੱਬ ਦੀ ਮਰਜ਼ੀ ਮੰਨ ਰਿਹਾ ਹੈ ਤਾਂ ਕਾਂਗਰਸ ਵਾਸਤੇ ਚੰਗਾ ਹੀ ਹੈ। ਜੇ ਅੱਜ ਭਾਰਤ ਵਿਚ ਵਿਰੋਧੀ ਧਿਰ ਤਾਕਤਵਰ ਹੈ ਤਾਂ ਭਾਰਤ ਦੇ ਲੋਕਤੰਤਰ ਵਾਸਤੇ ਬਹੁਤ ਵਧੀਆ ਗੱਲ ਹੈ। ਲੋਕ ਕੇਵਲ ਇਕ ਚੀਜ਼ ਦਾ ਨਾਪ ਤੋਲ ਕਰ ਰਹੇ ਹਨ ਕਿ ਕੀ ਮਹਾਂਗਠਜੋੜ ਅਸਲ ਵਿਚ ਇਕ ਸਥਿਰ ਸਰਕਾਰ ਬਣਾ ਸਕੇਗਾ ਜਾਂ ਨਹੀਂ? ਕੀ ਪ੍ਰਧਾਨ ਮੰਤਰੀ ਮੋਦੀ ਦੀ ਚੇਤਾਵਨੀ ਸੱਚੀ ਸਾਬਤ ਹੋਵੇਗੀ

ਕਿ ਨਹੀਂ ਤੇ ਮਹਾਂਗਠਜੋੜ ਜਾਂ ਮਹਾਂਮਿਲਾਵਟ ਵਿਰੋਧੀ ਧਿਰ ਦੀ ਹਕੀਕਤ ਕੀ ਹੈ? ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਜ਼ਿੰਮੇਵਾਰੀ ਵੀ ਰਾਹੁਲ ਗਾਂਧੀ ਦੀ ਹੋਵੇਗੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਅਪਣੇ ਭਾਸ਼ਣ ਦੇਣ ਦੀ ਕਾਬਲੀਅਤ ਦੇ ਸਬੂਤ ਦੇਣੇ ਸ਼ੁਰੂ ਕੀਤੇ ਹਨ, ਉਸੇ ਤਰ੍ਹਾਂ ਹੁਣ ਅਪਣੇ ਗਠਜੋੜਾਂ ਅਤੇ ਪਾਰਟੀ ਵਰਕਰਾਂ ਨੂੰ ਇਕਜੁਟ ਰੱਖਣ ਦੀ ਕਾਬਲੀਅਤ ਦੇ ਸਬੂਤ ਵੀ ਦੇਣਗੇ। ਕਰਨਾਟਕ ਵਿਚ ਕਾਂਗਰਸ ਦੀ ਇਸੇ ਕਮਜ਼ੋਰੀ ਨੂੰ ਸਮਝਦੇ ਹੋਏ ਭਾਜਪਾ ਨੇ ਆਪਰੇਸ਼ਨ ਕਮਲ ਨੂੰ ਪੂਰੇ ਜੋਸ਼ ਨਾਲ ਚਲਾਇਆ। ਕਾਂਗਰਸ ਦਾ ਇਕ ਵਿਧਾਇਕ ਤਾਂ ਆਪਸੀ ਲੜਾਈ ਕਰਨ ਦੇ ਨਾਂ ਤੇ ਪੁਲਿਸ ਤੋਂ ਭੱਜ ਰਿਹਾ ਹੈ ਅਤੇ ਚਾਰ ਅਜੇ ਵਿਧਾਨ ਸਭਾ ਵਿਚ

ਹਾਜ਼ਰ ਹੋਣ ਤੋਂ ਇਨਕਾਰ ਕਰ ਰਹੇ ਹਨ। ਯਾਨੀ ਕਿ ਆਪਰੇਸ਼ਨ ਕਮਲ ਕੁੱਝ ਹੋਰ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ। ਜੇ ਭਾਜਪਾ 2019 ਤੋਂ ਪਹਿਲਾਂ ਕਰਨਾਟਕ ਵਿਚ ਕਾਂਗਰਸੀ ਵਿਧਾਇਕਾਂ ਨੂੰ ਤੋੜ ਲੈਂਦੀ ਹੈ ਤਾਂ ਇਹ ਲੋਕਾਂ ਦੇ ਮਨਾਂ 'ਚੋਂ ਮਹਾਂਗਠਜੋੜ ਦੀ ਚੜ੍ਹਤ ਹੀ ਖ਼ਤਮ ਕਰ ਦੇਵੇਗਾ। ਕਾਂਗਰਸ ਦੀ ਕਮਜ਼ੋਰੀ ਸਿਰਫ਼ ਕਰਨਾਟਕ ਨਹੀਂ ਬਲਕਿ ਬਾਕੀ ਸੂਬੇ ਵੀ ਹਨ। ਪੰਜਾਬ ਵਿਚ ਬਾਗ਼ੀ ਸੁਰ ਨਾਮਜ਼ਦਗੀ ਭਰਨ ਦੀ ਤਰੀਕ ਤੋਂ ਹੀ ਸ਼ੁਰੂ ਹੋ ਚੁਕੇ ਹਨ। ਇਕ ਪ੍ਰਵਾਰ-ਇਕ ਸੀਟ ਜੇ ਰਾਹੁਲ ਅਤੇ ਪ੍ਰਿਅੰਕਾ ਨਹੀਂ ਮੰਨਦੇ ਤਾਂ ਫਿਰ ਬਾਕੀ ਦੇ ਕਿਸ ਤਰ੍ਹਾਂ ਮੰਨਣਗੇ? ਪੰਜਾਬ ਵਿਚ ਹੁਣ ਜਿੱਤੇ ਹੋਏ ਵਿਧਾਇਕਾਂ ਦੇ ਪ੍ਰਵਾਰਕ ਜੀਅ ਸੀਟਾਂ ਮੰਗ ਰਹੇ ਹਨ।

ਕੀ ਰਾਹੁਲ ਗਾਂਧੀ ਇਸ ਚੁਨੌਤੀ ਉਤੇ ਖਰੇ ਉਤਰ ਸਕਦੇ ਹਨ? ਜਾਂ ਪ੍ਰਿਅੰਕਾ ਪਾਰਟੀ ਨੂੰ ਇਕਜੁਟ ਕਰੇਗੀ ਅਤੇ ਰਾਹੁਲ ਪਾਰਟੀ ਦੀ ਆਵਾਜ਼ ਬਣਨਗੇ? ਕੀ ਕਾਂਗਰਸੀ, ਸਿਆਸਤ ਦੇ ਨਵੇਂ ਦੌਰ ਵਿਚ, ਮੁਕਾਬਲਾ ਕਰਨ ਲਈ ਤਿਆਰ ਹਨ?  -ਨਿਮਰਤ ਕੌਰ