ਕੇਂਦਰੀ ਬਜਟ ਦੇ ਸਾਰੇ ਆਲੋਚਕ 'ਪੇਸ਼ੇਵਰ ਆਲੋਚਕ' ਤੇ ਸਰਕਾਰ ਨੂੰ ਟੋਕਣ ਵਾਲੇ ਦੇਸ਼ ਦੇ ਦੁਸ਼ਮਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੀ ਭਾਰਤ ਵਿਚ ਸੋਚਣ ਵਿਚਾਰਨ ਵਾਲੀ ਸ਼੍ਰੇਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ, ਸਚਮੁਚ 'ਪੇਸ਼ੇਵਰ ਆਲੋਚਕਾਂ' ਦੀ ਸ਼੍ਰੇਣੀ ਬਣ ਗਈ ਹੈ? ਪ੍ਰਧਾਨ ਮੰਤਰੀ ਅਪਣੀ...

Shabana Azmi & Mahua Moitra

ਕੀ ਭਾਰਤ ਵਿਚ ਸੋਚਣ ਵਿਚਾਰਨ ਵਾਲੀ ਸ਼੍ਰੇਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ, ਸਚਮੁਚ 'ਪੇਸ਼ੇਵਰ ਆਲੋਚਕਾਂ' ਦੀ ਸ਼੍ਰੇਣੀ ਬਣ ਗਈ ਹੈ? ਪ੍ਰਧਾਨ ਮੰਤਰੀ ਅਪਣੀ ਸਰਕਾਰ ਦੇ ਬਜਟ ਦੀ ਆਲੋਚਨਾ ਤੋਂ ਏਨੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਆਲੋਚਨਾ ਦਾ ਜਵਾਬ ਨਹੀਂ ਦਿਤਾ ਬਲਕਿ ਆਲੋਚਕਾਂ ਉਤੇ ਹੀ ਵਾਰ ਕਰ ਦਿਤਾ। ਇਸੇ ਤਰ੍ਹਾਂ ਸ਼ਬਾਨਾ ਆਜ਼ਮੀ ਦਾ ਵਿਰੋਧ ਹੋ ਰਿਹਾ ਹੈ, ਅਮਰਤਿਆ ਸੇਨ ਦਾ ਵਿਰੋਧ ਹੋ ਰਿਹਾ ਹੈ, ਮਹੁਆ ਮੌਰੀ ਦਾ ਵਿਰੋਧ ਹੋ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਦੇਸ਼ ਵਿਰੋਧੀ ਆਖਿਆ ਜਾ ਰਿਹਾ ਹੈ। ਸ਼ਬਾਨਾ ਆਜ਼ਮੀ ਨੂੰ ਦੇਸ਼-ਵਿਰੋਧੀ ਆਖਣ ਵਾਲੇ ਇਸ ਅਦਾਕਾਰਾ ਦੀ ਜ਼ਿੰਦਗੀ ਨੂੰ ਨਹੀਂ ਸਮਝਦੇ ਅਤੇ ਨਾ ਹੀ ਇਸ ਅਦਾਕਾਰਾ ਦੇ ਦੇਸ਼ ਪ੍ਰੇਮ ਨੂੰ ਸਮਝਦੇ ਹਨ।

ਦੋਵੇਂ ਜਾਵੇਦ ਅਖ਼ਤਰ ਅਤੇ ਸ਼ਬਾਨਾ ਆਜ਼ਮੀ ਭਾਰਤ ਨਾਲ ਜੁੜੇ ਹੋਏ ਹਨ ਅਤੇ ਭਾਰਤ ਦੇ ਨਾਗਰਿਕਾਂ ਦੇ ਹਕੀਕੀ ਮੁੱਦਿਆਂ ਨੂੰ ਲੈ ਕੇ ਆਵਾਜ਼ ਉੱਚੀ ਕਰਦੇ ਹਨ। ਸ਼ਬਾਨਾ ਆਜ਼ਮੀ ਨੇ ਆਖਿਆ ਸੀ ਕਿ 'ਅੱਜ ਆਵਾਜ਼ ਚੁੱਕਣ ਵਾਲੇ ਨੂੰ ਦੇਸ਼ ਵਿਰੋਧੀ ਆਖਿਆ ਜਾਦਾ ਹੈ ਅਤੇ ਤਵੱਜੋ ਅੱਜ ਨੂੰ ਦਿਤੀ ਸੀ। ਉਹ ਅਪਣੇ ਤਜਰਬੇ ਨਾਲ ਇਹ ਕੁੱਝ ਆਖ ਰਹੇ ਸਨ ਕਿਉਂਕਿ ਸ਼ਬਾਨਾ ਆਜ਼ਮੀ ਨੇ ਅਸਲ ਵਿਚ ਰਾਜੀਵ ਗਾਂਧੀ ਅਤੇ ਐਚ.ਕੇ.ਐਲ. ਭਗਤ ਵਲੋਂ ਕਲਾਕਾਰਾਂ ਦੀ ਆਵਾਜ਼ ਬੰਦ ਕਰਨ ਵਿਰੁਧ ਦਿੱਲੀ ਵਿਚ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 1989 ਵਿਚ ਕੀਤਾ ਸੀ ਅਤੇ ਉਨ੍ਹਾਂ ਨੂੰ ਕਿਸੇ ਨੇ ਦੇਸ਼ ਵਿਰੋਧੀ ਨਹੀਂ ਸੀ ਆਖਿਆ। 1986 ਵਿਚ ਸ਼ਬਾਨਾ ਆਜ਼ਮੀ ਨੇ ਕਾਨਸ ਫ਼ਿਲਮ ਮੇਲੇ 'ਚ ਜਾਣਾ ਆਖ਼ਰੀ ਮੌਕੇ ਤੇ ਰੱਦ ਕਰ ਦਿਤਾ ਸੀ ਕਿਉਂਕਿ ਉਹ ਕੋਲਾਬਾ ਦੀਆਂ ਝੌਂਪੜੀਆਂ ਨੂੰ ਬਚਾਉਣ ਦੇ ਅੰਦੋਲਨ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ। ਉਨ੍ਹਾਂ ਨੂੰ ਉਦੋਂ ਵੀ ਦੇਸ਼ ਵਿਰੋਧੀ ਨਹੀਂ ਸੀ ਆਖਿਆ ਗਿਆ।

ਜਦੋਂ ਸ਼ਾਹੀ ਇਮਾਮ ਨੇ ਮੁਸਲਮਾਨਾਂ ਨੂੰ ਅਮਰੀਕਾ ਵਿਰੁਧ 'ਜੇਹਾਦ' ਵਾਸਤੇ ਉਤਸ਼ਾਹਿਤ ਕੀਤਾ ਸੀ ਤਾਂ ਇਹ ਸ਼ਬਾਨਾ ਆਜ਼ਮੀ ਹੀ ਸਨ ਜਿਨ੍ਹਾਂ ਨੇ ਆਖਿਆ ਸੀ ਕਿ ਇਮਾਮ ਨੂੰ ਕੰਧਾਰ ਵਿਚ ਸੁੱਟ ਦਿਉ ਤਾਕਿ ਉਹ ਪਹਿਲਾਂ ਜੇਹਾਦ ਸ਼ੁਰੂ ਤਾਂ ਕਰ ਲੈਣ। ਨਾ ਉਹ ਮੁਸਲਮਾਨ ਵਿਰੋਧੀ ਐਲਾਨੀ ਗਈ ਅਤੇ ਨਾ ਹੀ ਅੱਜ ਤਕ ਦੇਸ਼ ਵਿਰੋਧੀ। ਹਰ ਸਮੇਂ ਉਹ ਭਾਰਤ ਦੀ ਮਸ਼ਹੂਰ ਅਦਾਕਾਰਾ ਸੀ ਜੋ ਕਿ ਅਥਾਹ ਗੁਣਾਂ ਦੀ ਮਾਲਕ ਹੈ। ਪਰ ਅੱਜ ਜਿਵੇਂ ਬੰਗਾਲ ਦੀ ਸੰਸਦ ਮੈਂਬਰ ਮਹੂਆ ਮੌਰੀ ਨੇ ਆਖਿਆ ਹੈ ਕਿ ਭਾਰਤ ਇਕ ਫ਼ਾਸ਼ੀਵਾਦ ਰਾਜ ਵਲ ਵੱਧ ਰਿਹਾ ਹੈ ਜਿਥੇ ਸਰਕਾਰ ਜਾਂ ਸੱਤਾ-ਸ਼ਕਤੀ ਲੋਕਾਂ ਉਤੇ ਪੂਰਾ ਕਾਬੂ ਰਖਦੀ ਹੈ।

ਮਹੁਆ ਨੇ ਯਹੂਦੀਆਂ ਵਲੋਂ ਬਣਾਈ ਹਾਲੋਕਾਸਟ ਯਾਦਗਾਰ ਵੇਖੀ ਸੀ ਜਿਥੇ ਉਨ੍ਹਾਂ ਨੇ ਹਿਟਲਰ ਵਲੋਂ ਲੋਕਾਂ ਉਤੇ ਫ਼ਾਸ਼ੀਵਾਦ ਦੇ ਪਾਪ-ਕਰਮਾਂ ਨੂੰ ਸਮਝਿਆ ਸੀ ਅਤੇ ਇਸ ਲਈ ਅੱਜ ਦੇ ਮਾਹੌਲ ਵਿਚ ਉਸ ਨੂੰ ਫ਼ਾਸ਼ੀਵਾਦ ਨਜ਼ਰ ਆਉਂਦਾ ਹੈ ਅਤੇ ਇਹ ਕਿਸੇ ਵੀ ਨਾਗਰਿਕ ਦਾ ਹੱਕ ਬਣਦਾ ਹੈ ਕਿ ਉਹ ਅਪਣੇ ਦੇਸ਼ ਦੇ ਹਾਕਮਾਂ ਦੀ ਆਲੋਚਨਾ ਕਰਨ ਵਿਚ ਆਜ਼ਾਦ ਹੋਵੇ। ਦੁਨੀਆਂ ਦਾ ਸੱਭ ਤੋਂ ਤਾਕਤਵਰ ਅਤੇ ਸਿਰਫਿਰਿਆ ਸਿਆਸਤਦਾਨ ਡੋਨਾਲਡ ਟਰੰਪ ਹਰ ਦਿਨ ਅਪਣੇ ਆਲੋਚਕਾਂ ਨਾਲ ਲੜਦਾ ਹੈ, ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ ਪਰ ਉਸ ਨੇ ਵੀ ਕਦੇ ਅਪਣੇ ਆਲੋਚਕਾਂ ਨੂੰ ਅਮਰੀਕਾ ਵਿਰੋਧੀ ਨਹੀਂ ਕਿਹਾ। ਇਹੀ ਕਾਰਨ ਹੈ ਕਿ ਅਮਰੀਕਾ ਜਾਣ ਵਾਸਤੇ ਲੋਕ ਅਪਣੀ ਜਾਨ ਤਕ ਜੋਖਮ 'ਚ ਪਾ ਦਿੰਦੇ ਹਨ। ਜਿਥੇ ਵਿਚਾਰਾਂ ਦੀ ਆਜ਼ਾਦੀ ਨਹੀਂ, ਉਸ ਹਵਾ ਨੂੰ ਆਜ਼ਾਦ ਨਹੀਂ ਆਖਿਆ ਜਾ ਸਕਦਾ। 

ਸ਼ਬਾਨਾ ਆਜ਼ਮੀ ਨੇ ਆਲੋਚਕਾਂ ਨੂੰ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਪੰਕਤੀਆਂ ਵਿਚ ਜਵਾਬ ਦਿਤਾ ਹੈ:
ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਜ਼ੁਬਾਂ ਅਬ ਤਕ ਤੇਰੀ ਹੈ।
ਤੇਰਾ ਸੁਤਵਾਂ ਜਿਸਮ ਹੈ ਤੇਰਾ, ਬੋਲ ਕਿ ਜਾਂ ਅਬ ਤਕ ਤੇਰੀ ਹੈ।
ਦੇਖ ਕਿ ਆਹਨ-ਗਰ ਕੀ ਦੁਕਾਂ ਮੇਂ, ਤੁੰਦ ਹੈ ਸ਼ੋਲੇ ਸੁਰਖ਼ ਹੈ ਆਹਨ।
ਖੁਲਨੇ ਲਗੇ ਕੁਫ਼ਲੋਂ ਕੇ ਦਹਾਨੇ, ਫੈਲਾ ਹਰ ਇਕ ਜੰਜ਼ੀਰ ਕਾ ਦਾਮਨ।
ਬੋਲ ਯੇ ਥੋੜਾ ਵਕਤ ਬਹੁਤ ਹੈ, ਜਿਸਮ ਓ ਜ਼ੁਬਾਂ ਕੀ ਮੌਤ ਸੇ ਪਹਿਲੇ। 
ਬੋਲ ਕਿ ਸੱਚ ਜ਼ਿੰਦਾ ਹੈ ਅਬ ਤਕ, ਬੋਲ ਜੋ ਕੁਛ ਕਹਨਾ ਹੈ ਕਹਿ ਲੇ। 

ਅਪਣੇ ਆਪ ਨੂੰ ਦੇਸ਼ ਦੇ ਰਾਖੇ ਆਖਣ ਵਾਲੇ ਇਨ੍ਹਾਂ ਪੰਕਤੀਆਂ ਤੇ ਵੀ ਇਤਰਾਜ਼ ਕਰਨਗੇ। ਇਸ ਦੇ ਉਰਦੂ ਦੇ ਪਿੱਛੇ ਦੇ ਜਜ਼ਬੇ ਨੂੰ ਨਹੀਂ ਸਮਝ ਸਕਣਗੇ। ਪਰ ਯਾਦ ਰੱਖੋ ਭਾਰਤ ਨੂੰ ਸਿਆਸਤਦਾਨਾਂ ਨੇ ਨਹੀਂ ਬਲਕਿ ਆਪਸ ਵਿਚ ਰਲ-ਮਿਲ ਕੇ ਰਹਿਣ ਵਾਲੇ ਸਹਿਣਸ਼ੀਲ ਅਤੇ ਇਕ-ਦੂਜੇ ਦੀ ਮਦਦ ਕਰਨ ਵਾਲੇ ਲੋਕਾਂ ਨੇ ਬਣਾਇਆ ਹੈ। ਅਪਣੀ ਸੱਚਾਈ ਸਮਝਣ ਅਤੇ ਕਮਜ਼ੋਰਾਂ ਨੂੰ ਕਬੂਦੇ ਉਸ ਤੇ ਕੰਮ ਕਰਨ ਵਾਲੇ ਸੱਭ ਤੋਂ ਵੱਡੇ ਦੇਸ਼-ਪ੍ਰੇਮੀ ਹੁੰਦੇ ਹਨ ਅਤੇ ਚੁਪਚਾਪ ਰਹਿਣ ਵਾਲੇ ਗ਼ੁਲਾਮ ਅਖਵਾਉਂਦੇ ਹਨ।  - ਨਿਮਰਤ ਕੌਰ