ਅਕਾਲ ਤਖ਼ਤ ਤੇ ਤਲਬ ਕਰਾਉਣਾ-ਬਾਦਲੀ ਭੱਥੇ ਦਾ ਤੀਰ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

28 ਜੂਨ ਦੀਆਂ ਕੁੱਝ ਪੰਜਾਬੀ ਅਖ਼ਬਾਰਾਂ ਵਿਚ ਛਪੀ ਇਕ ਖ਼ਬਰ ਦਸਦੀ ਹੈ ਕਿ ਤਖ਼ਤ ਦੇ ਜਥੇਦਾਰ ਸਾਹਿਬਾਨ ਕੈਪਟਨ ਅਮਰਿੰਦਰ ਸਿੰਘ ਵਿਰੁਧ ਕਿਸੇ ਦੀ ਲਿਖਤੀ...

Hukam Nama at Darbar Sahib

28 ਜੂਨ ਦੀਆਂ ਕੁੱਝ ਪੰਜਾਬੀ ਅਖ਼ਬਾਰਾਂ ਵਿਚ ਛਪੀ ਇਕ ਖ਼ਬਰ ਦਸਦੀ ਹੈ ਕਿ ਤਖ਼ਤ ਦੇ ਜਥੇਦਾਰ ਸਾਹਿਬਾਨ ਕੈਪਟਨ ਅਮਰਿੰਦਰ ਸਿੰਘ ਵਿਰੁਧ ਕਿਸੇ ਦੀ ਲਿਖਤੀ ਸ਼ਿਕਾਇਤ ਦੀ 'ਉਡੀਕ' ਕਰ ਰਹੇ ਹਨ ਕਿਉਂਕਿ ਕੈਪਟਨ ਨੇ ਚੋਣ ਪ੍ਰਚਾਰ ਦੌਰਾਨ ਗੁਟਕਾ ਹੱਥ ਵਿਚ ਲੈ ਕੇ ਨਸ਼ੇ ਖ਼ਤਮ ਕਰਨ ਬਾਰੇ ਸਹੁੰ ਚੁੱਕੀ ਸੀ ਜੋ ਪੂਰੀ ਨਹੀਂ ਕੀਤੀ ਗਈ। ਖ਼ਬਰ ਇਹ ਵੀ ਜਾਣਕਾਰੀ ਦੇ ਰਹੀ ਹੈ ਕਿ ਦੋ ਸਿੰਘ ਸਾਹਿਬਾਨ ਨੂੰ ਕੈਪਟਨ ਦੇ ਇਸ 'ਗੁਨਾਹ' ਦਾ ਪਤਾ ਹੀ ਹੈ, ਪਰ ਫਿਰ ਵੀ ਉਹ ਪ੍ਰਚਲਤ ਰਵਾਇਤ ਦੀ ਪਾਲਣਾ ਕਰਦਿਆਂ ਸ਼ਿਕਾਇਤਨਾਮੇ ਦੀ ਉਡੀਕ ਕਰ ਰਹੇ ਹਨ।

ਬੜੀ ਚੰਗੀ ਗੱਲ ਹੈ ਕਿ ਜਥੇਦਾਰ ਜੀ ਸਿਆਸੀ ਪਿੜ ਵਿਚ ਹੋ ਰਹੀਆਂ ਧਾਰਮਕ ਕੁਤਾਹੀਆਂ ਉਤੇ ਨਜ਼ਰ ਰਖਦੇ ਹਨ। ਪਰ ਦੁਨੀਆਂ ਹੈਰਾਨੀ ਨਾਲ ਵੇਖ ਰਹੀ ਹੈ ਕਿ ਉਨ੍ਹਾਂ ਦੀ ਇਹ 'ਤਿਰਛੀ ਨਜ਼ਰ' ਸਿਰਫ਼ ਬਾਦਲ ਦਲ ਦੇ ਵਿਰੋਧੀਆਂ ਉਤੇ ਹੀ ਪੈਂਦੀ ਆ ਰਹੀ ਹੈ। ਦੇਸ਼-ਵਿਦੇਸ਼ ਦੇ ਸਿੱਖ ਉਸ ਦਿਨ ਪ੍ਰੇਸ਼ਾਨ ਹੋ ਉਠੇ ਸਨ ਜਿਸ ਦਿਨ ਪੰਜਾਬ ਵਿਧਾਨ ਸਭਾ ਵਿਚ ਇਕ ਕਾਂਗਰਸੀ ਮੰਤਰੀ ਵਲੋਂ ਪੁੱਛੇ ਜਾਣ ਉਤੇ ਸ੍ਰੀ ਅਕਾਲ ਤਖ਼ਤ ਉਤੇ ਗਠਿਤ ਕੀਤੇ ਗਏ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸ੍ਰੀ ਸੁਖਬੀਰ ਬਾਦਲ ਤਾਂ ਅਪਣੀ ਸ੍ਰੀ ਸਾਹਿਬ ਵਿਖਾ ਨਾ ਸਕੇ,

ਪਰ ਕੁੱਝ ਕਾਂਗਰਸੀ ਸਿੱਖ ਵਿਧਾਨਕਾਰਾਂ ਨੇ ਅੰਮ੍ਰਿਤਧਾਰੀ ਹੋਣ ਦਾ ਸਬੂਤ ਦਿੰਦਿਆਂ ਅਪਣੀਆਂ ਗਾਤਰੇ ਕ੍ਰਿਪਾਨਾਂ ਸੱਭ ਨੂੰ ਵਿਖਾ ਦਿਤੀਆਂ ਸਨ। 
ਦੁਨੀਆਂ ਭਰ ਦੇ ਪੰਜਾਬੀ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣੀ 'ਕ੍ਰਿਪਾਨ ਬਿਨ ਪ੍ਰਧਾਨ' ਵਾਲੀ ਇਸ ਧਾਰਮਕ ਅਵੱਗਿਆ ਦਾ ਜਥੇਦਾਰਾਂ ਨੇ ਕੋਈ ਨੋਟਿਸ ਹੀ ਨਾ ਲਿਆ। ਕੀ ਇਹ ਸਰਬ ਉੱਚ ਤਖ਼ਤ ਸਾਹਿਬ ਉਤੇ ਬੈਠੇ ਸਿੰਘ ਸਾਹਿਬਾਨ ਦਾ ਨੰਗਾ-ਚਿੱਟਾ ਪੱਖਪਾਤ ਨਹੀਂ ਸੀ? 

ਇਸੇ ਤਰ੍ਹਾਂ ਹੁਣ ਤਲਬ ਹੋਣ ਦੀ ਸੂਰਤ ਵਿਚ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਜਾਇਜ਼ ਜਵਾਬ ਦੇ ਸਕਦੇ ਹਨ ਕਿ ਗੁਟਕਾ ਹੱਥ ਵਿਚ ਲੈ ਕੇ ਮੈਂ ਜਿਹੜਾ ਪ੍ਰਣ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਮੇਰੇ ਕੋਲ ਹਾਲੇ ਤਿੰਨ ਕੁ ਸਾਲ ਦਾ ਸਮਾਂ ਪਿਆ ਹੈ, ਮੈਂ ਕੋਈ ਨਸ਼ਾ ਖੋਰੀ ਦੇ ਮਾਰੂ ਪ੍ਰਭਾਵ ਤੋਂ ਹੱਥ ਖੜੇ ਕਰ ਕੇ ਭੱਜ ਨਹੀਂ ਰਿਹਾ। ਪਰ ਸਿੰਘ ਸਾਹਿਬਾਨ ਨੂੰ ਸਵਾਲ ਕਰਨਾ ਬਣਦਾ ਹੈ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਨੇ 'ਫ਼ਖ਼ਰੇ ਕੌਮ' ਦਾ ਖ਼ਿਤਾਬ ਦਿਤਾ ਸੀ, ਉਸ ਨੇ ਅਪਣੇ ਹੋਰ ਸਾਥੀ ਸਿੱਖ ਆਗੂਆਂ ਸਮੇਤ,

ਸ੍ਰੀ ਅਕਾਲ ਤਖ਼ਤ ਉਤੇ ਮਰਜੀਵੜਿਆਂ ਵਜੋਂ ਸਹੁੰ ਚੁੱਕੀ ਸੀ ਕਿ ਸ੍ਰੀ ਅਕਾਲ ਤਖ਼ਤ ਉਤੇ ਫ਼ੌਜੀ ਕਾਰਵਾਈ ਹੋਣ ਦੀ ਸੂਰਤ ਵਿਚ ਉਹ ਇਥੇ ਹੀ ਸ਼ਹੀਦ ਹੋਣਗੇ! ਪਰ ਕੀ ਬਣਿਆ ਸੀ ਉਸ ਸਹੁੰ ਦਾ? ਜਥੇਦਾਰ ਹੀ ਦੱਸਣ ਤਾਂ ਚੰਗਾ ਰਹੇਗਾ।ਪਰ ਅੱਜ ਕੌਣ ਨਹੀਂ ਜਾਣਦਾ ਕਿ ਅਪਣੇ ਵਿਰੋਧੀਆਂ ਨੂੰ 'ਤਲਬ ਕਰਾਉਣਾ' ਬਾਦਲ ਦਲ ਵਾਲਿਆਂ ਦੇ 'ਭੱਥੇ ਦਾ ਤੀਰ' ਬਣ ਚੁੱਕਾ ਹੈ। 
-ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਐਸ.ਜੀ.ਪੀ.ਸੀ., ਯੂ.ਐਸ.ਏ।