ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ 14 ਜਾਂ 15 ਅਪ੍ਰੈਲ ਨੂੰ ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

1 ਅਪ੍ਰੈਲ ਦਿਨ ਐਤਵਾਰ ਦੀ ਅਖ਼ਬਾਰ ਰਾਹੀਂ ਸੂਚਨਾ ਮਿਲੀ ਕਿ ਸਪੋਕਸਮੈਨ ਅਦਾਰੇ ਵਲੋਂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ।

nankana sahib

1 ਅਪ੍ਰੈਲ ਦਿਨ ਐਤਵਾਰ ਦੀ ਅਖ਼ਬਾਰ ਰਾਹੀਂ ਸੂਚਨਾ ਮਿਲੀ ਕਿ ਸਪੋਕਸਮੈਨ ਅਦਾਰੇ ਵਲੋਂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਵਿਚ ਮਨਾਉਣ ਦੀ ਪਿਰਤ ਅਰੰਭ ਕਰਨੀ ਬਹੁਤ ਹੀ ਸ਼ਲਾਘਾਯੋਗ ਹੈ ਪਰ ਤਰੀਕ ਬਾਰੇ ਤਾਂ ਵਿਚਾਰ/ਸਹਿਮਤੀ ਹੋਣੀ ਹੀ ਚਾਹੀਦੀ ਹੈ। ਇਸ ਸਬੰਧੀ ਮੈਂ 3 ਮਾਰਚ ਨੂੰ ਵੀ ਪੱਤਰ ਭੇਜਿਆ ਸੀ। ਸ਼ਾਇਦ ਉਹ ਪੱਤਰ ਆਪ ਜੀ ਤਕ ਨਾ ਪੁੱਜਾ ਹੋਵੇ।
ਆਪ ਜੀ ਵਲੋਂ ਮਿਥੀ ਗਈ 15 ਅਪ੍ਰੈਲ ਸਬੰਧੀ ਬੇਨਤੀ ਹੈ ਕਿ ਤਰੀਕ 15 ਅਪ੍ਰੈਲ 1469 ਈ. ਜੂਲੀਅਨ ਕੈਲੰਡਰ ਦੀ ਤਰੀਕ ਹੈ, ਜਦਕਿ 15 ਅਪ੍ਰੈਲ 2018 ਈ. ਗਰੈਗੋਰੀਅਨ ਕੈਲੰਡਰ ਦੀ ਤਰੀਕ ਹੈ। ਇਸ ਸਾਲ 15 ਅਪ੍ਰੈਲ 2018 ਨੂੰ ਤਾਂ ਜੂਲੀਅਨ ਦੀ 2 ਅਪ੍ਰੈਲ ਹੀ ਹੋਵੇਗੀ। 15 ਅਪ੍ਰੈਲ ਜੂਲੀਅਨ ਤਾਂ ਇਸ 28 ਅਪ੍ਰੈਲ 2018 ਨੂੰ ਆਵੇਗੀ। ਵੈਸਾਖ ਸੁਦੀ 3 ਮੁਤਾਬਕ ਇਸ ਸਾਲ ਇਹ 18 ਅਪ੍ਰੈਲ ਬਣਦੀ ਹੈ। ਜੇ ਇਸੇ ਦਿਨ ਭਾਵ ਵੈਸਾਖ ਸੁਦੀ 3 ਦਾ ਪ੍ਰਵਿਸ਼ਟਾ ਵੇਖੀਏ ਤਾਂ ਉਹ 20 ਵੈਸਾਖ ਬਣਦਾ ਹੈ। ਇਸ ਮੁਤਾਬਕ ਇਹ ਇਸ ਸਾਲ 3 ਮਈ ਬਣਦੀ ਹੈ। ਸਪੱਸ਼ਟ ਹੈ ਕਿ 15 ਅਪ੍ਰੈਲ ਕਿਸੇ ਵੀ ਹਿਸਾਬ ਨਾਲ ਨਹੀਂ ਬਣਦੀ।
ਬਾਬਾ ਨਾਨਕ ਦੇ ਜੋਤੀ ਜੋਤ ਸਮਾਉਣ ਦੀ ਤਰੀਕ ਅੱਸੂ ਵਦੀ 10, 8 ਅੱਸੂ, 7 ਸਤੰਬਰ ਬਾਰੇ ਕੋਈ ਮਤਭੇਦ ਨਹੀਂ। ਇਸ ਨੂੰ ਮੁੱਖ ਰੱਖ ਕੇ, ਬਾਬਾ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ 7 ਦਿਨ ਨਾਲ ਪਿਛਲਖੁਰੀ ਗਿਣਤੀ ਕੀਤਿਆਂ ਗੁਰੂ ਜੀ ਦੇ ਜਨਮ ਦੀ ਤਰੀਕ 1 ਵੈਸਾਖ 1526 ਬਿਕ੍ਰਮੀ, 27 ਮਾਰਚ 1469 ਈ. (ਜੂਲੀਅਨ) ਬਣਦੀ ਹੈ। ਇਸ ਦਿਨ ਚੇਤ ਦੀ ਪੁੰਨਿਆ ਵੀ ਸੀ। ਇਹ ਤਰੀਕ ਹੀ ਕੈਲੰਡਰ ਕਮੇਟੀ ਨੇ ਪ੍ਰਵਾਨ ਕੀਤੀ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਵੈਸਾਖ ਹਰ 14 ਅਪ੍ਰੈਲ ਨੂੰ ਹੀ ਆਉਂਦੀ ਹੈ। ਵਿਦੇਸ਼ਾਂ ਵਿਚ ਵੀ ਇਹ ਦਿਹਾੜਾ 1 ਵੈਸਾਖ (14 ਅਪ੍ਰੈਲ) ਨੂੰ ਹੀ ਮਨਾਇਆ ਜਾਂਦਾ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੁਕਤੇ ਨੂੰ ਧਿਆਨ ਵਿਚ ਰਖਦਿਆਂ ਇਹ ਦਿਹਾੜਾ 15 ਅਪ੍ਰੈਲ ਦੀ ਬਜਾਏ 14 ਅਪ੍ਰੈਲ ਦਿਨ ਸਨਿਚਰਵਾਰ ਨੂੰ ਮਨਾਉਣ ਬਾਰੇ ਵਿਚਾਰ ਕੀਤੀ ਜਾਵੇ।
ਜੇ ਆਪ ਜੀ ਵਲੋਂ 15 ਅਪ੍ਰੈਲ ਦੀ ਰਵਾਇਤ ਅਰੰਭ ਕਰ ਦਿਤੀ ਗਈ ਤਾਂ ਇਸ ਨੂੰ ਬਦਲਣਾ ਸੌਖਾ ਨਹੀਂ ਹੋਵੇਗਾ। ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਵਾਲੀਆਂ ਸਾਰੀਆਂ ਧਿਰਾਂ ਵੀ ਦੁਬਿਧਾ ਦਾ ਸ਼ਿਕਾਰ ਹੋਣਗੀਆਂ। ਇਸ ਲਈ ਬੇਨਤੀ ਹੈ ਕਿ ਪੰਥਕ ਏਕਤਾ ਨੂੰ ਮੁਖ ਰਖਦੇ ਹੋਏ ਇਹ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਵੈਸਾਖ (14 ਅਪ੍ਰੈਲ) ਨੂੰ ਹੀ ਮਨਾਉਣ ਦਾ ਉਪਰਾਲਾ ਕੀਤਾ ਜਾਵੇ। 
ਆਸ ਕਰਦਾ ਹਾਂ ਕਿ ਮੇਰੇ ਬੇਨਤੀ ਪੱਤਰ ਤੇ ਵਿਚਾਰ ਕਰ ਕੇ ਯੋਗ ਫ਼ੈਸਲਾ ਲਵੋਗੇ।  ਸ. ਪਾਲ ਸਿੰਘ ਪੁਰੇਵਾਲ ਜੀ ਦਾ ਖੋਜ ਪੱਤਰ ਵੀ ਭੇਜ ਰਿਹਾ ਹਾਂ। ਚੰਗਾ ਹੋਵੇਗਾ ਜੇ ਇਸ ਨੂੰ ਦੁਨੀਆਂ ਭਰ ਵਿਚ ਬੈਠੇ ਲੱਖਾਂ ਪਾਠਕਾਂ ਤਕ ਪੁਜਦਾ ਕਰ ਦਿਤਾ ਜਾਵੇ। ਬੇਨਤੀ ਹੈ ਕਿ ਇਸ ਪੱਤਰ ਸਬੰਧੀ ਅਪਣੀ ਰਾਏ ਤੋਂ ਜਾਣੂ ਜ਼ਰੂਰ ਕਰਵਾ ਦਿਤਾ ਜਾਵੇ।
-ਸਰਵਜੀਤ ਸਿੰਘ ਸੈਕਰਾਮੈਂਟੋ (ਅਮਰੀਕਾ), ਈ-ਮੇਲ : sarbjits0gmail.com