ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਮੌਜੂਦਾ ਪ੍ਰਚਾਰ ਵਿਚ ਕੁੱਝ ਵੀ ਗ਼ਲਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਸੋ ਦਰ ਤੇਰਾ ਕੇਹਾ' ਦੇ ਅਧਿਆਏ-4 ਵਿਚ ਲਿਖੇ ਅਨੁਸਾਰ 'ਅਸੀ ਬਾਬੇ ਨਾਨਕ ਨੂੰ ਧਰਮ-ਵਿਗਿਆਨੀ ਦੇ ਤੌਰ ਤੇ ਲਿਆ ਹੈ ਕਿਉਂਕਿ ਉਨ੍ਹਾਂ ਨੇ ਧਰਮ ਵਿਚੋਂ ਮਿਥਿਹਾਸ

ranjit singh dhaddrianwala

ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਜੋ 27 ਮਾਰਚ ਨੂੰ ਵੀਡੀਉ ਜਾਰੀ ਕੀਤੀ, ਉਸ ਵਿਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁਜਾਰੀ ਨੇ ਜੋ ਰੱਬ ਸਿਰਜਿਆ, ਉਹ ਹੋਰ ਹੈ, ਬਾਬਾ ਨਾਨਕ ਦਾ ਰੱਬ ਹੋਰ ਹੈ, ਜੋ ਉਨ੍ਹਾਂ ਗੁਰਬਾਣੀ ਰਾਹੀਂ ਸਿਰਜਿਆ ਹੈ। ਗੁਰਬਾਣੀ ਦੇ ਸਿਧਾਂਤ ਨੂੰ ਕੁਦਰਤ ਨਾਲ ਮਿਲਾਇਆ। ਗੁਰਬਾਣੀ ਨੂੰ ਸਾਇੰਸ ਅਤੇ ਤਰਕ ਦੀ ਕਸਵੱਟੀ ਤੇ ਪੂਰੀ ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਜਾਰੀਵਾਦ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਜੇਕਰ ਅਸੀ ਸਾਰੀ ਵੀਡੀਉ ਨੂੰ ਧਿਆਨ ਨਾਲ ਸੁਣੀਏ ਤੇ ਸ. ਜੋਗਿੰਦਰ ਸਿੰਘ ਵਲੋਂ ਲਿਖੀ ਪੁਸਤਕ 'ਸੋ ਦਰੁ ਤੇਰਾ ਕੇਹਾ' ਨੂੰ ਵਾਚੀਏ ਤਾਂ ਪਤਾ ਚਲਦਾ ਹੈ ਕਿ ਦੋਹਾਂ ਵਿਚ ਸਮਾਨਤਾ ਇਹ ਹੈ ਕਿ ਅੱਜ ਫਿਰ ਉਹ ਪੁਜਾਰੀਵਾਦ ਪੈਦਾ ਹੋ ਗਿਆ ਹੈ ਜਿਸ ਨੂੰ ਬਾਬਾ ਨਾਨਕ ਨੇ ਰੱਦ ਕੀਤਾ ਸੀ। 'ਸੋ ਦਰ ਤੇਰਾ ਕੇਹਾ' ਦੇ ਅਧਿਆਏ-4 ਵਿਚ ਲਿਖੇ ਅਨੁਸਾਰ 'ਅਸੀ ਬਾਬੇ ਨਾਨਕ ਨੂੰ ਧਰਮ-ਵਿਗਿਆਨੀ ਦੇ ਤੌਰ ਤੇ ਲਿਆ ਹੈ ਕਿਉਂਕਿ ਉਨ੍ਹਾਂ ਨੇ ਧਰਮ ਵਿਚੋਂ ਮਿਥਿਹਾਸ, ਕਰਾਮਾਤ (ਗ਼ੈਰਕੁਦਰਤੀ ਘਟਨਾਵਾਂ) ਅਤੇ ਅਣਡਿੱਠੇ ਸੰਸਾਰ (ਮੌਤ ਤੋਂ ਬਾਅਦ ਦੇ) ਬਾਰੇ ਪੁਜਾਰੀ ਸ਼੍ਰੇਣੀ ਦੇ ਆਧਾਰ ਰਹਿਤ ਦਾਅਵਿਆਂ ਨੂੰ ਰੱਦ ਕਰ ਕੇ ਧਰਮ ਵਿਚੋਂ ਕੱਢ ਦਿਤਾ ਅਤੇ ਤਰਕ, ਵਿਗਿਆਨ ਨੂੰ ਧਰਮ ਦਾ ਅੰਗ ਬਣਾ ਦਿਤਾ। ਅਜਿਹਾ ਕਰਨ ਦੀ ਜੁਰਅਤ ਦੁਨੀਆਂ ਦੇ ਪਹਿਲੇ ਧਰਮ-ਵਿਗਿਆਨੀ ਬਾਬਾ ਨਾਨਕ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਕਰ ਸਕਦਾ।' ਅੱਗੇ ਬਾਬੇ ਨਾਨਕ ਸਾਹਿਬ ਦੀਆਂ ਮਿਸਾਲਾਂ ਦੇ ਕੇ ਇਸ ਨੂੰ ਵਿਸਥਾਰ ਨਾਲ ਸਮਝਾਇਆ। ਭਾਈ ਰਣਜੀਤ ਸਿੰਘ ਨੇ ਵੀ ਇਹੀ ਗੱਲ ਕਹੀ ਕਿ ਗ਼ੈਰ-ਕੁਦਰਤੀ ਗੱਲ ਨੂੰ ਨਹੀਂ ਮੰਨਿਆ ਜਾ ਸਕਦਾ। ਸਾਨੂੰ ਕੁਦਰਤ ਦੇ ਬਣਾਏ ਹੋਏ ਨਿਯਮਾਂ ਨੂੰ ਮੰਨਣਾ ਹੀ ਪਵੇਗਾ। ਜੇ ਅਸੀ ਇਸ ਦੇ ਉਲਟ ਜਾਵਾਂਗੇ ਤਾਂ ਤਕਲੀਫ਼ ਮਿਲੇਗੀ। 
ਹੁਣ 'ਸੋ ਦਰੁ ਤੇਰਾ ਕੇਹਾ' ਦੇ ਸਫ਼ਾ 64 ਤੇ ਵੇਖੋ 'ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ£੧£' ਮਨੁੱਖ ਨੂੰ ਸੱਭ ਪਤਾ ਹੈ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ, ਪਰਮਾਰਥ ਦੀ ਛੱਡੋ, ਇਸ ਧਰਤੀ ਉਤੇ ਵੀ ਅੰਤ ਦੀ ਤਕਲੀਫ਼ ਹੀ ਹੁੰਦੀ ਹੈ।' ਜਿਹੜਾ ਵੀ ਕੋਈ ਬਾਬੇ ਨਾਨਕ ਦੇ ਸਿਧਾਂਤ ਅਤੇ ਉਸ ਦੀ ਵਿਚਾਰਧਾਰਾ ਨੂੰ ਸਮਝੇਗਾ ਉਹ ਉਸੇ ਹੀ ਨਤੀਜੇ ਤੇ ਪਹੁੰਚੇਗਾ ਜਿਸ ਨਤੀਜੇ ਤੇ ਹੁਣ ਭਾਈ ਰਣਜੀਤ ਸਿੰਘ ਪਹੁੰਚੇ ਹਨ। ਭਾਈ ਰਣਜੀਤ ਸਿੰਘ ਨੇ ਵੀਡੀਉ ਵਿਚ ਇਕ ਗੱਲ ਕਹੀ ਹੈ ਕਿ ਜੇ ਮੈਂ ਬਰਬਾਦ ਹੋਣਾ ਹੀ ਹੈ ਤਾਂ ਕਿਉਂ ਨਾ ਲੋਕਾਂ ਸਾਹਮਣੇ ਸੱਚ ਪੇਸ਼ ਕਰਾਂ। ਭਾਈ ਰਣਜੀਤ ਸਿੰਘ ਜੀ ਸੱਚ ਪੇਸ਼ ਕਰਨ ਨਾਲ ਬੰਦਾ ਬਰਬਾਦ ਨਹੀਂ ਹੁੰਦਾ। ਸਿੰਘ ਸਭਾ ਲਹਿਰ ਦੇ ਬਾਨੀ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਜਦੋਂ ਗੁਰਦਵਾਰਿਆਂ ਵਿਚੋਂ ਕੁਰੀਤੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਜਾਰੀ ਵਰਗ ਨੇ ਉਨ੍ਹਾਂ ਨੂੰ ਗੁਰਦਵਾਰਿਆਂ ਵਿਚ ਵੜਨ ਨਾ ਦਿਤਾ ਤੇ ਪੰਥ ਵਿਚੋਂ ਛੇਕ ਦਿਤਾ। ਪਰ ਸੱਚ ਦੇ ਹੋਕੇ ਨਾਲ ਉਹ ਅਮਰ ਹੋ ਗਏ। ਅੱਜ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਬਾਕੀ ਟਕਸਾਲਾਂ, ਸੰਤ ਸਮਾਜ ਤੇ ਹੋਰ ਜਥੇਬੰਦੀਆਂ ਜੋ ਅੱਜ ਭਾਈ ਰਣਜੀਤ ਸਿੰਘ ਦੇ ਵਿਰੋਧ ਵਿਚ ਇਕੱਠੀਆਂ ਹਨ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਖਾਂ ਦੇ ਬਹੁਤ ਮਸਲੇ ਹਨ, ਜੋ ਸੁਲਝਾਉਣ ਵਾਲੇ ਹਨ, ਜਿਵੇਂ ਧਾਰਾ 25 ਜਿਹੜੀ ਸਿੱਖਾਂ ਦੀ ਵਖਰੀ ਹੋਂਦ ਤੋਂ ਹੀ ਮੁਨਕਰ ਹੈ, ਵਿਚ ਸੋਧ ਕਰਵਾਉਣੀ, ਪੰਜਾਬੀ ਭਾਸ਼ਾ ਨੂੰ ਨਿਜੀ ਸਕੂਲਾਂ ਵਿਚ ਵੀ ਪਹਿਲੀ ਤੋਂ ਲਾਗੂ ਕਰਵਾਉਣਾ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਜੋ ਫ਼ੌਜ ਸਮਾਨ ਚੁੱਕ ਕੇ ਲੈ ਗਈ ਸੀ, ਵਾਪਸ ਮੰਗਵਾਉਣਾ, ਗੁਜਰਾਤ ਦੇ ਸਿੱਖਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਖ਼ਤਮ ਕੀਤੇ ਹਨ, ਉਨ੍ਹਾਂ ਨੂੰ ਨਿਆਂ ਦੁਆਉਣਾ ਆਦਿ ਅਨੇਕਾਂ ਹੀ ਮਸਲੇ ਹਨ ਜਿਨ੍ਹਾਂ ਨੂੰ ਤੁਹਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਇਨ੍ਹਾਂ ਨੂੰ ਹੱਲ ਕਰਵਾਉਣ ਵਾਸਤੇ।                                                                            ਵਕੀਲ ਸਿੰਘ ਬਰਾੜ, ਪਿੰਡ ਮੋਜਗੜ੍ਹ (ਸਿਰਸਾ), ਸੰਪਰਕ : 94666-86681