ਕੀ ਸ਼ਹੀਦ ਊਧਮ ਸਿੰਘ ਨੇ ਅਦਾਲਤ ਵਿਚ ਹੀਰ ਦੀ ਸਹੁੰ ਚੁੱਕੀ ਸੀ ਜਾਂ ਇਸ ਦੀ ਆਗਿਆ ਮੰਗੀ ਸੀ? (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਝੂਠ ਹੀ ਫੈਲਾਣਾ ਹੋਵੇ ਤਾਂ ਅਦਾਲਤ ਦੇ ਰੀਕਾਰਡ ਨੂੰ ਘੋਖਣ ਦਾ ਸਿੱਧਾ ਤੇ ਸੌਖਾ ਰਾਹ ਛੱਡ ਕੇ ਨਕਲੀ ਚਿੱਠੀਆਂ ਘੜਨ ਦਾ ਰਾਹ ਫੜਿਆ ਜਾਂਦਾ ਹੈ...

Udham Singh

ਝੂਠ ਹੀ ਫੈਲਾਣਾ ਹੋਵੇ ਤਾਂ ਅਦਾਲਤ ਦੇ ਰੀਕਾਰਡ ਨੂੰ ਘੋਖਣ ਦਾ ਸਿੱਧਾ ਤੇ ਸੌਖਾ ਰਾਹ ਛੱਡ ਕੇ ਨਕਲੀ ਚਿੱਠੀਆਂ ਘੜਨ ਦਾ ਰਾਹ ਫੜਿਆ ਜਾਂਦਾ ਹੈ। ਇਹੀ ਕੀਤਾ ਗਿਆ। ਇਕ ਨਕਲੀ ਚਿੱਠੀ ਘੜ ਕੇ ਪ੍ਰਚਾਰੀ ਗਈ ਕਿ ਊਧਮ ਸਿੰਘ ਨੇ ਆਪ ਅੰਗਰੇਜ਼ ਸਰਕਾਰ ਨੂੰ ਲਿਖ ਕੇ ਮੰਗ ਕੀਤੀ ਸੀ ਕਿ ਉਸ ਨੂੰ ਹੀਰ ਰਾਂਝੇ ਦੀ ਪੁਸਤਕ ਉਤੇ ਹੱਥ ਰੱਖ ਕੇ ਸਹੁੰ ਚੁੱਕਣ ਦੀ ਆਗਿਆ ਦਿਤੀ ਜਾਏ। ਊਧਮ ਸਿੰਘ ਦੀ ਜੀਵਨੀ ਲਿਖਣ ਸਮੇਂ ਪ੍ਰੋ. ਨਵਤੇਜ ਸਿੰਘ ਨੇ ਅਪਣੀ ਪੁਸਤਕ ਵਿਚ ਵੀ ਇਹ ਚਿੱਠੀ ਦਰਜ ਕਰ ਦਿਤੀ। ਪਰ ਜਿਉਂ ਹੀ ਪੁਸਤਕ ਵਿਚ ਛਪੀ ਨਕਲੀ ਚਿੱਠੀ ਉਤੇ ਊਧਮ ਸਿੰਘ ਵੈਲਫ਼ੇਅਰ ਟਰੱਸਟ ਬਰਮਿੰਘਮ (ਇੰਗਲੈਂਡ) ਦੀ ਨਜ਼ਰ ਪਈ, ਉਨ੍ਹਾਂ ਨੇ ਚਿੱਠੀ ਦੀ ਲਿਖਾਵਟ ਦਾ ਮਾਹਰਾਂ ਕੋਲੋਂ ਨਿਰਣਾ ਕਰਵਾਇਆ ਤਾਂ ਮਾਹਰਾਂ ਨੇ ਦਸਿਆ ਕਿ ਇਹ ਚਿੱਠੀ ਅਸਲੀ ਨਹੀਂ, ਨਕਲੀ ਹੈ। ਇਹ ਨਕਲੀ ਚਿੱਠੀ ਪੰਜਾਬ ਯੂਨੀਵਰਸਟੀ ਦੇ ਪ੍ਰੋ. ਹਰੀਸ਼ ਪੁਰੀ ਨੇ ਦਿਤੀ ਸੀ। 

ਕਲ ਅਸੀ ਵੇਖਿਆ ਸੀ ਕਿ ਮਹਾਤਮਾ ਗਾਂਧੀ ਦੇ 'ਬ੍ਰਿਟਿਸ਼ ਮਾਡਲ' ਵਾਲੇ ਆਜ਼ਾਦ ਹਿੰਦੁਸਤਾਨ ਨੂੰ ਹੋਂਦ ਵਿਚੋਂ ਆਉਣੋਂ ਰੋਕਣ ਲਈ, ਕਮਿਊਨਿਸਟ ਪਾਰਟੀ ਕਿਉਂਕਿ ਅਪਣੇ ਅੰਦਰੋਂ, ਗਾਂਧੀ ਦਾ ਮੁਕਾਬਲਾ ਕਰਨ ਵਾਲਾ ਕੋਈ ਲੀਡਰ ਨਾ ਲੱਭ ਸਕੀ, ਇਸ ਲਈ ਇਸ ਨੇ ਚੋਣਵੇਂ ਅਰਥਾਤ ਧਰਮ ਤੋਂ ਵਖਰੇ ਕੀਤੇ ਜਾ ਸਕਣ ਵਾਲੇ ਕੁੱਝ ਸ਼ਹੀਦਾਂ ਨੂੰ ਅੱਗੇ ਕਰ ਕੇ ਤੇ ਉਨ੍ਹਾਂ ਦੁਆਲੇ ਮਿਥਿਹਾਸ ਵਰਗੀਆਂ ਕਹਾਣੀਆਂ ਦਾ ਚੰਨ ਤਾਣ ਕੇ ਉਨ੍ਹਾਂ ਨੂੰ 'ਨਾਸਤਕ' ਸਾਬਤ ਕਰਨ ਦਾ ਪ੍ਰਪੰਚ ਰਚਾਇਆ ਤਾਕਿ ਕਾਮਰੇਡਾਂ ਨੂੰ ਕੋਈ ਇਹ ਤਾਹਨਾ ਨਾ ਮਾਰ ਸਕੇ ਕਿ ਉਹ ਧਰਮ ਨੂੰ ਮੰਨਣ ਵਾਲਿਆਂ ਨੂੰ ਅਪਣੇ ਹੀਰੋ ਕਿਉਂ ਮੰਨੀ ਬੈਠੇ ਹਨ ਜਦਕਿ ਮਾਰਕਸ, ਖ਼ਾਸ ਕਰ ਲੈਨਿਨ ਨੇ ਅਜਿਹਾ ਕਰਨ ਤੋਂ ਰੋਕਿਆ ਹੋਇਆ ਸੀ? ਇਸ ਝੂਠ ਦੀ ਫ਼ੈਕਟਰੀ ਵਿਚ ਜਿਹੜੇ ਝੂਠ ਘੜੇ ਗਏ, ਉਨ੍ਹਾਂ ਦੀ ਫਰੋਲਾ ਫਰਾਲੀ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਜਾਨ ਏਨੀ ਵੀ ਨਹੀਂ ਮਿਲੇਗੀ ਜਿੰਨੀ ਕਬੂਤਰ ਦੇ ਇਕ ਦਿਨ ਦੇ ਬੋਟ ਵਿਚ ਹੁੰਦੀ ਹੈ। ਮਿਸਾਲ ਵਜੋਂ, ਸ਼ਹੀਦ ਊਧਮ ਸਿੰਘ ਦਾ ਮਾਮਲਾ ਹੀ ਲੈ ਲਉ ਜੋ ਹੁਣੇ ਹੁਣੇ ਸਾਹਮਣੇ ਆਇਆ ਹੈ।ਸ਼ਹੀਦ ਊਧਮ ਸਿੰਘ ਬਾਰੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਇਕ ਕਿਤਾਬ ਵਿਚ ਹੀ ਇਹ ਹਵਾਈ ਉਡਾਈ ਹੋਈ ਦਰਜ ਹੈ ਕਿ ਉਸ ਨੇ ਲੰਡਨ ਦੀ ਅਦਾਲਤ ਵਿਚ ਹੀਰ ਰਾਂਝੇ ਦੀ ਪੁਸਤਕ ਦੀ ਸਹੁੰ ਚੁੱਕ ਕੇ ਗਵਾਹੀ ਦਿਤੀ ਨਾ ਕਿ ਗੁਟਕੇ ਉਤੇ ਸਹੁੰ ਚੁਕ ਕੇ। ਮਕਸਦ ਇਹ ਦਸਣਾ ਸੀ ਕਿ ਉਹ ਵੀ 'ਨਾਸਤਕ' ਹੀ ਸੀ। ਅਜਿਹਾ ਲਿਖਣ ਵਾਲਿਆਂ ਨੂੰ ਨਹੀਂ ਪਤਾ ਕਿ ਅੰਗਰੇਜ਼ੀ ਕਾਨੂੰਨ ਕਿਸੇ ਭਾਰਤੀ ਨੂੰ ਅਪਣੇ ਧਰਮ ਗ੍ਰੰਥ ਦੀ ਸਹੁੰ ਚੁੱਕੇ ਬਿਨਾਂ, ਗਵਾਹੀ ਦੇਣ ਦੀ ਇਜਾਜ਼ਤ ਹੀ ਨਹੀਂ ਸੀ ਦਿੰਦਾ।
ਉਸ ਤੋਂ ਅੱਗੇ ਚਲ ਕੇ ਵੇਖੋ ਕਿ ਇਹ ਗੱਲ ਸ਼ੁਰੂ ਕਿਥੋਂ ਹੋਈ ਸੀ? ਸਕੂਲ ਬੋਰਡ ਦੀ ਬਣਾਈ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਇਕ ਅਣਜਾਣ ਜਹੀ ਲੇਖਕਾ ਫ਼ਰੀਨਾ ਮੀਰ ਨੇ ਅਪਣੀ ਇਕ ਕਿਤਾਬ 'ਸੋਸ਼ਲ ਸਪੇਸ ਆਫ਼ ਲੈਂਗੁਏਜ, ਦਾ ਵਰਨੈਕੂਲਰ ਕਲਚਰ ਆਫ਼ ਬ੍ਰਿਟਿਸ਼ ਕਾਲੋਨੀਅਨਲ ਪੰਜਾਬ' ਵਿਚ ਇਹ ਗੱਲ ਲਿਖੀ ਸੀ। ਫ਼ਰੀਨਾ ਮੀਰ ਨੂੰ ਕਿਥੋਂ ਪਤਾ ਲੱਗੀ? ਬਸ ਸੁਣਾਈ ਸੁਣਾਈ ਗੱਲ, ਸਬੂਤ ਕੋਈ ਨਹੀਂ, ਗਵਾਹੀ ਕੋਈ ਨਹੀਂ। ਸ. ਕਪੂਰ ਸਿੰਘ ਨੇ ਅਪਣੀ 'ਸਾਚੀ ਸਾਖੀ' ਵਿਚ ਇਕ ਦੋ ਬਹੁਤ ਚੰਗੀਆਂ ਘਟਨਾਵਾਂ ਲਿਖਣ ਦੇ ਨਾਲ ਨਾਲ ਸਬੂਤ-ਰਹਿਤ, ਸੁਣੀਆਂ ਸੁਣਾਈਆਂ ਗੱਲਾਂ ਵੀ ਦਰਜ ਕਰ ਕੇ ਅਪਣੀ ਪੁਸਤਕ ਦੀ ਕੀਮਤ ਹੀ ਖ਼ਤਮ ਕਰ ਲਈ। ਪੰਜਾਬੀ ਲੇਖਕਾਂ ਨੂੰ ਇਸ ਤਰ੍ਹਾਂ ਸੁਣੀਆਂ ਸੁਣਾਈਆਂ ਗੱਲਾਂ ਪੁਸਤਕਾਂ ਵਿਚ ਦਰਜ ਕਰਨ ਤੋਂ ਅੱਜ ਤਕ ਕੋਈ ਨਹੀਂ ਰੋਕ ਸਕਿਆ। ਫ਼ਰੀਨਾ ਮੀਰ ਨੂੰ ਤਾਂ ਸ਼ਾਇਦ ਹੀ ਕੋਈ ਜਾਣਦਾ ਹੋਵੇ। ਪਰ ਗੱਪ ਜਦ ਇਕ ਵਾਰ ਉਡਾ ਦਿਤੀ ਜਾਂਦੀ ਹੈ ਤਾਂ ਕਈ ਲੋਕ ਇਸ ਨੂੰ ਸੱਚ ਸਾਬਤ ਕਰਨ ਲਈ ਨਕਲੀ ਸਬੂਤ ਵੀ ਘੜਨ ਲੱਗ ਜਾਂਦੇ ਹਨ। ਸੋ ਇਕ ਨਕਲੀ ਚਿੱਠੀ (ਊਧਮ ਸਿੰਘ ਦੇ ਦਸਤਖ਼ਤਾਂ ਵਾਲੀ) ਘੜ ਕੇ ਫੈਲਾਈ ਗਈ ਜਿਸ ਵਿਚ ਊਧਮ ਸਿੰਘ ਅੰਗਰੇਜ਼ ਸਰਕਾਰ ਕੋਲੋਂ ਮੰਗ ਕਰਦਾ ਵਿਖਾਇਆ ਗਿਆ ਹੈ ਕਿ ਉਸ ਨੂੰ ਹੀਰ ਰਾਂਝੇ ਦੀ ਪੁਸਤਕ ਉਤੇ ਹੱਥ ਰੱਖ ਕੇ ਸਹੁੰ ਚੁੱਕਣ ਦੀ ਆਗਿਆ ਦਿਤੀ ਜਾਵੇ। ਜੇ ਇਸ ਖ਼ਬਰ ਦੀ ਸਚਾਈ ਲਭਣੀ ਹੋਵੇ ਤਾਂ ਬੜਾ ਸੌਖਾ ਤਰੀਕਾ ਹੈ ਕਿ ਅਦਾਲਤ ਦੇ ਰੀਕਾਰਡ 'ਚੋਂ ਪਤਾ ਕਰ ਲਵੋ। ਇੰਗਲੈਂਡ ਵਿਚ ਅਦਾਲਤੀ ਰੀਕਾਰਡ ਨੂੰ ਘੋਖਣਾ ਇਕ ਦਿਨ ਦਾ ਕੰਮ ਹੈ, ਭਾਰਤ ਵਰਗੀ ਹਾਲਤ ਉਥੇ ਨਹੀਂ ਹੈ। ਇਥੇ ਵੀ ਹੁਣ ਪਹਿਲਾਂ ਨਾਲੋਂ ਬਹੁਤ ਫ਼ਰਕ ਪੈ ਗਿਆ ਹੈ ਪਰ ਇੰਗਲੈਂਡ ਵਿਚ ਤਾਂ ਗੱਲ ਹੀ ਵਖਰੀ ਹੈ। 

ਪਰ ਨਹੀਂ, ਝੂਠ ਹੀ ਫੈਲਾਣਾ ਹੋਵੇ ਤਾਂ ਅਦਾਲਤ ਦੇ ਰੀਕਾਰਡ ਨੂੰ ਘੋਖਣ ਦਾ ਸਿੱਧਾ ਤੇ ਸੌਖਾ ਰਾਹ ਛੱਡ ਕੇ ਨਕਲੀ ਚਿੱਠੀਆਂ ਘੜਨ ਦਾ ਰਾਹ ਫੜਿਆ ਜਾਂਦਾ ਹੈ। ਇਹੀ ਕੀਤਾ ਗਿਆ। ਇਕ ਨਕਲੀ ਚਿੱਠੀ ਘੜ ਕੇ ਪ੍ਰਚਾਰੀ ਗਈ ਕਿ ਊਧਮ ਸਿੰਘ ਨੇ ਆਪ ਅੰਗਰੇਜ਼ ਸਰਕਾਰ ਨੂੰ ਲਿਖ ਕੇ ਮੰਗ ਕੀਤੀ ਸੀ ਕਿ ਉਸ ਨੂੰ ਹੀਰ ਰਾਂਝੇ ਦੀ ਪੁਸਤਕ ਉਤੇ ਹੱਥ ਰੱਖ ਕੇ ਸਹੁੰ ਚੁੱਕਣ ਦੀ ਆਗਿਆ ਦਿਤੀ ਜਾਏ। ਊਧਮ ਸਿੰਘ ਦੀ ਜੀਵਨੀ ਲਿਖਣ ਸਮੇਂ ਪ੍ਰੋ. ਨਵਤੇਜ ਸਿੰਘ ਨੇ ਅਪਣੀ ਪੁਸਤਕ ਵਿਚ ਵੀ ਇਹ ਚਿੱਠੀ ਦਰਜ ਕਰ ਦਿਤੀ। ਪਰ ਜਿਉਂ ਹੀ ਪੁਸਤਕ ਵਿਚ ਛਪੀ ਨਕਲੀ ਚਿੱਠੀ ਉਤੇ ਊਧਮ ਸਿੰਘ ਵੈਲਫ਼ੇਅਰ ਟਰੱਸਟ ਬਰਮਿੰਘਮ (ਇੰਗਲੈਂਡ) ਦੀ ਨਜ਼ਰ ਪਈ, ਉਨ੍ਹਾਂ ਨੇ ਚਿੱਠੀ ਦੀ ਲਿਖਾਵਟ ਦਾ ਮਾਹਰਾਂ ਕੋਲੋਂ ਨਿਰਣਾ ਕਰਵਾਇਆ ਤਾਂ ਮਾਹਰਾਂ ਨੇ ਦਸਿਆ ਕਿ ਇਹ ਚਿੱਠੀ ਅਸਲੀ ਨਹੀਂ, ਨਕਲੀ ਹੈ। ਇਹ ਨਕਲੀ ਚਿੱਠੀ ਪੰਜਾਬ ਯੂਨੀਵਰਸਟੀ ਦੇ ਪ੍ਰੋ. ਹਰੀਸ਼ ਪੁਰੀ ਨੇ ਦਿਤੀ ਸੀ। ਜਦ ਪ੍ਰੋ. ਹਰੀਸ਼ ਪੁਰੀ ਨੂੰ ਪੁਛਿਆ ਗਿਆ ਕਿ ਉਨ੍ਹਾਂ ਨੂੰ ਚਿੱਠੀ ਕਿਥੋਂ ਮਿਲੀ ਸੀ ਤਾਂ ਉਨ੍ਹਾਂ ਨੇ ਦਸਿਆ ਕਿ ਸਾਬਕਾ ਕੇਂਦਰੀ ਵਜ਼ੀਰ ਮਨੋਹਰ ਸਿੰਘ ਗਿੱਲ ਨੇ, ਹੋਰ ਕਈ ਚਿੱਠੀਆਂ ਸਮੇਤ, ਇਹ ਚਿੱਠੀ 1973 ਵਿਚ ਦਿਤੀ ਸੀ। ਪ੍ਰੋ. ਹਰੀਸ਼ ਪੁਰੀ ਦਾ ਜਵਾਬ ਸੁਣ ਲਵੋ, ''1974 ਵਿਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਨੂੰ ਦਿੱਲੀ ਤੋਂ ਸੁਨਾਮ ਲਿਜਾਣਾ ਤੈਅ ਹੋਇਆ। ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਨੇ ਸੁਝਾਅ ਦਿਤਾ ਕਿ ਚਿੱਠੀਆਂ ਨੂੰ ਆਧਾਰ ਬਣਾ ਕੇ, ਊਧਮ ਸਿੰਘ ਬਾਰੇ ਇਕ ਕਿਤਾਬ ਲਿਖੀ ਜਾਏ। ਸਾਡੇ ਕੋਲ ਸਮਾਂ ਨਹੀਂ ਸੀ ਕਿ ਚਿੱਠੀਆਂ ਦੇ ਅਸਲੀ ਜਾਂ ਨਕਲੀ ਹੋਣ ਬਾਰੇ ਫ਼ਰੈਂਜ਼ਿਕ ਮਾਹਰਾਂ ਦੀ ਰੀਪੋਰਟ ਲੈ ਲਈ ਜਾਵੇ।''
ਸੋ ਇਕ ਖ਼ਾਲਸ ਝੂਠੀ ਚਿੱਠੀ, ਕਿਤਾਬਾਂ ਵਿਚ ਵੀ ਜੜ ਦਿਤੀ ਗਈ ਤੇ ਉਥੋਂ ਲੈ ਕੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਜਾਣ ਲੱਗ ਪਈ। ਅਪਣੇ ਪੰਜਾਬ ਦੇ ਇਤਿਹਾਸ ਤੇ ਅਪਣੇ ਬੱਚਿਆਂ ਬਾਰੇ ਕਿੰਨੇ ਲਾਪ੍ਰਵਾਹ ਹਨ ਸਾਡੇ ਪ੍ਰੋਫ਼ੈਸਰ ਤੇ ਲੇਖਕ ਕਿ ਉਹ ਇਕ ਇਤਿਹਾਸਕ ਘਟਨਾ ਨਾਲ ਸਬੰਧਤ ਦਸਤਾਵੇਜ਼ ਨੂੰ ਲਾਲ ਐਨਕਾਂ 'ਚੋਂ ਵੇਖ ਕੇ ਹੀ, ਕਿਤਾਬਾਂ ਵਿਚ ਜੜ ਦੇਂਦੇ ਹਨ ਤੇ ਨਹੀਂ ਜਾਣਦੇ ਕਿ ਇਸ ਤਰ੍ਹਾਂ ਕਰ ਕੇ ਉਹ ਪੰਜਾਬ ਨਾਲ, ਇਤਿਹਾਸ ਨਾਲ, ਸ਼ਹੀਦ ਨਾਲ ਤੇ ਆਉਂਦੀਆਂ ਪੀੜ੍ਹੀਆਂ ਨਾਲ ਕਿੰਨਾ ਵੱਡਾ ਧਰੋਹ ਕਰ ਰਹੇ ਹੁੰਦੇ ਹਨ। ਯਾਦ ਰਹੇ, ਅੱਜ ਦੇ ਯੁਗ ਵਿਚ ਫ਼ਰੈਂਜ਼ਿਕ ਲੇਬਾਰਟਰੀ ਦੀ ਰੀਪੋਰਟ, ਕੋਈ ਚਾਹੇ ਤਾਂ ਕੁੱਝ ਦਿਨਾਂ ਵਿਚ ਹੀ ਮਿਲ ਸਕਦੀ ਹੈ। ਕੁਲ ਮਿਲਾ ਕੇ, ਪੰਜਾਬ ਬਾਰੇ, ਕਿਤਾਬਾਂ ਵਿਚ, ਅੰਨ੍ਹਾ ਝੂਠ, ਜਾਣ ਬੁੱਝ ਕੇ ਦਾਖ਼ਲ ਕੀਤਾ ਗਿਆ ਹੈ ਤੇ ਅੱਜ ਜਦ ਅਸੀ ਸੱਚ ਝੂਠ ਦਾ ਨਿਖੇੜਾ ਕਰਨ ਦੀ ਤਾਕਤ ਪ੍ਰਾਪਤ ਕਰ ਚੁੱਕੇ ਹਾਂ ਤਾਂ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਅਸੀ ਨਹੀਂ ਕਹਿੰਦੇ ਕਿ ਕਿਤਾਬਾਂ ਵਿਚ ਝੂਠ ਦਾਖ਼ਲ ਕਰਨ ਵਾਲਿਆਂ ਨੂੰ ਸਜ਼ਾ ਦਿਤੀ ਜਾਏ ਪਰ ਉਨ੍ਹਾਂ ਨੂੰ ਨੰਗਿਆਂ ਕਰ ਕੇ, ਸੱਚ ਜ਼ਰੂਰ ਸਾਹਮਣੇ ਲਿਆਇਆ ਜਾਣਾ ਚਾਹੀਦਾ ਹੈ ਤੇ ਹਰ ਮਾਮਲੇ ਵਿਚ ਹੀ ਸਾਹਮਣੇ ਲਿਆਇਆ ਜਾਣਾ ਚਾਹੀਦਾ ਹੈ। ਇਕ ਨਹੀਂ, ਸੈਂਕੜੇ ਕਿਤਾਬਾਂ ਅਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਵਿਚ ਪੰਜਾਬ ਦੇ ਨਾਇਕਾਂ ਬਾਰੇ ਤੇ ਪੰਜਾਬ ਦੇ ਇਤਿਹਾਸ ਬਾਰੇ ਜਾਣ ਬੁਝ ਕੇ ਝੂਠ ਘੁਸੇੜਿਆ ਗਿਆ ਹੈ। ਪੰਜਾਬ ਨੂੰ ਸਮਰਪਿਤ ਵਿਦਵਾਨਾਂ ਤੇ ਇਤਿਹਾਸਕਾਰਾਂ ਨੂੰ ਇਕੱਠਿਆਂ ਹੋ ਕੇ, ਲਗਨ ਨਾਲ ਇਹ ਕੰਮ ਕਰਨਾ ਚਾਹੀਦਾ ਹੈ।