Editorial: ਅਪਰੇਸ਼ਨ ਸੰਧੂਰ : ਬਿਖਰਿਆ ਅਮਨ-ਚੈਨ ਦਾ ਮੰਜ਼ਰ...

ਏਜੰਸੀ

ਵਿਚਾਰ, ਸੰਪਾਦਕੀ

ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨੀ ਫ਼ੌਜ ਨੇ ਸਿਵਿਲੀਅਨ ਇਲਾਕਿਆਂ ਉੱਤੇ ਗੋਲਾਬਾਰੀ ਵਾਸਤੇ ਹੌਵਿਟਜ਼ਰ ਤੋਪਾਂ ਦੀ ਵਰਤੋਂ ਕੀਤੀ।

Editorial

Editorial: ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਣ ਲਈ ਬੁੱਧਵਾਰ ਨੂੰ ਵੱਡੇ ਤੜਕੇ ਪਾਕਿਸਤਾਨ ਵਿਚ ਨੌਂ ਦਹਿਸ਼ਤੀ ਠਿਕਾਣਿਆਂ ਉੱਤੇ ਮਿਸਾਈਲ ਹਮਲਿਆਂ ਦੀ ਭਾਰਤੀ ਕਾਰਵਾਈ ਤੋਂ ਬਾਅਦ ਵੀਰਵਾਰ ਨੂੰ ਜੰਗੀ ਮੁਹਾਜ਼ ਮੁੜ ਭਖਿਆ ਰਿਹਾ। ਭਾਰਤ ਸਰਕਾਰ ਨੇ ਪਿਛਲੇ 24 ਘੰਟਿਆਂ ਦੌਰਾਨ 25 ਪਾਕਿਸਤਾਨੀ ਮਿਸਾਇਲ, ਡਰੋਨ ਤੇ ਲੜਾਕੂ ਜਹਾਜ਼ ਜੰਮੂ ਕਸ਼ਮੀਰ ਅਤੇ ਕਈ ਭਾਰਤੀ ਸ਼ਹਿਰਾਂ ਦੇ ਆਕਾਸ਼ ਮੰਡਲ ’ਤੇ ਤਬਾਹ ਕਰਨ ਦਾ ਦਾਅਵਾ ਕੀਤਾ ਹੈ।

ਇਨ੍ਹਾਂ ਹਮਲਿਆਂ ਦੇ ਜਵਾਬ ਵਿਚ ਲਾਹੌਰ ਸਥਿਤ ਰਾਡਾਰ ਪ੍ਰਣਾਲੀ ਸਮੇਤ ਕਈ ਪਾਕਿਸਤਾਨੀ ਫ਼ੌਜੀ ਠਿਕਾਣੇ ਤਬਾਹ ਕੀਤੇ ਜਾਣ ਦੀਆਂ ਖ਼ਬਰਾਂ ਹਨ। ਭਾਰਤੀ ‘ਅਪਰੇਸ਼ਨ ਸੰਧੂਰ’ ਦਾ ਫੌਰੀ ਜਵਾਬ ਦੇਣ ਦੇ ਇਰਾਦੇ ਨਾਲ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜਲੇ ਭਾਰਤੀ ਪਿੰਡਾਂ-ਸ਼ਹਿਰਾਂ ਵਲ ਗੋਲਾਬਾਰੀ ਵਧਾ ਦਿਤੀ ਸੀ।

ਇਸ ਕਾਰਨ ਭਾਰਤੀ ਪਾਸੇ 16 ਦੇ ਕਰੀਬ ਲੋਕ ਮਾਰੇ ਗਏ ਅਤੇ 50 ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚੋਂ ਇਕ ਫ਼ੌਜੀ ਜਵਾਨ ਨੂੰ ਛੱਡ ਕੇ ਬਾਕੀ ਸਾਰੇ ਸਿਵਿਲੀਅਨ ਸਨ। ਸਿਵਿਲੀਅਨਾਂ ਵਿਚ ਪੰਜ ਸਿੱਖ ਵੀ ਸ਼ਾਮਲ ਸਨ। ਇਹ ਪੰਜ ਮੌਤਾਂ ਪੁਣਛ ਸ਼ਹਿਰ ਦੇ ਗੁਰਦਵਾਰਾ ਸਿੰਘ ਸਭਾ ਤੇ ਇਸ ਦੇ ਨੇੜਲੇ ਇਲਾਕੇ ਵਿਚ ਹੌਵਿਟਜ਼ਰ ਤੋਪਾਂ ਦੇ ਚਾਰ ਗੋਲੇ ਆ ਡਿੱਗਣ ਕਾਰਨ ਹੋਈਆਂ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨੀ ਫ਼ੌਜ ਨੇ ਸਿਵਿਲੀਅਨ ਇਲਾਕਿਆਂ ਉੱਤੇ ਗੋਲਾਬਾਰੀ ਵਾਸਤੇ ਹੌਵਿਟਜ਼ਰ ਤੋਪਾਂ ਦੀ ਵਰਤੋਂ ਕੀਤੀ।

ਹੁਣ ਭਾਰਤੀ ਫ਼ੌਜਾਂ ਦਾ ਜਵਾਬ ਵੀ ਤੋਪਖਾਨੇ ਵਾਲਾ ਰਹਿਣ ’ਤੇ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿਚ 39 ਲੋਕ ਮਾਰੇ ਜਾਣਾ ਕਬੂਲਿਆ ਹੈ। ਪਾਕਿਸਤਾਨੀ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਦਾ ਕਹਿਣਾ ਹੈ ਕਿ ਪਾਕਿਸਤਾਨ, ਭਾਰਤੀ ਹਮਲੇ ਖ਼ਿਲਾਫ਼ ਜਵਾਬੀ ਕਾਰਵਾਈ ਜ਼ਰੂਰ ਕਰੇਗਾ। ਭਾਵੇਂ ਪਾਕਿਸਤਾਨੀ ਘੱਟ-ਗਿਣਤੀਆਂ ਦੇ ਮੋਹਤਬਰ ਆਗੂਆਂ ਨੇ ਅਪਣੀ ਸਰਕਾਰ ਨੂੰ ਲੰਮੀ ਜੰਗ ਨਾ ਲੜਨ ਅਤੇ ਸਥਿਤੀ ਵੱਧ ਪੇਚੀਦਾ ਨਾ ਬਣਾਉਣ ਦਾ ਮਸ਼ਵਰਾ ਦਿਤਾ ਹੈ, ਫਿਰ ਵੀ ਪਾਕਿਸਤਾਨ ਵਿਚ ਅਮਨ-ਚੈਨ ਸਿਰਫ਼ ਉਸ ਸੂਰਤ ਵਿਚ ਪਰਤੇਗਾ, ਜਦੋਂ ਮੁਲਕ ਦੀ ਸਰਕਾਰ ਇਹ ਦਰਸਾਏਗੀ ਕਿ ਉਸ ਨੇ ਭਾਰਤੀ ਹਮਲਿਆਂ ਦਾ ਸਿੱਧਾ ਤੇ ਨਿੱਗਰ ਜਵਾਬ ਦੇ ਦਿਤਾ ਹੈ। ਉੱਥੇ ਮਾਹੌਲ ਹੀ ਅਜਿਹਾ ਰਚਿਆ ਜਾ ਚੁੱਕਾ ਹੈ।

ਦਰਅਸਲ, ਜਵਾਬ ਦੇਣ ਵਰਗੀ ਭਾਵਨਾ ਦੇ ਤਹਿਤ ਹੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਦੇ ਨੇੜਲੇ ਪਿੰਡਾਂ-ਸ਼ਹਿਰਾਂ ਉੱਤੇ ਜ਼ੋਰਦਾਰ ਗੋਲਾਬਾਰੀ ਰਾਹੀਂ 16 ਜਾਨਾਂ ਲੈਣ ਅਤੇ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ। ਇਸ ਦੇ ਬਾਵਜੂਦ ਪਾਕਿਸਤਾਨ ਹੋਰ ਕੀ ਜਵਾਬੀ ਕਾਰਵਾਈ ਕਰ ਸਕਦਾ ਹੈ, ਇਸ ਬਾਰੇ ਫ਼ੌਜੀ ਮਾਹਿਰਾਂ ਨੇ ਛੇ ਬਦਲਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਵਿਚ ਹਵਾਈ ਹਮਲੇ, ਖ਼ਾਸ ਤੌਰ ’ਤੇ ਉਨ੍ਹਾਂ ਠਿਕਾਣਿਆਂ ਉੱਤੇ ਬੰਬਾਰੀ ਜਿੱਥੇ ਛਾਉਣੀਆਂ ਹਨ; ਕਸ਼ਮੀਰ ਵਾਦੀ ਵਿਚ ਅਪਣੇ ਪਾਸਿਓਂ ਭਾਰਤ ਵਲ ਗੋਲਾਬਾਰੀ ਤੇਜ਼ੀ ਨਾਲ ਵਧਾ ਦੇਣਾ, ਅਤਿਵਾਦੀਆਂ ਨੂੰ ਵੱਧ ਗਿਣਤੀ ਵਿਚ ਭਾਰਤ ਭੇਜਣਾ ਅਤੇ ਭਾਰਤ ਖ਼ਿਲਾਫ਼ ਕੂੜ-ਪ੍ਰਚਾਰ ਵਿਚ ਵਾਧਾ ਕਰਨਾ ਆਦਿ ਵਰਗੇ ਦਾਅ-ਪੇਚ ਸ਼ਾਮਲ ਹਨ। ਗ਼ਲਤ ਜਾਂ ਜਾਅਲੀ ਵੀਡੀਓਜ਼ ਰਾਹੀਂ ਭਰਮ-ਭੁਲੇਖੇ ਪੈਦਾ ਕਰਨ ਦਾ ਅਮਲ ਬੁਧਵਾਰ ਸਵੇਰ ਤੋਂ ਹੀ ਸ਼ੁਰੂ ਹੋ ਚੁੱਕਾ ਹੈ।

ਪਰ ਇਹ ਕਾਰਗਰ ਨਹੀਂ ਸਾਬਤ ਹੋਣ ਵਾਲਾ। ਇਸ ਦਾ ਅੰਦਾਜ਼ਾ ਪੰਜ ਭਾਰਤੀ ਲੜਾਕੂ ਜਹਾਜ਼ ਸੁੱਟ ਲੈਣ ਜਾਂ ਅੰਮ੍ਰਿਤਸਰ ਛਾਉਣੀ ਤਬਾਹ ਕਰ ਦੇਣ ਵਾਲੇ ਵੀਡੀਓਜ਼ ਰਿਲੀਜ਼ ਹੋਣ ਤੋਂ ਦੋ ਘੰਟਿਆਂ ਦੇ ਅੰਦਰ ਜਾਅਲੀ ਸਾਬਤ ਹੋਣ ਵਰਗੇ ਅਮਲ ਤੋਂ ਲਾਇਆ ਜਾ ਸਕਦਾ ਹੈ। ਫੈਕਟਚੈੱਕ ਵਰਗੇ ਟੂਲਜ਼ ਰਾਹੀਂ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਝੱਟ ਸਾਹਮਣੇ ਆ ਜਾਂਦਾ ਹੈ। ਲਿਹਾਜ਼ਾ, ਸਰਕਾਰਾਂ ਸੱਚ ਨਾ ਤਾਂ ਬਹੁਤਾ ਸਮਾਂ ਛੁਪਾ ਸਕਦੀਆਂ ਹਨ ਅਤੇ ਨਾ ਹੀ ਉਹ ਝੂਠ ਦੀ ਦੁਕਾਨ ਬਹੁਤਾ ਲੰਮਾ ਸਮਾਂ ਚਲਾ ਸਕਦੀਆਂ ਹਨ। 

ਅਜਿਹੇ ਆਲਮ ਵਿਚ ਪਾਕਿਸਤਾਨੀ ਫ਼ੌਜ ਕੋਲ ਅਜਿਹਾ ਕੋਈ ਗ਼ੈਰ-ਜੰਗੀ ਬਦਲ ਨਹੀਂ ਬਚਿਆ ਜੋ ਪਰਦਾਦਾਰੀ ਵਾਲਾ ਕੰਮ ਕਰ ਸਕੇ। ਉਸ ਨੂੰ ਕਿਤੇ ਨਾ ਕਿਤੇ ਤਾਂ ਜਵਾਬ ਦੇਣਾ ਹੀ ਪੈਣਾ ਹੈ। ਇਸੇ ਕਰ ਕੇ ਮਾਹਿਰ ਇਹ ਦੱਸ ਰਹੇ ਹਨ ਕਿ ਜੰਗ ਦੇ ਬੱਦਲ ਅਜੇ ਕਈ ਦਿਨਾਂ ਤਕ ਛੱਟਣ ਵਾਲੇ ਨਹੀਂ ਬਸ਼ਰਤੇ ਕਿਸੇ ਤੀਜੀ ਧਿਰ ਦਾ ਦਖ਼ਲ ਪਾਕਿਸਤਾਨ ਨੂੰ ਇੱਜ਼ਤ-ਮਾਣ ਬਚਾਉਣ ਦਾ ਬਹਾਨਾ ਬਖ਼ਸ਼ ਦੇਵੇ। ਇਹ ਦਖ਼ਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਂ ਦੇਣਾ ਨਹੀਂ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਾਂ ਕਤਰ ਤੇ ਸਾਊਦੀ ਅਰਬ ਵਲੋਂ ਹੋ ਸਕਦਾ ਹੈ। ਸਿੱਧੀ ਜੰਗ ਜਿਵੇਂ ਵੀ ਟਾਲੀ ਜਾ ਸਕਦੀ ਹੋਵੇ, ਟਾਲਣ ’ਚ ਹੀ ਦੋਵਾਂ ਮੁਲਕਾਂ ਦਾ ਭਲਾ ਹੈ।