ਕੀ ਸਿੱਖ ਵਾਸਤੇ ਹੇਮਕੁੰਟ ਦੀ ਯਾਤਰਾ ਜ਼ਰੂਰੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 687 ਉਤੇ ਦਰਜ ਹੈ 'ਤੀਰਥੁ ਨਾਵਣ ਜਾਉ ਤੀਰਥੁ ਨਾਮੁ ਹੈ' ਗੁਰੂ ਜੀ ਦੇ ਸ਼ਬਦ (ਹੁਕਮ) ਨੂੰ ਮਨ ਵਿਚ ਟਿਕਾਉਣਾ ਹੀ ਤੀਰਥ ਹੈ ਤੇ ਹੁਣ ਫਿਰ...

Does travel to Hemkunt Sahib is necessary for Sikhs?

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 687 ਉਤੇ ਦਰਜ ਹੈ 'ਤੀਰਥੁ ਨਾਵਣ ਜਾਉ ਤੀਰਥੁ ਨਾਮੁ ਹੈ' ਗੁਰੂ ਜੀ ਦੇ ਸ਼ਬਦ (ਹੁਕਮ) ਨੂੰ ਮਨ ਵਿਚ ਟਿਕਾਉਣਾ ਹੀ ਤੀਰਥ ਹੈ ਤੇ ਹੁਣ ਫਿਰ ਹਰ ਸਾਲ ਦੀ ਤਰ੍ਹਾਂ ਹੀ ਹੇਮਕੁੰਟ ਗੁਰਦੁਆਰਾ ਸਾਹਿਬ ਦੀ ਯਾਤਰਾ ਵਾਸਤੇ ਰਾਹ ਖੁਲ੍ਹ ਗਏ ਹਨ ਜਿਵੇਂ ਕਿ ਹੇਮਕੁੰਟ, ਅਮਰਨਾਥ, ਮਨੀਕਰਨ ਤੇ ਗੁਰੂਧਾਮਾਂ ਆਦਿ ਉਤੇ ਜਾਣ ਦੇ ਰਾਹ ਖੁਲ੍ਹਦੇ ਹਨ। ਇਨ੍ਹਾਂ ਤੀਰਥਾਂ ਤੇ ਜਾਣ ਨਾਲ ਸਾਡਾ ਭਲਾ ਨਹੀਂ ਹੋਣਾ ਤੇ ਮਨ ਸਾਫ਼ ਨਹੀਂ ਹੋਣਾ। ਇਹ ਯਾਤਰਾਵਾਂ ਸਿਰਫ਼ ਮਨ ਦਾ ਵਹਿਮ ਹਨ। ਤੀਰਥ ਅਸਥਾਨਾਂ ਉਤੇ ਜਾਣ ਨਾਲ ਮਨ ਤੇ ਜੀਵਨ ਵਿਚ ਤਬਦੀਲੀ ਨਹੀਂ ਆਉਂਦੀ ਬਲਕਿ ਪੈਸੇ ਤੇ ਸਮੇਂ ਦੀ ਬਰਬਾਦੀ ਹੀ ਹੁੰਦੀ ਹੈ।

ਸਾਡੇ ਅੰਦਰ ਧਾਰਮਕ ਤਬਦੀਲੀ ਆਉਣੀ ਜ਼ਰੂਰੀ ਹੈ। ਪਹਿਲਾਂ ਅਪਣੇ ਆਸ ਪਾਸ ਦੇ ਗ਼ਰੀਬ ਤੇ ਜ਼ਰੂਰਤਮੰਦ ਪ੍ਰਵਾਰਾਂ ਦੀ ਮਦਦ ਵੀ ਜ਼ਰੂਰੀ ਹੈ। ਇਸ ਅਸਥਾਨ ਤੇ ਜਾਣ ਦਾ ਖ਼ਰਚਾ ਜੇ ਕਿਸੇ ਗ਼ਰੀਬ ਤੇ ਜ਼ਰੂਰਤਮੰਦ ਨੂੰ ਦੇ ਦਿਤਾ ਜਾਵੇ ਜਿਵੇਂ ਕਿ ਸਿੱਖ ਵਿਧਵਾਵਾਂ, ਗ਼ਰੀਬ ਸਕੂਲੀ ਬੱਚੇ, ਕਿਸੇ ਗ਼ਰੀਬ ਸਿੱਖ ਦੇ ਪੜ੍ਹਨ ਵਾਲੇ ਬੱਚੇ ਨੂੰ ਕਿਤਾਬਾਂ, ਸਕੂਲ ਦੀ ਫ਼ੀਸ, ਸਕੂਲ ਦੀ ਵਰਦੀ, ਕਿਸੇ ਭੈਣ ਨੂੰ ਸਿਲਾਈ ਮਸ਼ੀਨ, ਕਿਸੇ ਗ਼ਰੀਬ ਵੀਰ ਨੂੰ ਸਾਈਕਲ ਤੇ ਸ਼ਾਦੀ ਯੋਗ ਕਿਸੇ ਭੈਣ ਦੇ ਵਿਆਹ ਦੌਰਾਨ ਮਾਲੀ ਸਹਾਇਤਾ ਦਿਤੀ ਜਾਵੇ ਤਾਂ ਉਹੀ ਸੱਭ ਤੋਂ ਵੱਡਾ ਤੀਰਥ ਇਸ਼ਨਾਨ ਹੈ। 

ਪਿਛਲੇ ਸਾਲ, ਨਹੁੰ ਮਾਸ ਵਾਲੀ ਉਤਰਾਖੰਡ ਪੁਲਿਸ ਨੇ ਸਿੱਖ ਯਾਤਰੀਆਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਹੀ ਉਤਰਵਾ ਦਿਤੇ ਸਨ। ਪਤਾ ਨਹੀਂ ਇਸ ਸਾਲ ਯਾਤਰਾ ਦੀ ਇਜਾਜ਼ਤ ਵੀ ਮਿਲਦੀ ਹੈ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੁਆਰਾ ਇਸ ਸਥਾਨ ਬਾਰੇ (ਗੁਰੂ ਗੋਬਿੰਦ ਸਿੰਘ ਜੀ) ਵਲੋਂ ਵੀ ਤੇ ਹੋਰ ਕਿਸੇ ਗੁਰੂ ਸਾਹਿਬਾਨ ਵਲੋਂ ਕੋਈ ਸੰਕੇਤ ਨਹੀਂ ਮਿਲਦਾ। ਸੋ ਪਹਿਲਾਂ ਬਾਣੀ ਪੜ੍ਹੀ ਜਾਏ ਤੇ ਵਿਚਾਰ ਕੀਤੀ ਜਾਏ ਕਿ ਠੀਕ ਕੀ ਹੈ ਤੇ ਗ਼ਲਤ ਕੀ ਹੈ, ਜਾਣਾ ਚਾਹੀਦਾ ਵੀ ਹੈ ਕਿ ਨਹੀਂ? ਸੱਭ ਤੋਂ ਜ਼ਿਆਦਾ ਸਿੱਖ ਯਾਤਰੀ ਪੰਜਾਬ ਤੋਂ ਹੀ ਇਸ ਅਸਥਾਨ ਉਤੇ ਜਾਂਦੇ ਹਨ।

ਕਿਸਾਨ ਪਹਿਲਾਂ ਤੋਂ ਕਰਜ਼ੇ ਦੇ ਭਾਰ ਹੇਠ ਦਬਿਆ ਹੋਇਆ ਹੈ। ਕਿਸਾਨ ਵੀਰੋ ਸਮਝੋ, ਪੈਟਰੋਲ, ਸਮਾਂ ਤੇ ਯਾਤਰਾ ਦਾ ਖ਼ਰਚਾ ਬਚਾਉ ਤੇ ਅਪਣੇ ਪ੍ਰਵਾਰ ਨੂੰ ਤੇ ਦੇਸ਼ ਨੂੰ ਖ਼ੁਸ਼ਹਾਲ ਬਣਾਉ ਤੇ ਬਾਬੇ ਨਾਨਕ ਦੇ ਦੱਸੇ ਹੋਏ ਸਿੱਖ ਸਿਧਾਂਤਾਂ ਨੂੰ ਅਪਣੇ ਜੀਵਨ ਵਿਚ ਅਪਣਾਉ ਤੇ ਬ੍ਰਾਹਣੀ ਕਰਮ ਕਾਂਡਾਂ ਨੂੰ ਛੱਡ ਕੇ ਕਰਤਾਰਪੁਰ ਸਾਹਿਬ ਦੇ ਰਸਤੇ ਤੇ ਆਪ ਵੀ ਚਲੋ ਤੇ ਹੋਰਾਂ ਨੂੰ ਵੀ ਚਲਾਉ। 
-ਜੋਗਿੰਦਰ ਪਾਲ ਸਿੰਘ, ਟੈਗੋਰ ਗਾਰਡਨ, ਦਿੱਲੀ, ਸੰਪਰਕ : 88005-49311